ਮਾਰਚ ਮਹੀਨੇ ਦਾ ਆਖ਼ੀਰ ਸੀ। ਬੱਚਿਆਂ ਦੇ ਪੱਕੇ ਪੇਪਰ ਹੋ ਚੁੱਕੇ ਸਨ। ਉਂਝ ਬੱਚੇ ਸਕੂਲ ਜਾਂਦੇ ਸਨ। ਲਾਇਬ੍ਰੇਰੀ ਵਿਚੋਂ ਬੱਚਿਆਂ ਨੂੰ ਪੜ੍ਹਨ ਲਈ ਕਿਤਾਬਾਂ ਵੀ ਦਿੱਤੀਆਂ ਗਈਆਂ ਸਨ। ਕਈ ਬੱਚੇ ਤਾਂ ਪੁਸਤਕਾਂ ਮਨ ਨਾਲ ਪੜ੍ਹਦੇ। ਕਈ ਇਕ ਨੰਬਰ, ਦੋ ਨੰਬਰ ਦੀ ਛੁੱਟੀ ਲੈ ਕੇ ਗਰਾਊਂਡ ਵੱਲ ਨਿਕਲ ਜਾਂਦੇ। ਉਨ੍ਹਾਂ ਦਾ ਧਿਆਨ ਪੁਸਤਕਾਂ ਵਿਚ ਖੁਭਦਾ ਨਹੀਂ ਸੀ। ਉਨ੍ਹਾਂ ਨੂੰ ਤਾਂ ਫੇਲ੍ਹ ਹੋਣ ਦੀ ਚਿੰਤਾ ਡਰਾਉਦੀ ਸੀ। ਇਕੱਤੀ ਮਾਰਚ ਨੂੰ ਨਤੀਜਾ ਬੋਲਿਆ ਜਾਂਦਾ ਸੀ। ਬਹੁਤੇ ਬੱਚੇ ਪਾਸ ਹੀ ਹੁੰਦੇ, ਪਰ ਕੁਝ ਫੇਲ੍ਹ ਵੀ ਹੋ ਜਾਂਦੇ ਸਨ।
ਮਾਰਚ ਮਹੀਨੇ ਕਣਕਾਂ ਦੀਆਂ ਬੱਲੀਆਂ 'ਤੇ ਸੁਨਹਿਰੀ ਭਾਅ ਮਾਰਦੀਆਂ। ਫੁੱਲਾਂ ਉੱਤੇ ਤਿਤਲੀਆਂ, ਮਧੂ ਮੱਖੀਆਂ, ਕੀਟਪਤੰਗੇ ਉੱਡਦੇ। ਘਾਹ ਉੱਤੇ ਪਾਸ-ਫੇਲ੍ਹ ਦੱਸਣ ਵਾਲੀ ਭੂੰਡੀ ਵੀ ਜ਼ਰੂਰ ਤੁਰੀ ਫਿਰਦੀ ਨਜ਼ਰ ਆ ਜਾਂਦੀ ਸੀ।
ਅੱਜ ਰਿੱਕੀ ਅਤੇ ਵਿੱਕੀ ਵੀ ਗਰਾਊਂਡ ਵਿਚ ਗੇੜੇ ਕੱਢ ਰਹੇ ਸਨ। ਅਸਲ ਵਿਚ, ਉਹ ਉਸ ਭੂੰਡੀ ਨੂੰ ਹੀ ਲੱਭ ਰਹੇ ਸਨ। ਉਨ੍ਹਾਂ ਨੇ ਕਲਾਸ ਦੇ ਬੱਚਿਆਂ ਨੂੰ ਭੂੰਡੀ ਕੋਲੋਂ ਪਾਸ ਜਾਂ ਫੇਲ੍ਹ ਹੋਣ ਬਾਰੇ ਪੁੱਛਦੇ ਦੇਖਿਆ ਸੀ। ਜਨਕ ਨੇ ਤਾਂ ਭੂੰਡੀ ਨੂੰ ਹੱਥ 'ਤੇ ਬਿਠਾ ਲਿਆ ਅਤੇ ਪੁੱਛਣ ਲੱਗਾ, 'ਭੂੰਡੀ ਭੂੰਡੀ ਮੈਂ ਫੇਲ੍ਹ ਜਾਂ ਪਾਸ?' ਭੂੰਡੀ ਹੱਥ 'ਤੇ ਬੈਠੀ ਰਹੀ। ਹਿੱਲੀਓ ਨਾ। ਬੱਚਿਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ: 'ਲੈ ਬਈ ਜਨਕਾ ਤਾਂ ਨਹੀਂ ਲੰਘਦਾ ਇਸ ਵਾਰ', ਇਕ ਬੋਲਿਆ।
'ਭੂੰਡੀ ਅਜੇ ਸੋਚਦੀ ਹੋਣੀ ਆ।' ਦੂਜਾ ਕਹਿੰਦਾ।
ਫੇਰ ਭੂੰਡੀ ਹਿੱਲੀ ਅਤੇ ਉੱਡ ਗਈ। ਜਨਕ ਦੇ ਚਿਹਰੇ 'ਤੇ ਰੌਣਕ ਆ ਗਈ। ਬੱਚੇ ਕਹਿੰਦੇ, 'ਜਨਕਿਆ, ਭੂੰਡੀ ਦਾ ਤੈਨੂੰ ਪਾਸ ਕਰਾਉਣ 'ਤੇ ਜ਼ੋਰ ਬੜਾ ਲਗਿਆ। ਹੁਣ ਪਹਿਲਾਂ ਹੀ ਲੱਡੂ ਵੰਡਦੇ।'
'ਨਹੀਂ ਓਏ! ਜੇ ਕਿਤੇ ਭੂੰਡੀ ਦਾ ਦੱਸਿਆ ਝੂਠ ਨਿਕਲ ਗਿਆ', ਜਨਕ ਨੇ ਡਰਦਿਆਂ ਕਿਹਾ। ਬੱਚੇ ਆਪਣੀਆਂ ਗੱਲਾਂ ਵਿਚ ਰੁਝ ਗਏ।
ਭੂੰਡੀ ਝੂਠ ਨਹੀਂ ਬੋਲਦੀ। ਮੇਰੇ ਡੈਡੀ ਦੱਸਦੇ ਹੁੰਦੇ ਆ ਕਿ ਜਦੋਂ ਉਹ ਛੋਟੇ ਹੁੰਦੇ ਸੀ, ਇਹ ਭੂੰਡੀ ਉਦੋਂ ਵੀ ਹੁੰਦੀ ਸੀ। ਉਹ ਵੀ ਭੂੰਡੀ ਤੋਂ ਫੇਲ੍ਹ-ਪਾਸ ਬਾਰੇ ਪੁੱਛਦੇ ਹੁੰਦੇ ਸੀ। ਉਹ ਕਹਿੰਦੇ ਭੂੰਡੀ ਜੇ ਉੱਡ ਜਾਵੇ ਤਾਂ ਪਾਸ, ਜੇ ਬੈਠੀ ਰਹੇ ਤਾਂ ਫੇਲ੍ਹ ਦਾ ਸੰਕੇਤ ਹੁੰਦਾ।
ਜੇ ਤੇਰੇ ਡੈਡੀ ਵੇਲੇ ਦੀ ਹੈ ਭੂੰਡੀ ਤਾਂ ਸਾਡੀ ਤਾਂ ਭੂਆ ਲੱਗੀ। ਬੱਚੇ ਹਾਸਾ ਮਜ਼ਾਕ ਕਰਦੇ ਰਹੇ। ਐਨੇ ਨੂੰ ਗੋਗੀ ਨੇ ਵੀ ਭੂੰਡੀ ਨੂੰ ਹੱਥ 'ਤੇ ਬਿਠਾ ਲਿਆ। ਪੜ੍ਹਨ ਵਿਚ ਤਾਂ ਗੋਗੀ ਹੁਸ਼ਿਆਰ ਸੀ, ਪਰ ਦੇਖੋ-ਦੇਖੀ ਬੱਚਿਆਂ ਦੀਆਂ ਗੱਲਾਂ ਵਿਚ ਆ ਗਿਆ ਸੀ। ਇਕ ਮਿੰਟ, ਦੋ ਮਿੰਟ, ਗੋਗੀ ਅੱਖਾਂ ਮੀਟ ਕੇ ਧਿਆਈ ਜਾਵੇ : ਭੂੰਡੀ ਮੈਂ ਪਾਸ ਹੋਜਾਂ, ਇਸ ਵਾਰ ਮੈਨੂੰ ਡਰ ਬੜਾ ਲੱਗਦਾ। ਭੂੰਡੀ ਤਾਂ ਹੱਥ 'ਤੇ ਬੈਠੀ ਹੀ ਰਹੀ। ਉਡੀ ਹੀ ਨਹੀਂ। ਗੋਗੀ ਮਨੋਮਨ ਹਾੜੇ ਕੱਢੇ, ਭੂੰਡੀ ਉੜ, ਭੂੰਡੀ ਉੜ! ਭੂੰਡੀ ਨਾ ਉੜੀ। ਗੋਗੀ ਦੇ ਚਿਹਰੇ ਦਾ ਰੰਗ ਜ਼ਰੂਰ ਉੱਡ ਗਿਆ। ਉਸ ਨੇ ਭੂੰਡੀ ਨੂੰ ਹੱਥ ਤੋਂ ਲਾਹ ਕੇ ਘਾਹ ਵਿਚ ਛੱਡ ਦਿੱਤਾ। ਬੱਚੇ ਘੁਸਰ-ਮੁਸਰ ਕਰਨ ਲੱਗੇ : 'ਐਂ ਤਾਂ ਨਹੀਂ ਹੋ ਸਕਦਾ ਕਿ ਗੋਗੀ ਵੀ ਲੁਟਕ ਜਾਵੇ।'
'ਮੇਰੀ ਮਾਂ ਤਾਂ ਪੱਕੇ ਪੇਪਰਾਂ ਨੇੜੇ ਜ਼ਰੂਰ ਭੂੰਡੀ ਨੂੰ ਮੇਰੇ ਪਾਸ ਹੋਣ ਬਾਰੇ ਪੁੱਛਦੀ ਆ।'
ਮੇਰਾ ਪਾਪਾ ਤਾਂ ਇਨ੍ਹਾਂ ਗੱਲਾਂ ਨੂੰ ਮੰਨਦਾ ਹੀ ਨਹੀਂ। ਕਹਿੰਦਾ ਮਿਹਨਤ ਤੇ ਲਗਨ ਵਾਲੇ ਬੱਚੇ ਸਦਾ ਪਾਸ ਹੁੰਦੇ ਹਨ। ਭੂੰਡੀ ਕਿਸੇ ਨੂੰ ਫੇਲ੍ਹ-ਪਾਸ ਨਹੀਂ ਕਰਾਉਂਦੀ।
ਜਦ ਸਾਰੇ ਲੋਕ ਭੂੰਡੀ ਤੋਂ ਫੇਲ੍ਹ ਪਾਸ ਪੁੱਛਦੇ ਨੇ। ਤੇਰੇ ਪਾਪਾ ਦੇ ਕਹੇ ਨਾਲ ਭੂੰਡੀ ਦੱਸਣੋਂ ਥੋੜ੍ਹਾ ਹਟ ਜਾਊਗੀ।
ਐਨੇ ਨੂੰ ਛੁੱਟੀ ਦੀ ਘੰਟੀ ਵੱਜ ਗਈ। ਬੱਚੇ ਘਰਾਂ ਵੱਲ ਤੁਰ ਪਏ। ਗੋਪੀ ਚੁੱਪ-ਚਾਪ ਤੁਰਿਆ ਜਾ ਰਿਹਾ ਸੀ। ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰ ਰਿਹਾ। ਸਭ ਨੂੰ ਪਤਾ ਸੀ ਕਿ ਭੂੰਡੀ ਦੇ ਨਾ ਉੱਡਣ ਕਰਕੇ ਉਹ ਉਦਾਸ ਸੀ। ਬੱਚੇ ਆਪੋ-ਆਪਣੇ ਘਰੀਂ ਚਲੇ ਗਏ। ਘਰ ਵੜਦਿਆਂ ਸਾਰ ਗੋਗੀ ਨੇ ਬੈਗ ਫ਼ਰਸ਼ 'ਤੇ ਵਗਾਹ ਮਾਰਿਆ ਅਤੇ ਜਾ ਕੇ ਮੰਜੇ 'ਤੇ ਲੇਟ ਗਿਆ। ਮਾਂ ਨੇ ਕਈ ਵਾਰ ਉਸ ਨੂੰ ਰੋਟੀ ਖਾਣ ਨੂੰ 'ਵਾਜ਼ ਮਾਰੀ ਸੀ ਪਰ ਉਸ ਨੇ ਰੋਟੀ ਨਹੀਂ ਖਾਧੀ ਸੀ। ਆਖਰ ਸ਼ਾਮ ਨੂੰ ਗੋਪੀ ਦਾ ਡੈਡੀ ਵੀ ਦਫ਼ਤਰੋਂ ਘਰ ਆ ਗਿਆ। ਉਸ ਨੇ ਗੋਪੀ ਨੂੰ ਮੰਜੇ ਤੋਂ ਉਠਾਇਆ ਅਤੇ ਆਪਣੇ ਕੋਲੇ ਬਿਠਾ ਕੇ ਬੋਲੇ, 'ਪੁੱਤਰਾ ਤੂੰ ਰੋਟੀ ਕਿਉਂ ਨਹੀਂ ਖਾਧੀ?'
'ਇਸ ਵਾਰ ਮੈਂ ਪਾਸ ਨਹੀਂ ਹੋਣਾ।'
'ਕਿਉਂ?' ਤੈਨੂੰ ਕਿਵੇਂ ਪਤਾ ਚੱਲ ਗਿਆ।
'ਭੂੰਡੀ ਤੋਂ'
'ਭੂੰਡੀ ਕਿਵੇਂ ਤੇਰਾ ਨਤੀਜਾ ਦੇਖ ਆਈ, ਨਤੀਜਾ ਤਾਂ ਤੇਰੇ ਅਧਿਆਪਕ ਦੱਸਦੇ ਸਨ ਕਿ ਅਜੇ ਬਣਦਾ ਪਿਆ।'
'ਅਜੇ ਬਣਿਆਂ ਨਹੀਂ'
'ਨਹੀਂ ਬਣਿਆਂ'
'ਤੇ ਉਹ ਭੂੰਡੀ?'
'ਐਵੇਂ ਨਿਖੱਟੂਆਂ ਨੇ ਆਪਣੇ=ਆਪ ਨੂੰ ਝੂਠਾ ਆਸਰਾ ਦੇਣ ਲਈ ਖੇਡ ਬਣਾਈ ਹੋਈ ਹੈ।'
'ਹੈਂ!'
'ਹਾਂ, ਤੂੰ ਕਲਾਸ 'ਚੋਂ ਪਹਿਲੇ ਨੰਬਰ 'ਤੇ ਆਉਣ ਵਾਲਾ ਬੱਚਾ ਏਂ, ਤੈਨੂੰ ਕੌਣ ਫੇਲ੍ਹ ਕਰ ਦੇਊਂ?'
ਡੈਡੀ ਦੀਆਂ ਗੱਲਾਂ ਸੁਣ ਕੇ ਗੋਪੀ ਦਾ ਚਿਹਰਾ ਖਿੜ ਉੱਠਿਆ। ਉਸ ਅੰਦਰ ਖੋਇਆ ਵਿਸ਼ਵਾਸ ਮੁੜ ਪਰਤ ਆਇਆ।
'ਡੈਡੀ ਤੁਸੀਂ ਜਦ ਛੋਟੇ ਹੁੰਦੇ ਪੜ੍ਹਦੇ ਸੀ, ਤੁਸੀਂ ਭੂੰਡੀ ਤੋਂ ਫੇਲ੍ਹ-ਪਾਸ ਬਾਰੇ ਪੁੱਛਦੇ ਹੁੰਦੇ ਸੀ?'
'ਹਾਂ, ਪਰ ਤੇਰੇ ਦਾਦਾ ਜੀ ਨੇ ਮੈਨੂੰ ਅਜਿਹਾ ਕਰਨੋਂ ਰੋਕ ਦਿੱਤਾ ਸੀ। ਮੇਰੇ ਪੋਲ਼ੇ ਜਿਹੇ ਕੰਨ ਵੀ ਪੁੱਟੇ ਸਨ, ਕਹਿੰਦੇ ਮਿਹਨਤ 'ਤੇ ਯਕੀਨ ਰੱਖੋ, ਇਹ ਨਿੱਕੀ ਜਿਹੀ ਭੂੰਡੀ ਥੋਡਾ ਕੀਹਦਾ-ਕੀਹਦਾ ਬੋਝ ਚੁੱਕ ਲਊਗੀ।'
ਗੋਪੀ ਮੁੜ ਸਵੈ-ਵਿਸ਼ਵਾਸ ਨਾਲ ਭਰ ਗਿਆ। ਇਕੱਤੀ ਮਾਰਚ ਨੂੰ ਸਕੂਲ ਵਿਚ ਖੂਬ ਰੌਣਕ ਸੀ। ਆਖਰ ਗਿਆਰਾਂ ਵਜੇ ਮੁੱਖ ਅਧਿਆਪਕ ਨੇ ਨਤੀਜਾ ਪੜ੍ਹ ਕੇ ਸੁਣਾਇਆ। ਭਾਵੇਂ ਭੂੰਡੀ ਗੋਪੀ ਦੇ ਹੱਥ 'ਤੇ ਬੈਠੀ ਰਹੀ ਸੀ, ਪਰ ਗੋਪੀ ਪੰਜਵੀਂ ਕਲਾਸ ਵਿਚੋਂ ਪਹਿਲੇ ਸਥਾਨ 'ਤੇ ਆਇਆ ਸੀ। ਉਸ ਨੂੰ ਸਟੇਜ 'ਤੇ ਬੁਲਾ ਕੇ ਇਨਾਮ ਦਿੱਤਾ ਗਿਆ ਸੀ। ਬੱਚੇ ਤਾੜੀਆਂ ਮਾਰ ਰਹੇ ਸਨ। ਦੂਜੇ ਪਾਸੇ ਭੂੰਡੀ ਉੱਡ ਜਾਣ ਦੇ ਬਾਵਜੂਦ ਵੀ ਜਨਕ ਇਸ ਵਾਰ ਕਲਾਸ ਵਿਚੋਂ ਫੇਲ੍ਹ ਹੋ ਗਿਆ ਸੀ।
ਭੂੰਡੀ ਭੂੰਡੀ ਫੇਲ੍ਹ੍ਹ ਕਿ ਪਾਸ
ਅਜੀਤ ਡੈਸਕ
04-04-2026