ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦੱਖਣੀ (ਲਾਤੀਨੀ) ਅਮਰੀਕਾ ਦੇ ਇਕ ਛੋਟੇ ਦੇਸ਼ ਵੈਨੇਜ਼ੁਏਲਾ 'ਤੇ ਹਮਲਾ ਕਰਕੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਸ ਦੀ ਪਤਨੀ ਨੂੰ ਬੰਦੀ ਬਣਾ ਕੇ ਅਮਰੀਕਾ ਲਿਜਾਣ ਦੀ ਕਾਰਵਾਈ ਦੀ ਅੰਤਰਰਾਸ਼ਟਰੀ ਪੱਧਰ 'ਤੇ ਸਖ਼ਤ ਆਲੋਚਨਾ ਹੋਈ ਹੈ। ਜਿੱਥੇ ਰੂਸ ਤੇ ਚੀਨ ਨੇ ਸਿੱਧੇ ਤੌਰ 'ਤੇ ਇਸ ਲਈ ਟਰੰਪ ਨੂੰ ਨਿਸ਼ਾਨਾ ਬਣਾਇਆ ਹੈ, ਉੱਥੇ ਯੂਰਪੀਅਨ ਸੰਘ ਦੇ ਬਹੁਤੇ ਦੇਸ਼ਾਂ ਨੇ ਵੀ ਇਸ ਦੀ ਨਿੰਦਾ ਕੀਤੀ ਹੈ ਅਤੇ ਸੰਘ ਦੇ ਕੁਝ ਦੂਜੇ ਦੇਸ਼ਾਂ ਨੇ ਦੱਬਵੀਂ ਸੁਰ ਵਿਚ ਇਸ ਨਾਲ ਅਸਹਿਮਤੀ ਜਤਾਈ ਹੈ। ਵੈਨੇਜ਼ੁਏਲਾ ਵਿਚ ਕੱਚੇ ਤੇਲ ਦੇ ਵੱਡੇ ਭੰਡਾਰ ਹਨ। ਰਾਸ਼ਟਰਪਤੀ ਮਾਦੁਰੋ ਖੱਬੇ ਪੱਖੀ ਵਿਚਾਰਧਾਰਾ ਰੱਖਦਾ ਹੈ। ਉਸ ਦੀ ਸੁਰ ਵਧੇਰੇ ਰੂਸ ਤੇ ਚੀਨ ਨਾਲ ਮਿਲਦੀ ਹੈ। ਅਮਰੀਕਾ ਨਾਲ ਉਸ ਦਾ ਪਿਛਲੇ ਲੰਮੇ ਸਮੇਂ ਤੋਂ ਵਿਰੋਧ ਚਲਦਾ ਆ ਰਿਹਾ ਹੈ। ਪਿਛਲੇ ਸਾਲ ਜਨਵਰੀ ਮਹੀਨੇ 'ਚ ਉਹ ਤੀਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਗਿਆ ਸੀ। ਉਸ ਸਮੇਂ ਉਸ 'ਤੇ ਚੋਣਾਂ ਵਿਚ ਵੱਡੀ ਹੇਰਾਫੇਰੀ ਕਰਨ ਦੇ ਇਲਜ਼ਾਮ ਲੱਗੇ ਸਨ। ਦੇਸ਼ ਵਿਚ ਵੀ ਉਸ ਵਿਰੁੱਧ ਬਹੁਤ ਸਖ਼ਤ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਸਨ।
ਪਿਛਲੇ ਸਾਲ ਹੀ ਉਸ ਦੀ ਵਿਰੋਧੀ ਆਗੂ ਮਾਰੀਆ ਕੋਰੀਨਾ ਮੈਚਾਡੋ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ ਸੀ, ਜਿਸ ਦੀ ਵੈਨੇਜ਼ੁਏਲਾ ਸਮੇਤ ਦੁਨੀਆ ਭਰ 'ਚ ਵੱਡੀ ਪ੍ਰਸੰਸਾ ਹੋਈ ਸੀ, ਜਿਸ ਨਾਲ ਮਾਦੁਰੋ ਦਾ ਵੱਡਾ ਘਾਟਾ ਹੋਇਆ ਸੀ ਅਤੇ ਉਸ ਨੇ ਪ੍ਰਤੀਕਰਮ ਵਜੋਂ ਦੇਸ਼ ਵਿਚ ਪ੍ਰਸ਼ਾਸਨ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਸੀ, ਜਿਸ ਨਾਲ ਉਸ ਦਾ ਪ੍ਰਭਾਵ ਲਗਾਤਾਰ ਘਟਦਾ ਜਾ ਰਿਹਾ ਸੀ। ਇਸ ਦਾ ਫਾਇਦਾ ਟਰੰਪ ਚੁੱਕਣਾ ਚਾਹੁੰਦਾ ਸੀ ਕਿਉਂਕਿ ਉਹ ਮਾਦੁਰੋ ਦੀਆਂ ਤੇਲ ਨੀਤੀਆਂ ਦੇ ਖ਼ਿਲਾਫ਼ ਸੀ। ਮਾਦੁਰੋ ਨੇ ਅਹੁਦਾ ਸੰਭਾਲਦਿਆਂ ਹੀ ਆਪਣੇ ਦੇਸ਼ ਵਿਚ ਕੱਚੇ ਤੇਲ ਅਤੇ ਹੋਰ ਖਣਿਜਾਂ ਦੇ ਵਸੀਲਿਆਂ ਦਾ ਰਾਸ਼ਟਰੀਕਰਨ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਅਮਰੀਕਾ ਦੀ ਵੱਡੀਆਂ ਤੇਲ ਕੰਪਨੀਆਂ ਦਾ ਕੰਮ ਉੱਥੇ ਲਗਭਗ ਬੰਦ ਹੀ ਹੋ ਗਿਆ ਸੀ। ਅਮਰੀਕਾ ਨਾਲ ਚਲਦੇ ਤਣਾਅ ਦੌਰਾਨ ਮਾਦੁਰੋ ਨੇ ਟਰੰਪ ਨਾਲ ਗੱਲਬਾਤ ਕਰਨ ਦੀ ਇੱਛਾ ਵੀ ਪ੍ਰਗਟਾਈ ਸੀ, ਜਿਸ ਨੂੰ ਟਰੰਪ ਨੇ ਅਣਗੌਲਿਆਂ ਕਰ ਦਿੱਤਾ ਸੀ। ਅਮਰੀਕੀ ਪ੍ਰਸ਼ਾਸਨ ਵਲੋਂ ਮਦੁਰੋ 'ਤੇ ਅਪਰਾਧੀ ਸੰਗਠਨਾਂ ਅਤੇ ਨਸ਼ੀਲੇ ਪਦਾਰਥਾਂ ਦੇ ਵਪਾਰੀਆਂ ਨਾਲ ਸੰਬੰਧ ਹੋਣ ਦੇ ਵੱਡੇ ਇਲਜ਼ਾਮ ਵੀ ਲਗਾ ਕੇ ਉਸ 'ਤੇ ਅਮਰੀਕੀ ਅਪਰਾਧਿਕ ਕਾਰਵਾਈਆਂ ਸੰਬੰਧੀ ਅਦਾਲਤਾਂ ਵਿਚ ਕੇਸ ਚਲਾਉਣ ਦੀ ਇਜਾਜ਼ਤ ਵੀ ਦਿੱਤੀ ਹੋਈ ਸੀ। ਇਨ੍ਹਾਂ ਦੋਸ਼ਾਂ ਨੂੰ ਆਧਾਰ ਬਣਾ ਕੇ ਟਰੰਪ ਨੇ ਵੈਨੇਜ਼ੁਏਲਾ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ। ਪਰ ਉਹ ਇਸ ਤਰ੍ਹਾਂ ਨਾਲ ਉੱਥੇ ਹਮਲਾ ਕਰਕੇ ਦੇਸ਼ ਦੇ ਰਾਸ਼ਟਰਪਤੀ ਨੂੰ ਹੀ ਚੁੱਕ ਲਿਆਏਗਾ, ਇਸ ਦੀ ਉਮੀਦ ਨਹੀਂ ਸੀ ਕੀਤੀ ਜਾਂਦੀ। ਇਸ ਕਰਕੇ ਹੀ ਇਸ ਹਮਲੇ 'ਤੇ ਦੁਨੀਆ ਭਰ ਵਿਚ ਵੱਡੀ ਹੈਰਾਨੀ ਪ੍ਰਗਟਾਈ ਜਾ ਰਹੀ ਹੈ।
ਬਿਨਾਂ ਸ਼ੱਕ ਸਾਲ ਭਰ ਤੋਂ ਮੁੜ ਸੱਤਾ ਵਿਚ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਤਾਂ ਆਪਣੀਆਂ ਨੀਤੀਆਂ ਨਾਲ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸੇ ਕਰਕੇ ਅੱਜ ਬਹੁਤੇ ਦੇਸ਼ ਅਮਰੀਕਾ ਤੋਂ ਨਾਰਾਜ਼ ਦਿਖਾਈ ਦੇ ਰਹੇ ਹਨ। ਉਸ ਦੀਆਂ ਟੈਰਿਫ਼ ਨੀਤੀਆਂ ਨੇ ਬਹੁਤੇ ਦੇਸ਼ਾਂ ਨੂੰ ਅਮਰੀਕਾ ਨਾਲ ਸੰਬੰਧਾਂ ਵਿਚ ਦੂਰੀ 'ਤੇ ਲਿਆ ਖੜ੍ਹਾ ਕੀਤਾ ਹੈ। ਉਸ ਨੇ ਆਪਣੇ ਸਮੇਂ ਵਿਚ ਲਗਾਤਾਰ ਕਈ ਦੇਸ਼ਾਂ ਨੂੰ ਧਮਕੀਆਂ ਦਿੱਤੀਆਂ ਹਨ ਅਤੇ ਇੱਥੋਂ ਤੱਕ ਕਿ ਉਨ੍ਹਾਂ 'ਤੇ ਕਬਜ਼ਾ ਕਰਨ ਦੇ ਵੀ ਐਲਾਨ ਕਰ ਦਿੱਤੇ ਹਨ। ਵੈਨੇਜ਼ੁਏਲਾ ਹਮਲੇ ਤੋਂ ਬਾਅਦ ਉਸ ਨੇ ਸਿੱਧੇ ਤੌਰ 'ਤੇ ਕਿਹਾ ਹੈ ਕਿ ਅਮਰੀਕਾ ਉਦੋਂ ਤੱਕ ਇਸ ਦੇਸ਼ 'ਤੇ ਕਬਜ਼ਾ ਨਹੀਂ ਛੱਡੇਗਾ, ਜਦੋਂ ਤੱਕ ਇੱਥੇ ਕੋਈ ਹੋਰ ਚੰਗੀ ਸਰਕਾਰ ਦੀ ਸਥਾਪਨਾ ਨਹੀਂ ਹੋ ਜਾਂਦੀ। ਇਸ ਨੂੰ ਟਰੰਪ ਦੀ ਸਿੱਧੀ ਦਾਦਾਗਿਰੀ ਸਮਝਿਆ ਜਾ ਰਿਹਾ ਹੈ, ਜਿਸ ਨਾਲ ਬਹੁਤੇ ਦੇਸ਼ਾਂ ਦੀ ਉਸ ਨਾਲ ਨਾਰਾਜ਼ਗੀ ਹੋਰ ਵੀ ਵਧ ਸਕਦੀ ਹੈ। ਅਮਰੀਕਾ ਵਿਚ ਵੀ ਉਸ ਦੀਆਂ ਨੀਤੀਆਂ ਦਾ ਸਖ਼ਤ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਉੱਥੋਂ ਦੀ ਘਰੇਲੂ ਮੰਡੀ 'ਤੇ ਵੀ ਇਨ੍ਹਾਂ ਦਾ ਸਪੱਸ਼ਟ ਪ੍ਰਭਾਵ ਦੇਖਿਆ ਜਾ ਸਕਦਾ ਹੈ।
ਬਿਨਾਂ ਸ਼ੱਕ ਅਜਿਹੀਆਂ ਨੀਤੀਆਂ ਅਮਰੀਕਾ ਦੇ ਪ੍ਰਭਾਵ ਨੂੰ ਵੀ ਘਟਾਉਣਗੀਆਂ ਅਤੇ ਉਸ ਦੇ ਲੋਕਤੰਤਰੀ ਪ੍ਰਬੰਧ 'ਤੇ ਵੀ ਵੱਡੀ ਆਂਚ ਆਵੇਗੀ, ਜਿਸ ਨਾਲ ਇਸ ਮਹਾਸ਼ਕਤੀ ਦਾ ਭਵਿੱਖ ਵੀ ਲੜਖੜਾਉਂਦਾ ਨਜ਼ਰ ਆਉਣ ਲੱਗਾ ਹੈ। ਟਰੰਪ ਦੀ ਅਜਿਹੀ ਅੰਤਰਰਾਸ਼ਟਰੀ ਥਾਣੇਦਾਰੀ ਹੋਰ ਕਿੰਨਾ ਕੁ ਸਮਾਂ ਚੱਲੇਗੀ, ਇਸ ਸੰਬੰਧੀ ਵੀ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ, ਜੋ ਅਮਰੀਕਾ ਵਰਗੇ ਮੁਲਕ ਲਈ ਵੱਡੀ ਖਸਾਰੇ ਵਾਲੀ ਗੱਲ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ