ਸੰਗੀਤ ਨਾ ਸਿਰਫ਼ ਇਕ ਸਾਧਨਾ ਹੈ ਸਗੋਂ ਰੋਗਾਂ ਨਾਲ ਲੜਨ ਦੀ ਤਾਕਤ ਵੀ ਰੱਖਦਾ ਹੈ। ਪ੍ਰਾਚੀਨ ਸਮੇਂ ਤੋਂ ਹੀ ਇਸ ਸੱਚ ਨੂੰ ਸਵੀਕਾਰ ਕੀਤਾ ਗਿਆ ਹੈ। ਸੰਗੀਤ ਦਿਮਾਗ਼ ਦੇ ਤਣਾਵਾਂ ਨੂੰ ਦੂਰ ਕਰ ਕੇ ਉਸ ਦੀਆਂ ਤਰੰਗਾਂ ਵਿਚ ਤਾਲਮੇਲ ਪੈਦਾ ਕਰਦਾ ਹੈ। ਇਸ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਵਿਚ ਰਹਿੰਦਾ ਹੈ। ਦਿਲ ਦੇ ਰੋਗਾਂ ਲਈ ਵੀ ਇਹ ਪ੍ਰਭਾਵਕਾਰੀ ਸਿੱਧ ਹੋਇਆ ਹੈ।
ਮੱਧਮ ਸੁਰ ਵਿਚ ਵਜਦਾ ਮਿੱਠਾ ਸੰਗੀਤ ਕਿਸ ਨੂੰ ਚੰਗਾ ਨਹੀਂ ਲੱਗਦਾ। ਇਹ ਥਕਾਵਟ ਦੂਰ ਕਰ ਕੇ ਵਿਅਕਤੀ ਨੂੰ ਤਾਜ਼ਗੀ ਪ੍ਰਦਾਨ ਕਰਦਾ ਹੈ।
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿਚ ਜਿਥੇ ਹਰ ਵਿਅਕਤੀ ਢੇਰਾਂ ਸਮੱਸਿਆਵਾਂ ਵਿਚ ਘਿਰਿਆ ਰਹਿਣ ਲੱਗਾ ਹੈ, ਪ੍ਰੇਸ਼ਾਨੀਆਂ ਨਾਲ ਜੂਝਦੇ ਹੋਏ ਜਦੋਂ ਉਸ ਦੇ ਦਿਮਾਗ਼ ਦੀਆਂ ਨਾੜੀਆਂ ਫਟਣ ਲਗਦੀਆਂ ਹਨ ਤਾਂ ਮਨ ਨੂੰ ਇਕਾਗਰ ਕਰਨ ਲਈ ਸੰਗੀਤ ਤੋਂ ਵਧ ਕੇ ਦੂਜਾ ਸਾਧਨ ਹੋਰ ਕੋਈ ਨਹੀਂ।
ਫੇਫੜਿਆਂ ਦੀ ਬਿਮਾਰੀ ਵੀ ਕਾਫ਼ੀ ਹੱਦ ਤੱਕ ਸੰਗੀਤ ਨਾਲ ਦੂਰ ਕੀਤੀ ਜਾ ਸਕਦੀ ਹੈ। ਲਗਾਤਾਰ ਗਾਉਣ ਨਾਲ ਫੇਫੜਿਆਂ ਦੀ ਕਸਰਤ ਹੁੰਦੀ ਹੈ, ਉਨ੍ਹਾਂ ਨੂੰ ਸ਼ਕਤੀ ਮਿਲਦੀ ਹੈ।
ਸਾਡੇ ਇਥੇ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਬੱਚਿਆਂ ਨੂੰ ਲੋਰੀ ਗਾ ਕੇ ਸਵਾਇਆ ਜਾਂਦਾ ਹੈ ਅਤੇ ਬੱਚੇ ਹੀ ਕਿਉਂ, ਮਿੱਠਾ ਸੰਗੀਤ ਵੱਡਿਆਂ ਦਾ ਵੀ ਉਨੀਂਦਰਾ ਦੂਰ ਕਰਦਾ ਹੈ। ਇਹ ਗੱਲ ਵਿਗਿਆਨਕ ਤੌਰ 'ਤੇ ਸਿੱਧ ਹੋ ਚੁੱਕਾ ਹੈ ਕਿ ਸੰਗੀਤ ਅਧਿਆਤਮਿਕਤਾ ਦੀ ਹੱਦ ਨੂੰ ਛੂੰਹਦਾ ਹੋਇਆ ਵਿਅਕਤੀ ਨੂੰ ਖ਼ੁਦ ਨੂੰ ਪਹਿਚਾਣਨ ਵਿਚ ਆਪਣੇ-ਆਪ ਨੂੰ ਅਨੁਭੂਤ ਕਰਨ ਵਿਚ ਹੀ ਮਦਦ ਨਹੀਂ ਕਰਦਾ ਸਗੋਂ ਉਸ ਨੂੰ ਸੰਪੂਰਨਤਾ ਵੱਲ ਲੈ ਜਾਂਦੇ ਹੋਏ ਉਸ ਵਿਚ ਪ੍ਰਪੱਕਤਾ ਲਿਆਉਂਦਾ ਹੈ। ਗਾਉਂਦੇ ਹੋਏ ਵਿਅਕਤੀ ਦੀਆਂ ਭਾਵਨਾਵਾਂ ਦਾ ਬੜਾ ਅਸਰ ਪੈਂਦਾ ਹੈ ਜਿਸ ਨਾਲ ਮਾਨਸਿਕ ਸਿਹਤ ਠੀਕ ਹੁੰਦੀ ਹੈ।
ਸੰਗੀਤ ਵਿਚ ਲੈਅ-ਤਾਲ ਹੁੰਦੀ ਹੈ, ਉਹ ਸਰੀਰ ਅਤੇ ਮਨ ਦੋਵਾਂ ਨੂੰ ਉਸੇ ਤਰ੍ਹਾਂ ਲੈਅਬੱਧ ਕਰ ਲੈਂਦਾ ਹੈ। ਸਰੀਰ ਅਤੇ ਮਨ ਦੋਵਾਂ ਦਾ ਤਾਲਮੇਲ ਹੀ ਜੀਵਨ ਹੈ, ਜਿਸ ਨੂੰ ਸੰਗੀਤ ਵਧਾਉਂਦਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਪਸ਼ੂ-ਪੰਛੀ, ਬਨਸਪਤੀ ਅਤੇ ਅਬੋਧ ਬੱਚੇ ਵੀ ਉਸ ਦੇ ਪ੍ਰਭਾਵ ਤੋਂ ਅਣਭਿੱਜ ਨਹੀਂ ਰਹਿੰਦੇ।
ਸੰਗੀਤ ਕਦੀ ਅਪ੍ਰਭਾਵੀ ਨਹੀਂ ਰਹਿੰਦਾ। ਮਨੁੱਖ, ਬਨਸਪਤੀ, ਜੀਵ-ਜੰਤੂ ਸਭ ਨੂੰ ਇਹ ਮੰਤਰਾ-ਮੁਗਧ ਕਰ ਦਿੰਦਾ ਹੈ। ਇਸ ਦੀ ਮਹੱਤਤਾ ਪ੍ਰਾਚੀਨਕਾਲ ਤੋਂ ਹੀ ਸਮਝੀ ਜਾਂਦੀ ਰਹੀ ਹੈ ਪਹਿਲਾਂ ਰਾਜਾ-ਮਹਾਰਾਜਾ ਸੰਗੀਤ ਨੂੰ ਬਹੁਤ ਮਾਣ-ਸਨਮਾਨ ਨਾਲ ਆਪਣੇ ਕੋਲ ਰੱਖਿਆ ਕਰਦੇ ਸਨ। ਅੱਜ ਵੀ ਸੰਗੀਤਕ ਕੈਸੇਟਾਂ ਦੀ ਵਿਕਰੀ ਅਤੇ ਗਾਇਕਾਂ ਨੂੰ ਸਟੇਜ 'ਤੇ ਲਾਈਵ ਸੁਣਨ ਦਾ ਰੁਝਾਨ ਇਹ ਸਾਬਤ ਕਰਦਾ ਹੈ ਕਿ ਲੋਕ ਸੰਗੀਤ ਦੇ ਪਿੱਛੇ ਅੱਜ ਵੀ ਦੀਵਾਨੇ ਹਨ।
ਸਾਡੇ ਇਥੇ ਹਰ ਸ਼ੁਭ ਮੌਕੇ ਗਾਇਆ ਜਾਂਦਾ ਹੈ। ਨਾ ਸਿਰਫ਼ ਖੁਸ਼ੀ ਦੇ ਮੌਕੇ 'ਤੇ ਹੀ ਸਗੋਂ ਦੁੱਖ ਸਮੇਂ ਵੀ ਸੰਗੀਤ ਦਾ ਸਹਾਰਾ ਲਿਆ ਜਾਂਦਾ ਹੈ। ਇਹ ਸੁਖ-ਦੁੱਖ ਝੱਲਣ ਦੀ ਸ਼ਕਤੀ ਦਿੰਦਾ ਹੈ ਅਤੇ ਦੁੱਖ-ਸੁੱਖ ਪ੍ਰਗਟ ਕਰਨ ਦਾ ਇਕ ਸੱਭਿਆ ਸ਼ਾਲੀਨ ਤਰੀਕਾ ਹੈ।
ਜਿਨ੍ਹਾਂ ਵਿਅਕਤੀਆਂ ਨੂੰ ਸੰਗੀਤ ਨਾਲ ਲਗਾਅ ਨਹੀਂ ਹੁੰਦਾ, ਉਹ ਬੇਹੱਦ ਖ਼ੁਸ਼ਕ, ਨੀਰਸ ਅਤੇ ਉਕਾਊ ਕਿਸਮ ਦੇ ਹੁੰਦੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ਵਿਚ ਕਿਤੇ ਨਾ ਕਿਤੇ ਕੋਈ ਭਾਰੀ ਕਮੀ ਹੁੰਦੀ ਹੈ। ਇਸ ਲਈ ਨਾ ਸਿਰਫ਼ ਰੋਗਾਂ ਦੇ ਇਲਾਜ ਅਤੇ ਉਨ੍ਹਾਂ ਨੂੰ ਦੂਰ ਭਜਾਉਣ ਲਈ ਸਗੋਂ ਆਪਣੀ ਸ਼ਖ਼ਸੀਅਤ ਵਿਚ ਸੰਪੂਰਨਤਾ ਲਿਆਉਣ ਲਈ ਵੀ ਸੰਗੀਤ ਨਾਲ ਪਿਆਰ ਕਰਨਾ ਚਾਹੀਦਾ ਹੈ।
ਸ਼ਖ਼ਸੀਅਤ ਵੀ ਸੁਆਰਦਾ ਹੈ ਸੰਗੀਤ
ਅਜੀਤ ਡੈਸਕ
17-04-2026