ਜਿੰਨੇ ਇਲਾਜ, ਓਨੀਆਂ ਬਿਮਾਰੀਆਂ, ਇਹ ਕਹਾਵਤ ਬਿਲਕੁਲ ਸਹੀ ਹੈ | ਜਦੋਂ ਵੀ ਕੋਈ ਬਿਮਾਰੀ ਆਉਂਦੀ ਹੈ ਤਾਂ ਰੋਗੀ ਨੂੰ ਕਿਸੇ ਨਾ ਕਿਸੇ ਪੈਥੀ ਦੇ ਡਾਕਟਰ ਕੋਲ ਜਾਣਾ ਪੈਂਦਾ ਹੈ ਚਾਹੇ ਉਹ ਐਲੋਪੈਥੀ, ਹੋਮਿਓਪੈਥੀ ਜਾਂ ਨੈਚੁਰੋਪੈਥੀ ਹੋਵੇ |
ਐਲੋਪੈਥੀ ਇਕ ਇਸ ਤਰ੍ਹਾਂ ਦੀ ਪੱਧਤੀ ਹੈ ਜੋ ਟੈਸਟ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਜਾਂ ਸਰੀਰ 'ਤੇ ਉੱਭਰੇ ਲੱਛਣਾਂ ਨੂੰ ਦੇਖ | ਐਲੋਪੈਥੀ ਦਵਾਈ ਸਰੀਰ 'ਤੇ ਥੋੜ੍ਹਾ ਛੇਤੀ ਅਸਰ ਕਰਦੀ ਹੈ ਕਿਉਂਕਿ ਇਨ੍ਹਾਂ ਦੀ ਦਵਾਈ ਸਟ੍ਰਾਂਗ (ਤੇਜ਼) ਹੁੰਦੀ ਹੈ | ਜੇਕਰ ਤੁਸੀਂ ਵੀ ਐਲੋਪੈਥੀ ਪੱਧਤੀ ਲੈ ਰਹੇ ਹੋ ਤਾਂ ਧਿਆਨ ਦਿਓ ਕੁਝ ਗੱਲਾਂ ਵੱਲ ਦਵਾਈ ਖਾਣ ਤੋਂ ਪਹਿਲਾਂ |
ਗੋਲੀਆਂ ਅਤੇ ਤਰਲ ਦਵਾਈ ਹਮੇਸ਼ਾ ਬੈਠ ਕੇ ਜਾਂ ਖੋੜ੍ਹੇ ਹੋ ਕੇ ਲਓ | ਲੰਮੇ ਪੈ ਕੇ ਲੈਣ ਨਾਲ ਦਵਾਈ ਸਾਹ ਨਲੀ ਜਾਂ ਖਾਣੇ ਦੀ ਨਲੀ ਵਿਚ ਫਸ ਸਕਦੀ ਹੈ ਜੋ ਇਕ ਹੋਰ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ | ਗੋਲੀਆਂ ਦੀ ਵਰਤੋਂ ਹਮੇਸ਼ਾ ਪਾਣੀ ਨਾਲ ਹੀ ਕਰੋ, ਦੁੱਧ-ਚਾਹ ਨਾਲ ਨਹੀਂ ਕਿਉਂਕਿ ਦੁੱਧ ਜਾਂ ਚਾਹ ਦੇ ਨਾਲ ਦਵਾਈ ਹੋਰ ਸਮਸਿਆਵਾਂ ਪੈਦਾ ਕਰ ਸਕਦੀ ਹੈ | ਦੁੱਧ ਜਾਂ ਚਾਹ ਦੇ ਨਾਲ ਲਈ ਗਈ ਦਵਾਈ ਰਸਾਇਣਕ ਕਿਰਿਆ ਨਾਲ ਪੇਟ ਖ਼ਰਾਬ ਕਰ ਸਕਦੀ ਹੈ, ਜਿਸ ਨਾਲ ਦਵਾਈ ਸਰੀਰ ਵਿਚ ਹਜ਼ਮ ਨਹੀਂ ਹੋ ਪਾਉਂਦੀ |
ਕੋਈ ਵੀ ਦਵਾਈ ਲੈਂਦੇ ਸਮੇਂ ਵਿਸ਼ੇਸ਼ ਕਰਕੇ ਗੋਲੀ, ਕੈਪਸੁਲ ਆਦਿ, ਇਨ੍ਹਾਂ ਨਾਲ ਪਾਣੀ ਦੀ ਵਰਤੋਂ ਜ਼ਿਆਦਾ ਕਰੋ | ਘੱਟ ਤੋਂ ਘੱਟ ਇਕ ਗਿਲਾਸ ਪਾਣੀ ਜ਼ਰੂਰ ਲਓ ਤਾਂ ਕਿ ਦਵਾਈ ਸੌਖਿਆਂ ਹੀ ਘੁਲ ਕੇ ਸਰੀਰ ਵਿਚ ਛੇਤੀ ਜਾ ਸਕੇ | ਪਾਣੀ ਜ਼ਿਆਦਾ ਪੀਣ ਨਾਲ ਦਵਾਈ ਦਾ ਗਾੜ੍ਹਾਪਨ ਅੰਤੜੀਆਂ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ |
ਕੈਪਸੁਲ ਦੀ ਵਰਤੋਂ ਜੇਕਰ ਘੱਟ ਪਾਣੀ ਨਾਲ ਕੀਤੀ ਜਾਵੇ ਤਾਂ ਉਸ ਦਾ ਕਵਰ ਜੋ ਲਿਜੇਟਿਨ ਦਾ ਹੁੰਦਾ ਹੈ ਉਹ ਭੋਜਨ ਨਲੀ ਦਾ ਨੁਕਸਾਨ ਕਰ ਸਕਦਾ ਹੈ |
ਤਰਲ ਦਵਾਈ ਲੈਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਹਿਲਾ ਲਓ ਤਾਂ ਕਿ ਦਵਾਈ ਦੇ ਸਭ ਤੱਤ ਠੀਕ ਤਰ੍ਹਾਂ ਘੁਲ ਜਾਣ ਅਤੇ ਸਰੀਰ ਨੂੰ ਪੂਰਾ ਲਾਭ ਦੇਣ |
ਤਰਲ ਦਵਾਈ ਚਮਚ ਦੀ ਸਹਾਇਤਾ ਨਾਲ ਸਹੀ ਨਾਪ ਕਰਕੇ ਲਓ | ਢੱਕਣ ਜਾਂ ਸ਼ੀਸ਼ੀ ਨਾਲ ਦਵਾਈ ਨਾ ਪੀਓ | ਇਸ ਨਾਲ ਮਾਤਰਾ ਸਹੀ ਢੰਗ ਨਾਲ ਪਤਾ ਨਹੀਂ ਲਗਦੀ |
ਛੋਟੇ ਬੱਚੇ ਨੂੰ ਡਰਾਪਰ ਨਾਲ ਦਵਾਈ ਨਾਪ ਕੇ ਦਿਓ | ਡਰਾਪਰ 'ਤੇ ਮਾਤਰਾ ਨਿਰਧਾਰਿਤ ਹੁੰਦੀ ਹੈ |
ਦਵਾਈ ਤੁਹਾਨੂੰ ਨੁਕਸਾਨ ਨਾ ਪੁਹੰਚਾਏ, ਇਸ ਲਈ ਦਵਾਈ ਲੈਣ ਦੇ ਇਕ ਘੰਟੇ ਬਾਅਦ ਤੱਕ ਦੁੱਧ ਜਾਂ ਚਾਹ ਦੀ ਵਰਤੋਂ ਨਾ ਕਰੋ |
ਰੋਗੀ ਨੂੰ ਦਵਾਈ ਡਾਕਟਰ ਦੀ ਸਲਾਹ ਅਨੁਸਾਰ ਹੀ ਨਿਰਧਾਰਿਤ ਮਾਤਰਾ ਵਿਚ ਅਤੇ ਨਿਰਧਾਰਿਤ ਸਮੇਂ 'ਤੇ ਦਿਓ |
ਤੇਜ਼ ਸੰਕ੍ਰਮਣ ਹੋਣ 'ਤੇ ਰੋਗੀ ਨੂੰ ਰਾਤ ਨੂੰ ਵੀ ਜਗਾ ਕੇ ਐਂਟੀਬਾਇਓਟਿਕ ਦੀ ਡੋਜ਼ ਜ਼ਰੂਰ ਦਿਓ | ਡਾਕਟਰ ਦੇ ਨਿਰਦੇਸ਼ਾਂ ਦਾ ਸਹੀ ਢੰਗ ਨਾਲ ਪਾਲਣ ਕਰੋ | ਡਾਕਟਰ ਤੋਂ ਸਪੱਸ਼ਟ ਜਾਣਕਾਰੀ ਲਓ ਕਿ ਦਵਾਈ ਖਾਲੀ ਪੇਟ, ਭੋਜਨ ਦੇ ਨਾਲ, ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿਚ ਖਾਣੀ ਹੈ |
ਦਵਾਈ ਜੂਸ ਅਤੇ ਠੰਢੇ ਪੀਣ ਵਾਲੇ ਪਦਾਰਥਾਂ ਨਾਲ ਨਾ ਲਓ |
ਜੇਕਰ ਦਿਨ ਵਿਚ ਦੋ ਵਾਰ ਦਵਾਈ ਲੈਣੀ ਹੋਵੇ ਤਾਂ 12 ਘੰਟੇ ਦਾ ਵਕਫ਼ਾ ਜ਼ਰੂਰ ਰੱਖੋ |
ਐਂਟੀਬਾਇਓਟਿਕ ਆਦਿ ਖਾਲੀ ਪੇਟ ਨਾ ਲਓ | ਇਸ ਨਾਲ ਪੇਟ ਵਿਚ ਸਾੜ ਪੈਦਾ ਹੋ ਸਕਦਾ ਹੈ |
![]()