24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਚੰਗੀ ਸਿਹਤ ਲਈ ਖਾਓ ਇਹ ਪੌਸ਼ਟਿਕ ਭੋਜਨ

ਚੰਗੀ ਸਿਹਤ ਲਈ ਖਾਓ ਇਹ ਪੌਸ਼ਟਿਕ ਭੋਜਨ

Ad Position 21
No active advertisement
ਅਜੀਤ ਡੈਸਕ 25-09-2026

ਵੱਖ-ਵੱਖ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਸਾਨੂੰ ਕੁਦਰਤ ਵਲੋਂ ਦਿੱਤਾ ਗਿਆ ਅਨਮੋਲ ਤੋਹਫ਼ਾ ਹਨ | ਇਨ੍ਹਾਂ ਫਲਾਂ ਅਤੇ ਸਬਜ਼ੀਆਂ ਦੀ ਸਹੀ ਮਾਤਰਾ ਵਿਚ ਵਰਤੋਂ ਆਦਿ ਬਾਰੇ ਜੇਕਰ ਸਾਨੂੰ ਚੰਗੀ ਤਰ੍ਹਾਂ ਪਤਾ ਹੋਵੇ ਤਾਂ ਸ਼ਾਇਦ ਸਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੀ ਨਾ ਪਵੇ ਪਰ ਇਸ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਅਸੀਂ ਫਲ ਅਤੇ ਸਬਜ਼ੀਆਂ ਨੂੰ  ਆਪਣੇ ਰੋਜ਼ਮਰ੍ਹਾ ਦੇ ਜੀਵਨ ਵਿਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ  ਸਹੀ ਥਾਂ ਨਹੀਂ ਦੇ ਪਾਉਂਦੇ ਹਾਂ |

ਕੁਦਰਤ ਵਲੋਂ ਮਿਲੇ ਇਨ੍ਹਾਂ ਅਨਮੋਲ ਪੋਸ਼ਕ ਤੱਤਾਂ  (ਫਲ ਅਤੇ ਸਬਜ਼ੀਆਂ) ਨੂੰ  ਅਸੀਂ ਧਿਆਨ ਨਾਲ ਦੇਖਦੇ ਵੀ ਨਹੀਂ ਅਤੇ ਨਾ ਹੀ ਇਨ੍ਹਾਂ ਬਾਰੇ ਜ਼ਿਆਦਾ ਜਾਣਨ ਦੀ ਕੋਸ਼ਿਸ਼ ਹੀ ਕਰਦੇ ਹਾਂ | ਜੇਕਰ ਅਸੀਂ ਇਨ੍ਹਾਂ ਫਲਾਂ ਅਤੇ ਸਬਜ਼ੀਆਂ ਦੇ ਗੁਣ ਅਤੇ ਇਨ੍ਹਾਂ ਦੇ ਲਾਭਾਂ ਦਾ ਪਤਾ ਕਰ ਲਈਏ ਤਾਂ ਸ਼ਾਇਦ ਕਦੀ ਬਿਮਾਰ ਹੀ ਨਾ ਹੋਈਏ | ਇਨ੍ਹਾਂ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ, ਖਣਿਜ, ਆਇਰਨ, ਫਾਈਬਰ ਅਤੇ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਲਈ ਜ਼ਰੂਰੀ ਤੱਤ ਹਨ, ਜਿਨ੍ਹਾਂ ਦੀ ਕਮੀ ਨਾਲ ਅਸੀਂ ਅਕਸਰ ਬਿਮਾਰੀ ਦੀ ਪਕੜ ਵਿਚ ਆ ਜਾਂਦੇ ਹਾਂ |
ਡਾਕਟਰ ਨੂੰ  ਰੱਖਣਾ ਹੈ ਦੂਰ ਤਾਂ ਰੋਜ਼ ਖਾਓ ਇਕ ਸੇਬ : ਸੇਬ ਸੌਖਿਆਂ ਹੀ ਹਜ਼ਮ ਹੋਣ ਵਾਲਾ ਫਲ ਹੈ | ਇਸ ਦੇ ਛਿਲਕੇ ਫਾਈਬਰ ਨਾਲ ਭਰਪੂਰ ਹੁੰਦੇ ਹਨ | ਇਨ੍ਹਾਂ ਵਿਚ ਪਾਇਆ ਜਾਣ ਵਾਲਾ ਪੋਕਟਿਨ ਅੰਤੜੀਆਂ ਵਿਚ ਜਾ ਕੇ ਜੈੱਲ ਦਾ ਕੰਮ ਕਰਦਾ ਹੈ, ਜਿਸ ਨਾਲ ਸਰੀਰ 'ਚੋਂ ਹਾਨੀਕਾਰਕ ਤੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ | ਸੇਬ ਵਿਚ ਪੋਟਾਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ, ਜੋ ਕਿਡਨੀ ਲਈ ਫ਼ਾਇਦੇਮੰਦ ਹੁੰਦਾ ਹੈ | ਇਹ ਪੇਟ ਨੂੰ  ਠੰਢਾ ਰੱਖਦਾ ਹੈ | ਇਸ ਵਿਚ ਮੌਜੂਦ ਕੁਦਰਤੀ ਸ਼ੱਕਰ ਸਲਾਈਵਾ ਦਾ ਨਿਰਮਾਣ ਕਰਦੀ ਹੈ, ਜਿਸ ਨਾਲ ਹਾਜ਼ਮਾ ਤੰਤਰ ਠੀਕ ਢੰਗ ਨਾਲ ਕੰਮ ਕਰਦਾ ਹੈ | ਇਸ ਵਿਚੋਂ ਕੈਲੋਰੀ ਅਤੇ ਕੋਲੈਸਟ੍ਰੋਲ ਬਹੁਤ ਘੱਟ ਪਾਇਆ ਜਾਂਦਾ ਹੈ | 
ਬਦਾਮ ਖਾਓ, ਨਿਰੋਗੀ ਕਾਇਆ ਪਾਓ : ਬਦਾਮ ਕੁਦਰਤ ਵਲੋਂ ਦਿੱਤਾ ਇਕ ਗੁਣਕਾਰੀ ਸੁੱਕਾ ਫਲ ਹੈ | ਬਦਾਮ ਦੀ ਵਰਤੋਂ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ | ਸਰੀਰ ਦੀ ਰੋਗ-ਪ੍ਰਤੀਰੋਧੀ ਸ਼ਕਤੀ ਦਾ ਵਿਕਾਸ ਹੁੰਦਾ ਹੈ ਅਤੇ ਦਿਮਾਗ਼ ਨੂੰ  ਤਣਾਅ ਸਹਿਣ ਕਰਨ ਦੀ ਤਾਕਤ ਮਿਲਦੀ ਹੈ | ਇਹ ਵਿਟਾਮਿਨਾਂ ਦਾ ਬਿਹਤਰੀਨ ਸਰੋਤ ਹੈ | ਬਦਾਮ ਖਾਣ ਨਾਲ ਸਰੀਰ ਨੂੰ  ਅਨੇਕ ਤਰ੍ਹਾਂ ਦੇ ਬੈਕਟੀਰੀਆ ਨਾਲ ਲੜਨ ਦੀ ਤਾਕਤ ਮਿਲਦੀ ਹੈ | ਇਨ੍ਹਾਂ ਦੀ ਰੋਜ਼ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਠੀਕ ਰਹਿੰਦੀ ਹੈ | 
ਬਦਾਮ ਦੀ ਵਰਤੋਂ ਕਰਨ ਨਾਲ ਚਮੜੀ ਵਿਚ ਸੁੰਦਰਤਾ ਦਾ ਵਾਧਾ ਹੁੰਦਾ ਹੈ | ਸਭ ਸੁੰਦਰਤਾ ਪਦਾਰਥਾਂ ਅਤੇ ਵੱਖ-ਵੱਖ ਵਾਲਾਂ ਵਾਲੇ ਤੇਲਾਂ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ | ਬਦਾਮ ਰੋਗਨ ਪੀਣ ਨਾਲ ਬੱਚਿਆਂ ਦੀ ਯਾਦ ਸ਼ਕਤੀ ਦਾ ਵਿਕਾਸ ਹੁੰਦਾ ਹੈ | ਬਦਾਮ ਸਾਡੇ ਸਰੀਰ ਵਿਚ ਬੀ ਟਾਈਪ ਦੀਆਂ ਕੋਸ਼ਿਕਾਵਾਂ ਦੀ ਸਿਰਜਣਾ ਕਰਦਾ ਹੈ | ਇਹ ਕੋਸ਼ਿਕਾਵਾਂ ਐਂਟੀ ਬਾਡੀਜ਼ ਬਣਾ ਕੇ ਨੁਕਸਾਨਦੇਹ ਬੈਕਟੀਰੀਆ ਨੂੰ  ਖ਼ਤਮ ਕਰਨ ਵਿਚ ਮਦਦ ਕਰਦਾ ਹੈ |
ਪੋਸ਼ਕ ਤੱਤਾਂ ਨਾਲ ਭਰਪੂਰ ਕੇਲਾ : ਕੇਲੇ ਨੂੰ  ਪੋਸ਼ਕ ਤੱਤਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ | ਇਸ ਵਿਚ ਸਾਰੇ ਵਿਟਾਮਿਨ, ਖਣਿਜ, ਆਇਰਨ ਪਾਏ ਜਾਂਦੇ ਹਨ | ਕੇਲੇ ਨੂੰ  ਸੰਤੁਲਿਤ ਭੋਜਨ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ | ਇਹ ਪੇਟ ਦਾ ਅਲਸਰ ਤੇ ਐਸਿਡੀਟੀ ਨੂੰ  ਦੂਰ ਕਰਦਾ ਹੈ | ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੋਣ ਕਾਰਨ ਸਰੀਰ 'ਤੇ ਲੱਗੀ ਸੱਟ ਨੂੰ  ਠੀਕ ਕਰਨ ਵਿਚ ਮਦਦ ਮਿਲਦੀ ਹੈ | ਯੋਗਿਕ ਕਿਰਿਆਵਾਂ ਤੋਂ ਬਾਅਦ ਕੇਲਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ |
ਵਿਟਾਮਿਨ 'ਸੀ' ਨਾਲ ਭਰਪੂਰ ਹੈ ਔਲਾ : ਔਲੇ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ 'ਸੀ' ਪਾਇਆ ਜਾਂਦਾ ਹੈ, ਜੋ ਰੋਗ-ਪ੍ਰਤੀਰੋਗੀ ਤਾਕਤ ਨੂੰ  ਵਧਾਉਂਦਾ ਹੈ | ਔਲਾ ਖੂਨ ਵਿਚੋਂ ਹਾਨੀਕਾਰਕ ਤੱਤਾਂ ਨੂੰ  ਬਾਹਰ ਕੱਢਦਾ ਹੈ | ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਖੂਨ ਵਾਲੀਆਂ ਨਾੜੀਆਂ ਲਚੀਲੀਆਂ ਬਣਦੀਆਂ ਹਨ | ਖੂਨ ਦਾ ਦੌਰਾ ਠੀਕ ਰਹਿੰਦਾ ਹੈ | ਔਲੇ ਖਾਣ ਨਾਲ ਨਾ ਹੀ ਖੂਨ ਦਾ ਥੱਕਾ ਬਣਦਾ ਹੈ ਅਤੇ ਨਾ ਹੀ ਦਿਮਾਗ਼ ਦੀਆਂ ਧਮਨੀਆਂ ਫਟਣ ਤਕ ਪਹੁੰਚਦੀਆਂ ਹਨ | ਔਲਾ ਭੁੱਖ ਅਤੇ ਹਾਜ਼ਮਾ ਸ਼ਕਤੀ ਵਧਾਉਂਦਾ ਹੈ | ਇਸ ਨਾਲ ਗੂੜ੍ਹੀ ਨੀਂਦ ਆਉਂਦੀ ਹੈ, ਦੰਦ ਮਜ਼ਬੂਤ ਹੁੰਦੇ ਹਨ | ਔਲੇ ਨੂੰ  ਸੁਕਾ ਕੇ ਉਸ ਦਾ ਚੂਰਨ ਬਣਾ ਕੇ ਵਾਲ ਧੋਣ ਨਾਲ ਵਾਲੇ ਸੰਘਣੇ, ਕਾਲੇ ਤੇ ਚਮਕਦਾਰ ਬਣਦੇ ਹਨ | ਇਸ ਦੇ ਐਂਟੀਆਕਸੀਡੈਂਟ ਤੱਤ ਬਿਮਾਰੀਆਂ ਨੂੰ  ਦੂਰ ਰੱਖ ਕੇ ਸਰੀਰ ਨੂੰ  ਸਿਹਤਮੰਦ ਬਣਾਉਂਦੇ ਹਨ |
ਸਿਹਤ ਦਾ ਖਜ਼ਨਾ ਖੁਬਾਨੀ : ਖੁਬਾਨੀ ਇਕ ਪਹਾੜੀ ਫਲ ਹੈ, ਜਿਸ ਅੰਦਰ ਇਕ ਗਿਟਕ ਹੁੰਦੀ ਹੈ | ਇਹ ਥੋੜ੍ਹੀ ਮਿੱਠੇ ਖੱਟੇ ਸਵਾਦ ਵਾਲੀ ਹੁੰਦੀ ਹੈ | ਇਸ ਫਲ ਵਿਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੇ ਨਾਲ-ਨਾਲ ਆਇਰਨ ਵੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ | ਇਹ ਸਟੈਮਿਨਾ ਵਧਾਉਣ ਵਿਚ ਭਰਪੂਰ ਮਦਦ ਕਰਦਾ ਹੈ | ਇਹ ਵਿਟਾਮਿਨ ਬੀ-17 ਦਾ ਸਭ ਤੋਂ ਚੰਗਾ ਸਰੋਤ ਹੈ, ਜੋ ਕੈਂਸਰ ਖ਼ਤਮ ਕਰਨ ਵਿਚ ਸਹਾਇਕ ਮੰਨਿਆ ਜਾਂਦਾ ਹੈ | ਸੁੱਕੀ ਖੁਬਾਨੀ ਵਿਚ ਆਇਰਨ, ਰੇਸ਼ਾ ਅਤੇ ਵਿਟਾਮਿਨ 'ਏ' ਦੀ ਮਾਤਰਾ ਤਾਜ਼ਾ ਖੁਬਾਨੀ ਨਾਲੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ |
ਮੌਸਮੀ ਬਿਮਾਰੀਆਂ ਨੂੰ  ਦੂਰ ਕਰਨ ਵਿਚ ਸਹਾਇਕ ਹੈ ਨਿੰਬੂ : ਨਿੰਬੂ ਵਿਚ ਵਿਟਾਮਿਨ 'ਸੀ' ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ | ਨਿੰਬੂ ਇਕ ਖੱਟਾ ਫਲ ਹੈ | ਸਰੀਰ ਨੂੰ  ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਨ ਵਿਚ ਨਿੰਬੂ ਬਹੁਤ ਸਹਾਇਕ ਹੁੰਦਾ ਹੈ | ਕਿਡਨੀ ਤੇ ਬਲੈਡਰ ਸਿਸਟਮ ਨੂੰ  ਠੀਕ ਕਰਨ ਵਿਚ ਵੀ ਸਹਾਇਕ ਹੁੰਦਾ ਹੈ | ਨਿੰਬੂ ਦਾ ਰਸ ਇਨਫਲਿਊਏਾਜਾ ਤੇ ਮਲੇਰੀਆ ਅਤੇ ਜ਼ੁਕਾਮ ਵਿਚ ਵੀ ਫਾਇਦਾ ਕਰਦਾ ਹੈ | ਨਿੰਬੂ ਦਾ ਰਸ ਵਾਲਾਂ ਵਿਚ ਲਗਾਉਣ ਨਾਲ ਸਿੱਕਰੀ ਖ਼ਤਮ ਹੋ ਜਾਂਦੀ ਹੈ | ਇਸ ਦੇ ਨਾਲ ਵਾਲਾਂ ਲਈ ਇਸ ਦੀ ਥੋੜ੍ਹੀ ਮਾਤਰਾ ਪਾਣੀ ਵਿਚ ਮਿਲਾ ਕੇ ਲਗਾਉਣ ਨਾਲ ਇਹ ਕੰਡੀਸ਼ਨਰ ਦਾ ਕੰਮ ਵੀ ਕਰਦਾ ਹੈ |
ਲਸਣ ਇਕ ਦਵਾਈ ਦੇ ਰੂਪ ਵਿਚ : ਲਸਣ ਸਿਹਤ ਲਈ ਅਤਿ ਲਾਭਕਾਰੀ ਹੈ | ਗੈਸ ਲਈ, ਜੋੜਾਂ ਦੇ ਦਰਦ ਲਈ, ਹਾਈ ਬਲੱਡ ਪ੍ਰੈਸ਼ਰ ਆਦਿ ਵਿਚ ਲਸਣ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ | ਅੱਜਕਲ੍ਹ ਸਭ ਤਰ੍ਹਾਂ ਦੀਆਂ ਇਲਾਜ ਪ੍ਰਣਾਲੀਆਂ ਵਿਚ ਇਸ ਦੀ ਵਰਤੋਂ ਹੋ ਰਹੀ ਹੈ | ਇਹ ਜ਼ਿਆਦਾ ਐਂਟੀ-ਆਕਸੀਡੈਂਟ ਬਣਾਉਂਦਾ ਹੈ | ਲਸਣ ਦੀ ਲਗਾਤਾਰ ਵਰਤੋਂ ਨਾਲ ਟੀ.ਬੀ. ਨਾਮੀ ਰੋਗ ਨਹੀਂ ਹੁੰਦਾ | ਲਸਣ ਵਿਚ ਭਰਪੂਰ ਕੀਟਾਣੂਨਾਸ਼ਕ ਗੁਣ ਹੁੰਦੇ ਹਨ, ਜਿਸ ਨਾਲ ਇਮਿਊਨਟੀ ਸਿਸਟਮ ਮਜ਼ਬੂਤ ਹੋ ਕੇ ਬਿਮਾਰੀਆਂ ਦਾ ਸੌਖਿਆਂ ਹੀ ਮੁਕਾਬਲਾ ਕਰ ਸਕਦਾ ਹੈ | ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਅਤੇ ਕੈਂਸਰ ਵਰਗੇ ਗੰਭੀਰ ਰੋਗ ਵੀ ਦੂਰ ਰਹਿੰਦੇ ਹਨ |
ਪਾਲਕ ਵਿਚ ਹਨ ਬੜੇ ਗੁਣ : ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਪਾਲਕ ਦਾ ਨਾਂਅ ਸਭ ਤੋਂ ਉੱਪਰ ਆਉਂਦਾ ਹੈ | ਇਸ ਪੱਤੇਦਾਰ ਸਬਜ਼ੀ ਵਿਚ ਪੋਸ਼ਕ ਤੱਤ ਭਰੇ ਪਏ ਹਨ | ਪਾਲਕ ਵਿਚ ਮੌਜੂਦ ਵਿਟਾਮਿਨ 'ਬੀ' ਦਿਲ ਲਈ ਫ਼ਾਇਦੇਮੰਦ ਹੁੰਦਾ ਹੈ | ਪਾਲਕ ਵਿਚ ਵਿਟਾਮਿਨ 'ਏ' ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਅੱਖਾਂ ਲਈ ਫ਼ਾਇਦੇਮੰਦ ਹੈ | ਇਹ ਐਂਟੀ-ਆਕਸੀਡੈਂਟ ਤਾਂ ਹੀ ਹੈ, ਇਸ ਵਿਚ ਆਇਰਨ ਅਤੇ ਵਿਟਾਮਿਨ 'ਸੀ' ਦੀ ਮਾਤਰਾ ਵੀ ਪਾਈ ਜਾਂਦੀ ਹੈ |
ਰੋਗ-ਪ੍ਰਤੀਰੋਧੀ ਤਾਕਤ ਨੂੰ  ਵਧਾਉਣ ਵਾਲਾ ਮਸ਼ਰੂਮ : ਮਸ਼ਰੂਮ ਸਾਡੇ ਸਰੀਰ ਵਿਚ ਸਫੇਦ ਖੂਨ ਕਣਾਂ ਨੂੰ  ਸਰਗਰਮ ਕਰਦਾ ਹੈ | ਇਸ ਵਿਚ ਵਿਟਾਮਿਨ 'ਬੀ', ਐਂਟੀ ਆਕਸੀਡੈਂਟ ਤੱਤ, ਸੈਲੇਨੀਅਮ, ਮਿਰਨਲ ਵੀ ਪਾਏ ਜਾਂਦੇ ਹਨ | ਇਸ ਲਈ ਇਸ ਵਿਚ ਐਂਟੀ ਵਾਇਰਲ, ਐਂਟੀ ਬੈਕੀਟੀਰੀਅਲ ਤੱਤ ਪਾਏ ਜਾਂਦੇ ਹਨ | ਮਸ਼ਰੂਮ ਦੀ ਲਗਾਤਾਰ ਵਰਤੋਂ ਇਮਿਊਨ ਸਿਸਟਮ ਨੂੰ  ਮਜ਼ਬੂਤ ਕਰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕਬਜ਼ ਤੇ ਅੰਤੜੀ ਸੋਜ਼ ਕਿਉਂ ਤੇ ਇਲਾਜ ਅਗਲੀ ਖ਼ਬਰ ਸਿਹਤ ਲਈ ਲਾਹੇਵੰਦ ਹੈ 'ਬਲੈਕ ਕੌਫ਼ੀ'
Ad Position 24