ਵਿਦੇਸ਼ ਜਾ ਵਸਣ ਦੀ ਇੱਛਾ ਪੰਜਾਬੀਆਂ ਦੀ ਕਮਜ਼ੋਰੀ ਬਣ ਚੁੱਕੀ ਹੈ, ਜਿਸ ਦਾ ਫਾਇਦਾ ਉਠਾਉਂਦਿਆਂ ਪੰਜਾਬ ਸਮੇਤ ਮੁੰਬਈ, ਬੈਂਗਲੁਰੂ, ਦਿੱਲੀ ਤੇ ਹਰਿਆਣਾ ਦੇ ਟਰੈਵਲ ਏਜੰਟ ਨੌਜਵਾਨਾਂ ਨੂੰ ਝੂਠੇ ਸੁਪਨੇ ਵੇਚ ਰਹੇ ਹਨ। ਕੌਮਾਂਤਰੀ ਮਾਫ਼ੀਆ ਨੇ ਡੰਕੀ ਰੂਟ ਦੇ ਬਾਅਦ ਹੁਣ ਮਨੁੱਖੀ ਤਸਕਰੀ ਦਾ ਨਵਾਂ ਢੰਗ ਲੱਭ ਲਿਆ ਹੈ। ਨੌਜਵਾਨਾਂ ਨੂੰ ਛੋਟੇ ਦੇਸ਼ਾਂ- ਥਾਈਲੈਂਡ, ਕੰਬੋਡੀਆ, ਮਿਆਂਮਾਰ ਆਦਿ 'ਚ 80 ਹਜ਼ਾਰ ਤੋਂ ਲੈ ਕੇ ਲੱਖ ਰੁਪਏ ਤੱਕ ਦੀ ਤਨਖ਼ਾਹ ਤੋਂ ਇਲਾਵਾ ਉੱਥੋਂ ਅੱਗੇ ਵੱਡੇ ਮੁਲਕਾਂ ਨੂੰ ਭੇਜਣ ਦਾ ਲਾਲਚ ਦਿੱਤਾ ਜਾਂਦਾ ਹੈ। ਇਸ ਲਈ 50-60 ਲੱਖ ਰੁਪਏ ਖ਼ਰਚ ਕਰਨ ਦੀ ਲੋੜ ਨਾ ਹੋਣ ਕਰਕੇ ਨੌਜਵਾਨ ਆਸਾਨੀ ਨਾਲ ਠੱਗਾਂ ਦੇ ਜਾਲ ਵਿਚ ਫਸਦੇ ਜਾ ਰਹੇ ਹਨ। ਪਰ ਅਜਿਹੇ ਨੌਜਵਾਨਾਂ ਦੇ ਛੋਟੇ ਦੇਸ਼ਾਂ 'ਚ ਕਮਾਈ ਕਰਨ ਜਾਂ ਵਿਦੇਸ਼ਾਂ ਦੀ ਉਡਾਨ ਭਰਨ ਦੇ ਸੁਪਨੇ ਉਦੋਂ ਟੁੱਟ ਜਾਂਦੇ ਹਨ, ਜਦੋਂ ਉਨ੍ਹਾਂ ਨੂੰ ਜੰਗਲਾਂ 'ਚ ਬਣੇ ਵੇਅਰਹਾਊਸ ਵਿਚ ਕੈਦ ਕਰਕੇ ਉਨ੍ਹਾਂ ਤੋਂ ਜਬਰੀ ਸਾਈਬਰ ਠੱਗੀ ਕਰਵਾਈ ਜਾਂਦੀ ਹੈ। ਦਰਅਸਲ ਅਮਰੀਕਾ ਵਲੋਂ ਵੀਜ਼ਾ ਨਿਯਮ ਸਖ਼ਤ ਕਰਨ ਤੋਂ ਬਾਅਦ ਪੰਜਾਬੀਆਂ ਨੇ ਇਧਰ ਨੂੰ ਮੁਹਾਰਾਂ ਮੋੜ ਲਈਆਂ ਹਨ।
ਪੰਜਾਬ ਤੋਂ ਥਾਈਲੈਂਡ ਟੂਰਿਸਟ ਵੀਜ਼ਾ 'ਤੇ ਗਏ ਕਰੀਬ 370 ਲੋਕ ਭੇਦਭਰੇ ਹਾਲਤ 'ਚ ਗਾਇਬ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਥਾਈਲੈਂਡ ਸਰਕਾਰ ਤੇ ਬੈਂਕਾਕ ਸਥਿਤ ਭਾਰਤੀ ਰਾਜਦੂਤ ਨੇ ਇਨ੍ਹਾਂ ਲੋਕਾਂ ਦੇ ਨਾਂਅ ਪਤੇ ਭਾਰਤ ਨੂੰ ਭੇਜੇ ਹਨ, ਕਿਉਂਕਿ ਇਹ ਵੀਜ਼ਾ ਖ਼ਤਮ ਹੋਣ ਦੇ ਬਾਅਦ ਵਾਪਸ ਭਾਰਤ ਨਹੀਂ ਪਰਤੇ ਹਨ। ਇਹ ਮਾਮਲਾ ਨਵੰਬਰ 'ਚ ਥਾਈਲੈਂਡ ਦੀ ਸੈਨਾ ਵਲੋਂ ਜੰਗਲਾਂ 'ਚ ਚੱਲ ਰਹੇ ਇਕ ਗ਼ੈਰਕਾਨੂੰਨੀ ਮਾਫ਼ੀਆ ਨੈੱਟਵਰਕ ਦਾ ਪਤਾ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਫ਼ੌਜੀ ਕੈਂਪ ਪਹੁੰਚੇ 36 ਭਾਰਤੀ ਲੜਕੇ-ਲੜਕੀਆਂ ਨੇ ਉਨ੍ਹਾਂ ਨੂੰ ਆਪਣੀ ਹੱਡ ਬੀਤੀ ਸੁਣਾਈ, ਜਿਸ ਨੂੰ ਸੁਣ ਕੇ ਥਾਈਲੈਂਡ ਪ੍ਰਸ਼ਾਸਨ ਹੈਰਾਨ ਰਹਿ ਗਿਆ। ਇਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਥਾਈਲੈਂਡ ਦੀਆਂ ਏਜੰਸੀਆਂ ਨੂੰ ਸ਼ੱਕ ਹੈ ਕਿ ਹੋਰ ਲਾਪਤਾ ਭਾਰਤੀ ਸਾਈਬਰ ਗੁਲਾਮੀ ਦਾ ਸ਼ਿਕਾਰ ਹੋ ਸਕਦੇ ਹਨ, ਇਨ੍ਹਾਂ ਦਾ ਪੂਰਾ ਡਾਟਾ ਭਾਰਤ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਕੇਂਦਰ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੂੰ ਦੇ ਦਿੱਤੀ ਹੈ, ਹੁਣ ਸੂਬੇ ਦੇ ਸਾਈਬਰ ਕ੍ਰਾਈਮ ਨਾਲ ਨਜਿੱਠਣ ਵਾਲੇ ਵਿਭਾਗ ਦੀਆਂ ਟੀਮਾਂ ਲਾਪਤਾ ਨੌਜਵਾਨਾਂ ਦੇ ਘਰੋਂ-ਘਰੀ ਜਾ ਕੇ ਪੁੱਛ ਪੜਤਾਲ ਕਰ ਰਹੀਆਂ ਹਨ ਕਿ ਕੌਣ ਕਦੋਂ ਗਿਆ ਸੀ, ਕਿਸ ਦੇ ਸੰਪਰਕ 'ਚ ਹੈ ਅਤੇ ਹੁਣ ਕਿੱਥੇ ਕੰਮਕਾਰ ਕਰ ਰਿਹਾ ਹੈ?
ਪ੍ਰਾਪਤ ਅੰਕੜਿਆਂ ਅਨੁਸਾਰ 6 ਨਵੰਬਰ ਤੋਂ 19 ਨਵੰਬਰ ਤੱਕ 11 ਲੜਕੀਆਂ ਸਮੇਤ ਕੁੱਲ 36 ਨੌਜਵਾਨ ਵੱਖ-ਵੱਖ ਤਰੀਕਾਂ ਨੂੰ ਵਾਪਸ ਆ ਗਏ ਹਨ। ਇਕ ਰਿਪੋਰਟ ਅਨੁਸਾਰ ਜੋ ਵੀ ਨੌਜਵਾਨ ਮਿਆਂਮਾਰ 'ਸਕੈਮ ਪੌਂਡ' ਅੰਦਰ ਦਾਖ਼ਲ ਹੁੰਦੇ ਸਨ, ਠੱਗ ਉਨ੍ਹਾਂ ਦੇ ਪਾਸਪੋਰਟ ਖੋਹ ਕੇ ਬੰਧਕ ਬਣਾ ਲੈਂਦੇ ਸਨ। ਜਿਹੜੇ ਨੌਜਵਾਨ ਆਪਣੇ ਦੇਸ਼ ਵਾਪਸ ਪਰਤਣਾ ਚਾਹੁੰਦੇ ਹਨ, ਉਨ੍ਹਾਂ ਤੋਂ 10 ਲੱਖ ਰੁਪਏ ਮੰਗੇ ਜਾਂਦੇ ਹਨ। ਮਿਆਂਮਾਰ ਦੇ ਉਕਤ ਸਕੈਮ ਪੌਂਡ ਵਿਚ ਅਕਸਰ ਨੌਜਵਾਨਾਂ ਨੂੰ ਸਾਈਬਰ ਠੱਗੀ ਕਰਨ ਲਈ ਮਜਬੂਰ ਕਰਦਿਆਂ ਉਨ੍ਹਾਂ ਨੂੰ ਅਮਰੀਕਾ, ਆਸਟਰੇਲੀਆ ਤੇ ਭਾਰਤ ਦੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਦਾ ਟੀਚਾ ਦਿੱਤਾ ਜਾਂਦਾ ਹੈ। ਇਨ੍ਹਾਂ ਵਲੋਂ ਲੋਕਾਂ ਨੂੰ ਅਕਸਰ ਗੂਗਲ ਰਾਹੀਂ ਲੜਕੀਆਂ ਦੀ ਆਵਾਜ਼ ਕੱਢ ਕੇ ਫਸਾਇਆ ਜਾਂਦਾ ਹੈ। ਹੁਣ ਕੈਨੇਡਾ, ਅਮਰੀਕਾ, ਆਸਟਰੇਲੀਆ ਦੀ ਬਜਾਏ ਥਾਈਲੈਂਡ, ਕੰਬੋਡੀਆ ਤੇ ਮਿਆਂਮਾਰ ਦੇ ਰੂਟ ਵਰਤੇ ਜਾ ਰਹੇ ਹਨ। ਟਰੈਵਲ ਏਜੰਟ ਨੌਜਵਾਨਾਂ ਨੂੰ ਸੁਪਰਵਾਈਜ਼ਰ ਦੀ ਨੌਕਰੀ ਦਾ ਝਾਂਸਾ ਦੇ ਕੇ ਇਨ੍ਹਾਂ ਦੇਸ਼ਾਂ ਵਿਚ ਥੋੜ੍ਹਾ ਚਿਰ ਪੈਸਾ ਕਮਾਉਣ ਤੋਂ ਬਾਅਦ ਅੱਗੇ ਅਮਰੀਕਾ ਜਿਹੇ ਦੇਸ਼ਾਂ ਨੂੰ ਭੇਜਣ ਦਾ ਦਾਅਵਾ ਕਰਦੇ ਹਨ।
ਭਾਰਤ ਵਾਪਸ ਮੁੜ ਆਏ ਨੌਜਵਾਨਾਂ ਨੇ ਖ਼ੁਲਾਸਾ ਕੀਤਾ ਹੈ ਕਿ ਮੁੰਬਈ, ਬੈਂਗਲੁਰੂ ਤੇ ਹਰਿਆਣਾ ਦੇ ਏਜੰਟ ਉਨ੍ਹਾਂ ਨੂੰ ਚੰਗੀ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਫਸਾ ਰਹੇ ਹਨ। ਸਾਈਬਰ ਠੱਗ ਉਨ੍ਹਾਂ ਨੂੰ 80 ਹਜ਼ਾਰ ਤੋਂ ਲੈ ਕੇ ਇਕ ਲੱਖ ਤੱਕ ਤਨਖ਼ਾਹ ਦਿੰਦੇ ਹਨ, ਪਰ ਪਾਸਪੋਰਟ ਆਪਣੇ ਕਬਜ਼ੇ ਵਿਚ ਲੈ ਲੈਂਦੇ ਹਨ। ਜੇਕਰ ਉਹ ਉਨ੍ਹਾਂ ਦੀ ਮਰਜ਼ੀ ਦਾ ਕੰਮ ਕਰਨ ਤੋਂ ਆਨਾਕਾਨੀ ਕਰਦੇ ਹਨ ਤਾਂ ਕੁੱਟਮਾਰ ਕਰਨ ਤੋਂ ਇਲਾਵਾ ਖਾਣਾ ਵੀ ਨਹੀਂ ਦਿੱਤਾ ਜਾਂਦਾ। ਜ਼ਿਕਰਯੋਗ ਹੈ ਕਿ ਸਕੈਮ ਕੰਪੌਂਡ ਜਾਂ ਸਕੈਮ ਪੌਂਡ ਉਨ੍ਹਾਂ ਸੈਂਟਰਾਂ ਨੂੰ ਕਿਹਾ ਜਾਂਦਾ ਹੈ, ਜਿੱਥੋਂ ਅਕਸਰ ਆਨਲਾਈਨ ਧੋਖਾਧੜੀ, ਸਾਈਬਰ ਕ੍ਰਾਈਮ ਤੇ ਮਨੁੱਖੀ ਤਸਕਰੀ ਕਰਾਈ ਜਾਂਦੀ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਇਕ ਪੀੜਤ ਪੀ.ਸਿੰਘ ਨੂੰ ਟਰੈਵਲ ਏਜੰਟ ਨੇ ਦੁਬਈ ਭੇਜਣ ਦੀ ਬਜਾਏ ਥਾਈਲੈਂਡ ਭੇਜ ਦਿੱਤਾ, ਜਿੱਥੋਂ ਉਸ ਨੂੰ ਮਿਆਂਮਾਰ ਬਾਰਡਰ ਲਿਜਾ ਕੇ 7 ਮਹੀਨੇ ਬੰਧਕ ਬਣਾ ਕੇ ਰੱਖਿਆ ਗਿਆ ਪਰ ਉਹ ਭੱਜਣ ਵਿਚ ਸਫਲ ਹੋ ਗਿਆ। ਇਸੇ ਤਰ੍ਹਾਂ ਸੁਖਵੰਤ (21) ਦਾ ਤਜਰਬਾ ਬੇਹੱਦ ਦਰਦਨਾਕ ਰਿਹਾ, ਜਿਸ ਨੂੰ ਬੰਧਕ ਬਣਾਉਣ ਤੋਂ ਬਾਅਦ ਸਾਈਬਰ ਠੱਗੀ ਕਰਨ ਲਈ ਉਕਸਾਉਂਦਿਆਂ ਉਸ ਨਾਲ ਕੁੱਟਮਾਰ ਕੀਤੀ ਗਈ ਪਰ ਉਹ ਕਿਸੇ ਤਰ੍ਹਾਂ ਭੱਜ ਕੇ ਭਾਰਤ ਆਉਣ ਵਿਚ ਕਾਮਯਾਬ ਹੋ ਗਿਆ।
ਪਹਿਲਾਂ ਵਿਦੇਸ਼ ਜਾਣ ਵਾਲਿਆਂ ਨਾਲੋਂ ਹੁਣ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਨ੍ਹਾਂ ਮੁਸ਼ਕਿਲਾਂ ਲਈ ਕਿਸੇ ਹੱਦ ਤੱਕ ਅੱਜ ਦੀ ਮੁੰਡੀਰ ਵੀ ਜ਼ਿੰਮੇਵਾਰ ਹੈ, ਜਿਨ੍ਹਾਂ ਵਿਦੇਸ਼ ਵਸਦੇ ਪੰਜਾਬੀਆਂ ਅਤੇ ਨਵੇਂ ਪੱਕੇ ਹੋਣ ਵਾਲਿਆਂ ਲਈ ਵੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਨਵੀਂ ਨੌਜਵਾਨ ਪੀੜ੍ਹੀ ਡਾਲਰ ਕਮਾਉਣ ਤੇ ਵਧੀਆ ਜ਼ਿੰਦਗੀ ਦੀ ਤਾਂਘ 'ਚ ਮਾਂ-ਬਾਪ ਦੀ ਜ਼ਮੀਨ ਜਾਇਦਾਦ ਨੂੰ ਗਹਿਣੇ ਧਰ ਕੇ ਵਿਦੇਸ਼ਾਂ ਵੱਲ ਭੱਜ ਰਹੀ ਹੈ। ਵਿਦੇਸ਼ਾਂ 'ਚ ਪ੍ਰਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਉਹ ਤੇ ਉਨ੍ਹਾਂ ਦੇ ਮਾਪੇ ਅਨਜਾਣ ਹਨ। ਭਾਵੇਂ ਸਰਕਾਰਾਂ ਸਭ ਕੁਝ ਜਾਣਦੀਆਂ ਹਨ, ਫਿਰ ਵੀ ਟਰੈਵਲ ਏਜੰਟਾਂ ਦਾ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ ਅਤੇ ਨੌਜਵਾਨ ਉਨ੍ਹਾਂ ਦੇ ਚੁੰਗਲ ਵਿਚ ਫਸਦੇ ਜਾ ਰਹੇ ਹਾਂ। ਸਰਕਾਰਾਂ ਵਲੋਂ ਮਨੁੱਖੀ ਤਸਕਰੀ ਦੇ ਧੰਦੇ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਇਹ ਭਾਰਤ ਖਾਸ ਕਰਕੇ ਸਾਡੇ ਪੰਜਾਬ ਦੀ ਬਦਕਿਸਮਤੀ ਹੈ।
ਪਿੰਡ ਤੇ ਡਾਕਘਰ-ਉੜਾਪੜ,
ਜ਼ਿਲ੍ਹਾ-ਨਵਾਂਸ਼ਹਿਰ।
ਮੋਬਾਈਲ : 9814734035