ਬਾਜ਼ੀਗਰ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ | ਇਸਦਾ ਮੂਲ ਅਰਥ ਹੈ ਬਾਜ਼ੀ | ਬਾਜ਼ੀ ਸ਼ਬਦ ਦਾ ਅਰਥ-ਖੇਡ ਜਾਂ ਤਮਾਸ਼ਾ ਕਰਨ ਤੋਂ ਹੈ | ਬਾਜ਼ੀਗਰ ਇਕ ਖਾਨਾਬਦੋਸ਼ ਟਪਰੀਵਾਸ ਜਾਤੀ ਹੈ | ਦੋ ਬਾਂਸਾਂ ਨਾਲ ਬੰਨ੍ਹੇ ਰੱਸੇ ਉੱਤੇ ਬਾਜ਼ੀ ਪਾਉਣ ਵਾਲੇ ਵਿਅਕਤੀ ਨੂੰ ਬਾਜ਼ੀਗਰ ਕਿਹਾ ਜਾਂਦਾ ਹੈ | ਇਨ੍ਹਾਂ ਦਾ ਮੁੱਖ ਕੰਮ ਪਿੰਡਾਂ ਅਤੇ ਮੇਲਿਆਂ ਵਿਚ ਰੱਸੇ 'ਤੇ ਚੱਲਣਾ, ਉੱਚੀਆਂ ਛਾਲਾਂ ਮਾਰਨਾ ਅਤੇ ਹੋਰ ਸਰੀਰਕ ਕਰਤਬ ਦਿਖਾ ਕੇ ਲੋਕਾਂ ਦਾ ਮਨੋਰੰਜਨ ਕਰਨਾ ਹੈ | ਪੰਜਾਬ ਵਿਚ ਬਾਜ਼ੀਗਰਾਂ ਦੇ ਮੁੱਖ ਤੌਰ 'ਤੇ ਟਿਕਾਣੇ ਜਲੰਧਰ, ਸੰਗਰੂਰ, ਬਠਿੰਡਾ, ਪਟਿਆਲਾ, ਬਰਨਾਲਾ ਜ਼ਿਲਿ੍ਹਆਂ ਵਿਚ ਮਿਲਦੇ ਹਨ | ਬਾਜ਼ੀਗਰ ਕਬੀਲੇ ਦੇ ਲੋਕ ਪਿੰਡ-ਪਿੰਡ ਜਾ ਕੇ ਬਾਜ਼ੀਆਂ ਪਾਉਂਦੇ ਰਹੇ ਹਨ ਜਿਨ੍ਹਾਂ ਨੂੰ ਇਸ ਦੇ ਇਵਜ਼ ਵਜੋਂ ਦਾਣਾ ਜਾਂ ਧਨ ਰਾਸ਼ੀ ਪ੍ਰਾਪਤ ਹੁੰਦੀ ਸੀ | ਭਾਰਤ ਵਿਚ ਰਾਜਪੂਤ ਰਿਆਸਤਾਂ ਖ਼ਤਮ ਹੋ ਜਾਣ ਤੋਂ ਬਾਅਦ ਬਾਜ਼ੀਗਰ ਕਬੀਲੇ ਦੇ ਲੋਕ ਵੱਖ-ਵੱਖ ਥਾਵਾਂ 'ਤੇ ਪ੍ਰਵਾਸ ਕਰ ਗਏ ਅਤੇ ਉਸ ਜਗ੍ਹਾ ਦੀਆਂ ਸੁੱਖ ਸਹੂਲਤਾਂ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਦੀ ਨਵੇਂ ਸਿਰੇ ਤੋਂ ਸ਼ਰੂਆਤ ਕਰ ਲਈ |

ਮੁਗਲ ਸਲਤਨਤ ਦੇ ਸਥਾਪਤ ਹੋ ਜਾਣ 'ਤੇ ਇਹ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲੇ ਗਏ | ਇਨ੍ਹਾਂ ਨੇ ਜਿੱਥੇ ਥਾਂ ਟਿਕਾਣਾ ਮਿਲਿਆ, ਆਪਣਾ ਬਣਾ ਲਿਆ ਜਿਸ ਦਾ ਮੁੱਖ ਕਾਰਨ ਮਾਣ-ਮਰਿਆਦਾ ਅਤੇ ਔਰਤਾਂ ਦੀ ਸੁਰੱਖਿਆ ਹੀ ਸੀ | ਬਾਜ਼ੀਗਰ ਕਬੀਲੇ ਅਲੱਗ ਅਲੱਗ ਗੋਤ ਨਾਲ ਸੰਬੰਧ ਰੱਖਦੇ ਹਨ | ਜਿਵੇਂ: ਲਾਲਕਾ, ਮਸ਼ਾਲ, ਵਿਡਾਣਾ, ਵਰਤੀਆਂ, ਗੁਲਾਬੇ-ਕਾ, ਖੀਵੇ-ਕਾ, ਵੱਜਰਾਵਤ ਆਦਿ | ਇਨ੍ਹਾਂ ਦਾ ਮਤ ਹੈ ਕਿ ਬਾਜ਼ੀਗਰ ਕਬੀਲਾ ਚਿਤੌੜਗੜ੍ਹ ਦੇ ਮੂਲ ਨਿਵਾਸੀ ਹਨ | ਬਾਜ਼ੀਗਰ ਕਬੀਲੇ ਦੇ ਲੋਕ ਆਪਣਾ ਮੂਲ ਰਾਜਸਥਾਨ ਨਾਲ ਜੋੜਦੇ ਹਨ | ਕਬੀਲੇ ਨਾਲ ਸੰਬੰਧਿਤ ਲੋਕ ਕਹਾਣੀਆਂ ਵਿਚੋਂ ਵੀ ਇਸ ਗੱਲ ਦੇ ਪ੍ਰਮਾਣ ਮਿਲਦੇ ਹਨ ਕਿ ਬਾਜ਼ੀਗਰ ਲੋਕ ਆਦਿ ਕਾਲ ਤੋਂ ਕਬੀਲਾ ਰੂਪ ਵਿਚ ਆਪਣਾ ਮਾਲ-ਪਸ਼ੂ ਲੈ ਕੇ ਇਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਰਹਿੰਦੇ ਸਨ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਟਿਕਾਣਾ ਬਦਲ ਲੈਂਦੇ ਹਨ | ਉਦੋਂ ਤੋਂ ਇਹ ਲੋਕ ਹੋਰ ਜੰਗਲੀ ਕਬੀਲਿਆਂ ਵਾਂਗ ਬੇਪਰਵਾਹ ਜੀਵਨ ਬਿਤਾ ਰਹੇ ਹਨ | ਰਾਜਸਥਾਨ 'ਤੇ ਮੁਗਲਾਂ ਦੇ ਲਗਾਤਾਰ ਹਮਲਿਆਂ ਕਾਰਨ ਇਹ ਲੋਕ ਆਪਣੇ ਡੰਗਰ ਪਸ਼ੂ ਲੈ ਕੇ ਬਾਰ ਦੇ ਜੰਗਲਾਂ ਵੱਲ ਮਜਬੂਰ ਹੋ ਕੇ ਚਲੇ ਗਏ | ਮੁਗਲ ਕਾਲ ਦੇ ਸ਼ੁਰੂ ਤੋਂ ਅੰਤ ਤੱਕ ਹਮਲਾਵਾਰਾਂ ਨੇ ਇਨ੍ਹਾਂ 'ਤੇ ਇਨੇ ਜ਼ੁਲਮ ਕੀਤੇ ਇਹ ਲੋਕ ਆਪਣੀ ਜਾਤ ਅਤੇ ਨਾਂਅ ਦੱਸਣ ਤੋਂ ਵੀ ਡਰਦੇ ਸਨ |
ਇਨ੍ਹਾਂ ਵਿਚੋਂ ਬਹੁਤੇ ਲੋਕ ਪਾਕਿਸਤਾਨੀ ਪੰਜਾਬ ਅਤੇ ਰਾਵੀ ਦਰਿਆ ਦੇ ਕੰਢੇ ਦੇ ਨਾਲ-ਨਾਲ ਵਸ ਗਏ ਸਨ | ਪਾਕਿਸਤਾਨ ਵਿਚ ਵੀ ਇਹ ਲੋਕ ਟੱਪਰੀਵਾਸਾਂ ਵਾਲਾ ਜੀਵਨ ਬਤੀਤ ਕਰਨ ਲੱਗ ਪਏ | ਇਸ ਤਰ੍ਹਾਂ ਇਹ ਲੋਕ ਸੰਬੰਧਿਤ ਇਲਾਕਿਆਂ ਵਿਚ 'ਖਾਨਾਬਦੋਸ਼', 'ਸਿਰਕੀਬੰਦ ਅਤੇ ਟੱਪਰੀਵਾਸ”ਨਾਵਾਂ ਨਾਲ ਜਾਣੇ ਜਾਣ ਲੱਗ ਪਏ | ਇਹ ਲੋਕ ਆਦਿ ਕਾਲ ਤੋਂ ਹੀ ਖੁਸ਼ਦਿਲੀ ਵਾਲਾ ਜੀਵਨ ਬਤੀਤ ਕਰ ਰਹੇ ਹਨ |
1947 ਦੀ ਭਾਰਤ-ਪਾਕਿ ਵੰਡ ਦੌਰਾਨ ਇਨ੍ਹਾਂ ਲੋਕਾਂ ਨੂੰ ਇਕ ਵਾਰ ਫਿਰ ਉਜਾੜੇ ਦਾ ਸਾਹਮਣਾ ਕਰਨਾ ਪਿਆ | ਬਾਜ਼ੀਗਰ ਕਬੀਲਾ ਜੋ ਕਿ ਸਰਹੱਦੀ ਜ਼ਿਲਿ੍ਹਆਂ ਵਿਚ ਬੈਠਾ ਸੀ, ਦੰਗਿਆਂ ਦੌਰਾਨ ਇਹ ਲੋਕ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹਿਜ਼ਰਤ ਕਰਨ ਲਈ ਮਜਬੂਰ ਹੋ ਗਏ ਜਿਨ੍ਹਾਂ ਵਿਚੋਂ ਕਈ ਲੋਕ ਪੰਜਾਬ ਦੇ ਉਪਜਾਊ ਇਲਾਕਿਆਂ ਵਿਚ ਜਾ ਵਸੇ | ਇਹ ਆਦਿ ਕਾਲ ਤੋਂ ਹੀ ਜ਼ਿੰਦਗੀ ਨਾਲ ਦੋ ਚਾਰ ਹੋ ਰਹੇ ਹਨ | ਇਸ ਕਬੀਲੇ ਦੇ ਜ਼ਿਆਦਾਤਰ ਲੋਕ ਪਸ਼ੂ ਪਾਲਕ ਜਾਂ ਪਿੰਡਾਂ ਵਿਚ ਬਾਜ਼ੀਆਂ ਪਾ ਕੇ ਗੁਜ਼ਾਰਾ ਕਰਦੇ ਹਨ |
ਕਿਰਤ ਨਾਲ ਸੰਬੰਧਿਤ ਹੋਰ ਛੋਟੇ-ਮੋਟੇ ਧੰਦੇ ਕਰਕੇ ਵੀ ਇਹ ਗੁਜ਼ਾਰਾ ਕਰਦੇ ਰਹੇ | ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਬਾਜ਼ੀਗਰ ਲੋਕ ਸਮੇਂ ਦੇ ਵੇਗ ਨਾਲ ਜਿੱਧਰ ਵੀ ਗਏ, ਉਹ ਆਪਣਾ ਇਤਿਹਾਸ, ਮਿਥਿਹਾਸ ਅਤੇ ਪਰੰਪਰਾਵਾਂ ਨੂੰ ਵੀ ਨਾਲ ਹੀ ਲੈ ਕੇ ਗਏ | ਇਸੇ ਲਈ ਅੱਜ ਕਈ ਸਦੀਆਂ ਗੁਜ਼ਰ ਜਾਣ ਤੋਂ ਬਾਅਦ ਵੀ ਬਾਜ਼ੀਗਰ ਲੋਕ ਇਕ ਵਿਲੱਖਣ ਸੱਭਿਆਚਾਰ ਦੇ ਧਾਰਨੀ ਹਨ | ਬਾਜ਼ੀਗਰ ਕਬੀਲਾ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਵਸਣ ਦੇ ਬਾਵਜੂਦ ਇਕ ਦੂਜੇ ਨਾਲ ਮਿਲਵਰਤਨ ਅਤੇ ਇਕਮੁੱਠਤਾ ਜ਼ਾਹਿਰ ਕਰਦਾ ਹੈ | ਭਾਵੇਂ ਕਿ ਇਹ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਗੌਰ, ਗੌਰਮਾਟੀ, ਬੰਜਾਰਾ, ਗਵਾਰ, ਗਵਾਰੀਆ, ਬਾਜ਼ੀਗਰ ਅਤੇ ਹੋਰ ਵੱਖ-ਵੱਖ ਨਾਵਾਂ ਹੇਠ ਵਿਚਰ ਰਹੇ ਹਨ, ਪਰੰਤੂ ਫਿਰ ਵੀ ਇਹ ਲੋਕ ਕਬੀਲੇ ਦੇ 'ਗੌਰ' ਨਾਂਅ ਦੇ ਸਾਂਝੇ ਸੂਤਰ ਵਿਚ ਬੰਨ੍ਹੇ ਹੋਏ ਹਨ | ਇਹ ਲੋਕ ਖੜ੍ਹੀ, ਰਾਵੀ, ਪੰਜਾਬ ਅਤੇ ਕਈ ਹੋਰ ਵੱਖ-ਵੱਖ ਵਰਗਾਂ ਵਿਚ ਵੰਡੇ ਹੋਣ ਦੇ ਬਾਵਜੂਦ ਇਕ ਦੂਜੇ ਨਾਲ ਰਿਸ਼ਤਾ ਨਾਤਾ ਪ੍ਰਬੰਧ ਨਾਲ ਜੁੜੇ ਹੋਏ ਹਨ | ਅਜੋਕੇ ਦੌਰ ਵਿਚ ਕਬੀਲੇ ਦੇ ਲੋਕਾਂ ਦਾ ਜੀਵਨ ਕਾਫ਼ੀ ਹੱਦ ਤੱਕ ਬਦਲ ਚੁੱਕਾ ਹੈ |
ਲੋਕ ਨਾਚ
ਬਾਜ਼ੀਗਰ ਕਬੀਲੇ ਦੇ ਲੋਕਾਂ ਦੇ ਭੰਗੜਾ, ਲੁੱਡੀ, ਝੂੰਮਰ, ਧਮਾਲ, ਸਿਆਲਕੋਟੀਆ ਨਾਚ ਮਰਦਾਂ ਦੇ ਲੋਕ ਨਾਚ ਹਨ | ਔਰਤਾਂ ਵਲੋਂ ਸੰਮੀ, ਸਵਾਂਗ ਨਾਚ, ਪਠਾਣੀਆਂ ਨਾਚ ਨੱਚ ਕੇ ਜਸ਼ਨ ਮਨਾਏ ਜਾਂਦੇ ਹਨ | ਧਮਾਲ 'ਤੇ ਨੱਚਣ ਵਾਲਾ ਰੂਹਾਨੀ ਨਾਚ ਬਾਜ਼ੀਗਰ ਕਬੀਲੇ ਵਿਚ ਅੱਜ ਵੀ ਪਾਇਆ ਜਾਂਦਾ ਹੈ | ਬਾਜ਼ੀਗਰ ਕਬੀਲੇ ਦੇ ਲੋਕਾਂ ਵਲੋਂ ਢੋਲ ਦੀ ਤਾਲ 'ਤੇ ਜ਼ੋਖਮ ਭਰੀਆਂ ਬਾਜ਼ੀਆਂ ਕਲਾਬਾਜ਼ੀਆਂ ਕੀਤੀਆਂ ਜਾਂਦੀਆਂ ਹਨ | ਬਾਜ਼ੀਗਰ ਕਬੀਲਿਆਂ ਦੀਆਂ ਔਰਤਾਂ ਦੇ ਸਰੀਰਾਂ ਉੱਪਰ ਖਾਸ ਕਿਸਮ ਦੇ ਚਿੰਨ੍ਹ ਬਣਾਏ ਹੁੰਦੇ ਹਨ | ਇਨ੍ਹਾਂ ਚਿੰਨ੍ਹਾਂ ਨਾਲ ਬਾਜ਼ੀਗਰ ਔਰਤਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਜਾਂਦੇ ਹਨ | ਕਬੀਲੇ ਦੀਆਂ ਔਰਤਾਂ ਆਮ ਤੌਰ 'ਤੇ ਚਮਕਦਾਰ ਅਤੇ ਖੁੱਲ੍ਹੇ-ਡੁੱਲ੍ਹੇ ਕੱਪੜੇ ਪਾਉਂਦੀਆਂ ਹਨ | ਇਸ ਕਬੀਲੇ ਦੇ ਲੋਕ ਅੱਜਕਲ੍ਹ ਬਹੁਤਾ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਵਿਚ ਵਸ ਗਏ ਹਨ | ਉਹ ਪਹਿਲਾਂ ਕਲਾਬਾਜ਼ੀਆਂ ਤੇ ਮਨੋਰੰਜਨ ਦੇ ਕੰਮ ਕਰਦੇ ਸਨ, ਪਰ ਹੁਣ ਉਹ ਮੁੱਖ ਤੌਰ 'ਤੇ ਖੇਤੀਬਾੜੀ ਜਾਂ ਹੋਰ ਦਾਣਾ ਮੰਡੀਆਂ ਵਿਚ ਸੀਜ਼ਨ ਆਦਿ ਕੰਮਾਂ ਵਿਚ ਲੱਗੇ ਹੋਏ ਹਨ |
-ਸਹਾਇਕ ਪ੍ਰੋਫੈਸਰ,
ਯੂਨੀਵਰਸਿਟੀ ਕਾਲਜ ਢਿੱਲਵਾਂ, ਬਰਨਾਲਾ | ਪੈਰਾਂ ਦੀ ਧੂੜ ਵਿਚੋਂ ਇਤਿਹਾਸਪੈਰਾਂ ਦੀ ਧੂੜ ਵਿਚੋਂ ਇਤਿਹਾਸ ਲੱਭਣ