08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬਾਲ ਕਹਾਣੀ ਬੋਲਣ ਵਾਲਾ ਖਿਡੌਣਾ

ਬਾਲ ਕਹਾਣੀ ਬੋਲਣ ਵਾਲਾ ਖਿਡੌਣਾ

Ad Position 21
No active advertisement
ਅਜੀਤ ਡੈਸਕ 08-08-2026

ਰਾਘਵ ਨੂੰ  ਖਿਡੌਣੇ ਬਹੁਤ ਪਸੰਦ ਸਨ | ਉਸ ਦੇ ਸਾਰੇ ਦੋਸਤਾਂ ਨੂੰ  ਇਹ ਗੱਲ ਪਤਾ ਸੀ ਕਿ ਉਨ੍ਹਾਂ ਦੇ ਦੋਸਤ ਰਾਘਵ ਨੂੰ  ਖਿਡੌਣਿਆਂ ਨਾਲ ਬਹੁਤ ਪਿਆਰ ਹੈ | ਇਸ ਲਈ ਉਹ ਹਰ ਵਾਰ ਉਸ ਦੇ ਜਨਮ ਦਿਨ 'ਤੇ ਉਸ ਨੂੰ  ਵਧੀਆ ਖਿਡੌਣੇ ਦਿੰਦੇ ਹੁੰਦੇ ਸਨ | ਉਸ ਨੂੰ  ਹਰ ਸਾਲ ਆਪਣੇ ਜਨਮ ਦਿਨ ਦੀ ਬਹੁਤ ਉਤਸੁਕਤਾ ਨਾਲ ਉਡੀਕ ਹੁੰਦੀ ਸੀ | ਉਹ ਆਪਣੀ ਜਮਾਤ ਅਤੇ ਗਲੀ-ਮੁਹੱਲੇ ਦੇ ਵੱਧ ਤੋਂ ਵੱਧ ਦੋਸਤਾਂ ਨੂੰ  ਆਪਣੇ ਜਨਮ ਦਿਨ 'ਤੇ ਬੁਲਾਉਂਦਾ ਸੀ | ਉਸ ਦੀ ਜਮਾਤ 'ਚ ਕਿ ਨਵਾਂ ਬੱਚਾ ਆਇਆ | ਉਸ ਦਾ ਨਾਂਅ ਰੌਸ਼ਨ ਸੀ | ਪੜ੍ਹਾਈ 'ਚ ਹੁਸ਼ਿਆਰ ਹੋਣ ਕਰਕੇ ਉਹ ਦੋਵੇਂ ਦੋਸਤ ਬਣ ਗਏ | ਉਨ੍ਹਾਂ ਦੇ ਪਾਪਾ ਦੀ ਨੌਕਰੀ ਇਕੋ ਵਿਭਾਗ ਵਿਚ ਹੋਣ ਕਰਕੇ ਉਨ੍ਹਾਂ ਦਾ ਇਕ-ਦੂਜੇ ਦੇ ਘਰ ਆਉਣਾ-ਜਾਣਾ ਹੋ ਗਿਆ | ਰਾਘਵ ਜਦੋਂ ਰੌਸ਼ਨ ਨੂੰ  ਮਿਲਣ ਉਸ ਦੇ ਘਰ ਜਾਂਦਾ ਤਾਂ ਉਸ ਨੂੰ  ਹਰ ਵਾਰ ਨਵੇਂ ਸ਼ੋਅ ਪੀਸ ਵੇਖਣ ਨੂੰ  ਮਿਲਦੇ | ਉਹ ਉਨ੍ਹਾਂ ਨੂੰ  ਵੇਖ ਕੇ ਮਨੋ-ਮਨੀ ਹੈਰਾਨ ਹੋ ਜਾਂਦਾ | ਉਸ ਦਾ ਮਨ ਕਰਦਾ ਕਿ ਉਹ ਰੌਸ਼ਨ ਅਤੇ ਉਸ ਦੀ ਵੱਡੀ ਭੈਣ ਨੂੰ  ਪੁੱਛੇ ਕਿ ਉਹ ਐਨੇ ਸੋਹਣੇ ਸ਼ੋਅ ਪੀਸ ਕਿਥੋਂ ਲਿਆਉਂਦੇ ਹਨ | ਉਸ ਦਾ ਜਨਮ ਦਿਨ ਆਇਆ | ਉਸ ਨੇ ਰੌਸ਼ਨ ਅਤੇ ਉਸ ਦੀ ਭੈਣ ਨੂੰ  ਆਪਣੇ ਜਨਮ ਦਿਨ 'ਤੇ ਬੁਲਾਇਆ | ਉਸ ਦੇ ਸਾਰੇ ਦੋਸਤਾਂ ਨੇ ਉਸ ਦੇ ਜਨਮ ਦਿਨ 'ਤੇ ਤੋਹਫ਼ੇ ਦਿੱਤੇ | ਰਾਘਵ ਨੂੰ  ਤੋਹਫ਼ੇ ਤਾਂ ਸਾਰੇ ਬਹੁਤ ਪਸੰਦ ਆਏ ਪਰ ਰੌਸ਼ਨ ਅਤੇ ਉਸ ਦੀ ਭੈਣ ਵਲੋਂ ਦਿੱਤਾ ਜਾਣ ਵਾਲਾ ਤੋਹਫ਼ਾ ਸੋਹਣਾ ਤਾਂ ਹੈ ਸੀ ਪਰ ਦੂਜੇ ਸਾਰੇ ਤੋਹਫ਼ਿਆਂ ਤੋਂ ਵੱਖਰਾ ਸੀ | ਉਹ ਤੋਹਫ਼ਾ ਬੋਲਣ ਵਾਲਾ ਖਿਡੌਣਾ ਸੀ | ਉਹ ਖਿਡੌਣਾ ਉਸ ਦੇ ਮੰਮੀ-ਪਾਪਾ ਅਤੇ ਭਰਾ ਨੂੰ  ਵੀ ਬਹੁਤ ਪਸੰਦ ਆਇਆ | ਉਸ ਨੇ ਅਤੇ ਉਸ ਦੇ ਭਰਾ ਨੇ ਜਦੋਂ ਖਿਡੌਣੇ ਦਾ ਬਟਨ ਦੱਬਿਆ ਤਾਂ ਉਸ ਵਿਚੋਂ ਬਹੁਤ ਸੋਹਣੀਆਂ-ਸੋਹਣੀਆਂ ਆਵਾਜ਼ਾਂ ਆ ਰਹੀਆਂ ਸਨ | ਉਹ ਆਵਾਜ਼ਾਂ ਸਨ, ਬੱਚਿਓ ਚੰਗੀਆਂ ਆਦਤਾਂ ਸਿੱਖੋ | ਸਮੇਂ ਸਿਰ ਸੌਂਵੋ, ਸਮੇਂ ਸਿਰ ਜਾਗੋ | ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ, ਉਨ੍ਹਾਂ ਦਾ ਸਤਿਕਾਰ ਕਰੋ | ਚੰਗੇ ਬੱਚਿਆਂ ਦੀ ਸੰਗਤ ਕਰੋ | ਸਦਾ ਹੀ ਚੰਗੇ ਕੰਮ ਕਰੋ | ਛੋਟਿਆਂ ਨੂੰ  ਪਿਆਰ ਅਤੇ ਵੱਡਿਆਂ ਦਾ ਸਤਿਕਾਰ ਕਰੋ | ਇਮਾਨਦਾਰੀ ਨੂੰ  ਆਪਣੀ ਜ਼ਿੰਦਗੀ ਦਾ ਉਦੇਸ਼ ਬਣਾਓ | ਸਬਰ ਅਤੇ ਸੰਤੋਖ ਦੀ ਜ਼ਿੰਦਗੀ ਜੀਓ | ਇਸ ਦੁਨੀਆ ਵਿਚ ਮਿਹਨਤ ਦਾ ਕੋਈ ਬਦਲ ਨਹੀਂ | ਵੱਡੀਆਂ ਪ੍ਰਾਪਤੀਆਂ ਲਈ ਕੇਵਲ ਸੁਪਨੇ ਹੀ ਨਾ ਲਓ ਸਗੋਂ ਉਨ੍ਹਾਂ ਨੂੰ  ਪ੍ਰਾਪਤ ਕਰਨ ਲਈ ਮਿਹਨਤ ਵੀ ਕਰੋ |

ਇਕ ਦਿਨ ਇਕੱਠੇ ਖੇਡਦਿਆਂ ਹੋਇਆਂ ਰਾਘਵ ਤੇ ਉਸ ਦੇ ਦੋਸਤਾਂ ਨੇ ਰੌਸ਼ਨ ਨੂੰ  ਪੁੱਛਿਆ ਕਿ ਉਸ ਨੇ ਉਹ ਖਿਡੌਣਾ ਕਿੰਨੇ ਦਾ ਅਤੇ ਕਿਹੜੀ ਦੁਕਾਨ ਤੋਂ ਖਰੀਦਿਆ ਹੈੈ? ਰੌਸ਼ਨ ਨੇ ਅੱਗੋਂ ਜਵਾਬ ਦਿੱਤਾ, ਦੋਸਤੋ, ਅਸੀਂ ਇਹ ਖਿਡੌਣਾ ਕਿਸੇ ਦੁਕਾਨ ਤੋਂ ਨਹੀਂ ਖਰੀਦਿਆ ਸਗੋਂ ਮੈਂ ਤੇ ਮੇਰੀ ਭੈਣ ਨੇ ਇਸ ਨੂੰ  ਖੁਦ ਆਪਣੇ ਹੱਥੀਂ ਬਣਾਇਆ ਹੈ | ਰੌਸ਼ਨ ਦਾ ਜਵਾਬ ਸੁਣ ਕੇ ਉਸ ਦੇ ਸਾਰੇ ਦੋਸਤ ਹੈਰਾਨ ਰਹਿ ਗਏ | ਉਸ ਦੇ ਦੋਸਤਾਂ ਵਿਚੋਂ ਇਕ ਨੇ ਉਸ ਨੂੰ  ਪੁੱਛਿਆ ਰੌਸ਼ਨ ਤੁਸੀਂ ਐਨਾ ਸੋਹਣਾ ਖਿਡੌਣਾ ਕਿਵੇਂ ਬਣਾ ਲਿਆ? ਉਸ 'ਚੋਂ ਆਉਣ ਵਾਲੀਆਂ ਆਵਾਜ਼ਾਂ ਕਿਵੇਂ ਬਣਾ ਲਈਆਂ? ਰੌਸ਼ਨ ਅੱਗੋਂ ਬੋਲਿਆ, 'ਦੋਸਤੋ, ਸਾਡੇ ਮੰਮੀ ਨੇ ਸਾਨੂੰ ਬਚੇ-ਖੁਚੇ ਕੱਪੜੇ, ਗੱਤੇ ਦੇ ਟੁਕੜੇ, ਹੋਰ ਕੰਮ ਆਉਣ ਵਾਲੀਆਂ ਬਚੀਆਂ ਅਤੇ ਪੁਰਾਣੀਆਂ ਚੀਜ਼ਾਂ ਦੇ ਖਿਡੌਣੇ ਬਣਾਉਣੇ ਸਿਖਾ ਦਿੱਤੇ ਹਨ | ਤੁਸੀਂ ਮੈਨੂੰ ਖਿਡੌਣੇ 'ਚੋਂ ਆਉਣ ਵਾਲੀਆਂ ਆਵਾਜ਼ਾਂ ਬਾਰੇ ਪੁੱਛਿਆ ਸੀ | ਸਾਡੇ ਕੋਲ ਇਕ ਪੁਰਾਣਾ ਖਿਡੌਣਾ ਸੀ, ਉਹ ਟੁੱਟ ਚੁੱਕਾ ਸੀ | ਉਸ 'ਚ ਇਹ ਆਵਾਜ਼ਾਂ ਵਾਲਾ ਯੰਤਰ ਫਿਟ ਸੀ | ਅਸੀਂ ਉਹ ਯੰਤਰ ਉਸ ਖਿਡੌਣੇ ਵਿਚੋਂ ਕੱਢ ਕੇ ਨਵਾਂ ਖਿਡੌਣਾ ਬਣਾ ਲਿਆ | ਅਸੀਂ ਆਪਣੇ ਦੋਸਤਾਂ ਦੇ ਜਨਮ ਦਿਨ 'ਤੇ ਤੋਹਫ਼ਾ ਦੇਣ ਲਈ ਕਦੇ ਵੀ ਨਵਾਂ ਤੋਹਫ਼ਾ ਨਹੀਂ ਖਰੀਦਦੇ, ਸਗੋਂ ਖੁਦ ਬਣਾਉਂਦੇ ਹਾਂ |  ਇਸ ਨਾਲ ਇਕ ਤਾਂ ਸਾਡੇ ਪੈਸੇ ਬਚ ਜਾਂਦੇ ਹਨ, ਦੂਜਾ ਘਰ ਦੀਆਂ ਪੁਰਾਣੀਆਂ ਚੀਜ਼ਾਂ ਦੀ ਵਰਤੋਂ ਕਰਕੇ ਖਿਡੌਣੇ ਬਣਾਉਣ ਦੀ ਕਲਾ ਸਿੱਖ ਜਾਂਦੇ ਹਾਂ | ਸਾਡੇ ਘਰ  ਵਿਚ ਪਏ ਸ਼ੋਅ ਪੀਸ ਅਸੀਂ ਪੁਰਾਣੀਆਂ ਚੀਜ਼ਾਂ ਦੇ ਹੀ ਬਣਾਏ ਹੋਏ ਹਨ | ਰੌਸ਼ਨ ਦਾ ਜਵਾਬ ਸੁਣ ਕੇ ਸਾਰੇ ਬੱਚੇ ਹੈਰਾਨ ਹੋ ਗਏ ਤੇ ਉਨ੍ਹਾਂ ਨੇ ਉਸ ਤੋਂ ਪ੍ਰੇਰਨਾ ਵੀ ਹਾਸਲ ਕੀਤੀ |
-ਮਾਧਵ ਨਗਰ, ਨੰਗਲ ਟਾਊਨਸ਼ਿਪ |
ਮੋਬਾਈਲ : 98726-27136

Ad Position 22
No active advertisement
ਪਿਛਲੀ ਖ਼ਬਰ ਦੁਨੀਆ ਦਾ ਪਿਆਜ਼ ਹੱਬ ਕਿੱਥੇ ਹੈ? ਅਗਲੀ ਖ਼ਬਰ ਕੁਦਰਤ ਨਾਲ ਜੁੜ ਜਾਈਏ...
Ad Position 24