ਜੇਕਰ ਘਰ ਦਾ ਕੋਈ ਮੈਂਬਰ ਬਿਮਾਰ ਪੈ ਜਾਂਦਾ ਹੈ ਤਾਂ ਇਲਾਜ ਤੋਂ ਇਲਾਵਾ ਉਸ ਦੀ ਸਹੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਨਾ ਕਰਨ 'ਤੇ ਪੀੜਤ ਖ਼ੁਦ ਨੂੰ ਇਕੱਲਾ, ਬੇਸਹਾਰਾ ਤੇ ਨਕਾਰਾ ਸਮਝਣ ਲਗਦਾ ਹੈ, ਜਿਸ ਨਾਲ ਉਸ ਦੀ ਮਾਨਸਿਕ ਸ਼ਾਂਤੀ ਭੰਗ ਹੋਣ ਲਗਦੀ ਹੈ ਅਤੇ ਰੋਗੀ ਲੰਮੇ ਸਮੇਂ ਤੱਕ ਠੀਕ ਨਹੀਂ ਹੋ ਪਾਉਂਦਾ।
ਰੋਗੀ ਦਾ ਕਮਰਾ ਹਮੇਸ਼ਾ ਇਕਾਂਤ ਵਿਚ ਹੋਣਾ ਚਾਹੀਦਾ ਹੈ, ਤਾਂ ਕਿ ਉਸ ਨੂੰ ਸ਼ੋਰ ਤੋਂ ਬਚਾਇਆ ਜਾ ਸਕੇ ਅਤੇ ਉਸ ਦੇ ਸੌਣ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।
ਉਸ ਦਾ ਕਮਰਾ ਰਸੋਈ ਤੋਂ ਦੂਰ ਹੋਣਾ ਚਾਹੀਦਾ ਹੈ, ਕਿਉਂਕਿ ਰਸੋਈ ਵਿਚ ਪ੍ਰੈੱਸ਼ਰ ਕੁੱਕਰ, ਮਿਕਸੀ ਤੇ ਓਵਨ ਦੀ ਗੰਧ ਉਸ ਨੂੰ ਪ੍ਰੇਸ਼ਾਨ ਕਰੇਗੀ। ਮਰੀਜ਼ ਦਾ ਕਮਰਾ ਏਨਾ ਏਕਾਂਤ ਵਿਚ ਵੀ ਨਾ ਹੋਵੇ ਕਿ ਦੂਜੇ ਉਸ ਦੀ ਪਤਾ-ਖ਼ਬਰ ਵੀ ਨਾ ਲੈ ਸਕਣ ਜਾਂ ਜ਼ਰੂਰਤ ਪੈਣ 'ਤੇ ਬੁਲਾਇਆ ਵੀ ਨਾ ਜਾ ਸਕੇ ਅਤੇ ਉਸ ਨੂੰ ਅਹਿਸਾਸ ਵੀ ਨਾ ਹੋਵੇ ਕਿ ਮੈਨੂੰ ਘਰ ਵਾਲਿਆਂ ਨੇ ਇਕ ਕੋਨੇ ਵਿਚ ਸੁੱਟ ਦਿੱਤਾ ਹੈ। ਬਿਹਤਰ ਹੋਵੇ ਉਸ ਦੇ ਬਿਸਤਰ ਦੇ ਨੇੜੇ ਘੰਟੀ ਦੀ ਸਹੂਲਤ ਦੇ ਦਿੱਤੀ ਜਾਵੇ।
ਰੋਗੀ ਦਾ ਕਮਰਾ ਪਾਖਾਨੇ ਤੇ ਇਸ਼ਨਾਨਗ੍ਰਹਿ ਤੋਂ ਦੂਰ ਵੀ ਨਾ ਹੋਵੇ। ਉਸ ਦੇ ਕਮਰੇ ਵਿਚ ਜ਼ਰੂਰੀ ਖਿੜਕੀ ਵੀ ਹੋਵੇ, ਜਿਸ ਨਾਲ ਤਾਜ਼ੀ ਹਵਾ ਮਿਲ ਸਕੇ ਅਤੇ ਘੁਟਣ ਵੀ ਮਹਿਸੂਸ ਨਾ ਹੋਵੇ।
ਰੋਗੀ ਦੇ ਕਮਰੇ ਵਿਚ ਰੇਡੀਓ, ਟੀ.ਵੀ., ਮੈਗਜ਼ੀਨ ਆਦਿ ਵੀ ਹੋਣ, ਤਾਂ ਕਿ ਉਹ ਸਹੂਲਤ ਅਨੁਸਾਰ ਆਪਣਾ ਮਨੋਰੰਜਨ ਕਰ ਸਕੇ। ਰੋਗੀ ਦੇ ਬਿਸਤਰ ਦੇ ਨੇੜੇ ਇਕ ਛੋਟੀ ਮੇਜ਼ ਜਾਂ ਅਲਮਾਰੀ ਹੋਵੇ, ਤਾਂ ਕਿ ਉਸ ਦੀ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਦਵਾਈ, ਪਾਣੀ ਦਾ ਗਿਲਾਸ, ਥਰਮਾਮੀਟਰ, ਤੌਲੀਆ, ਟੁੱਥਬਰੁਸ਼ ਆਦਿ ਉਸ ਦੀ ਪਹੁੰਚ ਵਿਚ ਰਹਿਣ।
ਰੋਗੀ ਦਾ ਗਿਲਾਸ, ਕੱਪ-ਪਲੇਟ, ਚਮਚ ਆਦਿ ਵੱਖਰਾ ਰੱਖੋ। ਰੋਗੀ ਦਾ ਬਿਸਤਰ ਰੋਜ਼ਾਨਾ ਬਦਲੋ। ਉਸ ਦੇ ਕਮਰੇ ਦੀ ਸਫ਼ਾਈ ਲਗਾਤਾਰ ਹੋਵੇ। ਫਰਸ਼ ਤੇ ਫਰਨੀਚਰ ਆਦਿ ਨੂੰ ਫਿਨਾਈਲ ਪਾ ਕੇ ਸਾਫ਼ ਕਰੋ ਤਾਂ ਕਿ ਮੱਖੀ, ਮੱਛਰ ਨਾ ਹੋਵੇ।
ਛੇਤੀ ਸਿਹਤਮੰਦ ਹੋਣ ਲਈ ਰੋਗੀ ਨੂੰ ਸਮੇਂ ਸਿਰ ਸਹੀ ਖ਼ੁਰਾਕ ਅਤੇ ਡਾਕਟਰ ਦੀ ਦੱਸੀ ਗਈ ਪੂਰੀ ਦਵਾਈ ਖਿਲਾਓ। ਰੋਗੀ ਨੂੰ ਉਸ ਦੀ ਪਸੰਦ ਦਾ ਖਾਣਾ, ਫਲ ਆਦਿ ਡਾਕਟਰ ਦੀ ਸਲਾਹ ਨਾਲ ਦੇ ਸਕਦੇ ਹੋ। ਮਰੀਜ਼ ਦੇ ਨੇੜੇ ਮਠਿਆਈ ਆਦਿ ਨਾ ਖਾਓ।
ਰੋਗੀ ਦੀ ਦੇਖਭਾਲ ਕਰਨ ਵਾਲੇ ਦਾ ਇਹ ਫ਼ਰਜ਼ ਬਣਦਾ ਹੈ ਕਿ ਰੋਗੀ ਨੇ ਕਿਹੜੀ ਦਵਾਈ ਲਈ? ਦਿਨ ਭਰ ਦਾ ਤਾਪਕ੍ਰਮ ਕੀ ਰਿਹਾ? ਨੀਂਦ ਕਿਸ ਤਰ੍ਹਾਂ ਆਈ? ਮਲਮੂਤਰ ਕਿੰਨੀ ਵਾਰ, ਕਿਸ ਮਾਤਰਾ ਵਿਚ ਰਿਹਾ ਤਾਂ ਕਿ ਡਾਕਟਰ ਵਲੋਂ ਪੁੱਛੇ ਜਾਣ 'ਤੇ ਸਭ ਜਵਾਬ ਦਿੱਤਾ ਜਾ ਸਕੇ।
ਯਾਦ ਰਹੇ ਉਸ ਨਾਲ ਕਿਸੇ ਵਿਸ਼ੇ 'ਤੇ ਗੱਲਾਂ ਕਰਦੇ ਸਮੇਂ ਤੁਹਾਡੇ 'ਚ ਪ੍ਰੇਮ ਅਤੇ ਆਪਣੇਪਨ ਦਾ ਭਾਵ ਜ਼ਰੂਰ ਹੋਣਾ ਚਾਹੀਦਾ ਹੈ।
ਕਿਸ ਤਰ੍ਹਾਂ ਕਰੀਏ ਘਰ ਵਿਚ ਰੋਗੀ ਦੀ ਦੇਖਭਾਲ
ਅਜੀਤ ਡੈਸਕ
27-02-2026