ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਨਾਨੀ ਜੀ ਨੂੰ ਗੱਲ ਯਾਦ ਆ ਗਈ। ਸਚਮੁਚ ਹੀ ਉਨ੍ਹਾਂ ਸਿਮਰਨ ਨੂੰ ਕੋਈ ਕਹਾਣੀ ਸੁਣਾਉਣ ਲਈ ਹਾਮੀ ਭਰੀ ਸੀ।
'ਸੌਂ ਤਾਂ ਨਹੀਂ ਜਾਵੇਂਗਾ? ਹੁੰਘਾਰਾ ਭਰੇਂਗਾ?' ਨਾਨੀ ਜੀ ਨੇ ਉਸ ਨੂੰ ਪੁੱਛਿਆ।
'ਬਿਲਕੁਲ ਨਹੀਂ ਨਾਨੀ ਅੰਮਾ..। ਪੂਰਾ ਹੁੰਘਾਰਾ ਭਰਾਂਗਾ।' ਸਿਮਰਨ ਬੜੇ ਆਤਮ-ਵਿਸ਼ਵਾਸ ਨਾਲ ਬੋਲਿਆ।
ਨਾਨੀ ਜੀ ਬੋਲੇ, ' ਠੀਕ ਐ। ਜੇ ਕਹਾਣੀ ਸੁਣਨ ਵਾਲਾ ਅੱਗੋਂ ਹੁੰਘਾਰਾ ਨਾ ਭਰੇ ਤਾਂ ਕਹਾਣੀ ਸੁਣਾਉਣ ਵਾਲੇ ਨੂੰ ਵੀ ਕੋਈ ਮਜ਼ਾ ਨਹੀਂ ਆਉਂਦਾ..। ਲੈ ਫੇਰ ਸੁਣ। ਕਹਾਣੀ ਸੁਣਾਉਣ ਤੋਂ ਪਹਿਲਾਂ ਮੈਂ ਤੈਨੂੰ ਇਹ ਦੱਸਣਾ ਚਾਹੁੰਦੀ ਆਂ ਕਿ ਪਾਣੀ ਨੂੰ ਇਕ ਦੇਵਤੇ ਵਜੋਂ ਵੀ ਪੂਜਿਆ ਜਾਂਦਾ ਏ।'
ਸਿਮਰਨ ਇਕਦਮ ਬੋਲਿਆ, 'ਹਾਂ, ਤੁਸੀਂ ਮੈਨੂੰ ਉਦਣ ਵੀ ਦੱਸਿਆ ਸੀ ਕਿ ਬਾਣੀ ਵਿਚ ਪਾਣੀ ਨੂੰ ਪਿਤਾ ਵੀ ਕਿਹਾ ਗਿਆ ਏ। ਕੀ ਇਹ ਵੀ ਬਾਣੀ ਵਿਚ ਕਿਹਾ ਗਿਆ ਏ ਕਿ ਪਾਣੀ ਨੂੰ ਦੇਵਤਾ ਵੀ ਕਿਹਾ ਜਾਂਦਾ ਏ?'
ਨਾਨੀ ਜੀ ਬੋਲੇ, 'ਹਾਂ, ਇਹੀ ਗੱਲ ਮੈਂ ਤੈਨੂੰ ਕਹਿਣਾ ਚਾਹੁੰਦੀ ਸਾਂ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਜਪੁਜੀ ਸਾਹਿਬ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਏ, ਉਸੇ ਤਰ੍ਹਾਂ ਉਨ੍ਹਾਂ ਨੇ ਇਸ ਨੂੰ ਆਪਣੀ ਇਕ ਹੋਰ ਬਾਣੀ, ਜਿਸ ਨੂੰ ਆਸਾ ਦੀ ਵਾਰ' ਕਿਹਾ ਜਾਂਦਾ ਏ, ਵਿਚ ਪਾਣੀ ਨੂੰ ਪਾਣੀ ਨੂੰ ਦੇਵਤਾ ਕਿਹਾ ਏ। ਲੈ ਸੁਣ...।'
ਨਾਨੀ ਜੀ ਨੇ ਅੱਖਾਂ ਬੰਦ ਕਰ ਲਈਆਂ ਤੇ ਲੈਅ ਵਿਚ ਗਾਉਣ ਲੱਗ ਪਏ:
'ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ
ਪੰਜਵਾ ਪਾਇਆ ਘਿਰਤੁ॥ ਤਾ ਹੋਆ ਪਾਕੁ ਪਵਿਤੁ॥'
ਨਾਨੀ ਜੀ ਨੇ ਅੱਖਾਂ ਖੋਲ੍ਹੀਆਂ ਤਾਂ ਸਿਮਰਨ ਬੋਲਿਆ, 'ਨਾਨੀ ਅੰਮਾ, ਹੁਣ ਇਸ ਦੇ ਅਰਥ ਤਾਂ ਸਮਝਾ ਦੇਵੋ।'
ਨਾਨੀ ਜੀ ਕਹਿਣ ਲੱਗੇ, 'ਸਿੰਮੂ ਪੁੱਤਰ, ਗੁਰੂ ਜੀ ਆਖਦੇ ਨੇ ਕਿ ਭੋੋਜਨ ਤਾਂ ਪਾਕਿ ਪਵਿੱਤਰ ਹੋਇਆ ਏ ਕਿਉਂਕਿ ਇਸ ਵਿਚ ਅੰਨ ਦੇਵਤਾ, ਪਾਣੀ ਦੇਵਤਾ, ਲੂਣ ਦੇਵਤਾ, ਅਗਨੀ ਦੇਵਤਾ ਅਤੇ ਪੰਜਵੇਂ ਨੰਬਰ 'ਤੇ ਇਸ ਵਿਚ ਘਿਉ ਵੀ ਪਾਇਆ ਏ। ਇਨ੍ਹਾਂ ਸਾਰਿਆਂ ਨੂੰ ਦੇਵਤੇ ਆਖਿਆ ਗਿਆ ਏ। ਗੁਰੂ ਸਾਹਿਬ ਦੇ ਇਸ ਸਲੋਕ ਵਿਚ ਡੂੰਘੇ ਅਰਥ ਛੁਪੇ ਹੋਏ ਨੇ। ਉਹ ਫੁਰਮਾਉਂਦੇ ਨੇ ਕਿ ਜੋ ਇਨ੍ਹਾਂ ਨਾਲ ਬਣਿਆ ਭੋਜਨ ਖਾਂਦੇ ਨੇ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਏ ਕਿ ਝੂਠ ਬੋਲਣ ਵਾਲਿਆਂ ਲਈ ਅਜਿਹਾ ਭੋਜਨ ਪਚਦਾ ਨਹੀਂ ਹੈ, ਉਨ੍ਹਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ। ਜਿਹੜੇ ਲੋਕ ਨਾਮ ਭਾਵ ਸੱਚ ਬੋਲਦੇ ਹਨ, ਉਨ੍ਹਾਂ ਲਈ ਇਹ ਭੋਜਨ ਪਵਿੱਤਰ ਬਣ ਜਾਂਦਾ ਏ। ਮਤਲਬ ਉਹੀ ਲੋਕ ਸੱਚੇ ਹਨ ਜੋ ਸੱਚੇ ਮਨ ਨਾਲ ਪ੍ਰਮਾਤਮਾ ਦਾ, ਖ਼ੁਦਾ ਦਾ ਨਾਮ ਲੈਂਦੇ ਨੇ।'
'ਨਾਨੀ ਜੀ ਮੇਰਾ ਜਮਾਤੀ ਮਗਨੀਤ ਬੜਾ ਝੂਠ ਬੋਲਦਾ ਏ। ਸਾਡੇ ਸਰ ਤੇ ਮੈਡਮਾਂ ਕੋਲੋਂ ਬੜੀਆਂ ਝਿੜਕਾਂ ਖਾਂਦਾ ਏ..।'
'ਝੂਠ ਬੋਲਣ ਵਾਲਾ ਆਪਣਾ ਵਿਸ਼ਵਾਸ ਗੁਆ ਲੈਂਦਾ ਏ। ਝੂਠ ਅੰਤ ਵਿਚ ਫੜਿਆ ਈ ਜਾਂਦੈ। ਇਸੇ ਲਈ ਤਾਂ ਕਹਿੰਦੇ ਨੇ ਕਿ ਝੂਠ ਦੇ ਪੈਰ ਨਹੀਂ ਹੁੰਦੇ...।'
ਅਗਲੇ ਦਿਨ ਸਵੇਰੇ ਨਾਨਾ ਜੀ ਨੇ ਆਵਾਜ਼ ਦਿੱਤੀ, 'ਚਲੋ ਬਈ ਸਵੇਰੇ ਸਵੇਰੇ ਪਾਰਕ ਵਿਚ ਸੈਰ ਲਈ ਚੱਲੀਏ। ਨਹੀਂ ਤਾਂ ਦਿਨ ਚੜ੍ਹ ਆਏਗਾ।'
ਤਿੰਨੇ ਪਾਰਕ ਵਿਚ ਸੈਰ ਕਰਨ ਲਈ ਨਿਕਲ ਗਏ।
ਅੱਜ ਸਿਮਰਨ ਫਿਰ ਕੁਝ ਥੱਕਿਆ ਜਿਹਾ ਮਹਿਸੂਸ ਕਰ ਰਿਹਾ ਸੀ। ਅੱਜ ਪਾਰਕ ਵਿਚ ਉਹ ਸਾਥੀਆਂ ਨਾਲ ਦੇਰ ਤੱਕ ਕ੍ਰਿਕਟ ਵੀ ਖੇਡਦਾ ਰਿਹਾ ਸੀ।
ਜਲਦੀ ਹੀ ਉਹ ਗੂੜ੍ਹੀ ਨੀਂਦ ਵਿਚ ਗੁਆਚ ਗਿਆ।
ਅਗਲੇ ਦਿਨ ਸਵੇਰੇ ਨਾਨੀ ਜੀ ਦੇ ਮੋਬਾਈਲ 'ਤੇ ਘੰਟੀ ਵੱਜੀ। ਸਿਮਰਨ ਉਦੋਂ ਨਹਾ ਰਿਹਾ ਸੀ।
ਸਿਮਰਨ ਦੇ ਮੰਮੀ ਜੀ ਦੀ ਕਾਲ ਸੀ।
ਨਾਨੀ ਜੀ ਨੇ ਮੋਬਾਈਲ ਦਾ ਬਟਨ ਸਵਿੱਚ ਆਨ ਕਰਕੇ 'ਹੈਲੋ' ਕਿਹਾ ਤਾਂ ਦੂਜੇ ਪਾਸਿਉਂ ਆਵਾਜ਼ ਆਈ, 'ਮੰਮੀ ਜੀ, ਸਤਿ ਸ੍ਰੀ ਅਕਾਲ!'
ਸਿਮਰਨ ਦੇ ਮੰਮੀ ਜੀ ਦਾ ਫ਼ੋਨ ਸੀ।
ਨਾਨੀ ਜੀ ਨੇ ਹੱਸ ਕੇ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤਾ। ਉਨ੍ਹਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ।
ਇੰਨੇ ਨੂੰ ਸਿਮਰਨ ਵੀ ਬਾਥਰੂਮ ਵਿਚੋਂ ਨਹਾ ਕੇ ਬਾਹਰ ਆ ਚੁੱਕਾ ਸੀ।
'ਲੈ ਸਿੰਮੂ, ਤੇਰੇ ਮੰਮਾਂ ਦੀ ਕਾਲ ਐ। ਗੱਲ ਕਰ ਲੈ...।' ਨਾਨੀ ਜੀ ਨੇ ਮੋਬਾਈਲ ਫ਼ੋਨ ਉਸ ਦੇ ਹਵਾਲੇ ਕਰ ਦਿੱਤਾ।
ਸਿਮਰਨ ਮੰਮੀ ਨਾਲ ਦੇਰ ਤੱਕ ਗੱਲਾਂ ਕਰਦਾ ਰਿਹਾ। ਮੰਮੀ ਨੇ ਉਸ ਨੂੰ ਸਕੂਲ ਦੀਆਂ ਛੁੱਟੀਆਂ ਦੇ ਕੰਮ ਬਾਰੇ ਵੀ ਪੁੱਛਿਆ।
ਸਕੂਲ ਖੁੱਲ੍ਹਣ ਵਿਚ ਗਿਣਤੀ ਦੇ ਹੀ ਦਿਨ ਰਹਿ ਗਏ ਸਨ।
ਸਿਮਰਨ ਨੇ ਨਾਸ਼ਤਾ ਕੀਤਾ ਅਤੇ ਫਿਰ ਰੋਜ਼ਾਨਾ ਵਾਂਗ ਛੁੱਟੀਆਂ ਦਾ ਰਹਿੰਦਾ ਕੰਮ ਕਰਨ ਵਿਚ ਲੀਨ ਹੋ ਗਿਆ। ਹਿਸਾਬ ਦੇ ਵਿਸ਼ੇ ਨੇ ਤਾਂ ਜਿਵੇਂ ਉਸ ਨੂੰ ਅਕਾ ਹੀ ਦਿੱਤਾ ਸੀ। ਡੇਢ ਦੋ ਘੰਟੇ ਕੰਮ ਕਰਨ ਬਾਅਦ ਉਹਨੂੰ ਨੀਂਦ ਆਉਣ ਲੱਗ ਪਈ।
ਸਿਮਰਨ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਵੇਖਿਆ, ਨਾਨੀ ਜੀ ਮਟਰ ਕੱਢ ਰਹੇ ਸਨ। ਉਹ ਉਨ੍ਹਾਂ ਕੋਲ ਆ ਬੈਠਾ। ਕਹਿਣ ਲੱਗਾ, 'ਨਾਨੀ ਜੀ, ਕੱਲ੍ਹ ਆਪਣੀ ਕਹਾਣੀ ਵਿਚੇ ਰਹਿ ਗਈ ਸੀ। ਸੁਣਾਉ ਹੁਣ...। ਮੇਰੇ ਜਾਣ ਤੋਂ ਪਹਿਲਾਂ ਪਹਿਲਾਂ ਪਾਣੀ ਦੀ ਸਾਰੀ ਕਹਾਣੀ ਸੁਣਾ ਦਿਉ..।'
ਨਾਨੀ ਜੀ ਕਹਿਣ ਲੱਗੇ, 'ਸੁਣਾਵਾਂਗੀ ਪਰ ਰਾਤ ਨੂੰ ਵਿਹਲੀ ਹੋ ਕੇ। ਪਹਿਲਾਂ ਆਹ ਮਟਰਾਂ ਦਾ ਕੰਮ ਨਿਬੇੜ ਲਵਾਂ। ਅੱਜ ਤੇਰੇ ਨਾਨਾ ਜੀ ਨਾਲ ਉਨ੍ਹਾਂ ਦੇ ਇਕ ਦੋਸਤ ਤੇ ਉਨ੍ਹਾਂ ਦੀ ਘਰਵਾਲੀ ਨੇ ਵੀ ਆਪਣੇ ਘਰ ਆਉਣੈ। ਰਾਤ ਦਾ ਖਾਣਾ ਖਾ ਕੇ ਜਾਣਗੇ।'
ਸਿਮਰਨ ਬਜ਼ਾਰ ਵਿਚੋਂ ਪਨੀਰ ਤੇ ਦਹੀਂ ਲੈਣ ਚਲਾ ਗਿਆ। ਫਿਰ ਆ ਕੇ ਨਾਨੀ ਜੀ ਨਾਲ ਰਸੋਈ ਦੇ ਕੰਮ ਕਾਜ ਵਿਚ ਹੱਥ ਵਟਾਉਣ ਲੱਗ ਪਿਆ।
ਫਿਰ ਉਹ ਦੋਸਤਾਂ ਨਾਲ ਕ੍ਰਿਕਟ ਖੇਡਣ ਲਈ ਹੇਠਾਂ ਆ ਗਿਆ।
ਇੰਨੇ ਨੂੰ ਨਾਨਾ ਜੀ ਆ ਗਏ।
ਕੁਝ ਸਮੇਂ ਬਾਦ ਉਨ੍ਹਾਂ ਦੇ ਦੋਸਤ ਤੇ ਪਤਨੀ ਵੀ ਆ ਗਏ। ਰਾਤ ਦਾ ਖਾਣਾ ਖਾ ਕੇ ਉਹ ਚਲੇ ਗਏ ਤਾਂ ਨਾਨੀ-ਦੋਹਤੇ ਦੀ ਵਾਰਤਾਲਾਪ ਫਿਰ ਸ਼ੁਰੂ ਹੋ ਗਈ।
'ਚਲੋ ਨਾਨੀ ਅੰਮਾ, ਹੋ ਜਾਓ ਸ਼ੁਰੂ...।' ਸਿਮਰਨ ਨੇ ਨਾਨੀ ਜੀ ਨੂੰ ਕਿਹਾ।
ਨਾਨੀ ਜੀ ਨੇ ਕਹਾਣੀ ਦੀ ਤੰਦ ਫਿਰ ਜੋੜ ਲਈ, 'ਮੈਂ ਤੈਨੂੰ ਜਿਹੜੀ ਗੱਲ ਸੁਣਾ ਰਹੀ ਸੀ ਨਾ ਕਿ ਪਾਣੀ ਨੂੰ ਦੇਵਤਾ ਵੀ ਕਿਹਾ ਜਾਂਦੈ..। ਕਈ ਵਾਰੀ ਦੇਵਤੇ ਵੀ ਹੰਕਾਰ ਵਿਚ ਆ ਜਾਇਆ ਕਰਦੇ ਸਨ...।' (ਚਲਦਾ)
-ਮੋਬਾਈਲ : 98144-23703