29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਅਰਾਵਲੀ ਹੀ ਨਹੀਂ, ਹੋਰ ਪਹਾੜ ਵੀ ਬਚਾਉਣ ਦੀ ਲੋੜ

Ad Position 21
No active advertisement
ਅਜੀਤ ਡੈਸਕ 03-01-2026

ਭਾਰਤ ਕੁਦਰਤੀ ਸਰੋਤਾਂ 'ਚ ਇੰਨਾ ਅਮੀਰ ਤੇ ਸੁੰਦਰ ਹੈ ਕਿ ਦੁਨੀਆ ਦੇ ਬਹੁਤੇ ਦੇਸ਼ ਇਸੇ ਕਾਰਨ ਸਾਡੇ ਨਾਲ ਈਰਖਾ ਕਰਦੇ ਹਨ ਅਤੇ ਸਰਾਪ ਦਿੰਦੇ ਹਨ ਕਿ ਕੁਦਰਤ ਭਾਰਤ ਦਾ ਸਭ ਕੁਝ ਤਬਾਹ ਕਰ ਦੇਵੇ।
ਪੈਸੇ ਦੀ ਭੁੱਖ ਤੇ ਲਾਲਚ
ਇਨ੍ਹਾਂ ਦੋਹਾਂ ਦਾ ਬੜਾ ਗੂੜ੍ਹਾ ਸੰਬੰਧ ਹੈ, ਇਹ ਦੋਵੇਂ ਇਕੱਠੇ ਹੋ ਕੇ ਸਾਡੀ ਬੁੱਧੀ ਨੂੰ ਇਸ ਤਰ੍ਹਾਂ ਭ੍ਰਿਸ਼ਟ ਕਰਦੇ ਹਨ ਕਿ ਸਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਆਪਣੇ ਪੈਰੀਂ ਖ਼ੁਦ ਕੁਹਾੜਾ ਮਾਰ ਰਹੇ ਹਾਂ। ਭਾਰਤ ਦੇ ਉੱਤਰ ਵਿਚ ਜੇਕਰ ਹਿਮਾਲਿਆ ਨਾ ਹੁੰਦਾ ਤਾਂ ਕੀ ਹੁੰਦਾ, ਇਸ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਵਿੰਧਿਆਚਲ, ਸਤਪੁੜਾ, ਪੂਰਬੀ ਤੇ ਪੱਛਮੀ ਘਾਟ ਦੇ ਪਹਾੜ ਅਤੇ ਸਭ ਤੋਂ ਪੁਰਾਣੇ ਅਰਾਵਲੀ ਪਹਾੜ ਦੀਆਂ ਲੜੀਆਂ ਨੇ ਸਿਰਫ਼ ਦੇਸ਼ ਦੀ ਰੱਖਿਆ ਹੀ ਨਹੀਂ ਕੀਤੀ, ਸਗੋਂ ਬੇਅੰਤ ਦੌਲਤ ਇਕੱਠੀ ਕਰਨ ਦਾ ਸਾਧਨ ਵੀ ਬਣੇ ਹਨ। ਜਦੋਂ ਲਾਲਚ ਦੀ ਕੋਈ ਹੱਦ ਨਾ ਰਹੇ ਅਤੇ ਪੈਸਾ ਕਮਾਉਣ 'ਤੇ ਕੋਈ ਰੋਕ ਨਾ ਹੋਵੇ ਤਾਂ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਤੇ ਲੁੱਟ ਸ਼ੁਰੂ ਹੋ ਜਾਂਦੀ ਹੈ, ਜਿਸ ਦਾ ਨਤੀਜਾ ਪ੍ਰਦੂਸ਼ਣ, ਸੋਕਾ, ਬਹੁਤ ਜ਼ਿਆਦਾ ਬਾਰਿਸ਼ ਕਾਰਨ ਹੜ੍ਹ ਵਰਗੀਆਂ ਆਫ਼ਤਾਂ ਦੇ ਰੂਪ 'ਚ ਨਿਕਲਦਾ ਹੈ। ਮਾਣਯੋਗ ਸੁਪਰੀਮ ਕੋਰਟ ਵਲੋਂ ਆਪਣੇ ਹੀ ਫ਼ੈਸਲੇ ਨੂੰ ਵਾਪਸ ਲੈਣਾ ਕੋਈ ਆਮ ਗੱਲ ਨਹੀਂ ਹੈ, ਕਿਉਂਕਿ ਇਸ ਨਾਲ ਖੋਖਲੇ ਹੋ ਰਹੇ ਪਹਾੜ ਤੇ ਉਨ੍ਹਾਂ ਦੀ ਗੋਦ ਵਿਚ ਪਲ ਰਹੇ ਅਣਗਿਣਤ ਜੀਵ-ਜੰਤੂਆਂ ਨੇ ਰਾਹਤ ਦਾ ਸਾਹ ਲਿਆ ਹੋਵੇਗਾ, ਨਹੀਂ ਤਾਂ ਉਨ੍ਹਾਂ ਦਾ ਅੰਤ ਨਿਸਚਿਤ ਸੀ। ਇਸ ਨੂੰ ਪਿਛਲੇ ਸਾਲ ਦਾ ਸਭ ਤੋਂ ਵੱਡਾ ਤੋਹਫ਼ਾ ਮੰਨਿਆ ਜਾਣਾ ਚਾਹੀਦਾ ਹੈ। ਆਮ ਵਿਅਕਤੀ ਲਈ ਇੰਨਾ ਸਮਝਣਾ ਕਾਫ਼ੀ ਹੈ ਕਿ ਐਨ.ਸੀ.ਆਰ. ਵਿਚ ਸਾਲ ਭਰ ਰਹਿਣ ਵਾਲੇ ਹਵਾ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਇਹੀ ਹੈ, ਕਿਉਂਕਿ ਪਹਾੜੀਆਂ ਕੱਟਣ ਨਾਲ ਮਿੱਟੀ ਤੇ ਧੂੜ ਦੇ ਉੱਠਦੇ ਬੱਦਲਾਂ ਕਾਰਨ ਅਸਮਾਨ ਦੇ ਢਕੇ ਜਾਣ ਨਾਲ ਹੇਠਾਂ ਜ਼ਮੀਨ 'ਤੇ ਸਾਹ ਲੈਣ ਯੋਗ ਤਾਜ਼ੀ ਹਵਾ ਦੀ ਮਾਤਰਾ ਘੱਟ ਜਾਂਦੀ ਹੈ। ਇਹ ਸੋਚ ਕੇ ਕੰਬਣੀ ਛਿੜ ਜਾਂਦੀ ਹੈ ਕਿ ਖਣਨ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਕੀ ਹੁੰਦੀ ਹੋਵੇਗੀ? ਟਰੱਕਾਂ ਤੋਂ ਨਿਕਲਦਾ ਜ਼ਹਿਰੀਲਾ ਧੂੰਆਂ ਤੇ ਧੂੜ ਭਰੇ ਕਣ ਅਜਿਹੀ ਤਬਾਹੀ ਮਚਾਉਂਦੇ ਹਨ ਕਿ ਮੌਤ ਕਦੋਂ ਬਿਨਾਂ ਬੁਲਾਏ ਜਾਂ ਛੋਟੀ ਉਮਰ 'ਚ ਆ ਜਾਵੇ, ਕੋਈ ਨਹੀਂ ਜਾਣਦਾ। ਇਸ ਦੀ ਤੁਲਨਾ ਅਕਸਰ ਸਿਗਰਟਾਂ ਪੀਣ ਨਾਲ ਨਿਕਲਦੇ ਧੂੰਏਂ ਨਾਲ ਕੀਤੀ ਜਾਂਦੀ ਹੈ, ਪਰ ਸੱਚਾਈ ਇਹ ਹੈ ਕਿ ਸਥਿਤੀ ਉਸ ਤੋਂ ਵੀ ਭਿਆਨਕ ਹੈ। ਵਾਤਾਵਰਨ ਪ੍ਰੇਮੀਆਂ, ਭੂ-ਵਿਗਿਆਨੀਆਂ ਤੇ ਹੋਰ ਪੀੜਤਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈ ਤੇ ਢੁਕਵੇਂ ਉਪਾਅ ਕਰਦਿਆਂ ਜੇਕਰ ਕੁਝ ਠੇਕੇਦਾਰਾਂ ਤੇ ਪੂੰਜੀਪਤੀਆਂ ਦੇ ਲਾਲਚ 'ਤੇ ਸਖ਼ਤ ਪਾਬੰਦੀਆਂ ਨਾ ਲਗਾਈਆਂ ਗਈਆਂ ਤਾਂ ਇਹ ਤਬਾਹੀ ਜਾਰੀ ਰਹੇਗੀ।
ਵਿਨਾਸ਼ ਦੀ ਕਹਾਣੀ
ਪਹਾੜੀਆਂ ਦੀ ਇਹ ਕਟਾਈ ਥਾਰ ਮਾਰੂਥਲ ਤੱਕ ਪਹੁੰਚ ਨੂੰ ਆਸਾਨ ਬਣਾਉਂਦੀ ਹੈ। ਮਾਹਰਾਂ ਅਨੁਸਾਰ ਉੱਤਰ ਤੋਂ ਬੇਰੋਕ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਪ੍ਰਦੂਸ਼ਣ ਤੇ ਸਰਦੀਆਂ ਮਿਲ ਕੇ ਇਨ੍ਹਾਂ ਖੇਤਰਾਂ 'ਚ ਇਕ ਅਜਿਹਾ ਦ੍ਰਿਸ਼ ਪੈਦਾ ਕਰਦੀਆਂ ਹਨ, ਜੋ ਉਨ੍ਹਾਂ ਆਪਣੇ ਜੀਵਨ ਕਾਲ 'ਚ ਕਦੇ ਨਹੀਂ ਦੇਖਿਆ। ਜ਼ਿਕਰਯੋਗ ਹੈ ਕਿ ਅਰਾਵਲੀ ਪਰਬਤਮਾਲਾ ਉੱਤਰ-ਪੱਛਮੀ ਭਾਰਤ ਦੇ ਵਾਤਾਵਰਨ ਦੀ ਰੀੜ੍ਹ ਦੀ ਹੱਡੀ ਵਾਂਗ ਹੈ, ਇਹ ਸਿਰਫ਼ ਭਾਰਤ 'ਚ ਹੀ ਨਹੀਂ ਸਗੋਂ ਦੁਨੀਆ 'ਚ ਸਭ ਤੋਂ ਪੁਰਾਣੀਆਂ ਪਹਾੜੀਆਂ 'ਚੋਂ ਇਕ ਹੈ। ਅਰਾਵਲੀ ਪਰਬਤਮਾਲਾ ਦਿੱਲੀ, ਹਰਿਆਣਾ, ਰਾਜਸਥਾਨ ਤੇ ਗੁਜਰਾਤ ਦੇ ਵੱਡੇ ਖੇਤਰਾਂ ਨੂੰ ਘੇਰਦੀ ਹੈ, ਜੋ ਕਈ ਨਦੀਆਂ, ਜੰਗਲੀ ਜੀਵਾਂ, ਰੱਖਾਂ, ਜੈਵ ਵਿਭਿੰਨਤਾ ਤੇ ਭੂਮੀਗਤ ਪਾਣੀ ਨੂੰ ਰੀਚਾਰਜ ਕਰਨ ਦੀ ਕੁਦਰਤੀ ਯੋਗਤਾ ਦਾ ਘਰ ਹੈ। ਇਹ ਲਗਾਤਾਰ ਵਧ ਰਹੇ ਮਾਰੂਥਲ ਦੇ ਵਿਰੁੱਧ ਇਕ ਅਭੇਦ ਕੰਧ ਵਾਂਗ ਖੜ੍ਹੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ 1,600 ਕਿਲੋਮੀਟਰ ਲੰਬਾ ਗ੍ਰੀਨ ਕੋਰੀਡੋਰ ਪ੍ਰੋਜੈਕਟ 'ਗ੍ਰੇਟ ਗ੍ਰੀਨ ਵਾਲ ਆਫ਼ ਅਰਾਵਲੀ' ਬਣਾਇਆ ਗਿਆ ਤੇ ਇੱਥੇ 135 ਕਰੋੜ ਰੁੱਖ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਖੇਤਰ ਰਾਜਪੂਤ ਮਾਣ ਤੇ ਸ਼ਾਨ ਦਾ ਪ੍ਰਤੀਕ ਹੈ; ਮੰਦਰ ਤੇ ਕਿਲ੍ਹੇ ਇਸ ਦੀ ਖਾਸੀਅਤ ਅਤੇ ਸੰਗਮਰਮਰ, ਜ਼ਿੰਕ ਤੇ ਤਾਂਬਾ ਵਰਗੇ ਖਣਿਜ ਇਸ ਦੀ ਪਛਾਣ ਹਨ। ਇਹ ਠੀਕ ਹੈ ਕਿ ਆਧੁਨਿਕ ਭਾਰਤ ਲਈ ਟਰਾਂਸਪੋਰਟ ਦੇ ਸਾਧਨਾਂ ਦੀ ਆਵਾਜਾਈ ਲਈ ਸੜਕਾਂ ਦਾ ਨਿਰਮਾਣ ਜ਼ਰੂਰੀ ਹੈ, ਪਰ ਸਵਾਲ ਇਹ ਹੈ ਕਿ, ਕੀ ਇਸ ਲਈ ਜੰਗਲਾਂ ਦੀ ਕਟਾਈ ਜਾਇਜ਼ ਹੈ? ਕੀ ਰੁੱਖਾਂ ਦੀ ਕਟਾਈ ਇਸ ਲਈ ਠੀਕ ਹੈ, ਕਿਉਂਕਿ ਸਾਨੂੰ ਘਰ ਬਣਾਉਣ ਲਈ ਜ਼ਮੀਨ ਤੇ ਸਜਾਵਟ ਲਈ ਲੱਕੜ ਦੀ ਲੋੜ ਹੈ? ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ 'ਚ ਹੁਣ ਪਹਿਲਾਂ ਵਰਗੀਆਂ ਵਾਤਾਵਰਣਿਕ ਸਥਿਤੀਆਂ ਨਹੀਂ ਰਹੀਆਂ; ਉੱਤਰ-ਪੂਰਬੀ ਭਾਰਤ ਦੇ ਸੂਬੇ ਆਪਣੀ ਕੁਦਰਤੀ ਸੁੰਦਰਤਾ ਤੇ ਸਰੋਤਾਂ ਨੂੰ ਗੁਆਉਂਦੇ ਜਾ ਰਹੇ ਹਨ। ਹੁਣ ਬਰਫ਼ਬਾਰੀ, ਬਾਰਿਸ਼ ਤੇ ਦਰਿਆਈ ਪਾਣੀ ਦਾ ਵਧਣਾ ਤੇ ਘਟਣਾ ਕੁਦਰਤੀ ਨਹੀਂ ਰਿਹਾ, ਇੰਝ ਲੱਗਦਾ ਹੈ ਕਿ ਬੇਮੌਸਮੀ ਬਾਰਿਸ਼ ਤੇ ਬਰਫ਼ਬਾਰੀ ਜਿਵੇਂ ਸਾਡੇ ਕੁਦਰਤ ਨਾਲ ਕੀਤੇ ਖਿਲਵਾੜ ਦਾ ਬਦਲਾ ਲੈ ਕੇ ਇਨਸਾਨ ਨੂੰ ਉਸ ਦੀ ਔਕਾਤ ਦਿਖਾ ਰਹੀਆਂ ਹੋਣ। ਪਿਛਲੇ ਸਾਲਾਂ 'ਚ ਬੱਦਲ ਫਟਣ ਤੇ ਜ਼ਮੀਨ ਖਿਸਕਣ ਜਿਹੀਆਂ ਵਾਪਰੀਆਂ ਘਟਨਾਵਾਂ ਅਣਹੋਣੀਆਂ ਨਹੀਂ, ਸਗੋਂ ਜਲ, ਜੰਗਲ ਤੇ ਜ਼ਮੀਨ ਨੂੰ ਹੜੱਪਣ ਦੀ ਸਾਜਿਸ਼ ਦਾ ਨਤੀਜਾ ਹਨ।
ਲੋੜ ਤੇ ਲਾਲਚ ਵਿਚ ਅੰਤਰ
ਜਦੋਂ ਅਸੀਂ ਆਪਣੀਆਂ ਨਦੀਆਂ ਦੇ ਪ੍ਰਦੂਸ਼ਿਤ ਹੋਣ ਬਾਰੇ ਚਿੰਤਤ ਹੁੰਦੇ ਹਾਂ ਤਾਂ ਸਰਕਾਰ ਉਨ੍ਹਾਂ ਨੂੰ ਸਾਫ਼ ਕਰਨ ਲਈ ਸੈਂਕੜੇ ਕਰੋੜ ਰੁਪਏ ਖਰਚ ਕਰ ਦਿੰਦੀ ਹੈ, ਪਰ ਉਹ ਫਿਰ ਵੀ ਸਾਫ਼ ਨਹੀਂ ਰਹਿੰਦੀਆਂ। ਸਿੱਧੀ ਗੱਲ ਇਹ ਹੈ ਕਿ ਜਿੰਨਾ ਚਿਰ ਪਹਾੜਾਂ ਤੇ ਪਹਾੜੀਆਂ ਤੋਂ ਗੈਰ-ਕਾਨੂੰਨੀ ਖਣਨ (ਮਾਈਨਿੰਗ) ਜਾਰੀ ਰਹੇਗੀ ਤਾਂ ਨਦੀਆਂ ਵਿਚ ਮਿੱਟੀ ਇਕੱਠੀ ਹੁੰਦੀ ਰਹੇਗੀ ਅਤੇ ਹੜ੍ਹਾਂ ਦਾ ਕਹਿਰ ਨਹੀਂ ਰੁਕੇਗਾ। ਜਦੋਂ ਜ਼ਰੂਰਤ ਲਾਲਚ ਬਣ ਜਾਵੇ ਤਾਂ ਅਜਿਹਾ ਹੀ ਹੁੰਦਾ ਹੈ, ਕਿਉਂਕਿ ਕੁਦਰਤ ਨਾਲ ਖਿਲਵਾੜ ਕਰਕੇ ਉਠਾਇਆ ਲਾਭ ਲੰਬੇ ਸਮੇਂ ਵਿਚ ਪਛਤਾਵਾ ਬਣ ਜਾਂਦਾ ਹੈ। ਜਿਹੜੇ ਲੋਕ ਸੱਚਾਈ ਤੋਂ ਵਾਕਫ਼ ਹੋਣ ਦੇ ਬਾਵਜੂਦ ਸ਼ਹਿਰਾਂ ਦੀ ਉਸਾਰੀ ਤੇ ਉਦਯੋਗਿਕ ਵਿਕਾਸ ਲਈ ਪਹਾੜਾਂ ਤੇ ਜੰਗਲਾਂ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਹੋਵੇਗਾ ਕਿ ਜੇਕਰ ਸੰਤੁਲਨ ਬਣਾ ਕੇ ਟਿਕਾਊ ਵਿਕਾਸ ਦੇ ਅਭਿਆਸਾਂ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਸਿਰਫ਼ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਹੀ ਲਾਭ ਨਹੀਂ ਹੋਵੇਗਾ, ਸਗੋਂ ਰੁਜ਼ਗਾਰ ਵੀ ਵਧੇਗਾ। ਜੋ ਆਧੁਨਿਕ ਪੀੜ੍ਹੀ ਲਈ ਵਰਦਾਨ ਸਾਬਤ ਹੋਵੇਗਾ। ਇਸ ਲਈ ਸਿਰਫ਼ ਅਰਾਵਲੀ ਪਹਾੜਾਂ ਨੂੰ ਹੀ ਨਹੀਂ, ਸਗੋਂ ਦੇਸ਼ ਦੀਆਂ ਸਾਰੀਆਂ ਪਹਾੜੀ ਸ਼੍ਰੇਣੀਆਂ ਨੂੰ ਬਚਾਉਣ ਲਈ ਇਕ ਮੁਹਿੰਮ ਚਲਾਉਣੀ ਚਾਹੀਦੀ ਹੈ। ਜੇਕਰ ਕੋਈ ਇਸ ਦਾ ਵਿਰੋਧ ਕਰੇ ਤਾਂ ਉਨ੍ਹਾਂ ਦੇ ਸਾਹਮਣੇ ਇਕ ਮਨੁੱਖੀ ਪਿੰਜਰ ਰੱਖੋ ਅਤੇ ਕਹੋ ਕਿ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਦਾ ਜੀਵਨ ਇਸੇ ਤਰ੍ਹਾਂ ਦਾ ਹੋ ਸਕਦਾ ਹੈ। ਅਜਿਹਾ ਨਹੀਂ ਹੈ ਕਿ ਪਹਾੜਾਂ ਤੇ ਜੰਗਲਾਂ ਨੂੰ ਲੋੜ ਅਨੁਸਾਰ ਕੱਟਣ, ਵੱਢਣ ਲਈ ਨੀਤੀਆਂ ਜਾਂ ਕਾਨੂੰਨ ਨਹੀਂ ਹਨ; ਇਹ ਸਭ ਮੌਜੂਦ ਹਨ, ਪਰ ਇਹ ਸਿਰਫ਼ ਸਜਾਵਟੀ ਤੇ ਬੰਦ ਕਿਤਾਬ ਦੇ ਪੰਨਿਆਂ ਵਿਚ ਕੈਦ ਹਨ। ਜਿਹੜੇ ਖੇਤਰ ਰੁੱਖਾਂ ਤੇ ਉਨ੍ਹਾਂ 'ਤੇ ਚਹਿਕਦੇ ਪੰਛੀਆਂ ਦੀਆਂ ਆਵਾਜ਼ਾਂ ਨਾਲ ਗੂੰਜਿਆ ਕਰਦੇ ਸਨ, ਅੱਜ ਉੱਥੇ ਸਿਰਫ਼ ਸਫਾਚੱਟ ਮੈਦਾਨ ਹਨ। ਕੁਦਰਤ ਦੇ ਇਸ ਕਤਲ ਲਈ ਕੌਣ ਜ਼ਿੰਮੇਵਾਰ ਹੈ? ਕੀ ਉਨ੍ਹਾਂ ਨੂੰ ਸਜ਼ਾ ਦੇਣ ਲਈ ਕੋਈ ਕਾਨੂੰਨ ਹੈ, ਘੱਟੋ-ਘੱਟ ਅਜੇ ਤੱਕ ਤਾਂ ਨਹੀਂ? ਅਰਾਵਲੀ ਪਹਾੜੀਆਂ ਦੇ ਵਿਚੋਂ ਲੰਘਣਾ ਕਦੇ ਬਹੁਤ ਰਾਹਤ ਤੇ ਸ਼ਾਂਤੀ ਭਰਿਆ ਹੁੰਦਾ ਸੀ, ਪਰ ਹੁਣ ਬਿਨਾਂ ਕਿਸੇ ਰੁਕਾਵਟ ਦੇ ਖੁੱਲ੍ਹੇ ਅਸਮਾਨ ਤੋਂ ਸੂਰਜ ਦੀਆਂ ਸਿੱਧੀਆਂ ਕਿਰਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਮੀਂਹ ਪੈ ਜਾਂਦਾ ਹੈ ਤਾਂ ਚਿੱਕੜ ਤੇ ਦਲਦਲ ਜਿਹਾ ਮਾਹੌਲ ਬਣ ਜਾਂਦਾ ਹੈ। ਜ਼ਰਾ ਸੋਚੋ, ਜੇਕਰ ਇਹ ਵਰਤਮਾਨ ਹੈ ਤਾਂ ਆਉਣ ਵਾਲਾ ਕੱਲ੍ਹ ਕਿਹੋ ਜਿਹਾ ਹੋਵੇਗਾ?

ਈ-ਮੇਲ : pooranchandsarin@gmail.com

Ad Position 22
No active advertisement
ਪਿਛਲੀ ਖ਼ਬਰ ਡੰਕੀ ਰੂਟ ਪਿੱਛੋਂ ਹੁਣ ਮਨੁੱਖੀ ਤਸਕਰੀ ਦਾ ਇਕ ਹੋਰ ਧੰਦਾ ਅਗਲੀ ਖ਼ਬਰ ਲਾਵਾਰਸ ਕੁੱਤਿਆਂ ਸੰਬੰਧੀ ਸਖ਼ਤ ਨਿਰਦੇਸ਼
Ad Position 24