28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਲੜੀਵਾਰ ਬਾਲ ਨਾਵਲ-7-ਪਾਣੀ-ਪਿਤਾ

Ad Position 21
No active advertisement
ਅਜੀਤ ਡੈਸਕ 28-02-2026

(ਲੜੀ ਜੋੜਨ ਲਈ ਪਿਛਲੇ
ਸਨਿਚਰਵਾਰ ਦਾ ਅੰਕ ਦੇਖੋ)

ਸਿਮਰਨ ਨੇ ਅਗਲਾ ਸੁਆਲ ਕੀਤਾ, 'ਗਲੇਸ਼ੀਅਰ ਦੀ ਤਾਂ ਸਮਝ ਆ ਗਈ ਨਾਨੀ ਜੀ | ਪਾਣੀ ਦਾ ਤੀਜਾ ਰੂਪ ਕਿਹੜਾ ਏ?'
ਨਾਨੀ ਜੀ ਬੋਲੇ, 'ਪਾਣੀ ਦਾ ਤੀਜਾ ਰੂਪ ਏ ਵਾਸ਼ਪ ਦਾ | ਜਿਹੜੇ ਤਰਲ ਪਾਣੀ ਦੀ ਆਪਾਂ ਗੱਲ ਕਰਦੇ ਪਏ ਸਾਂ ਨਾ, ਉਹ ਪਾਣੀ ਗੈਸ ਦੀ ਸ਼ਕਲ ਵਿਚ ਆ ਕੇ ਵਾਸ਼ਪ ਬਣ ਜਾਂਦਾ ਏ | ਬਾਅਦ ਵਿਚ ਇਹ ਵਾਸ਼ਪ ਬਾਰਸ਼ ਦਾ ਰੂਪ ਧਾਰ ਕਰ ਲੈਂਦੇ ਨੇ | ਇਸੇ ਨੂੰ ਵਾਸ਼ਪੀਕਰਨ ਦੀ ਪ੍ਰਕਿਰਿਆ ਕਿਹਾ ਜਾਂਦਾ ਏ |'
ਸਿਮਰਨ ਨੇ ਪੁੱਛਿਆ, 'ਫੇਰ ਤਾਂ ਸਾਡੇ ਦਰਿਆ ਵੀ ..... |'
ਨਾਨਾ ਜੀ ਆਪਣੇ ਦਫ਼ਤਰ ਦੀਆਂ ਕੁਝ ਫਾਈਲਾਂ ਨਾਲ ਲਿਆਏ ਸਨ | ਕਮਰੇ ਵਿਚ ਉਹ ਉਨ੍ਹਾਂ ਫ਼ਾਈਲਾਂ ਵਿਚ ਖੁੱਭੇ ਹੋਏ ਸਨ |
ਸਿਮਰਨ ਦੀ ਗੱਲ ਅਜੇ ਵਿਚੇ ਹੀ ਸੀ ਕਿ ਨਾਨੀ ਜੀ ਬੋਲੇ, 'ਹਾਂ, ਹਾਂ | ਇਹੀ ਗੱਲ ਮੈਂ ਤੈਨੂੰ ਅੱਗੋਂ ਦੱਸਣ ਲੱਗੀ ਸਾਂ | ਸਾਡੀ ਧਰਤੀ 'ਤੇ ਹੌਲੀ ਹੌਲੀ ਦਰਿਆ ਹੋਂਦ ਵਿਚ ਆਉਂਦੇ ਗਏ | ਸਾਡੇ ਆਪਣੇ ਮਹਾਂ ਪੰਜਾਬ ਵਿਚ ਸੱਤ ਦਰਿਆ ਵਹਿੰਦੇ ਰਹੇ ਨੇ | ਕੀ ਤੂੰ ਸਪਤ ਸਿੰਧੂ ਦਾ ਨਾਂ ਸੁਣਿਆ ਏ ਕਦੇ?'
ਸਿਮਰਨ ਨੂੰ ਨਹੀਂ ਸੀ ਪਤਾ | ਬੋਲਿਆ, 'ਨਹੀਂ ਨਾਨੀ ਜੀ, ਇਹ ਵੀ ਮੈਂ ਪਹਿਲੀ ਵਾਰੀ ਸੁਣ ਰਿਹਾ ਹਾਂ | ਉਂਜ ਮੇਰਾ ਇਕ ਦੋਸਤ ਜ਼ਰੂਰ ਏ ਸਪਤਿੰਦਰ ਸੰਧੂ... |'
'ਮੈਂ ਸਪਤ ਸਿੰਧੂ ਦੀ ਗੱਲ ਕਰ ਰਹੀ ਹਾਂ, ਸੁਣ... |'
ਉਸ ਦੀ ਚੁੱਪ ਵੇਖ ਕੇ ਨਾਨੀ ਜੀ ਨੇ ਸਵਾਲ ਬਦਲ ਲਿਆ | ਫਿਰ ਪੁੱਛਿਆ, 'ਅੱਛਿਆ ਇਹ ਦੱਸ ਕਿ ਤੂੰ ਕਿੰਨੇ ਦਰਿਆਵਾਂ ਦੇ ਨਾਂ ਦੱਸ ਸਕਦੈਂ?'
ਸਿਮਰਨ ਉਂਗਲਾਂ ਤੇ ਗਿਣਦਾ ਬੋਲਿਆ, 'ਸਤਲੁਜ, ਬਿਆਸ ਤੇ....ਤੇ....ਫਿਰ ਉਸ ਨੇ ਜ਼ੋਰ ਲਗਾ ਕੇ ਅਗਲੇ ਦਰਿਆ ਦਾ ਨਾਂ ਦੱਸਣ ਦੀ ਕੋਸ਼ਿਸ਼ ਕੀਤੀ | ਨਾਨੀ ਜੀ ਉਹਦੇ ਮੂੰਹ ਵੱਲ ਤੱਕਦੇ ਹੋਏ ਮੁਸਕਾਉਂਦੇ ਰਹੇ |
'ਹਾਂ ਸੱਚ ਯਾਦ ਆਇਆ ਜੇਹਲਮ... |' ਸਿਮਰਨ ਇਕਦਮ ਬੋਲਿਆ |
'ਹੋਰ?'
ਸਿਮਰਨ ਨੇ ਅਗਲੇ ਦਰਿਆ ਦਾ ਨਾਂ ਦੱਸਣ ਦੀ ਕੋਸ਼ਿਸ਼ ਕੀਤੀ ਪਰ ਨਾ ਦੱਸ ਸਕਿਆ |
ਇੰਨੇ ਨੂੰ ਟੀ.ਵੀ. ਦੇਖ ਰਹੇ ਨਾਨਾ ਜੀ ਦੀ ਆਵਾਜ਼ ਆਈ, 'ਹਾਂ ਜੀ ਮੈਡਮ ਜੀ, ਚਾਹ ਦਾ ਕੱਪ ਮਿਲੇਗਾ? |'
ਨਾਨੀ ਜੀ ਨੇ ਕਿਹਾ, 'ਬਣਾਉਂਦੇ ਆਂ ਜੀ ਹੁਣੇ... | ਅਜੇ ਸਾਡੀ ਚਰਚਾ ਚੱਲ ਰਹੀ ਏ.. |'
'ਮੈਨੂੰ ਪਤੈ, ਨਾਨੀ-ਦੋਹਤੇ ਦੀ ਚਰਚਾ ਛੇਤੀ ਬੰਦ ਹੋਣ ਵਾਲੀ ਨਹੀਂ... | ਮੈਨੂੰ ਜ਼ਰੂਰੀ ਕੰਮ ਕਾਰਨ ਦਫ਼ਤਰ ਜਾਣਾ ਪੈ ਗਿਐ | ਪਤਾ ਨਹੀਂ ਉਥੇ ਕਿੰਨਾ ਸਮਾਂ ਲੱਗ ਜਾਏ?' ਫਿਰ ਸਿਮਰਨ ਨੂੰ ਕਹਿਣ ਲੱਗੇ, 'ਮੈਂ ਚਾਹ ਧਰ ਕੇ ਆਈ | ਉਦੋਂ ਤੱਕ ਤੂੰ ਅਗਲੇ ਦਰਿਆ ਦਾ ਨਾਂ ਸੋਚ ਕੇ ਰੱਖੀਂ.. | ਪੁੱਛਦੀ ਆਂ ਆ ਕੇ.. |'
ਨਾਨੀ ਜੀ ਰਸੋਈ ਵਿਚ ਚਲੇ ਗਏ |
ਸਿਮਰਨ ਨੇ ਮੋਬਾਈਲ ਚੁੱਕਿਆ | ਗੂਗਲ ਬਾਬਾ ਖੋਲਿ੍ਹਆ ਤੇ ਵੇਖਣ ਲੱਗ ਪਿਆ | ਫਿਰ ਇਕਦਮ ਬੋਲਿਆ, 'ਨਾਨੀ ਜੀ ਚਨਾਬ... |'

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ
-ਪੰਜਾਬੀ ਯੂਨੀਵਰਸਿਟੀ ਪਟਿਆਲਾ-147 002
ਮੋਬਾਈਲ : 9814423703

Ad Position 22
No active advertisement
ਪਿਛਲੀ ਖ਼ਬਰ ਲਾਲ ਪਾਂਡਾ ਅਗਲੀ ਖ਼ਬਰ ਹੋਲੀ 'ਤੇ ਵਿਸ਼ੇਸ਼ ਬਾਲ ਕਹਾਣੀ-ਗ਼ਲਤੀ ਦਾ ਅਹਿਸਾਸ
Ad Position 24