23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਰੰਗਾਂ ਦਾ ਸਿਰ ਫਿਰਿਆ ਆਸ਼ਕ : ਵਿਨਸੈਂਟ ਵੈਨ ਗੌਗ

ਰੰਗਾਂ ਦਾ ਸਿਰ ਫਿਰਿਆ ਆਸ਼ਕ : ਵਿਨਸੈਂਟ ਵੈਨ ਗੌਗ

Ad Position 21
No active advertisement
ਅਜੀਤ ਡੈਸਕ 23-08-2026

ਫਕੀਰਾਨਾ ਤਬੀਅਤ ਦਾ ਮਾਲਕ ਵਿਨਸੈਂਟ ਵੈਨ ਗੌਗ (Vincent Van 7ogh) ਜਿਸਨੇ ਸਾਰੀ ਜ਼ਿੰਦਗੀ ਫਾਕੇ ਕੱਟਦਿਆਂ ਗੁਜ਼ਾਰ ਦਿੱਤੀ | ਅੱਜ ਉਸ ਦੇ ਹੱਥੋਂ ਬਣੀਆਂ ਪੇਂਟਿੰਗਾਂ ਦੁਨੀਆ ਦੇ ਵੱਡੇ-ਵੱਡੇ ਅਜਾਇਬ ਘਰਾਂ ਦੀ ਸ਼ਾਨ ਬਣੀਆਂ ਹੋਈਆਂ ਹਨ | ਜਿੱਥੇ ਕਿਧਰੇ ਵੀ ਪੇਂਟਿੰਗਾਂ ਦੀ ਨਿਲਾਮੀ ਹੋ ਰਹੀ ਹੋਵੇ ਤਾਂ ਵੈਨ ਗੌਗ ਦੀ ਇਕ ਇਕ ਪੇਂਟਿੰਗ ਪੰਜ ਸੌ ਮਿਲੀਅਨ ਡਾਲਰ ਤੋਂ ਲੈ ਕੇ ਇਕ ਬਿਲੀਅਨ ਡਾਲਰ (ਚਾਰ ਹਜ਼ਾਰ ਕਰੋੜ ਤੋਂ ਅੱਠ ਹਜ਼ਾਰ ਕਰੋੜ ਰੁਪਏ) ਤੱਕ ਆਰਾਮ ਨਾਲ ਵਿਕ ਜਾਂਦੀ ਹੈ | ਮਾਨਸਿਕ ਤੌਰ 'ਤੇ ਗੰਭੀਰ ਬਿਮਾਰ ਵਿਨਸੈਂਟ ਵੈਨ ਗੌਗ ਪੇਟ ਦੀ ਅੱਗ ਬੁਝਾਉਣ ਲਈ ਸਾਰੀ ਉਮਰ ਆਪਣੇ ਭਰਾ ਥਿਓ ਗੌਗ ਉੱਤੇ ਨਿਰਭਰ ਰਿਹਾ | ਥਿਓ ਜਦ ਕਦੇ ਵੀ ਵੈਨ ਗੌਗ ਨੂੰ ਖਾਣ-ਪੀਣ ਲਈ ਖਰਚਾ ਭੇਜਦਾ ਤਾਂ ਇਹ ਫੱਕਰ ਉਸ  ਤੋਂ ਚੋਰੀ ਤਿੰਨ-ਤਿੰਨ ਦਿਨ ਭੁੱਖਾ ਤਾਂ ਰਹਿ ਲੈਂਦਾ ਪਰ ਉਹ ਖਾਣੇ ਲਈ ਮਿਲੇ ਖਰਚੇ ਨਾਲ ਮਹਿੰਗੇ ਮੁੱਲ ਦੀਆਂ ਕੈਨਵਸ ਅਤੇ ਰੰਗ ਖਰੀਦ ਲਿਆਉਂਦਾ |
ਵਿਨਸੈਂਟ ਵੈਨ ਗੌਗ 'ਤੇ ਗਹਿਰ-ਗੰਭੀਰ ਚਰਚਾ ਕਰਨੀ ਹੋਵੇ ਤਾਂ ਉਸ ਦੀਆਂ ਪੇਂਟਿੰਗਾਂ ਅਤੇ ਉਸ  ਦੁਆਰਾ ਭਰਾ ਥਿਓ ਨੂੰ ਲਿਖੇ ਖਤਾਂ ਨੂੰ ਅੱਖੋਂ ਪਰੋਖੇ ਕਰ ਕੇ ਉਸ ਦੀ ਗੱਲ ਅੱਗੇ ਤੋਰਨੀ ਬਗੈਰ ਕੋਈ ਥਹੁ-ਪਤਾ ਲਿਖੇ ਚਿੱਠੀ ਪੋਸਟ ਕਰਨ ਦੇ ਤੁਲ ਹੈ | 
ਵੈਨ ਗੌਗ ਦੀਆਂ ਮੂੰਹੋਂ ਬੋਲਦੀਆਂ ਪੇਂਟਿੰਗਾਂ ਸਾਨੂੰ ਉਹ ਸਭ ਵਿਖਾਉਂਦੀਆਂ ਹਨ ਜੋ ਵੈਨ ਗੌਗ ਨੇ ਆਪਣੀ ਸਾਰੀ ਜ਼ਿੰਦਗੀ ਮਨ ਦੀਆਂ ਅੱਖਾਂ ਨਾਲ ਵੇਖਿਆ | ਇਸੇ ਤਰ੍ਹਾਂ ਵੈਨ ਗੌਗ ਦੁਆਰਾ ਆਪਣੇ ਭਰਾ ਥਿਓ ਗੌਗ ਨੂੰ ਲਿਖੇ ਤਕਰੀਬਨ 600 ਖ਼ਤ ਵੈਨ ਗੌਗ ਦੀ ਰੂਹ ਦਾ ਪ੍ਰਗਟਾਵਾ ਹਨ ਜਿਨ੍ਹਾਂ ਨੂੰ ਪੜ੍ਹਕੇ ਉਹ ਸਭ ਜਾਣਿਆ ਜਾ ਸਕਦਾ ਹੈ ਜੋ ਵੈਨ ਗੌਗ ਨੇ ਸਾਰੀ ਉਮਰ ਮਹਿਸੂਸ ਕੀਤਾ ਅਤੇ ਅੰਦਰੋ-ਅੰਦਰੀ ਘੁਲਦਾ ਰਿਹਾ | 
ਇਕ ਚਿੱਤਰਕਾਰ ਵਜੋਂ ਨੀਦਰਲੈਂਡ ਦੀ ਧਰਤੀ ਦਾ ਮਾਣ ਬਣੇ ਵਿਨਸੈਂਟ ਵੈਨ ਗੌਗ ਦਾ ਜਨਮ 30 ਮਾਰਚ 1853 ਨੂੰ ਇਕ ਧਾਰਮਿਕ ਪਰਿਵਾਰ ਵਿਚ ਹੋਇਆ | ਵਿਨਸੈਂਟ ਵੈਨ ਗੌਗ ਦੇ ਪਿਤਾ ਥਿਓਡੋਰਸ ਵੈਨ ਗੌਗ ਇਕ ਡੱਚ ਸੁਧਾਰਕ ਚਰਚ ਦੇ ਪਾਦਰੀ ਸਨ | ਪਿਤਾ ਸੁਭਾਅ ਪੱਖੋਂ ਸਖ਼ਤ ਅਤੇ ਅਨੁਸ਼ਾਸ਼ਨ ਪਸੰਦ ਹੋਣ ਕਾਰਨ ਇਨ੍ਹਾਂ ਦਾ ਰਿਸ਼ਤਾ ਕਦੇ ਵੀ ਬਹੁਤਾ ਸੁਖਾਵਾਂ ਨਹੀਂ ਰਿਹਾ | ਰੂਹ ਦੇ ਆਜ਼ਾਦ ਪੰਛੀ ਵੈਨ ਗੌਗ ਨੂੰ ਉਸ ਦੇ ਪਿਤਾ ਸਮਝਦਾਰ ਅਤੇ ਸਥਾਪਿਤ ਨੌਕਰਸ਼ਾਹ ਵਜੋ ਵੇਖਣਾ ਚਾਹੁੰਦੇ ਸਨ | ਪਰ ਉਸ ਦੀ ਦੀ ਮਾਤਾ ਐਨਾ ਕੋਰਨੇਲੀਆ ਕਾਰਬੈਨਟਸ ਕੁਦਰਤ ਪ੍ਰੇਮੀ ਅਤੇ ਰੰਗਾਂ ਦੀ ਉਪਾਸ਼ਕ ਸੀ | ਇਸ ਕਰਕੇ ਵੈਨ ਗੌਗ ਨੂੰ ਰੰਗਾਂ ਦੀ ਗੁੜ੍ਹਤੀ ਮਾਂ ਐਨਾ ਤੋਂ ਹੀ ਮਿਲੀ | ਮਾਂ-ਬਾਪ ਤੋਂ ਇਲਾਵਾ ਵਿਨਸੈਂਟ ਦੇ ਪਰਿਵਾਰ ਵਿਚ ਛੇ ਭੈਣ-ਭਰਾ ਸਨ | ਉਸ  ਦੀਆਂ ਤਿੰਨ ਭੈਣਾਂ ਐਲਿਜ਼ਾਬੈੱਥ, ਐਨਾ ਅਤੇ ਵਿਲ ਸਨ | ਉਸ ਦੇ ਦੋ ਭਰਾ ਕੋਰ ਅਤੇ ਥਿਓ ਗੌਗ ਵਿਚੋਂ ਥਿਓ ਗੌਗ ਤਾਂ ਜਿਵੇ ਵੈਨ ਗੌਗ ਲਈ ਰੱਬ ਬਣ ਕੇ ਹੀ ਬਹੁੜਿਆ ਸੀ | ਜੇਕਰ ਥਿਓ ਗੌਗ ਨਾ ਹੁੰਦਾ ਤਾਂ ਸ਼ਾਇਦ ਦੁਨੀਆ ਨੂੰ ਵੈਨ ਗੌਗ ਵਰਗਾ ਮਹਾਨ ਚਿੱਤਰਕਾਰ ਕਦੇ ਵੀ ਨਾ ਮਿਲ ਪਾਉਂਦਾ | ਥਿਓ ਗੌਗ ਤੋਂ ਇਲਾਵਾ ਬਾਕੀ ਸਾਰਾ ਪਰਿਵਾਰ ਵੈਨ ਗੌਗ ਨੂੰ ਬੇਕਾਰ, ਨਿਕੰਮਾ ਅਤੇ ਅਸਫ਼ਲ ਵਿਅਕਤੀ ਮੰਨਦਾ ਸੀ | ਉਹ ਬਚਪਨ ਤੋਂ ਹੀ ਬਹੁਤ ਗੰਭੀਰ ਚਿੱਤ ਅਤੇ ਇਕਾਂਤ ਪਸੰਦ ਹੁੰਦਾ ਚਲਾ ਗਿਆ |
ਵੈਨ ਗੌਗ ਦੇ ਜਨਮ ਤੋਂ ਇਕ ਸਾਲ ਪਹਿਲਾਂ ਇਸਦੀ ਮਾਤਾ ਨੇ ਇਕ ਲੜਕੇ ਨੂੰ ਜਨਮ ਦਿੱਤਾ, ਮਾਂ-ਬਾਪ ਨੇ ਇਸ ਬੱਚੇ ਦਾ ਨਾਂਅ ਵਿਨਸੈਂਟ ਵੈਨ ਗੌਗ ਰੱਖਿਆ | ਇਹ ਬੱਚਾ ਪੈਦਾ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਦਮ ਤੋੜ ਗਿਆ | ਜਦੋਂ ਅਗਲੇ ਵਰ੍ਹੇ ਇਸ ਘਰ ਵਿਚ ਇਕ ਹੋਰ ਲੜਕੇ ਨੇ ਜਨਮ ਲਿਆ ਤਾਂ ਮਾਂ-ਬਾਪ ਨੇ ਉਸ  ਬੱਚੇ ਦੀ ਯਾਦ ਵਿਚ ਇਸ ਬੱਚੇ ਦਾ ਨਾਂਅ ਵੀ ਵਿਨਸੈਂਟ ਵੈਨ ਗੌਗ ਹੀ ਰੱਖ ਲਿਆ | ਇਹ ਬੱਚਾ ਜਦ ਵੀ ਸਕੂਲ ਪੜ੍ਹਨ ਜਾਂਦਾ ਤਾਂ ਇਹ ਆਪਣੇ ਰਸਤੇ ਵਿਚ ਪੈਂਦੇ ਕਬਰਸਤਾਨ ਵਿਚ ਆਪਣੇ ਨਾਂਅ ਦੀ ਹੀ ਕਬਰ ਵੇਖ ਠਠੰਬਰ ਜਾਂਦਾ | ਅਜਿਹਾ ਲਗਾਤਾਰ ਵਾਪਰਦੇ ਰਹਿਣ ਨਾਲ ਵੈਨ ਗੌਗ ਦੇ ਬਾਲ-ਮਨ 'ਤੇ ਇਸਦਾ ਬਹੁਤ ਹੀ ਬੁਰਾ ਪ੍ਰਭਾਵ ਪਿਆ | ਸ਼ਾਇਦ ਇਹ ਸਭ ਹੀ ਉਸ ਨੂੰ ਗੰਭੀਰ ਚਿੱਤ ਰਹਿਣ ਅਤੇ ਇਕੱਲੇਪਨ ਵੱਲ੍ਹ ਖਿੱਚਦਾ ਲੈ ਗਿਆ | ਵੈਨ ਗੌਗ ਪੜ੍ਹਨ ਪੱਖੋਂ ਤਾਂ ਇਕ ਆਮ ਵਿਦਿਆਰਥੀ ਹੀ ਸੀ ਪਰ ਉਹ ਨਜ਼ਰੀਏ ਪੱਖੋਂ ਬਹੁਤ ਹੀ ਪਾਰਖੂ ਕਿਸਮ ਦਾ ਵਿਅਕਤੀ ਸੀ | ਇਸ ਦੀ ਇਕਾਂਤ ਪਸੰਦਤਾ ਇਸਨੂੰ ਅਕਸਰ ਕੁਦਰਤ ਦੀ ਗੋਦ ਵਿਚ ਲੈ ਆਉਂਦੀ | ਵੈਨ ਗੌਗ ਕਈ ਵਾਰ ਸਾਰਾ-ਸਾਰਾ ਦਿਨ ਖੇਤਾਂ ਵਿਚ ਘੁੰਮਦਾ ਰਹਿੰਦਾ, ਪੰਛੀਆਂ ਦੇ ਆਲ੍ਹਣੇ ਵੇਖਦਾ, ਫੁੱਲਾਂ ਨੂੰ ਨਿਹਾਰਦਿਆਂ ਇਨ੍ਹਾਂ ਨਾਲ ਦਿਲ ਦੀਆਂ ਗੱਲਾਂ ਕਰਦਾ ਰਹਿੰਦਾ | ਖੇਤਾਂ ਵਿਚ ਮਿਹਨਤ ਕਰਦੇ ਕਾਮਿਆਂ ਦੇ ਸਰੀਰ 'ਚੋਂ ਟਿਪਟਿਪ ਵਹਿੰਦੇ ਪਸੀਨੇ ਨੂੰ ਗਹੁ ਨਾਲ ਵੇਖਦਾ ਅਤੇ ਆਪਣੇ ਹੀ ਖਿਆਲਾਂ ਵਿਚ ਗਵਾਚਿਆ ਰਹਿੰਦਾ | ਉਸ ਨੇ ਆਪਣੇ ਭਰਾ ਥਿਓ ਨੂੰ ਇਕ ਖਤ ਵਿਚ ਲਿਖਿਆ ਸੀ ਕਿ “ਮੈਂ ਬਚਪਨ ਵਿਚ ਹੀ ਮਹਿਸੂਸ ਕਰ ਲਿਆ ਸੀ ਕਿ ਇਸ ਦੁਨੀਆ ਵਿਚ ਮੈਂ ਓਪਰਾ ਹਾਂ |“
ਮਾਂ-ਬਾਪ ਨੇ ਵੈਨ ਗੌਗ ਨੂੰ ਬਹੁਤਾ ਸਮਾਂ ਸਕੂਲ ਵਿਚ ਨਾ ਪੜ੍ਹਨ ਦਿੱਤਾ | ਉਨ੍ਹਾਂ ਇਸਨੂੰ ਸਹਿਪਾਠੀਆਂ ਨਾਲ ਰਲਕੇ ਵਿਗੜ ਜਾਣ ਦੇ ਡਰੋਂ ਘਰ ਵਿਚ ਹੀ ਅਧਿਆਪਕ ਬੁਲਾ ਕੇ ਇਕੱਲੇ ਨੂੰ ਪੜ੍ਹਾਉਣਾ ਸ਼ੁਰੂ ਕਰਵਾ ਦਿੱਤਾ | ਮਾਂ-ਬਾਪ ਦੇ ਇਸ ਫ਼ੈਸਲੇ ਨੇ ਵੈਨ ਗੌਗ ਨੂੰ ਹੋਰ ਇਕੱਲਾ ਕਰ ਦਿੱਤਾ | ਉਹ ਜਦ ਗਿਆਰਾਂ ਸਾਲ ਦਾ ਹੋਇਆ ਤਾਂ ਉਸ ਨੂੰ ਆਪਣੇ ਘਰ ਤੋਂ ਦੂਰ ਕਰਦੇ ਹੋਏ ਜ਼ੇਵਨਬਰਗਨ ਸ਼ਹਿਰ ਦੇ ਬੋਰਡਿੰਗ ਸਕੂਲ ਵਿਚ ਪੜ੍ਹਨੇ ਪਾ ਦਿੱਤਾ ਗਿਆ | ਵੈਨ ਗੌਗ ਨਾਲ ਅਜਿਹਾ ਕੀਤਾ ਜਾਣਾ ਉਸ  ਲਈ 'ਦੇਸ਼ ਨਿਕਾਲੇ' ਦਿੱਤੇ ਜਾਣ ਦੀ ਸਜ਼ਾ ਵਰਗਾ ਸੀ | ਦੁਖੀ ਮਨ ਨਾਲ ਵਕਤ ਟਪਾਉਂਦੇ ਵੈਨ ਗੌਗ ਨੂੰ ਦੋ ਸਾਲ ਬਾਅਦ ਤਿਲਬਰਗ ਦੇ ਇਕ ਸਕੂਲ ਵਿਚ ਪੜ੍ਹਨ ਲਈ ਭੇਜ ਦਿੱਤਾ ਗਿਆ | ਇੱਥੇ ਉਸ ਦਾ ਮੇਲ ਇਕ ਨਾਮੀ ਚਿੱਤਰਕਾਰ ਕੌਂਸਤਾਂਤਿਨ ਹੁਇਸਮੈਨਸ ਨਾਲ ਆਪਣੇ ਇਕ ਅਧਿਆਪਕ ਵਜੋਂ ਹੋਇਆ | ਇਸ ਅਧਿਆਪਕ ਤੋਂ ਵੈਨ ਗੌਗ ਨੇ ਚਿੱਤਰਕਾਰੀ ਦੇ ਮੁਢਲੇ ਨਿਯਮ ਸਿੱਖੇ | ਪਰ ਦੁੱਖ ਦੀ ਗੱਲ ਇਹ ਰਹੀ ਕਿ ਪਹਿਲਾਂ ਦੀ ਤਰ੍ਹਾਂ ਇੱਥੇ ਵੀ ਕੋਈ ਉਸ ਨੂੰ ਧੁਰ ਅੰਦਰੋਂ ਪਹਿਚਾਣ ਨਾ ਸਕਿਆ | 
ਅੱਕੇ-ਥੱਕੇ ਵੈਨ ਗੌਗ ਨੇ ਪੰਦਰਾਂ ਵਰ੍ਹੇ ਦੀ ਉਮਰ ਵਿਚ ਰਸਮੀਂ ਪੜ੍ਹਾਈ ਨੂੰ ਪੱਕੇ ਤੌਰ 'ਤੇ ਛੱਡ ਦੇਣ ਦਾ ਮਨ ਬਣਾ ਲਿਆ | ਸਕੂਲੀ ਬਸਤਾ ਵਗਾਹ ਮਾਰਨ ਉਪਰੰਤ ਵੈਨ ਗੌਗ ਦਾ ਜੀਵਨ ਅਜਿਹੀ ਭਟਕਣ ਵਿਚ ਬਦਲ ਗਿਆ ਜਿੱਥੇ ਉਸ ਨੂੰ ਸਿਰਫ਼ ਆਪਣੀ ਰੂਹ ਦੀ ਮੰਜ਼ਿਲ ਦੀ ਹੀ ਤਲਾਸ਼ ਸੀ |  ਇਕ ਸਾਲ ਤੀਕ ਇੱਧਰ-ਉੱਧਰ ਭਟਕਦੇ ਰਹਿਣ ਉਪਰੰਤ ਉਸ ਨੂੰ ਉਸ ਦੇ ਚਾਚਾ 'ਸੈਂਟ' ਦੀ 'ਗੁਪਿਲ ਐਂਡ ਸੀ' ਨਾਮ ਦੀ ਮਸ਼ਹੂਰ ਆਰਟ ਗੈਲਰੀ ਵਿਚ ਕੰਮ 'ਤੇ ਰੱਖਵਾ ਦਿੱਤਾ ਗਿਆ | ਇਸ ਆਰਟ ਗੈਲਰੀ 'ਤੇ ਕੰਮ ਕਰਦਿਆਂ ਹੀ ਵੈਨ ਗੌਗ ਨੂੰ 'ਦ ਹੇਗ' (The 8ague), ਲੰਡਨ ਅਤੇ ਪੈਰਿਸ ਵਰਗੇ ਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਿਆ | ਇਨ੍ਹਾਂ ਦੇਸ਼ਾਂ ਵਿਚ ਲੱਗੀਆਂ ਪ੍ਰਦਰਸ਼ਨੀਆਂ ਵਿਚ ਉਸ ਨੇ ਦੁਨੀਆ ਭਰ ਦੀਆਂ ਮਹਾਨ ਪੇਂਟਿੰਗਜ਼ ਵੇਖੀਆਂ | ਸ਼ੁਰੂਆਤ ਵਿਚ ਤਾਂ ਵੈਨ ਗੌਗ ਆਪਣੀ ਇਸ ਡਿਊਟੀ 'ਤੇ ਇਕ 'ਕਮਾਊ ਪੁੱਤ' ਵਰਗਾ ਸਾਬਤ ਹੋਇਆ ਪਰ ਛੇਤੀਂ ਹੀ ਉਸ ਦੇ ਵਿਚਾਰ ਉਸ  ਉੱਤੇ ਭਾਰੀ ਪੈਣ ਲੱਗ ਪਏ | ਉਸ ਦੀ ਸੋਚ ਸੀ ਕਿ ਇਨਸਾਨ ਅੰਦਰ ਚਿੱਤਰਕਾਰ ਹੋਣ ਦਾ ਗੁਣ ਕੁਦਰਤ ਦੀ ਇਕ ਅਨਮੋਲ ਦਾਤ ਹੈ | ਇਸ ਕਲਾ ਨੂੰ ਵੇਚਕੇ ਇਸਦੀ ਕਮਾਈ ਖਾਣਾ ਕਿਸੇ ਗੁਨਾਹ ਤੋਂ ਘੱਟ ਨਹੀਂ ਹੈ | ਉਸ  ਕੋਲ ਜੋ ਕੋਈ ਵੀ ਆਰਟ ਗੈਲਰੀ 'ਤੇ ਪੇਂਟਿੰਗ ਖਰੀਦਣ ਆਉਂਦਾ ਉਹ ਉਸ  ਨਾਲ ਬਹਿਸ ਵਿਚ ਉਲਝ ਜਾਂਦਾ | ਉਹ ਅਕਸਰ ਹੀ ਉਨ੍ਹਾਂ ਪੇਂਟਿੰਗ ਵਿਚ ਨੁਕਸ ਦੱਸ ਕੇ ਗਾਹਕ ਨੂੰ ਖਾਲੀ ਹੱਥ ਭਜਾਉਣ ਦੀ ਕੋਸ਼ਿਸ਼ ਕਰਦਾ ਜੋ ਪੇਂਟਿੰਗ ਗਾਹਕ ਪਸੰਦ ਆ ਗਈਆਂ ਹੁੰਦੀਆਂ | ਸਿੱਟੇ ਵਜੋਂ ਮਾਲਕ ਨੇ ਵੈਨ ਗੌਗ ਨੂੰ ਇਸ ਕੰਮ ਤੋਂ ਹੀ ਭਜਾ ਦਿੱਤਾ |
ਵੈਨ ਗੌਗ ਨੂੰ ਲੰਡਨ ਵਿਖੇ ਚੜ੍ਹਦੀ ਜਵਾਨੀ ਵਿਚ ਆਪਣੀ ਮਕਾਨ ਮਾਲਕਣ ਦੀ ਧੀ ਨਾਲ ਇਸ਼ਕ ਵੀ ਹੋਇਆ | ਉਹ ਯੂਜੀਨੀ ਲੋਇਰ (5ugenie Loyer) ਨਾਂਅ ਦੀ ਮੁਟਿਆਰ ਅੱਗੇ ਆਪਣਾ ਦਿਲ ਹਾਰ ਬੈਠਾ | ਇਸ਼ਕ ਵਿਚ ਸੁਪਨਮਈ ਉਡਾਰੀਆਂ ਭਰਦਿਆਂ ਜਦ ਉਸ ਨੇ ਆਪਣੇ ਖਿਆਲਾਂ ਦੀ ਮਲਿਕਾ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਵੈਨ ਗੌਗ ਦੀ ਇਸ ਪਹਿਲੀ ਮੁਹੱਬਤ ਨੇ ਉਸ ਦਾ ਪ੍ਰਸਤਾਵ ਨੂੰ ਚੰਗੀ ਤਰ੍ਹਾਂ ਸੁਣੇ ਬਗੈਰ ਹੀ ਠੁਕਰਾਅ ਦਿੱਤਾ | ਕਿਉਂ ਜੋ ਯੁਜੀਨੀ ਦੀ ਪੱਕ-ਠੱਕ ਪਹਿਲਾਂ ਹੀ ਕਿੱਧਰੇ ਹੋ ਚੁੱਕੀ ਸੀ | ਬਾਹਰੋਂ ਮਜ਼ਬੂਤ ਦਿਸਣ ਵਾਲੇ ਵੈਨ ਗੌਗ ਨੂੰ ਇਸ ਇਨਕਾਰ ਨੇ ਅੰਦਰੋਂ ਬੁਰੀ ਤਰਾਂ ਖਿਲਾਰ ਦਿੱਤਾ ਅਤੇ ਉਹ ਮਾਨਸਿਕ ਤਨਾਓ ਦਾ ਸ਼ਿਕਾਰ ਹੋ ਗਿਆ | 
ਪਹਿਲੇ ਕੰਮ ਅਤੇ ਪਹਿਲੇ ਪਿਆਰ ਵਲੋਂ ਠੁਕਰਾਏ ਜਾਣ ਉਪਰੰਤ ਵੈਨ ਗੌਗ ਨੇ ਆਪਣੇ ਆਪ ਨੂੰ ਵਿਆਸਥ ਰੱਖਣ ਲਈ ਇੰਗਲੈਂਡ ਦੇ ਇਕ ਛੋਟੇ ਜਿਹੇ ਸਕੂਲ ਵਿਚ ਬਿਨਾਂ ਤਨਖਾਹ ਤੋਂ ਅਧਿਆਪਕ ਵਜੋਂ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ | ਧਰਮ ਰੰਗਤ ਵਿਚ ਰੰਗਦੇ ਜਾ ਰਹੇ ਵੈਨ ਗੌਗ ਦਾ ਮਨ ਉਸ ਨੂੰ ਪਿਤਾ ਜੀ ਵਾਂਗ ਪਾਦਰੀ ਬਣਨ ਵੱਲ ਲੈ ਆਇਆ | ਉਸ ਨੇ ਬਾਈਬਲ ਦਾ ਬਰੀਕੀ ਨਾਲ ਅਧਿਐਨ ਕੀਤਾ ਅਤੇ ਖੁਦ ਨੂੰ ਗ਼ਰੀਬਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ |
1878 ਵਿਚ ਸਕੂਨ ਦੀ ਭਾਲ ਵਿਚ ਨਿਕਲਿਆ ਵੈਨ ਗੌਗ ਧਾਰਮਿਕ ਪ੍ਰਚਾਰਕ ਬਣ ਕੇ ਬੈਲਜੀਅਮ ਦੇ ਬਹੁਤ ਹੀ ਪਛੜੇ ਹੋਏ ਇਲਾਕੇ 'ਬੋਰਿਨੇਜ਼' ਵਿਖੇ ਗ਼ਰੀਬ ਕੋਲਾ ਖਾਣ ਮਜ਼ਦੂਰਾਂ ਵਿਚ ਰਹਿਣ ਲੱਗ ਪਿਆ | ਇੱਥੇ ਰਹਿੰਦਿਆਂ ਉਸ  ਕੋਲ ਜੋ ਕੁੱਝ ਵੀ ਸੀ, ਉਹ ਸਭ ਉਸ ਨੇ ਕੋਲਾ ਖਾਣ ਦੇ ਗ਼ਰੀਬ ਅਤੇ ਮਿਹਨਤੀ ਮਜ਼ਦੂਰਾਂ ਨੂੰ ਦਾਨ ਕਰ ਦਿੱਤਾ ਅਤੇ ਖੁਦ ਉਨ੍ਹਾਂ ਵਾਂਗ ਹੀ ਭੁੰਝੇ ਸੌਣ ਲੱਗ ਪਿਆ | ਵੈਨ ਗੌਗ ਨੂੰ ਇਕ ਪਾਦਰੀ ਦੀ ਤਰ੍ਹਾਂ ਧਰਮ ਦਾ ਪ੍ਰਚਾਰ ਕਰਦਿਆਂ ਨਾਮਣਾ ਖਟਦਿਆਂ ਵੇਖ ਚਰਚਾਂ ਉੱਤੇ ਕਾਬਜ਼ ਹੋਈ ਬੈਠੇ ਪਾਦਰੀਆਂ ਤੋਂ ਇਹ ਸਭ ਬਰਦਾਸ਼ਤ ਨਾ ਹੋਇਆ | ਉਨ੍ਹਾਂ ਵੈਨ ਗੌਗ ਦੀ ਭਿਖਾਰੀਆਂ ਵਰਗੀ ਹਾਲਤ ਨੂੰ ਪਾਦਰੀਆਂ ਦੇ ਗੌਰਵ ਦਾ ਅਪਮਾਨ ਦੱਸਦੇ ਹੋਏ ਉਸ ਨੂੰ ਆਪਣੇ ਰਸਤੇ 'ਚੋਂ ਹਟਾਉਣ ਲੱਗਿਆਂ ਦੇਰ ਨਾ ਲਈ | ਇਸ ਜ਼ੋਰ-ਜ਼ਬਰਦਸਤੀ ਉਪਰੰਤ ਵੈਨ ਗੌਗ ਨੇ ਗਹਿਰੀ ਚੁੱਪ ਧਾਰ ਲਈ ਅਤੇ ਉਸ ਨੇ ਇਹ ਦਿਨ ਸ਼ੁਦਾਈਆਂ ਵਾਂਗ ਭੁੱਖੇ ਪਿਆਸੇ ਬੈਲਜੀਅਮ ਦੀਆਂ ਸੜਕਾਂ ਨੂੰ ਪੈਦਲ ਗਹੁੰਦਿਆਂ ਗੁਜ਼ਾਰੇ | 
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮਾਨਸਿਕ ਸਿਹਤ ਕੌਂਸਲਰ, ਮਾਈਾਡ ਕਲੈਰਿਟੀ ਸੈਂਟਰ, ਬੰਗਾ, ਜ਼ਿਲ੍ਹਾ: ਸ਼ਹੀਦ ਭਗਤ ਸਿੰਘ ਨਗਰ |
ਮੋਬਾਈਲ : 98154-61875 

Ad Position 22
No active advertisement
ਪਿਛਲੀ ਖ਼ਬਰ ਨਿਤਿਨ ਨਬੀਨ ਵਲੋਂ ਪਹਿਲੀ ਮੀਟਿੰਗ-ਚੋਣ ਰਣਨੀਤੀ ’ਤੇ ਚਰਚਾ ਅਗਲੀ ਖ਼ਬਰ ਪਾਕਿ ਅੱਤਵਾਦ ਦੀ ਲਗਾਤਾਰ ਵਰਤੋਂ ਕਰਨ ’ਚ ਵਿਲੱਖਣ-ਜੈਸ਼ੰਕਰ
Ad Position 24