ਇਕ ਦਿਨ ਜੰਗਲ ਦੇ ਰਾਜਾ ਸ਼ੇਰ ਨੇ ਜੰਗਲ ਦੇ ਵੱਖ-ਵੱਖ ਜੀਵਾਂ ਦੀ ਇਕ ਸਭਾ ਬੁਲਾ ਲਈ। ਸਭਾ ਵਿਚ ਸ਼ੇਰ ਆਪ ਇਕ ਉੱਚੇ ਥਾਂ ਪਰ ਬੈਠ ਗਿਆ ਅਤੇ ਬਾਕੀ ਜਾਨਵਰਾਂ ਨੂੰ ਆਪਣੇ ਸਾਹਮਣੇ ਅਰਧ-ਗੋਲੇ ਵਿਚ ਬੈਠਣ ਨੂੰ ਕਿਹਾ। ਜਦੋਂ ਸਾਰੇ ਜੰਗਲੀ ਜੀਵ ਆਪਣੀ-ਆਪਣੀ ਥਾਂ 'ਤੇ ਆਰਾਮ ਨਾਲ ਬੈਠ ਗਏ ਤਾਂ ਸ਼ੇਰ ਬੋਲਿਆ, 'ਸਾਰੇ ਧਿਆਨ ਨਾਲ ਸੁਣੋ, ਅੱਜ ਤੁਹਾਨੂੰ ਮੇਰੇ ਤੋਂ ਡਰਨ ਦੀ ਲੋੜ ਨਹੀਂ, ਅੱਜ ਮੌਸਮ ਬੜਾ ਸੁਹਾਵਣਾ ਹੈ ਅਤੇ ਮੈਂ ਚਾਹੁੰਦਾ ਹਾਂ, ਕਿ ਅੱਜ ਆਪਾਂ ਰਲ ਕੇ ਕਵੀ ਦਰਬਾਰ ਦਾ ਅਨੰਦ ਮਾਣੀਏ।'
ਸ਼ੇਰ ਦੀ ਗੱਲ ਸੁਣ ਕਈ ਜੀਵਾਂ ਨੇ ਖੁਸ਼ੀ ਵਿਚ ਤਾੜੀਆਂ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਲੂੰਬੜੀ ਬੋਲੀ, 'ਇਹ ਤਾਂ ਬਹੁਤ ਹੀ ਚੰਗਾ ਸੁਝਾਅ ਹੈ, ਹਰ ਇਕ ਜੀਵ ਆਪਣੀ ਮਨਪਸੰਦ ਦੀ ਕਵਿਤਾ ਬਿਨਾਂ ਕਿਸੇ ਡਰ ਤੋਂ ਜੰਗਲ ਦੇ ਰਾਜਾ ਦੀ ਪ੍ਰਧਾਨਗੀ ਵਿਚ ਸੁਣਾ ਸਕਦਾ ਹੈ, ਪਰ ਹਰ ਇਕ ਦੀ ਕਵਿਤਾ ਛੋਟੀ ਅਤੇ ਰੌਚਿਕ ਹੋਣੀ ਚਾਹੀਦੀ ਹੈ।' ਲੂੰਬੜੀ ਦੀ ਗੱਲ ਸੁਣ ਸ਼ੇਰ ਹੋਰ ਵੀ ਚੌੜਾ ਹੋ ਕੇ ਬੈਠ ਗਿਆ ਅਤੇ ਗਿੱਦੜ ਨੂੰ ਕਵਿਤਾ ਸੁਣਾਉਣ ਦਾ ਇਸ਼ਾਰਾ ਕੀਤਾ। ਗਿੱਦੜ ਨੇ ਸਭ ਤੋੋਂ ਪਹਿਲਾ ਨੰਬਰ ਮਿਲਣ 'ਤੇ ਖੁਸ਼ੀ ਵਿਚ ਸ਼ੇਰ ਦੀ ਪ੍ਰਸੰਸਾ 'ਚ ਕਵਿਤਾ ਪੜ੍ਹਨੀ ਸ਼ੁਰੂ ਕੀਤੀ-
ਕੀ ਕਰਾਂ ਤਾਰੀਫ ਮਹਾਰਾਜੇ ਦੀ ਪੂਛ ਦੀ,
ਜਦ ਕਰੇ ਪੇਸ਼ ਵੱਖਰੇ ਨਜ਼ਾਰੇ,
ਜਦੋਂ ਥੋੜ੍ਹੀ ਜਿਹੀ ਚੱਲੇ ਹਵਾ,
ਉੱਚੀ ਉੱਚੀ ਹੋ ਲੈਂਦੀ ਹੁਲਾਰੇ।
ਗਿੱਦੜ ਦੀ ਗੱਲ ਸੁਣ ਸਾਰਿਆਂ ਨੇ ਤਾੜੀਆਂ ਮਾਰ ਦਿੱਤੀਆਂ ਤਾਂ ਤਾੜੀ ਸੁਣ ਰਾਜਾ ਵੀ ਮੁਸਕਰਾਇਆ ਅਤੇ ਬਾਂਦਰ ਨੂੰ ਕੋਈ ਹੋਰ ਕਵਿਤਾ ਬੋਲਣ ਲਈ ਕਿਹਾ। ਬਾਂਦਰ ਨੇ ਸ਼ਰਾਰਤ ਭਰੇ ਲਹਿਜ਼ੇ ਵਿਚ ਕਿਹਾ
ਛੱਡੋ ਗੱਲ ਪੂਛ ਦੀ, ਦੇਖੋ ਦੰਦ ਸਰਕਾਰ ਦੇ।
ਤਿੱਖੇ ਏਨੇ ਲੱਗਦੇ ਜਿਉਂ ਦੋ ਧਾਰੀ ਤਲਵਾਰ ਨੇ।
ਲੂੰਬੜੀ, ਹਿਰਨ, ਬਘਿਆੜ ਆਦਿ ਨੇ ਵੀ ਆਪਣੇ ਆਪਣੇ ਲਹਿਜ਼ੇ ਵਿਚ ਕਵਿਤਾਵਾਂ ਸੁਣਾਈਆਂ। ਪਰ ਸਭ ਨੇ ਹੀ ਆਪਣੇ ਮਹਾਰਾਜਾ ਦੀਆਂ ਖੂਬ ਤਾਰੀਫਾਂ ਕੀਤੀਆਂ। ਇਕ ਹਾਥੀ ਦਾ ਬੱਚਾ ਵੀ ਕਵਿਤਾ ਸੁਣਾਉਣ ਲਈ ਉੱਠਿਆ ਤੇ ਕਿਹਾ -
ਜੰਗਲ ਦਾ ਰਾਜਾ ਤਾਂ ਹੋਣਾ ਮੈਂ ਸੀ,
ਪਰ ਇਹ ਸ਼ੇਰ ਧੋਖਾ ਕਰ ਗਿਆ,
ਨਾਲ ਧੋਖੇ ਚੋਣ ਕਰਵਾ ਕੇ,
ਕੋਈ ਨਹੀਂ ਬੋਲਿਆ, ਹਰ ਕੋੋਈ ਹੀ ਡਰ ਗਿਆ।
ਹਾਥੀ ਦੇ ਬੱਚੇ ਦੀ ਬਾਗੀ ਕਵਿਤਾ ਸੁਣ ਕੇ ਕਈ ਜੰਗਲੀ ਜੀਵਾਂ ਦੇ ਕੰਨ ਖੜ੍ਹੇ ਹੋ ਗਏ। ਬਾਕੀਆਂ ਨੂੰ ਹੌਸਲੇ ਵਿਚ ਦੇਖ ਖਰਗੋਸ਼ ਨੇ ਵੀ ਆਪਣੀ ਕਵਿਤਾ ਸ਼ੁਰੂ ਕੀਤੀ-
ਕੌੌਣ ਕਹਿੰਦਾ ਰਾਜਾ ਸਾਡਾ ਮਹਾਨ ਏ,
ਬਿਨਾਂ ਲੋੜ ਜੀਵਾਂ ਨੂੰ ਮਾਰੇ, ਕਰਦਾ ਰਹੇ ਘਾਣ ਏ
ਕੰਮ ਰਾਜੇ ਦਾ ਰੱਖਿਆ ਕਰਨਾ,
ਇਹ ਜੀਵਾਂ ਨੂੰ ਮਾਰਨੇ ਵਾਲਾ, ਵੱਡਾ ਸ਼ੈਤਾਨ ਏ।
ਖਰਗੋਸ਼ ਦੀ ਗੱਲ ਸੁਣ ਸ਼ੇਰ ਨੂੰ ਥੋੜ੍ਹਾ ਗੁੱਸਾ ਤਾਂ ਆਇਆ, ਪਰ ਇਹ ਸੋਚ ਕੇ ਚੁੱਪ ਰਿਹਾ ਕਿ ਕਿਤੇ ਕਵੀ ਦਰਬਾਰ ਵਿਚ ਵਿਘਨ ਨਾ ਪੈ ਜਾਵੇ। ਖਰਗੋਸ਼ ਦੀ ਗੱਲ ਨੂੰ ਠੰਢੀ ਪਾਉਣ ਲਈ ਅਤੇ ਪੂਰੀ ਸਿਆਸਤ ਵਰਤਦੇ ਹੋਏ ਉਸ ਨੇ ਅਗਲੇ ਜੰਗਲੀ ਜੀਵ ਨੂੰ ਕਵਿਤਾ ਬੋਲਣ ਦਾ ਸੱਦਾ ਦੇ ਦਿੱਤਾ। ਪਰ ਮਾਹੌਲ ਨੂੰ ਬਗਾਵਤਵਾਦੀ ਹੁੰਦਾ ਦੇਖ, ਉਸ ਨੇ ਆਪ ਖੜ੍ਹਾ ਹੋ ਕੇ ਬੋਲਣਾ ਸ਼ੁਰੂ ਕਰ ਦਿੱਤਾ, 'ਦੋਸਤੋ ਅੱਜ ਦਾ ਇਹ ਕਵੀ ਦਰਬਾਰ ਬਹੁਤ ਸਫ਼ਲ ਰਿਹਾ ਹੈ, ਪਰ ਖਰਗੋਸ਼ ਦੀ ਕਵਿਤਾ ਨੇ ਮੇਰੇ ਮਨ 'ਤੇ ਬੜਾ ਗੂੜਾ ਪ੍ਰਭਾਵ ਪਾਇਆ ਹੈ। ਮੈਂ ਵੀ ਸੋਚਦਾ ਹਾਂ ਕਿ ਜਦੋਂ ਜੰਗਲ ਦੇ ਸਾਰੇ ਜੀਵ ਇੰਨੇ ਪਿਆਰੇ ਅਤੇ ਬੁੱਧੀਮਾਨ ਹਨ ਤਾਂ ਮੈਂ ਕਿਉਂ ਬਿਨਾਂ ਲੋੜ ਤੋਂ ਇਨ੍ਹਾਂ ਨੂੰ ਮਾਰਦਾ ਹਾਂ। ਹਾਂ, ਇਹ ਵੀ ਸੱਚ ਹੈ ਕਿ ਜੇ ਮੈਂ ਜੰਗਲ ਦਾ ਰਾਜਾ ਹਾਂ ਤਾਂ ਮੈਨੂੰ ਘਟੀਆ ਸਿਆਸਤ ਕਰਕੇ ਜੀਵਾਂ ਦਾ ਘਾਣ ਨਹੀਂ ਕਰਨਾ ਚਾਹੀਦਾ, ਸਗੋਂ ਸਾਰੇ ਜੀਵਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਅੱਜ ਦੇ ਕਵੀ ਦਰਬਾਰ ਦਾ ਇਹੀ ਤਾਂ ਸਿੱਟਾ ਨਿਕਲਿਆ ਹੈ ਕਿ ਅਸੀਂ ਜੀਵ ਆਪਣੀ-ਆਪਣੀ ਨਸਲ ਨੂੰ ਭੁੱਲ ਕੇ ਰਲਮਿਲ ਕੇ ਰਹੀਏ।'
-ਮਕਾਨ ਨੰ: 3098, ਸੈਕਟਰ-37 ਡੀ, ਚੰਡੀਗੜ੍ਹ।
ਮੋਬਾਈਲ : 98764-52223