29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

02-01-26

Ad Position 21
No active advertisement
ਅਜੀਤ ਡੈਸਕ 03-01-2026

 ਅੰਬਰ ਕਦੇ ਖਾਲੀ ਨ੍ਹੀਂ ਹੁੰਦੇ...
ਲੇਖਕ : ਹਰਪ੍ਰੀਤ ਸਿੰਘ ਚੰਨੂੰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 232
ਸੰਪਰਕ : 095308-07786

ਅਧਿਆਪਨ ਦੇ ਕਿੱਤੇ ਨਾਲ ਜੁੜੇ ਤੇ ਮਾਂ-ਬੋਲੀ ਪੰਜਾਬੀ ਨੂੰ ਪਰਨਾਏ ਲੇਖਕ ਦੀ ਇਸ ਹਥਲੀ ਪੁਸਤਕ ਦੀਆਂ 8 ਲੰਬੀਆਂ ਕਹਾਣੀਆਂ ਕਹਾਣੀ ਵਿਧਾ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰਦੀਆਂ ਜਾਪਦੀਆਂ ਹਨ । ਕਹਾਣੀ ਸੰਗ੍ਰਹਿ ਦੇ ਸਿਰਲੇਖ ਦਾ ਨਾਮਕਰਣ ਇਸ ਵਿਚਲੀ ਇੱਕ ਕਹਾਣੀ ਦੇ ਆਧਾਰ ਉੱਤੇ ਕੀਤਾ ਗਿਆ ਹੈ। ਕਹਾਣੀਆਂ ਦੀ ਵਿਸ਼ਾ ਵਸਤੂ ਪੰਜਾਬ ਦੇ ਖੇਤੀ ਕੇਂਦ੍ਰਿਤ ਪਿੰਡ ਨਹੀਂ ਸਗੋਂ ਸਮਾਜ 'ਚ ਆ ਰਹੇ ਬਦਲਾਅ ਉੱਤੇ ਆਧਾਰਿਤ ਵਰਣ ਵਿਵਸਥਾ ਨੂੰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਦੋ ਪੁਸਤਕਾਂ ਦੇ ਸਿਰਜਕ ਲੇਖਕ ਨੇ ਆਪਣੀ ਇਹ ਪੁਸਤਕ ਆਪਣੀ ਪਤਨੀ ਸ੍ਰੀਮਤੀ ਕਮਲਜੀਤ ਕੌਰ ਨੂੰ ਸਮਰਪਿਤ ਕੀਤੀ ਹੈ। ਇਸ ਪੁਸਤਕ ਸੰਬੰਧੀ ਡਾਕਟਰ ਸਰਬਜੀਤ ਸਿੰਘ ਨੇ ਆਪਣੇ ਵਿਚਾਰ ਲਿਖੇ ਹਨ। ਲੇਖਕ ਕਹਾਣੀਆਂ ਦੀਆਂ ਘਟਨਾਵਾਂ ਦੀ ਵਿਉਤਬੰਦੀ ਕਰਦਿਆਂ ਅੱਗੜ-ਪਿੱਛੜ ਵਿਧੀ ਰਾਹੀਂ ਹਰ ਕਹਾਣੀ ਵਿਚ ਅਤੀਤ ਨੂੰ ਆਧਾਰ ਬਣਾਉਂਦਿਆਂ ਕਹਾਣੀਆਂ ਨੂੰ ਵਿਸਤਾਰ ਦਿੰਦਾ ਹੋਇਆ ਅਨੁਭਵ ਹੁੰਦਾ ਹੈ। ਕਹਾਣੀਆਂ 'ਚ ਇੱਕ ਤੋਂ ਵੱਧ ਵਿਸ਼ਿਆਂ ਦੀ ਆਮਦ ਕਹਾਣੀਆਂ 'ਚ ਮਨੁੱਖੀ ਜੀਵਨ ਦੀਆਂ ਸਮੱਸਿਆਵਾਂ ਦੀਆਂ ਪਰਤਾਂ ਨੂੰ ਫਰੋਲਦੀ ਜਾਪਦੀ ਹੈ। ਇਸ ਕਹਾਣੀ ਸੰਗ੍ਰਹਿ ਦਾ ਵਿਲੱਖਣ ਪੱਖ ਇਹ ਹੈ ਕਿ ਲੇਖਕ ਨੇ ਪੰਜਾਬੀ ਸਮਾਜ ਦੇ ਲੋਕਾਂ ਦੇ ਸਮੁੱਚੇ ਜੀਵਨ ਦੀ ਸ਼ੈਲੀ ਨੂੰ ਡੂੰਘਾਈ ਤੱਕ ਜਾ ਕੇ ਵਾਚਿਆ ਹੈ । ਕਹਾਣੀਆਂ ਦੀ ਭਾਸ਼ਾ ਮਲਵਈ ਹੋਣ ਦੇ ਨਾਲ-ਨਾਲ ਬਾਗੜੀ ਪ੍ਰਭਾਵ ਵੀ ਵੇਖਣ ਨੂੰ ਮਿਲਦਾ ਹੈ। ਸੰਵਾਦਮਈ ਸ਼ੈਲੀ 'ਚ ਕਹਾਣੀਆਂ ਦੀ ਸੰਵੇਦਨ ਸ਼ੀਲਤਾ, ਸੂਖਮਤਾ ਸਹਿਜਤਾ ਅਤੇ ਕਲਾਤਮਕ ਨਿਪੁੰਨਤਾ ਨਾਲ ਪੇਸ਼ਕਾਰੀ ਜਿੱਥੇ ਸਮਕਾਲੀਨ ਲੇਖਕਾਂ ਲਈ ਨਵੀਆਂ ਪੈੜਾਂ ਸਿਰਜਦੀ ਹੈ ਉੱਥੇ ਲੇਖਕ ਦਾ ਕਹਾਣੀ ਦੇ ਖੇਤਰ 'ਚ ਅੱਡ ਸਥਾਨ ਵੀ ਸਥਾਪਿਤ ਕਰਦੀ ਹੈ । ਲੇਖਕ ਦੇ ਕਹਾਣੀ ਸੰਗ੍ਰਹਿ ਨਾਲ ਪੰਜਾਬੀ ਕਹਾਣੀ ਅੰਤਰਮੁਖਤਾ ਤੋਂ ਬਾਹਰਮੁਖਤਾ ਦਾ ਸਫ਼ਰ ਤੈਅ ਕਰਦੀ ਹੈ।
'ਜਾਹ ਜਾਂਦੀ' ਕਹਾਣੀ ਇੱਕ ਮਨੋਵਿਗਿਆਨਕ ਕਹਾਣੀ ਹੈ। ਕਹਾਣੀ ਦੇ ਪਾਤਰਾਂ ਜਸਕਰਨ ਉਸ ਦੀ ਪਤਨੀ, ਪੁੱਤਰ ਅਤੇ ਉਨ੍ਹਾਂ ਦੇ ਘਰ ਵਿਚ ਕੰਮ ਕਰਨ ਵਾਲੀ ਨੌਕਰਾਣੀ ਸੁਗੰਧਾ ਦੀ ਮਾਨਸਿਕਤਾ ਅਤੇ ਸੰਬੰਧਾਂ ਨੂੰ ਲੇਖਕ ਨੇ ਬਾਖੂਬੀ ਚਿਤਰਿਆ ਹੈ। ਕਹਾਣੀਆਂ ਦੇ ਪਾਤਰ ਲੋਕ-ਜੀਵਨ ਦਾ ਹਿੱਸਾ ਜਾਪਦੇ ਹਨ। ਕਹਾਣੀਆਂ ਦੀ ਸ਼ਬਦਾਵਲੀ, ਪਾਤਰਾਂ ਦਾ ਚਰਿੱਤਰ ਚਿਤਰਣ, ਘਟਨਵਾਂ ਦੀ ਵਿਉਂਤਬੰਦੀ ਅਤੇ ਸੁਆਦਲੀ ਪੇਸ਼ਕਾਰੀ ਲੇਖਕ ਦੀ ਕਹਾਣੀ ਵਿਧਾ ਅਤੇ ਭਾਸ਼ਾ ਵਿਚ ਮੁਹਾਰਤ ਦੀ ਪੇਸ਼ਗੋਈ ਕਰਦੀ ਹੈ ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

 


ਸਿੱਧੂਆਂ ਦਾ ਵਡੇਰਾ
ਬਾਬਾ ਸਿੱਧ ਤਿਲਕਰਾ ਜੀ ਅਤੇ ਹੋਰ ਲੇਖ
ਲੇਖਕ : ਹਰਭਜਨ ਸਿੰਘ ਸੇਲਬਹਾਰ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 200 ਰੁਪਏ, ਸਫ਼ੇ : 134
ਸੰਪਰਕ : 98146-13178

ਇਸ ਪੁਸਤਕ ਵਿਚ ਮਾਲਵੇ ਦੇ ਖੇਤਰ ਦੀਆਂ ਮਹਾਨ ਧਾਰਮਿਕ ਹਸਤੀਆਂ ਬਾਰੇ ਬੜੀ ਡੂੰਘੀ ਤੇ ਭਾਵਪੂਰਤ ਖੋਜ ਆਧਾਰਿਤ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਹਸਤੀਆਂ ਵਿਚ ਸ਼ਾਮਿਲ ਹਨ ਭਾਈ ਫੇਰੂ ਜੀ, ਮਾਤਾ ਖੀਵੀ ਜੀ, ਮੋਦਾ, ਚੈਂਚਲ ਤੇ ਗੁੱਲੂ ਮਹਿਰਾਜ ਵਾਲੇ, ਭਾਈ ਪੰਜਾਬ ਸਿੰਘ ਬਹਿਲੋਕਾ (ਮਹਾਨ ਇਤਿਹਾਸਕਾਰ), ਚੂਹੜ ਸਿੰਘ ਭਦੌੜੀਆ, ਇਤਿਹਾਸਕਾਰ ਸਰਦਾਰ ਬਲਵੰਤ ਸਿੰਘ ਗੁੰਮਟੀ, ਸ. ਗੁਰਬਖ਼ਸ਼ ਸਿੰਘ ਕੇਸਰੀ, ਭਾਰਤ ਦੀ ਪਹਿਲੀ ਸਿਹਤ ਮੰਤਰੀ ਰਾਜ ਕੁਮਾਰੀ ਅੰਮ੍ਰਿਤ ਕੌਰ, ਪ੍ਰਸਿੱਧ ਜਥੇਦਾਰ ਤਾਰਾ ਸਿੰਘ ਗੈਬਾ, ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਦਿਆਲ ਚੰਦ, ਭਾਈ ਭਗਤਾ, ਭਾਈ ਭਗਤੂ, ਧੀਰਾ ਬੱਲ, ਬਾਬਾ ਜਿਊਣ ਦਾਸ ਜੀ, ਬਾਬਾ ਕਲਿਆਣ ਦਾਸ, ਗਿਆਨੀ ਬਲਵੰਤ ਸਿੰਘ ਕੋਠਾ ਗੁਰੂ, ਮਲੂਕਾ ਦੀਵਾਨਾ ਜੀ, ਬਾਬਾ ਭੂੰਦੜ ਜੀ, ਸਿੱਧੂਆਂ ਦਾ ਵਡੇਰਾ ਸਿੱਧ ਤਿਲਕਰਾ ਜੀ ਤੇ ਤਪੱਸਵੀ ਪੂਰਨ ਦਾਸ ਜੀ। ਹਰਭਜਨ ਸਿੰਘ ਸੇਲਬਰਾਹ ਨੇ ਖਾਸੀ ਮਿਹਨਤ ਨਾਲ ਇਹ ਪੁਸਤਕ ਤਿਆਰ ਕੀਤੀ ਹੈ। ਪੁਸਤਕ ਦੀ ਹਰ ਸਤਰ ਜਾਣਕਾਰੀ ਭਰਪੂਰ ਹੈ। ਲੇਖਕ ਦੀ ਸੰਬੰਧਿਤ ਸ਼ਖ਼ਸੀਅਤ ਪ੍ਰਤੀ ਸ਼ਰਧਾ ਲਿਖਤ ਨੂੰ ਹੋਰ ਵੀ ਚਾਰ ਚੰਦ ਲਾਉਂਦੀ ਹੈ। ਪੁਸਤਕ 'ਚੋਂ ਖੋਜਾਤਮਕ ਦ੍ਰਿਸ਼ਟੀ ਦੇ ਕੁਝ ਅੰਸ਼ ਇਸ ਪ੍ਰਕਾਰ ਹਨ:
-ਇਕ ਟਾਂਡੇ 'ਚ ਤਕਰੀਬਨ 50 ਹਜ਼ਾਰ ਦੇ ਕਰੀਬ ਬੈਲ ਗੱਡੇ ਹੁੰਦੇ ਸਨ।
-ਭਾਈ ਲੱਖੀ ਸ਼ਾਹ ਵਣਜਾਰਾ ਜੀ ਦੇ ਦਾਦਾ ਨਾਇਕ ਠਾਕੁਰ ਜੀ ਕੋਲ 4 ਟਾਂਡੇ ਸਨ।
-ਇਕ ਟਾਂਡੇ ਦੀ ਰਾਖੀ ਲਈ ਤਕਰੀਬਨ ਇਕ ਲੱਖ ਹਥਿਆਰਬੰਦ ਸੈਨਿਕ ਤਾਇਨਾਤ ਹੁੰਦੇ ਸਨ।
-ਖੰਡੂਰ ਸਾਹਿਬ ਖਹਿਰੇ ਜੱਟਾਂ ਦਾ ਵਸਾਇਆ ਹੋਇਆ ਪਿੰਡ ਸੀ।
-ਨਾਇਕ ਠਾਕੁਰ ਜੀ ਨੇ ਹੀ ਦਿੱਲੀ ਦੇ ਲਾਲ ਕਿਲ੍ਹੇ ਦੀ ਉਸਾਰੀ ਕਰਵਾਈ ਸੀ।
-ਸਿੱਧ ਤਿਲਕਰਾ ਜੀ ਜਿਨ੍ਹਾਂ ਨੂੰ ਬਾਬਾ ਸਿੱਧ ਤਿਲਕ ਰਾਉ ਜੀ ਵੀ ਕਿਹਾ ਜਾਂਦਾ ਹੈ, ਸਾਰੇ ਸਿੱਧੂ ਗੋਤੀ ਇਨ੍ਹਾਂ ਦੀ ਪੂਜਾ ਕਰਦੇ ਹਨ।
ਨਿਰਸੰਦੇਹ ਪੂਰੀ ਪੁਸਤਕ ਆਦਿ ਤੋਂ ਅੰਤ ਤੱਕ ਇਕਾਗਰਚਿਤ ਹੋ ਕੇ ਪੜ੍ਹਨ ਵਾਲੀ ਹੈ। ਜ਼ਰੂਰ ਪੜ੍ਹੋ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

 


ਵੱਖਰੀ ਆਭਾ ਵਾਲੇ ਸਿਰਜਕ
ਲੇਖਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 104
ਸੰਪਰਕ : 98151-23900

14 ਕਾਵਿ-ਪੁਸਤਕਾਂ ਦੇ ਰਚੇਤਾ ਮਨਮੋਹਨ ਸਿੰਘ ਦਾਊਂ ਦੀ ਇਹ 15ਵੀਂ ਪੁਸਤਕ 'ਵੱਖਰੀ ਆਭਾ ਵਾਲੇ ਸਿਰਜਕ' (ਕਾਵਿ-ਚਿੱਤਰ) ਪ੍ਰਕਾਸ਼ਿਤ ਹੋਈ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਵਿਛੜ ਗਏ ਅਤੇ ਦੂਜੇ ਭਾਗ ਵਿਚ ਸਮੇਂ ਦੇ ਸਨਮੁੱਖ ਕੁੱਲ 17 ਸ਼ਖ਼ਸੀਅਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਕਿਤਾਬ ਸਿਰਫ਼ ਜੀਵਨੀਆਂ ਦਾ ਸੰਗ੍ਰਹਿ ਨਹੀਂ, ਸਗੋਂ ਸਾਡੇ ਮਹਾਨ ਸਿਰਜਕਾਂ ਜਿਵੇਂ ਕਿ ਦਿੱਬ-ਦ੍ਰਿਸ਼ਟਮਾਨ ਡਾ. ਐਮ. ਐਸ. ਰੰਧਾਵਾ, ਰੂਹਾਂ ਦੇ ਚਿਤੇਰੇ ਸੋਭਾ ਸਿੰਘ, ਡਾ. ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ, ਲੇਖਕ ਸੰਤੋਖ ਸਿੰਘ ਧੀਰ ਅਤੇ ਸ਼ਾਇਰੀ ਦੇ ਸਮੁੰਦਰ ਸੁਰਜੀਤ ਪਾਤਰ ਦੀ ਅੰਦਰੂਨੀ ਰੌਸ਼ਨੀ, ਉਨ੍ਹਾਂ ਦੀ 'ਆਭਾ' ਨੂੰ ਕਾਵਿ ਦੇ ਰੰਗਾਂ ਵਿਚ ਚਿਤਰਨ ਦਾ ਇੱਕ ਡੂੰਘਾ ਉੱਦਮ ਹੈ।
ਪੁਸਤਕ 'ਚ ਉਪਰੋਕਤ ਪੰਜ ਮਹਾਨ ਸਿਰਜਕਾਂ ਸਮੇਤ 12 ਹੋਰ ਸ਼ਖ਼ਸੀਅਤਾਂ ਮੋਹਨਜੀਤ, ਉਰਮਿਲਾ, ਸੁਜਾਤਾ, ਜਸਬੀਰ ਭੁੱਲਰ, ਜੰਗ ਬਹਾਦੁਰ ਗੋਇਲ, ਡਾ. ਜਾਗੀਰ ਸਿੰਘ, ਡਾ. ਗੁਰਨਾਇਬ ਸਿੰਘ, ਕੇਵਲ ਧਾਲੀਵਾਲ, ਡਾ. ਮਨਮੋਹਨ, ਡਾ. ਯੋਗ ਰਾਜ , ਗੁਰਦੇਵ ਪਾਲ ਅਤੇ ਅਮਰਇੰਦਰ ਕੌਰ ਭੱਠਲ ਆਦਿ ਸ਼ਾਮਿਲ ਹਨ।
ਦਾਊਂ ਜੀ ਨੇ ਆਪਣੀ ਕਲਮ ਦੀ ਸੰਵੇਦਨਸ਼ੀਲਤਾ ਨਾਲ ਇਨ੍ਹਾਂ ਸ਼ਖ਼ਸੀਅਤਾਂ ਦੇ ਸਿਰੜ ਅਤੇ ਉੱਚੇ ਉਦੇਸ਼ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਹਰ ਕਾਵਿ-ਚਿੱਤਰ ਆਪਣੇ ਨਾਇਕ ਦੇ ਸੁਭਾਅ ਅਤੇ ਸੱਭਿਆਚਾਰਕ ਯੋਗਦਾਨ ਨੂੰ ਡੂੰਘਾਈ ਨਾਲ ਪੇਸ਼ ਕਰਦਾ ਹੈ। ਭਾਸ਼ਾ ਬਹੁਤ ਹੀ ਨਿਖਰੀ ਹੋਈ, ਅਲੰਕਾਰਿਕ ਅਤੇ ਪੰਜਾਬੀ ਸੱਭਿਆਚਾਰ ਦੀ ਮਿਠਾਸ ਨਾਲ ਭਰਪੂਰ ਹੈ।
ਇਹ ਕਿਤਾਬ ਸਿਰਫ਼ ਪ੍ਰਾਪਤੀਆਂ ਨਹੀਂ ਦੱਸਦੀ, ਸਗੋਂ ਇਹ ਵੀ ਬਿਆਨ ਕਰਦੀ ਹੈ ਕਿ ਕਿਵੇਂ 'ਜਿੱਤ ਤੇ ਹਾਰ, ਨੇਕੀ ਤੇ ਬਦੀ, ਖ਼ੁਸ਼ੀ ਤੇ ਖੌਫ਼' ਮਹਾਨ ਸਿਰਜਕਾਂ ਦੀ ਜ਼ਿੰਦਗੀ ਵਿਚ ਨਾਲੋ-ਨਾਲ ਤੁਰਦੇ ਹਨ। ਲੇਖਕ ਦੇ ਸ਼ਬਦਾਂ ਵਿਚ ਛੁਪਿਆ ਇਹ ਭਾਵ ਕਿ 'ਰੱਬ ਵਰਗਾ ਮਹਿਬੂਬ' ਹਰ ਕੋਈ ਨਹੀਂ ਹੋ ਸਕਦਾ, ਇਨ੍ਹਾਂ ਸਿਰਜਕਾਂ ਦੀ ਸਾਧਨਾ ਪ੍ਰਤੀ ਇੱਕ ਅਧਿਆਤਮਕ ਝੁਕਾਅ ਪੇਸ਼ ਕਰਦਾ ਹੈ। ਲੇਖਕ ਨੇ ਆਪਣੇ ਬੇਟੇ ਉੱਤਮਵੀਰ ਸਿੰਘ ਦਾਉਂ ਤੋਂ ਸਿਰਜਕਾਂ ਦੀਆਂ ਤਸਵੀਰਾਂ ਦੇ ਸਕੈਚ ਬਣਵਾ ਕੇ ਇਸ ਵਿਚ ਲਗਾਉਣ ਨਾਲ ਪੁਸਤਕ ਨੂੰ ਹੋਰ ਵੀ ਰੌਚਿਕ ਬਣਾਇਆ ਹੈ।
'ਵੱਖਰੀ ਆਭਾ ਵਾਲੇ ਸਿਰਜਕ' ਪੰਜਾਬੀ ਪਾਠਕਾਂ ਨੂੰ ਆਪਣੇ ਵਿਰਾਸਤੀ ਨਾਇਕਾਂ ਨਾਲ ਇੱਕ ਨਿੱਜੀ ਅਤੇ ਭਾਵਨਾਤਮਿਕ ਪੱਧਰ 'ਤੇ ਜੋੜਦੀ ਹੈ। ਇਹ ਪੁਸਤਕ ਉਨ੍ਹਾਂ ਸਾਰੇ ਸਾਹਿਤ-ਪ੍ਰੇਮੀਆਂ ਲਈ ਪੜ੍ਹਨੀ ਜ਼ਰੂਰੀ ਹੈ, ਜੋ ਪੰਜਾਬੀ ਸਿਰਜਣਾ ਦੇ ਮੂਲ ਸੋਮਿਆਂ ਨੂੰ ਕਾਵਿਮਈ ਨਜ਼ਰੀਏ ਤੋਂ ਸਮਝਣਾ ਚਾਹੁੰਦੇ ਹਨ। ਦਾਊਂ ਜੀ ਦਾ ਇਹ ਯਤਨ ਅਸਲ ਮਾਇਨੇ ਵਿਚ ਇਨ੍ਹਾਂ ਅਦੁੱਤੀ ਸ਼ਖ਼ਸੀਅਤਾਂ ਨੂੰ ਸਲਾਮ ਕਰਦਾ ਹੈ।

-ਜਸਵਿੰਦਰ ਸਿੰਘ ਕਾਈਨੌਰ
ਮੇਬਾਈਲ : 98888-42244

 


ਯਾਦਾਂ ਦੀ ਕਦਮਤਾਲ
ਲੇਖਕ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਬੀ.ਐਫ.ਸੀ. ਪਬਲੀਕੇਸ਼ਨਜ਼, ਲਖਨਊ
ਮੁੱਲ : 174 ਰੁਪਏ, ਸਫ਼ੇ : 109
ਸੰਪਰਕ : 98152-64132

ਹਾਸ-ਵਿਅੰਗ ਲਿਖਣਾ ਪ੍ਰਿੰ. ਰਘਬੀਰ ਸਿੰਘ ਸੋਹਲ ਹੁਰਾਂ ਨੂੰ ਗੁੜ੍ਹਤੀ ਵਿਚ ਮਿਲਿਆ ਹੋਇਆ ਹੈ। ਉਹ ਆਪਣੇ ਤਾਏ ਪ੍ਰਸਿੱਧ ਵਿਅੰਗਕਾਰ ਸ. ਸੂਬਾ ਸਿੰਘ ਦੇ ਨਕਸ਼ੇ-ਕਦਮ 'ਤੇ ਚਲਦਿਆਂ ਲਗਾਤਾਰ ਹਾਸ-ਵਿਅੰਗ ਵਿਧਾ ਨਾਲ ਜੁੜੇ ਹੋਏ ਹਨ। ਉਨ੍ਹਾਂ ਹਾਸ-ਵਿਅੰਗ ਲਈ ਕਵਿਤਾ ਅਤੇ ਮਿੰਨੀ ਕਹਾਣੀ ਸਿਨਫ਼ ਨੂੰ ਚੁਣਿਆ ਹੈ। 'ਯਾਦਾਂ ਦੀ ਕਦਮਤਾਲ' ਉਨ੍ਹਾਂ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਮਿੰਨੀ ਵਿਅੰਗ ਕਹਾਣੀਆਂ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਨ੍ਹਾਂ ਨੇ ਕੁੱਲ ਪੈਂਤੀ ਮਿੰਨੀ ਵਿਅੰਗ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਮਿੰਨੀ ਕਹਾਣੀਆਂ ਨੂੰ ਉਨ੍ਹਾਂ ਨੇ ਆਪਣੇ ਜੀਵਨ 'ਚ ਵਾਪਰੀਆਂ ਘਟਨਾਵਾਂ ਜਾਂ ਆਪਣੇ ਆਲੇ-ਦੁਆਲੇ ਦੇ ਮਾਹੌਲ 'ਚੋਂ ਨਜ਼ਰ ਆਉਣ ਵਾਲੀਆਂ ਵਿਸੰਗਤੀਆਂ ਨੂੰ ਕਹਾਣੀਆਂ ਵਿਚ ਢਾਲਣ ਦਾ ਯਤਨ ਕੀਤਾ ਹੈ। ਇਨ੍ਹਾਂ ਕਹਾਣੀਆਂ ਵਿਚ ਸਿਆਣਿਆਂ ਦੀ ਲੁਕੀ ਮੂਰਖਤਾ, ਭਰਮ-ਭੁਲੇਖੇ, ਹੋਛੇ ਵਰਤਾਰੇ ਤੇ ਮਸਖਰੇ ਅੰਦਾਜ਼ਾਂ ਨੂੰ ਥਾਂ ਦਿੱਤੀ ਹੈ। ਕਈ ਵਾਰੀ ਲੋਕਾਂ ਦਾ ਭੋਲਾ ਤੇ ਨਿਰਛਲ ਸੁਭਾਅ ਵੀ ਹਾਸਾ ਪੈਦਾ ਕਰਨ ਦਾ ਸਾਧਨ ਬਣ ਜਾਂਦਾ ਹੈ। ਨੇਤਾਵਾਂ ਦੀਆਂ ਚਲਾਕੀਆਂ, ਖਰਮਸਤੀਆਂ, ਠੱਗੀਆਂ-ਠੋਰੀਆਂ ਭ੍ਰਿਸ਼ਟ ਤੌਰ ਤਰੀਕੇ ਅਤੇ ਝੂਠ ਵੀ ਇਨ੍ਹਾਂ ਕਹਾਣੀਆਂ ਦਾ ਕੇਂਦਰੀ ਧੁਰਾ ਬਣਦੇ ਹਨ। ਅੱਡ-ਅੱਡ ਕਿਤੇ ਜਿਵੇਂ ਨਕਲੀ ਡਾਕਟਰ, ਅਨਜਾਣ ਹਕੀਮ ਵੀ ਹਾਸਰਸ ਜਾਂ ਵਿਅੰਗ ਦੀ ਕਾਰਨ ਬਣਦੇ ਹਨ। ਤੋਤਲੀਆਂ ਆਵਾਜ਼ਾਂ ਵੀ ਹਾਸਰਸ ਪੈਦਾ ਕਰਦੀਆਂ ਹਨ। ਲੇਖਕ ਦੇ ਜੀਵਨ 'ਚ ਵਾਪਰੀਆਂ ਘਟਨਾਵਾਂ ਅਤੇ ਪੁਰਾਣੀਆਂ ਯਾਦਾਂ ਵੀ ਹਸਾਉਣ ਦਾ ਸਾਧਨ ਬਣਦੀਆਂ ਹਨ। ਕਈ ਵਾਰ ਕਹਾਣੀ ਦੇ ਅੰਤ 'ਚ ਜਾ ਕੇ ਲੇਖਕ ਅਜਿਹਾ ਫਿਕਰਾ ਘੜਦਾ ਹੈ ਕਿ ਕਹਾਣੀ ਵਿਚ ਵਿਅੰਗ ਸਿਰਜਿਆ ਜਾਂਦਾ ਹੈ। ਇਸ ਸੰਗ੍ਰਹਿ ਵਿਚ 'ਕੰਮ ਸਰੇ ਜਾਹ ਪਹੂ ਚੰਦ ਮਸ਼ੀਨ', 'ਬਤਾਉਂ ਬਤਾਉਂ', 'ਬਦਅਸੀਸ', 'ਲੰਬਰੇਟਾ ਸਕੂਟਰ', 'ਬੇਬੇ ਦੀਆਂ ਪੱਕੀਆਂ' ਪ੍ਰਭਾਵਸ਼ਾਲੀ ਕਹਾਣੀਆਂ ਹਨ।

-ਕੇ. ਐਲ. ਗਰਗ
ਮੋਬਾਈਲ : 94635-37050

 

ਪੁਰਖ਼ਿਆਂ ਦਾ ਦੇਸ਼
ਲੇਖਕ : ਡਾ. ਸੁਖਦੇਵ ਸਿੰਘ ਝੰਡ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 163
ਸੰਪਰਕ : 0161-2413613

ਸੁਖਦੇਵ ਸਿੰਘ ਝੰਡ ਦੀ ਇਹ ਪੁਸਤਕ ਲੇਖਕ ਵਲੋਂ ਲਹਿੰਦੇ ਪੰਜਾਬ ਦੀ ਧਰਤੀ ਦੇ ਯਾਤਰਾ ਬਿਰਤਾਂਤ ਨਾਲ ਸੰਬੰਧਿਤ ਹੈ। ਸਫ਼ਰਨਾਮਾ ਦੀ ਵਿਧਾ ਵਿਚ ਇਹ ਕਿਤਾਬ ਪਾਠਕਾਂ ਨੂੰ ਲਹਿੰਦੇ ਪੰਜਾਬ ਦੀ ਰਹਿਤਲ ਦੇ ਨੇੜੇ ਲੈ ਜਾਂਦੀ ਹੈ। ਪੰਜਾਬ ਦੀ ਵੰਡ ਦਾ ਸੰਤਾਪ ਕਿਤਾਬ ਦੇ ਅਵਚੇਤਨੀ ਸੰਸਾਰ ਵਿਚ ਹੈ। ਲੇਖਕ ਲਹਿੰਦੇ ਪੰਜਾਬ ਦੀ ਧਰਤੀ ਨੂੰ 'ਪੁਰਖਿਆਂ ਦੇ ਦੇਸ' ਨਾਲ ਸੰਬੋਧਤ ਹੁੰਦਾ ਹੈ ਜਿੱਥੋਂ ਲੇਖਕ ਦੇ ਪੁਰਖੇ ਸੰਤਾਲੀ ਦੀ ਵੰਡ ਮੌਕੇ ਉਜਾੜੇ ਦੀ ਚੀਸ ਲੈ ਕੇ ਚੜ੍ਹਦੇ ਪੰਜਾਬ ਪੁੱਜੇ ਸਨ। ਇਹ ਪੰਜਾਬ ਦੇ ਇਤਿਹਾਸ ਦਾ ਉਹ ਕਾਲਾ ਦੌਰ ਸੀ ਜਿਸ ਨੇ ਮਹਿਜ਼ ਪੰਜਾਬ ਦੇ ਭੂਗੋਲ ਨੂੰ ਹੀ ਨਹੀਂ ਸਗੋਂ ਪੰਜਾਬ ਦੀ ਸਾਂਝੀ ਸੰਸਕ੍ਰਿਤੀ, ਲੋਕ-ਜੀਵਨ ਅਤੇ ਸਾਂਝੀ ਸੰਵੇਦਨਾ ਨੂੰ ਵੀ ਤਕਸੀਮ ਕਰ ਦਿੱਤਾ। ਬੇਸ਼ੱਕ ਇਸ ਵੰਡ ਨੂੰ ਪਿੰਡੇ 'ਤੇ ਹੰਢਾਉਣ ਵਾਲੀ ਆਖ਼ਰੀ ਪੀੜ੍ਹੀ ਵੀ ਦੁਨੀਆ ਤੋਂ ਵਿਦਾ ਹੋ ਰਹੀ ਹੈ ਪਰ ਪੰਜਾਬ ਦੀ ਦੇਹ 'ਤੇ ਨਾਸੂਰ ਵਰਗਾ ਸੰਤਾਲੀ ਦਾ ਇਹ ਸੰਤਾਪ ਸਾਡੀਆਂ ਸਿਮਰਤੀਆਂ ਤੋਂ ਵਿਦਾ ਨਹੀਂ ਹੋ ਸਕਦਾ। ਸ਼ਬਦ ਸੰਸਕ੍ਰਿਤੀ ਨੇ ਇਸ ਵੰਡ ਦੇ ਅਨੇਕਾਂ ਪਾਸਾਰ ਸਾਂਭੀ ਰੱਖੇ ਹਨ। ਇਸਦੀ ਇਕ ਮਿਸਾਲ ਇਹ ਪੁਸਤਕ ਹੈ। ਲੇਖਕ ਦੇ ਪੁਰਖੇ ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਤੋਂ ਉਦੋਂ ਚੜ੍ਹਦੇ ਪੰਜਾਬ ਪੁੱਜੇ ਸਨ ਜਦੋਂ ਦੇਸ਼ ਵਿਚ ਆਜ਼ਾਦੀ ਦੇ 'ਜਸ਼ਨਾਂ' ਵਿਚ ਬਰਬਾਦੀ ਦਾ ਉਜਾੜਾ ਭੋਗਿਆ ਜਾ ਰਿਹਾ ਸੀ। ਲੇਖਕ ਆਪਣੀ ਯਾਤਰਾ ਨੂੰ ਕੁੱਝ ਦਿਨਾਂ ਦੇ ਦਾਇਰੇ ਵਿਚ ਵੰਡਦਾ ਹੈ ਜਿਸ ਅਧੀਨ ਪਹਿਲੇ ਦਿਨ ਲਾਹੌਰ ਤੇ ਕਸੂਰ ਦੀ ਯਾਤਰਾ ਕਰਦਾ ਉੱਥੋਂ ਦੀਆਂ ਇਤਿਹਾਸਕ ਥਾਵਾਂ ਅਤੇ ਸਾਹਿਤਕ ਸ਼ਖ਼ਸੀਅਤਾਂ ਨੂੰ ਮਿਲਦਾ ਹੈ। ਸਫ਼ਰ ਦਾ ਇਕ ਦਿਨ ਪੁਰਖਿਆਂ ਦੇ ਪਿੰਡ ਚੱਕ ਨੰਬਰ 302 ਗੱਟੀ ਤਲਾਵਾਂ ਦੇ ਨਾਂਅ ਹੈ ਜਿੱਥੇ ਮੁਹੰਮਦ ਅਨਵਰ ਤੇ ਹੋਰ ਸਾਥੀਆਂ ਨਾਲ ਮੁਲਾਕਾਤ ਦਰਜ ਕਰਦਾ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾ, ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਨਨਕਾਣਾ ਸਾਹਿਬ, ਸਾਈਂ ਮੀਆਂ ਮੀਰ ਦੀ ਦਰਗਾਹ ਸਮੇਤ ਹੋਰ ਧਾਰਮਿਕ ਥਾਵਾਂ ਦੀ ਜ਼ਿਆਰਤ ਦਾ ਜ਼ਿਕਰ ਹੈ। ਕਸੂਰ,ਲਾਹੌਰ, ਤਕਸ਼ਿਲਾ, ਫੈਸਲਾਬਾਦ ਅਤੇ ਹੋਰ ਥਾਵਾਂ ਦੀ ਯਾਤਰਾ ਵੀ ਪਾਠਕਾਂ ਨੂੰ ਪਾਕਿਸਤਾਨ ਦਾ ਸਫ਼ਰੀਆ ਅਨੁਭਵ ਕਰਵਾ ਦਿੰਦੀ ਹੈ। ਚੰਗੀ ਦਿੱਖ ਵਾਲੀ ਇਸ ਪੁਸਤਕ ਦਾ ਸਵਾਗਤ ਹੈ।

-ਡਾ. ਜੇ. ਬੀ. ਸੇਖੋਂ
ਮੋਬਾਈਲ : 94175-86028

ਆਈ ਮੈੱਟ ਬਿਊਟੀਫੁਲ ਗਰਲਜ਼
ਲੇਖਕ : ਵਰਿਆਮ ਮਸਤ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 450 ਰੁਪਏ, ਸਫ਼ੇ : 189
ਸੰਪਰਕ : 098102-71749

ਹਥਲੀ ਪੁਸਤਕ 'ਆਈ ਮੈੱਟ ਬਿਊਟੀਫੁੱਲ ਗਰਲਜ਼' ਲੇਖਕ ਵਰਿਆਮ ਮਸਤ ਵਲੋਂ ਲਿਖੀਆਂ 39 ਕਹਾਣੀਆਂ ਦਾ ਸੰਗ੍ਰਹਿ ਹੈ। ਅੰਗਰੇਜ਼ੀ ਟਾਈਟਲ ਵਾਲੀ ਇਸ ਪੰਜਾਬੀ ਪੁਸਤਕ ਵਿਚ ਲੇਖਕ ਨੇ ਜਿਨ੍ਹਾਂ ਰਚਨਾਵਾਂ ਨੂੰ ਕਹਾਣੀਆਂ ਦਾ ਨਾਂਅ ਦਿੱਤਾ ਹੈ, ਦਰਅਸਲ ਉਨ੍ਹਾਂ ਨੂੰ ਪੜ੍ਹਦਿਆਂ ਕਹਾਣੀਆਂ ਨਾਲੋਂ ਸੰਸਮਰਣ ਦਾ ਪ੍ਰਭਾਵ ਵੱਧ ਪੈਂਦਾ ਹੈ। ਇਹ ਕਹਾਣੀਆ ਨਾਲੋਂ 39 ਲੜਕੀਆਂ/ਔਰਤਾਂ ਦੇ ਸ਼ਬਦ-ਚਿੱਤਰ ਵੱਧ ਮਹਿਸੂਸ ਹੁੰਦੇ ਹਨ ਜਿਨ੍ਹਾਂ ਨਾਲ ਨੌਕਰੀ ਦੌਰਾਨ ਕਹਾਣੀਆਂ ਦੇ ਉੱਤਮ ਪੁਰਖੀ ਪਾਤਰ ਦਾ ਸੰਪਰਕ ਹੁੰਦਾ ਹੈ। ਇਹ ਰਚਨਾਵਾਂ ਕੁਝ ਨਾ ਭੁੱਲਣਯੋਗ ਨਾਰੀ ਪਾਤਰਾਂ ਨਾਲ ਮੁਲਾਕਾਤਾਂ ਵੀ ਪ੍ਰਤੀਤ ਹੁੰਦੀਆਂ ਹਨ। ਅਫ਼ਸਾਨਾ, ਲੱਛਮੀ, ਅੰਜੂ, ਹੇਮਾ, ਰਸ਼ਮੀ, ਸਫ਼ਾ, ਬਰਹਮਪੁੱਤਰੀ, ਨਿਸ਼ਾ, ਰਾਗਣੀ, ਗੈਤਰੀ, ਸਰਸਵਤੀ, ਸੰਧਯਾ, ਦੁਰਗਾ, ਰੰਗੋਲੀ, ਹੇਮਾ, ਲਾਸ਼ਾ, ਕਲਪਨਾ, ਕੰਚਨ, ਰਕਸ਼ਾ, ਆਮੀਨ, ਓਲੀਵਾ, ਮਛਲੀ, ਚਾਨਣੀ, ਪੁਜਾਰਣ, ਫੌਜਣ, ਨਦੀ, ਹਰੀਸ਼ਾਂ, ਸੋਮੀ, ਫੋਨੀ, ਦਮਯੰਤੀ, ਸ਼ਬਨਮ, ਸਲੇਟੀ, ਬਾਣੀ, ਟੇਲਰ, ਫਾਤਿਮਾ, ਭੈਰਵੀ, ਜੂਠਾ ਟੁੱਕ, ਰੂਹੀ ਅਲੇਰੀ ਆਦਿ ਉਹ ਨਾਰੀ ਪਾਤਰ ਹਨ ਜਿਹੜੀਆਂ ਆਪਣੀ ਸਰੀਰਕ ਨਾਲੋਂ ਅੰਦਰੂਨੀ ਸੁੰਦਰਤਾ, ਵਿਲੱਖਣਤਾ ਅਤੇ ਵਿਭਿੰਨਤਾ ਕਰਕੇ ਲੇਖਕ ਨੂੰ 'ਬਿਊਟੀਫੁੱਲ' ਲਗਦੀਆਂ ਹਨ। ਸਚਮੁੱਚ ਇਨ੍ਹਾਂ ਪਾਤਰਾਂ 'ਚੋਂ ਲੰਘਦਾ ਪਾਠਕ ਵੀ ਇਨ੍ਹਾਂ ਨਾਰੀ ਪਾਤਰਾਂ ਦੇ ਜ਼ਿੰਦਾ ਦਿਲ, ਸਾਕਾਰਾਤਮਕ ਪਹੁੰਚ ਅਤੇ ਪ੍ਰੇਰਨਾਦਾਇਕ ਕਿਰਦਾਰ ਕਰਕੇ ਇੰਨ-ਬਿੰਨ ਇੰਜ ਹੀ ਮਹਿਸੂਸ ਕਰਦਾ ਹੈ। ਕਹਾਣੀਆਂ ਦੇ ਮੈਂ ਪਾਤਰ ਦਾ ਆਪਣੀ ਡਿਊਟੀ ਪ੍ਰਤੀ ਇਮਾਨਦਾਰ, ਮਿਹਨਤੀ ਅਤੇ ਅਨੁਸ਼ਾਸਨ ਪਸੰਦ ਹੋਣਾ ਸਿਸਟਮ ਨੂੰ ਨਾਗ਼ਵਾਰ ਗੁਜ਼ਰਦਾ ਹੈ ਅਤੇ ਉਸ ਦੀ ਵਾਰ-ਵਾਰ, ਦੂਰ-ਦੂਰਾਡੇ ਬਦਲੀ ਦਾ ਸਾਹਮਣਾ ਕਰਨਾ ਪੈਂਦਾ ਹੈ, ਲੇਕਿਨ ਇਹ ਪਾਤਰ ਸਿਸਟਮ ਨਾਲ ਸਮਝੌਤਾ ਕਰਨ ਦੀ ਬਜਾਏ ਆਪਣੀ ਗ਼ੈਰਤ ਨੂੰ ਬਰਕਰਾਰ ਰੱਖਦਾ ਹੋਇਆ, ਆਪਣੇ ਪਰਿਵਾਰ ਤੋਂ ਦੂਰ ਰਹਿੰਦਾ ਹੋਇਆ ਆਪਣੇ ਫ਼ਰਜ਼ਾਂ ਨੂੰ ਬਾਖੂਬੀ ਅੰਜਾਮ ਦਿੰਦਾ ਹੈ ਅਤੇ ਇਸ ਵਫ਼ਾਦਾਰੀ ਸਦਕਾ ਹੀ ਉਸਦੀ ਨੌਕਰੀ ਦੌਰਾਨ ਇਨ੍ਹਾਂ '39 ਬਿਉਟੀਫੁੱਲ ਗਰਲਜ਼' ਨਾਲ ਮੁਲਾਕਾਤ ਹੁੰਦੀ ਹੈ ਅਤੇ ਸਮਾਂ ਆਉਣ ਤੇ ਇਹ ਸਭ ਲੇਖਕ ਦੀਆਂ ਕਿਰਤਾਂ 'ਚ ਢਲ ਕੇ ਇਸ ਬਹੁਰੰਗੀ, ਬਹੁ-ਪਾਤਰੀ, ਬਹੁ-ਅਰਥੀ, ਬਹੁ-ਪਰਤੀ, ਬਹੁ-ਅਯਾਮੀ, ਬਹੁ-ਪਸਾਰੀ ਅਤੇ ਬਹੁਕੋਣੀ ਰਚਨਾ ਨੂੰ ਜਨਮ ਦਿੰਦੇ ਹਨ। ਇਨ੍ਹਾਂ ਕਹਾਣੀਆ ਵਿਚ ਰੌਚਕਿਤਾ ਅਤੇ ਰਵਾਨੀ ਏਨੀ ਹੈ ਕਿ ਪਾਠਕ ਇੱਕ ਕਿਰਦਾਰ ਨੂੰ ਪੜ੍ਹਣ ਉਪਰੰਤ ਅਗਲੇਰੇ ਪਾਤਰ ਨੂੰ ਪੜ੍ਹਣ ਲਈ ਤਰਲੋਮੱਛੀ ਹੋ ਉਠਦਾ ਹੈ। ਲੇਖਕ ਵੀ ਆਪਣੀ ਖਿਲੰਦੜੀ ਭਾਸ਼ਾ ਵਿਚ ਨਵੇਂ ਪਾਤਰ ਨੂੰ ਨਵੀਂ ਥਾਂ, ਨਵੇਂ ਢੰਗ, ਨਵੀਂ ਸ਼ੈਲੀ ਅਤੇ ਨਵੀਂ ਵਿਊਂਤਬੰਦੀ ਨਾਲ ਪੇਸ਼ ਕਰਦਾ ਹੈ। ਉਂਝ ਪੁਸਤਕ ਵਿਚ ਲੇਖਕ ਦੀਆਂ ਹੋਰ ਕਿਰਤਾਂ ਦਾ ਵੇਰਵਾ ਦਰਜ ਨਹੀਂ ਹੈ, ਪਰ ਇਨ੍ਹਾਂ ਕਹਾਣੀਆਂ ਦੀ ਭਾਸ਼ਾ ਸ਼ੈਲੀ, ਰੋਚਕਿਤਾ, ਰਵਾਨੀ ਅਤੇ ਪੇਸ਼ਕਾਰੀ ਤੋਂ ਇੰਜ ਮਹਿਸੂਸ ਨਹੀਂ ਹੁੰਦਾ ਕਿ ਇਹ ਲੇਖਕ ਦੀ ਪਹਿਲੀ ਕਿਰਤ ਹੈ। ਸੰਗ੍ਰਹਿ ਦਾ ਟਾਈਟਲ ਅੰਗਰੇਜ਼ੀ ਦੀ ਥਾਂ ਪੰਜਾਬੀ ਵਿਚ ਰੱਖਿਆ ਜਾਂਦਾ ਤਾਂ ਵਧੇਰੇ ਢੁਕਵਾਂ ਹੋਣਾ ਸੀ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

Ad Position 22
No active advertisement
ਪਿਛਲੀ ਖ਼ਬਰ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਡੰਕੀ ਰੂਟ ਪਿੱਛੋਂ ਹੁਣ ਮਨੁੱਖੀ ਤਸਕਰੀ ਦਾ ਇਕ ਹੋਰ ਧੰਦਾ
Ad Position 24