ਕੈਂਸਰ ਵੀ ਪੈਦਾ ਕਰਦੇ ਹਨ ਰੰਗੀਨ ਖਾਣ ਵਾਲੇ ਪਦਾਰਥ
ਕੈਂਸਰ ਜਾਗਰੂਕਤਾ ਜਾਂਚ ਕੈਂਪਾਂ ਵਿਚ ਕੈਂਸਰ ਮਾਹਿਰ ਡਾਕਟਰ ਨੇ ਦੱਸਿਆ ਕਿ ਰੰਗ ਮਿਲੇ ਪਦਾਰਥਾਂ ਦੀ ਲਗਾਤਾਰ ਵਰਤੋਂ ਨਾਲ ਕੈਂਸਰ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ। ਖਾਣ-ਪੀਣ ਤੇ ਰਹਿਣ-ਸਹਿਣ ਵਿਚ ਵਿਆਪਕ ਬਦਲਾਅ ਆਉਣ ਅਤੇ ਖਾਧ ਪਦਾਰਥਾਂ ਨੂੰ ਆਕਰਸ਼ਕ ਬਣਾਉਣ ਲਈ ਰੰਗਾਂ ਦੀ ਖੁੱਲ੍ਹੇਆਮ ਵਰਤੋਂ ਕੀਤੀ ਜਾ ਰਹੀ ਹੈ। ਰੰਗੀਨ ਪਦਾਰਥਾਂ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਕੈਂਸਰ ਹੋ ਸਕਦਾ ਹੈ ਅਤੇ ਜੀਵਨ ਮੁਸ਼ਕਿਲ ਹੋ ਸਕਦਾ ਹੈ।
ਬੁਢਾਪਾ ਛੇਤੀ ਲਿਆਉਂਦਾ ਹੈ ਉਨੀਂਦਰਾ
ਇਕ ਪਾਸੇ ਜਿਥੇ ਭਰਪੂਰ ਨੀਂਦ ਸਿਹਤਮੰਦ ਅਤੇ ਸੁੰਦਰਤਾ ਦੀ ਕੁੰਜੀ ਹੈ, ਉਥੇ ਉਨੀਂਦਰਾ ਰੋਗ ਬੁਢਾਪੇ ਦੇ ਛੇਤੀ ਆਉਣ ਦਾ ਕਾਰਨ ਬਣਦਾ ਹੈ, ਕਿਉਂਕਿ ਘੱਟ ਸੌਣ ਵਾਲੇ ਲੋਕ ਛੇਤੀ ਬੁੱਢੇ ਹੋ ਜਾਂਦੇ ਹਨ। ਇਹ ਕਹਿਣਾ ਹੈ ਜਰਮਨੀ ਦੇ ਮਾਹਿਰਾਂ ਦਾ। ਇਕ ਹਜ਼ਾਰ ਬੱਚਿਆਂ 'ਤੇ ਕੀਤੀ ਗਈ ਖੋਜ ਅਨੁਸਾਰ ਇੱਕੀ ਫ਼ੀਸਦੀ ਬੱਚੇ ਨੀਂਦ ਦੀਆਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹਨ। ਖੋਜਾਂ ਅਨੁਸਾਰ ਉਨੀਂਦਰਾ ਰੋਗ ਦੇ ਮੁੱਖ ਕਾਰਨਾਂ ਵਿਚ ਜ਼ਿਆਦਾ ਸਮੇਂ ਤੱਕ ਟੀ.ਵੀ. ਦੇਖਣਾ, ਦੇਰ ਰਾਤ ਤੱਕ ਜਾਗਣਾ ਅਤੇ ਬੇਨਿਯਮਾ ਰੋਜ਼ਮਰ੍ਹਾ ਸ਼ਾਮਿਲ ਹੈ। ਮਾਹਿਰਾਂ ਅਨੁਸਾਰ ਜੋ ਬੱਚੇ ਰਾਤ ਨੂੰ ਠੀਕ ਤਰ੍ਹਾਂ ਨਹੀਂ ਸੌਂ ਪਾਉਂਦੇ, ਉਹ ਚਿੜਚਿੜੇ ਹੋ ਜਾਂਦੇ ਹਨ ਅਤੇ ਪੂਰੀ ਨੀਂਦ ਨਾ ਆਉਣ ਕਾਰਨ ਉਨ੍ਹਾਂ ਨੂੰ ਹਾਈ ਬਲੱਡ ਪ੍ਰੈੱਸ਼ਰ, ਦਿਲ ਸੰਬੰਧੀ ਬਿਮਾਰੀਆਂ, ਅਧਰੰਗ ਅਤੇ ਹਾਜ਼ਮੇ ਸੰਬੰਧੀ ਗੜਬੜੀਆਂ ਹੋ ਜਾਂਦੀਆਂ ਹਨ।
ਜ਼ਿਆਦਾ ਆਰਾਮ ਤਣਾਅ ਵਧਾਉਂਦਾ ਹੈ
ਲੰਡਨ ਯੂਨੀਵਰਸਿਟੀ ਦੇ ਮਨੋਵਿਗਿਆਨੀਆਂ ਅਨੁਸਾਰ ਸਰੀਰ ਅਤੇ ਦਿਮਾਗ਼ ਨੂੰ ਜ਼ਿਆਦਾ ਆਰਾਮ ਦੇਣ ਨਾਲ ਵੀ ਤਣਾਅ ਵਧਦਾ ਹੈ। ਜੋ ਲੋਕ ਸੇਵਾਮੁਕਤੀ ਤੋਂ ਬਾਅਦ ਆਪਣੇ ਘਰ 'ਚ ਬਿਨਾਂ ਕਿਸੇ ਕੰਮ ਕੀਤੇ ਬੈਠੇ ਰਹਿੰਦੇ ਹਨ, ਉਨ੍ਹਾਂ ਦਾ ਵਿਆਹੁਤਾ ਜੀਵਨ ਵੀ ਤਣਾਅਗ੍ਰਸਤ ਹੋ ਜਾਂਦਾ ਹੈ। ਪਤਨੀ ਛੋਟੀ-ਛੋਟੀ ਗੱਲ 'ਤੇ ਲੜਨ ਲਗਦੀ ਹੈ ਅਤੇ ਬੱਚੇ-ਨੂੰਹ ਅਤੇ ਪੋਤੇ-ਪੋਤੀਆਂ ਵੀ ਉਨ੍ਹਾਂ ਨੂੰ ਨਿਕੰਮਾ ਸਮਝ ਕੇ ਉਨ੍ਹਾਂ ਦੀ ਬੇਇੱਜ਼ਤੀ ਕਰਦੇ ਰਹਿੰਦੇ ਹਨ। ਵਿਗਿਆਨਕਾਂ ਅਨੁਸਾਰ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਸਮਾਜ ਸੇਵਾ ਆਦਿ ਵਿਚ ਆਪਣਾ ਸਮਾਂ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
-੦-
ਸਿਹਤ ਖ਼ਬਰਨਾਮਾ
ਅਜੀਤ ਡੈਸਕ
27-02-2026