ਬਟਰਫਲਾਈ ਬਟਰਫਲਾਈ!
ਕਿੰਨੀ ਸੁੰਦਰ ਤਿੱਤਲੀ ਆਈ!
ਚੁੱਪ-ਚਾਪ ਉਡਦੀ ਕੁਝ ਨਾ ਗਾਉਂਦੀ
ਫਿਰ ਵੀ ਸਾਡੇ ਮਨ ਨੂੰ ਭਾਉਂਦੀ
ਕਰਦੀ ਹੈ ਇਹ ਸਫਰ ਹਵਾਈ
ਤਿੱਤਲੀ ਆਈ-ਤਿੱਤਲੀ ਆਈ |
ਬਾਗਾਂ ਵਿਚ ਆ ਜਾਂਦੀ ਰੋਜ਼
ਬਾਗ ਨੇ ਇਸ ਦਾ ਏਅਰਪੋਰਟ
ਅੱਜ ਆਈ ਅਤੇ ਕੱਲ੍ਹ ਵੀ ਆਈ
ਤਿੱਤਲੀ ਆਈ-ਤਿੱਤਲੀ ਆਈ |
ਲਾਲ, ਪੀਲੀ, ਨੀਲੀ, ਕਾਲੀ
ਕਿੰਨੇ ਪਿਆਰੇ ਖੰਭਾਂ ਵਾਲੀ
ਰੱਖਦੀ ਆਪਣਾ ਆਪ ਸਜਾਈ
ਤਿੱਤਲੀ ਆਈ-ਤਿੱਤਲੀ ਆਈ |
ਬਹਿ ਜਾਵੇ ਤਾਂ ਸੁੰਦਰ ਲੱਗਦੀ
ਉੜ ਜਾਵੇ ਤਾਂ ਹੋਰ ਵੀ ਫਬਦੀ
ਕਿੰਨੀ ਇਸ ਦੀ ਸੁੰਦਰਤਾਈ
ਤਿੱਤਲੀ ਆਈ-ਤਿੱਤਲੀ ਆਈ |
ਸਾਰੀ ਦੁਨੀਆ ਦੇ ਵਿਚ ਰਹਿੰਦੀ
ਬਾਗਾਂ ਵਿਚ ਫੁੱਲਾਂ 'ਤੇ ਬਹਿੰਦੀ
ਬੱਚੇ ਕਹਿੰਦੇ 'ਬਟਰਫਲਾਈ'
ਤਿੱਤਲੀ ਆਈ-ਤਿੱਤਲੀ ਆਈ |
ਸਾਡੇ ਘਰ ਜੋ ਫੁੱਲ ਲਗਾਏ
ਮਹਿਕ ਇਨ੍ਹਾਂ ਦੀ ਸਭ ਨੂੰ ਭਾਏ
ਤਿੱਤਲੀ ਮਹਿਕ 'ਤੇ ਖਿੱਚੀ ਆਈ
ਤਿੱਤਲੀ ਆਈ-ਤਿੱਤਲੀ ਆਈ |
ਸੱਚੀਂ ਹੀ ਸੱਚ ਕਹਿੰਦਾ ਹਾਂ ਜੀ
ਤਿੱਤਲੀ ਦੇਖਦਾ ਰਹਿੰਦਾ ਹਾਂ ਜੀ
ਇਸ ਨੇ ਮਨ ਦੀ ਖੁਸ਼ੀ ਵਧਾਈ
ਤਿੱਤਲੀ ਆਈ-ਤਿੱਤਲੀ ਆਈ |
-ਓਮਕਾਰ ਸੂਦ ਬਹੋਨਾ
ਮੋਬਾਈਲ : 96540-36080