ਅੱਜ ਜ਼ਿਆਦਾਤਰ ਬਿਮਾਰੀਆਂ ਦਾ ਕਾਰਨ ਹੈ ਚੀਨੀ, ਨਮਕ, ਮੈਦਾ, ਦੁੱਧ ਤੇ ਨਾਰੀਅਲ | ਆਓ ਜਾਣੀਏ ਕਿ ਇਨ੍ਹਾਂ ਵਿਚ ਇਸ ਤਰ੍ਹਾਂ ਦਾ ਕੀ ਹੈ, ਜਿਸ ਕਾਰਨ ਇਹ ਸਭ ਚਿੱਟੇ ਭਾਵ ਸਫ਼ੇਦ ਖਾਣ ਵਾਲੇ ਪਦਾਰਥ ਸਾਡੀ ਸਿਹਤ ਲਈ ਹਾਨੀਕਾਰਕ ਹਨ :-
ਚੀਨੀ : ਚੀਨੀ ਨੂੰ ਅੱਜ ਬਹੁਤੀਆਂ ਬਿਮਾਰੀਆਂ ਦੀ ਵਜ੍ਹਾ ਮੰਨਿਆ ਜਾਂਦਾ ਹੈ | ਹਾਲ ਹੀ ਵਿਚ ਅਮਰੀਕਾ ਵਿਚ ਹੋਈ ਇਕ ਖੋਜ ਅਨੁਸਾਰ ਜੋ ਵਿਅਕਤੀ ਚੀਨੀ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਦੇ ਹਨ ਉਨ੍ਹਾਂ ਵਿਚ ਵੱਡੀ ਅੰਤੜੀ ਦਾ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ | ਚੀਨੀ ਦੀ ਵਰਤੋਂ ਅਸੀਂ ਚਾਹ, ਕੌਫ਼ੀ, ਬਿਸਕੁਟ, ਮਠਿਆਈ, ਚਾਕਲੇਟ ਅਤੇ ਪਤਾ ਨਹੀਂ ਕਿੰਨੀਆਂ ਹੀ ਖਾਣ ਵਾਲੀਆਂ ਚੀਜ਼ਾਂ ਹਨ | ਇਹੀ ਨਹੀਂ, ਚੀਨੀ ਨਾਲ ਸਾਨੂੰ ਬਹੁਤ ਜ਼ਿਆਦਾ ਮਾਤਰਾ ਵਿਚ ਕੈਲੋਰੀ ਮਿਲਦੀ ਹੈ, ਜੋ ਸਿਹਤ ਦੇ ਪੱਖ ਤੋਂ ਹਾਨੀਕਾਰਕ ਹੈ ਤੇ ਕਈ ਰੋਗਾਂ ਦੀ ਜੜ੍ਹ ਹੈ | ਇਸ ਲਈ ਚੀਨੀ ਦੀ ਥਾਂ ਜ਼ਰੂਰਤ ਹੈ ਤਾਂ ਕਿਸੇ ਇਸ ਤਰ੍ਹਾਂ ਦੀ ਖਾਣ ਵਾਲੀ ਚੀਜ਼ ਦੀ ਜੋ ਚੀਨੀ ਦੀ ਕਮੀ ਪੂਰੀ ਕਰ ਸਕੇ ਅਤੇ ਉਹ ਹੈ ਗੁੜ | ਉਂਝ ਤਾਂ ਗੁੜ ਅਤੇ ਚੀਨੀ ਵਿਚ ਕੈਲੋਰੀ ਦੀ ਮਾਤਰਾ ਤਾਂ ਇਕੋ ਜਿਹੀ ਹੁੰਦੀ ਹੈ ਪਰ ਗੁੜ ਸਹੀ ਹੁੰਦਾ ਹੈ ਅਤੇ ਇਸ ਵਿਚ ਆਇਰਨ, ਕੈਲਸ਼ੀਅਮ ਅਤੇ ਫਾਸਫੋਰਸ ਵੀ ਮੌਜੂਦ ਹੁੰਦੇ ਹਨ, ਜੋ ਸਾਡੇ ਸਰੀਰ ਦੀਆਂ ਜ਼ਰੂਰਤਾਂ ਹਨ |
ਨਮਕ : ਹਾਈ ਬਲੱਡ ਪ੍ਰੈੱਸ਼ਰ ਵਾਲੇ ਰੋਗੀਆਂ ਦਾ ਤਾਂ ਨਮਕ ਸਭ ਤੋਂ ਵੱਡਾ ਦੁਸ਼ਮਣ ਹੈ | ਭੋਜਨ ਵਿਚ ਨਮਕ ਦੀ ਥੋੜ੍ਹੀ ਵਰਤੋਂ ਹੀ ਸਹੀ ਹੈ | ਭੋਜਨ ਵਿਚੋਂ ਨਮਕ ਬਿਲਕੁਲ ਕੱਢ ਦੇਣਾ ਸੰਭਵ ਨਹੀਂ ਪਰ ਇਸ ਦੀ ਥੋੜ੍ਹੀ ਮਾਤਰਾ ਤੇ ਨਮਕੀਨ ਪਦਾਰਥ ਜਿਸ ਵਿਚ ਨਮਕ ਦੀ ਜ਼ਿਆਦਾ ਹੁੰਦੀ ਹੈ, ਜਿਵੇਂ ਅਚਾਰ, ਟੋਮੈਟੋ ਸੌਸ, ਸੋਇਆ ਸੌਸ ਨੂੰ ਭੋਜਨ ਤੋਂ ਕੱਢਣਾ ਜ਼ਰੂਰੀ ਹੈ | ਜਦੋਂ ਵੀ ਨਮਕ ਦੀ ਵਰਤੋਂ ਕਰੋ ਤਾਂ ਆਇਓਡੀਨ ਨਮਕ ਹੀ ਵਰਤੋਂ ਕਰੋ |
ਮੈਦਾ : ਮੈਦੇ ਦੀ ਵਰਤੋਂ ਬਿਸਕੁਟ, ਕੇਕ, ਬ੍ਰੈੱਡ, ਪੀਜ਼ਾ ਤੇ ਮਠਿਆਈ ਆਦਿ ਬਣਾਉਣ ਵਿਚ ਕੀਤੀ ਜਾਂਦੀ ਹੈ | ਮੈਦੇ ਵਿਚ ਰੇਸ਼ੇ ਦੀ ਘਾਟ ਹੁੰਦੀ ਹੈ | ਇਸ ਨੂੰ ਮਸ਼ੀਨੀ ਪ੍ਰਕਿਰਿਆ ਨਾਲ ਹੋਰ ਸ਼ੁੱਧ ਕੀਤਾ ਜਾਂਦਾ ਹੈ | ਜੇਕਰ ਤੁਸੀਂ ਆਟੇ ਤੇ ਮੈਦੇ ਦਾ ਮੁਕਾਬਲਾ ਕਰੋ ਤਾਂ ਪਾਓਗੇ ਕਿ ਆਟਾ ਭੂਰੇ ਰੰਗ ਵਾਲਾ ਹੁੰਦਾ ਹੈ ਤੇ ਮੈਦਾ ਸਫ਼ੇਦ ਤੇ ਨਰਮ ਹੁੰਦਾ ਹੈ, ਕਿਉਂਕਿ ਉਸ ਵਿਚ ਰੇਸ਼ਾ ਨਹੀਂ ਹੁੰਦਾ | ਜੋ ਲੋਕ ਮੈਦੇ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ | ਹਾਜ਼ਮਾ ਕਿਰਿਆ ਵਿਚ ਵੀ ਮੁਸ਼ਕਿਲ ਆਉਂਦੀ ਹੈ |
ਇਸ ਲਈ ਮੈਦੇ ਦੀ ਬਜਾਏ ਆਟੇ ਦੀ ਵਰਤੋਂ ਕਰਨੀ ਸਹੀ ਹੈ | ਬਾਜ਼ਾਰ ਵਿਚ ਆਟੇ ਦੀ ਬ੍ਰੈੱਡ ਵੀ ਮਿਲਦੀ ਹੈ ਪਰ ਧਿਆਨ ਰਹੇ ਕਿ ਉਹ ਆਟੇ ਤੋਂ ਹੀ ਬਣਾਈ ਹੋਵੇ, ਕਿਉਂਕਿ ਬਾਜ਼ਾਰ ਵਿਚ ਮੌਜੂਦ ਬ੍ਰਾਊਨ ਬ੍ਰੈੱਡ ਰੰਗ ਮਿਲੀ ਹੋਈ ਵੀ ਹੋ ਸਕਦੀ ਹੈ |
ਦੁੱਧ : ਪ੍ਰੋਟੀਨ, ਵਿਟਾਮਿਨ ਤੇ ਕੈਲਸ਼ੀਅਮ ਦਾ ਬਹੁਤ ਚੰਗਾ ਸਰੋਤ ਹੈ ਦੁੱਧ ਪਰ ਦੁੱਧ ਵਿਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਸਕਿਮ ਦੁੱਧ ਪਾਊਡਰ ਦੀ ਵਰਤੋਂ ਕਰੋ ਜਾਂ ਫਿਰ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲਓ ਤੇ ਠੰਢਾ ਹੋਣ 'ਤੇ ਉਸ ਦੇ ਉੱਪਰ ਆਈ ਹੋਈ ਮਲਾਈ ਲਾਹ ਲਓ | ਕੁਝ ਲੋਕਾਂ ਨੂੰ ਦੁੱਧ ਪੀਣ ਤੋਂ ਬਾਅਦ ਡਾਇਰੀਆ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਲਈ ਬਿਹਤਰ ਹੋਵੇਗਾ ਕਿ ਦੁੱਧ ਦੀ ਥਾਂ 'ਤੇ ਦਹੀਂ ਦੀ ਵਰਤੋਂ ਕਰਨ |
ਨਾਰੀਅਲ : ਨਾਰੀਅਲ ਨੂੰ ਉਂਝ ਤਾਂ ਪੌਸ਼ਟਿਕ ਮੰਨਿਆ ਜਾਂਦਾ ਹੈ ਪਰ ਇਸ ਵਿਚ ਫੈਟ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਦਿਲ ਦੀ ਸਿਹਤ ਲਈ ਚੰਗਾ ਨਹੀਂ ਹੈ | ਨਾਰੀਅਲ ਪਾਣੀ ਫੈਟ-ਰਹਿਤ ਹੁੰਦਾ ਹੈ ਅਤੇ ਪੋਟਾਸ਼ੀਅਮ ਦਾ ਵੀ ਬਹੁਤ ਚੰਗਾ ਸਰੋਤ ਹੈ | ਨਾਰੀਅਲ ਵਿਚ ਭਰਪੂਰ ਫੈਟ ਪਾਈ ਜਾਂਦੀ ਹੈ, ਜੋ ਦਿਲ ਲਈ ਹਾਨੀਕਾਰਕ ਹੈ, ਇਸ ਲਈ ਨਾਰੀਅਲ ਤੇ ਨਾਰੀਅਲ ਦੇ ਤੇਲ ਦੀ ਘੱਟ ਤੋਂ ਘੱਟ ਵਰਤੋਂ ਕਰੋ |
-0-