(ਕੱਲ੍ਹ ਤੋਂ ਅੱਗੇ)
ਸਾਰਥਕ ਰੰਗਮੰਚ ਪਟਿਆਲਾ ਵਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਲਗਾਤਾਰ ਸਰਗਰਮੀਆਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਸੱਤ ਰੋਜ਼ਾ ਨੋਰਾ ਰਿਚਰਡਜ਼ ਥੀਏਟਰ ਫੈਸਟੀਵਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰਚਾਇਆ ਗਿਆ, ਇਸ ਫੈਸਟੀਵਲ ਦੌਰਾਨ ਜਿੱਥੇ ਸੱਤ ਨਾਟਕ ਪੇਸ਼ ਕੀਤੇ ਗਏ, ਉੱਥੇ ਪੰਜਾਬੀ ਰੰਗਮੰਚ ਤੇ ਫਿਲਮਾਂ ਨਾਲ ਜੁੜੀਆਂ ਸੱਤ ਸ਼ਖ਼ਸੀਅਤਾਂ ਦੇ ਰੂਬਰੂ ਵੀ ਕਰਵਾਏ ਗਏ। ਡਾ. ਲੱਖਾ ਲਹਿਰੀ ਦੀ ਡਾਇਰੈਕਸ਼ਨ ਹੇਠ ਨਾਟਕ, ਕੈਨੇਡਾ ਦਾ ਲੱਡੂ, ਕਰ ਲਓ ਘਿਓ ਨੂੰ ਭਾਂਡਾ, ਪੀੜ੍ਹੀ ਦਰ ਪੀੜ੍ਹੀ, ਰੀਟੇਕ ਜ਼ਿੰਦਗੀ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਸ਼ਹੀਦ ਭਗਤ ਸਿੰਘ ਵਿਰਾਸਤ ਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਦਲਜੀਤ ਸੋਨਾ ਦੀ ਨਿਰਦੇਸ਼ਨਾ ਹੇਠ ਸਾਰਾ ਸਾਲ ਪੰਜਾਬੀ ਨਾਟਕਾਂ ਦੀ ਝੜੀ ਲਾਉਣ ਦਾ ਸਿਲਸਿਲਾ ਜਾਰੀ ਰਿਹਾ ਜਿਸ ਵਿਚ ਜਾਨਵਰਾਂ ਦੀ ਅਦਾਲਤ, ਦੁੱਲਾ ਭੱਟੀ, ਮਿੱਟੀ ਰੁਦਨ ਕਰੇ, ਉਡੀਕ, ਬੇਟੀਆਂ, ਕਠਪੁਤਲੀ, ਜ਼ਿੰਦਗੀ ਜ਼ਿੰਦਾਬਾਦ, ਮੈਂ ਪੰਜਾਬੀ ਬੋਲਦੀ ਹਾਂ, ਕਾਰਗਿਲ ਸ਼ਹੀਦ, ਬੁੱਤ ਜਾਗ ਪਿਆ, ਪਾਰਸ ਪਾਂਡੀ ਪਾਤਸ਼ਾਹ, ਚਿਪਕੋ, ਮਾਤਾਦੀਨ ਚੰਨ 'ਤੇ, ਸੱਪ, ਅੰਧੇਰ ਨਗਰੀ ਚੌਪਟ ਰਾਜਾ, ਜੋ ਡਰ ਗਿਆ ਸੋ ਮਰ ਗਿਆ, ਧੂੰਆਂ, ਮੁਕਤੀਧਾਮ, ਇਕ ਸੀ ਚਿੜੀ, ਕਰਿਸ਼ਨਾ, ਗਾਲ੍ਹੜ, ਪੈਂਡਾ ਕਿੰਨਾ ਕੁ ਪਿਆ ਹੈ ਅਤੇੇ ਹੋਰ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਡਾ. ਕੁਲਦੀਪ ਸਿੰਘ ਦੀਪ ਨੇ ਪਟਿਆਲਾ ਵਿਖੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਾਨਦਾਰ ਚਿਲਡਰਨ ਥੀਏਟਰ ਉਤਸਵ ਰਚਾਇਆ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ।
ਲੋਕ ਕਲਾ ਮੰਚ ਮਾਨਸਾ ਦੀ ਟੀਮ ਵਲੋਂ ਪ੍ਰੋ ਅਜਮੇਰ ਔਲਖ ਦੇ ਨਾਟਕਾਂ ਤੂੰ ਚਰਖਾ ਘੁੱਕਦਾ ਰੱਖ ਜਿੰਦੇ, ਆਪਣਾ ਆਪਣਾ ਹਿੱਸਾ ਦੀਆਂ ਪੇਸ਼ਕਾਰੀਆਂ ਪਿੰਡਾਂ ਸ਼ਹਿਰਾਂ ਵਿਚ ਕੀਤੀਆਂ ਗਈਆਂ! ਸ਼ਹੀਦ ਭਗਤ ਸਿੰਘ ਕਲਾ ਮੰਚ ਵੱਲੋਂ ਮਾਨਸਾ ਵਿਖੇ ਔਲਖ ਸਾਹਿਬ ਦੀ ਯਾਦ ਵਿਚ ਹਰ ਸਾਲ ਰਚਾਇਆ ਜਾਂਦਾ ਲੋਕ ਮੇਲਾ ਇਸ ਵਾਰ ਵੀ ਮਨਾਇਆ ਗਿਆ ਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਹੋਈਆਂ। ਫਰੀਦਕੋਟ ਵਿਖੇ ਰਜਿੰਦਰ ਬੁਲਟ ਦੀ ਨਿਰਦੇਸ਼ਨਾ ਹੇਠ 'ਨਗਰ ਖੇੜਾ ਆਬਾਦ ਰਹੇਗਾ' ਖੇਡਿਆ ਗਿਆ, ਇਨ੍ਹਾਂ ਦੀ ਅਗਵਾਈ ਵਿਚ ਹੀ ਪੰਜ ਰੋਜ਼ਾ ਥੀਏਟਰ ਫੈਸਟੀਵਲ ਫਰੀਦਕੋਟ ਵਿਖੇ ਕਰਵਾਇਆ ਗਿਆ। ਡਾ. ਕੁਲਬੀਰ ਮਲਿਕ ਨੇ ਵੇਟਿੰਗ ਫਾਰ ਗੋਦੋ ਦਾ ਪੰਜਾਬੀ ਰੂਪਾਂਤਰਣ ਖੇਡਿਆ। ਅੰਕੁਰ ਸ਼ਰਮਾ ਦੀ ਅਗਵਾਈ ਹੇਠ ਯੁਵਾ ਰੰਗਮੰਚ ਵਲੋਂ ਜਲੰਧਰ ਵਿਖੇ ਪੰਜਾਬੀ ਨਾਟ ਉਤਸਵ ਰਚਾਇਆ ਗਿਆ। ਅਮਰਜੀਤ ਮੋਹੀ ਦੀ ਅਗਵਾਈ ਹੇਠ ਜਗਰਾਓਂ ਵਿਖੇ ਰੰਗਮੰਚ ਉਤਸਵ ਰਚਾਇਆ ਗਿਆ। ਸਰਘੀ ਕਲਾ ਕੇਂਦਰ ਮੁਹਾਲੀ ਵਲੋਂ ਸੰਜੀਵਨ ਸਿੰਘ ਦੀ ਨਿਰਦੇਸ਼ਨਾ ਹੇਠ ਸੁੰਨਾ ਵਿਹੜਾ ਅਤੇ ਜਸਬੀਰ ਗਿੱਲ ਦੀ ਨਿਰਦੇਸ਼ਨਾ ਹੇਠ ਛਿਪਣ ਤੋਂ ਪਹਿਲਾਂ ਖੇਡਿਆ ਗਿਆ। ਲੋਕ ਕਲਾ ਮੰਚ ਜ਼ੀਰਾ, ਇਪਟਾ ਮੋਗਾ, ਇਪਟਾ ਗੁਰਦਾਸਪੁਰ, ਨਾਟ ਕਲਾ ਕੇਂਦਰ ਜਗਰਾਓਂ ਅਤੇ ਹੋਰ ਅਨੇਕਾਂ ਟੀਮਾਂ ਨੇ ਰੰਗਮੰਚ ਸਰਗਰਮੀਆਂ ਕੀਤੀਆਂ।
ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਨੁੱਕੜ ਨਾਟਕ 'ਆਓ ਕੋਸ਼ਿਸ਼ ਕਰੀਏ' ਦੇ ਪੰਝੀ ਸ਼ੋਅ ਪਿੰਡਾਂ ਵਿਚ ਕੀਤੇ ਗਏ, ਉਨ੍ਹਾਂ ਦੇ ਨਾਟਕ ਫ਼ਾਦਰ ਇਨ ਲਵ, ਬਸ ਕੁਝ ਪਲ, ਮਾਈਨਸ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ, ਸੁਕਰਾਤ, ਸੱਤ ਦਰਿਆਵਾਂ ਦੇ ਜਾਏ, ਤਸਵੀਰ ਦਾ ਤੀਜਾ ਪਾਸਾ, ਮੈਂ ਭਗਤ ਸਿੰਘ ਖੇਡੇ ਗਏ। ਉਨ੍ਹਾਂ ਸਾਲ ਵਿਚ ਦੋ ਰੰਗਮੰਚ ਉਤਸਵ ਰਚਾਏ, ਪੰਦਰਾਂ ਰੋਜ਼ਾ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਅਤੇ ਤਿੰਨ ਰੋਜ਼ਾ ਨਾਟਕ ਮੇਲਾ ਵੀ ਕਰਵਾਇਆ ਗਿਆ। ਬਠਿੰਡਾ ਵਿਚ ਬਲਵੰਤ ਗਾਰਗੀ ਆਡੀਟੋਰੀਅਮ ਦੇ ਨਿਰਮਾਣ ਵਿਚ ਵੀ ਕੀਰਤੀ ਕਿਰਪਾਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਆਜ਼ਾਦ ਰੰਗਮੰਚ ਫਗਵਾੜਾ ਦੀ ਟੀਮ ਵੱਲੋਂ ਡਾ. ਦਵਿੰਦਰ ਕੁਮਾਰ ਤੇ ਬੀਬਾ ਕੁਲਵੰਤ ਦੀ ਸਰਪ੍ਰਸਤੀ ਹੇਠ ਰਣਜੀਤ ਕੁਮਾਰ ਦੀ ਨਿਰਦੇਸ਼ਨਾ ਹੇਠ ਸਾਰੇ ਸਾਲ ਵਿਚ ਬਹੁਤ ਸਾਰੇ ਨੁੱਕੜ ਨਾਟਕ, ਸਟੇਜ ਨਾਟਕ ਖੇਡੇ ਗਏ। ਸਾਲ ਵਿਚ 127 ਪੇਸ਼ਕਾਰੀਆਂ ਕਰਨ ਵਾਲੇ ਇਸ ਗਰੁੱਪ ਨੇ ਦੀ ਗ੍ਰੇਟ ਅੰਬੇਦਕਰ, ਖੋਹੀਆਂ ਰੰਬੀਆਂ, ਸਾਵਿਤਰੀ ਬਾਈ ਫੂਲੇ, ਅਣਖੀਲਾ ਸਿਦਕ, ਅਸਲੀ ਬਾਬਾ ਕੌਣ, ਮਜ਼ਾਕ, ਮੋਚੀ ਦਾ ਪੁੱਤ, ਸੀਰੀ, ਜਾਗੋ, ਮਸ਼ਾਲਾਂ ਦਾ ਕਾਫ਼ਲਾ ਆਦਿ ਨਾਟਕ ਖੇਡੇ, ਪੰਜ ਰੋਜ਼ਾ ਥੀਏਟਰ ਫੈਸਟੀਵਲ ਬਾਬਾ ਸਾਹਿਬ ਅੰਬੇਦਕਰ ਦੀ ਯਾਦ ਵਿਚ ਕਰਵਾਇਆ ਗਿਆ, ਸੁਪਨਦੀਪ ਸਿੰਘ ਸਿੱਧੂ ਦੀ ਯਾਦ ਵਿਚ ਨਾਟ ਮੇਲਾ ਰਚਾਇਆ ਗਿਆ, ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ, ਗੁਰਸ਼ਰਨ ਸਿੰਘ ਦੀ ਯਾਦ ਵਿਚ ਰੰਗਮੰਚ ਉਤਸਵ ਰਚਾਏ ਗਏ। ਇਸੇ ਤਰ੍ਹਾਂ ਦੁਆਬਾ ਰੰਗਮੰਚ ਫਗਵਾੜਾ ਦੀ ਟੀਮ ਨੇ ਇਹ ਲਹੂ ਕਿਸ ਦਾ ਹੈ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ।
ਕੈਨੇਡਾ ਵਿਚ ਪੰਜਾਬੀ ਰੰਗਮੰਚ ਦੀਆਂ ਸਰਗਰਮੀਆਂ ਸਾਰਾ ਸਾਲ ਹੁੰਦੀਆਂ ਰਹੀਆਂ ਤੇ ਦਰਸ਼ਕ ਹੁੰਗਾਰਾ ਭਰਦੇ ਰਹੇ। ਸਰੀ ਵੈਨਕੂਵਰ ਵਿਚ ਡਾ. ਜਸਕਰਨ, ਡਾ. ਨਵਦੀਪ, ਪਰਮਿੰਦਰ ਸਵੈਚ, ਗੁਰਦੀਪ ਭੁੱਲਰ, ਸਿਮਰਨ ਕਰਾਂਤੀ, ਬੀਰ ਬਟਾਲਵੀ ਤੇ ਹੋਰ ਦੋਸਤਾਂ ਦੀ ਨਿਰਦੇਸ਼ਨਾ ਹੇਠ ਨਾਟਕ ਖੇਡੇ ਗਏ। ਰਾਣਾ ਰਣਬੀਰ ਵਲੋਂ ਨਵਾਂ ਨਾਟਕ 'ਬੰਦੇ ਬਣੋ ਬੰਦੇ' ਦੀ ਪੇਸ਼ਕਾਰੀ ਕੀਤੀ ਗਈ ਜਿਸ ਨੂੰ ਵੱਡਾ ਹੁੰਗਾਰਾ ਮਿਲਿਆ। ਚੇਤਨਾ ਐਸੋਸੀਏਸ਼ਨ ਕੈਨੇਡਾ ਵਲੋਂ ਸਾਵਿਤਰੀ ਫੂਲੇ ਨੂੰ ਸਮਰਪਿਤ ਵਿਸ਼ੇਸ਼ ਨਾਟਕ ਖੇਡਿਆ ਗਿਆ। ਮਹਿਮਾਨ ਨਿਰਦੇਸ਼ਕਾਂ ਵਿਚ ਡਾ. ਸਾਹਿਬ ਸਿੰਘ ਤੇ ਸੁਰਿੰਦਰ ਸ਼ਰਮਾ ਨੇ ਨਾਟਕ ਖੇਡੇ। ਪੰਜਾਬ ਆਰਟਸ ਐਸੋਸੀਏਸ਼ਨ ਟਰਾਂਟੋ ਦੀ ਟੀਮ ਬਲਜਿੰਦਰ ਲੇਲਨਾ ਤੇ ਸਰਬਜੀਤ ਅਰੋੜਾ ਦੀ ਅਗਵਾਈ ਹੇਠ ਪੂਰਾ ਸਾਲ ਦਰਸ਼ਕਾਂ ਨੂੰ ਪੰਜਾਬੀ ਨਾਟਕ ਪਰੋਸਦੇ ਰਹੇ, ਡਾ. ਹਰਚਰਨ ਸਿੰਘ ਰਚਿਤ ਇਤਿਹਾਸਕ ਨਾਟਕ ਹਿੰਦ ਦੀ ਚਾਦਰ ਨੂੰ ਵਿਸ਼ਾਲ ਟੀਮ ਨਾਲ ਪੇਸ਼ ਕੀਤਾ। ਰੰਗਕਰਮੀ ਹੀਰਾ ਸਿੰਘ ਰੰਧਾਵਾ ਨੇ ਹੈਟਸ ਅੱਪ ਟਰਾਂਟੋ ਦੀ ਟੀਮ ਵਲੋਂ ਸੱਚ ਸਿਰੁਰ ਤੇ ਸੀਸ ਨਾਟਕ ਖੇਡਿਆ। ਨਾਹਰ ਔਜਲਾ ਦੀ ਅਗਵਾਈ ਵਿਚ ਸਾਰਾ ਸਾਲ ਅਨੇਕਾਂ ਨੁੱਕੜ ਨਾਟਕ ਪੇਸ਼ ਕੀਤੇ ਗਏ ਜਿਹਨਾਂ ਨੂੰ ਓਂਟਾਰੀਓ ਦੇ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਨੇ ਲਗਾਤਾਰਤਾ ਤੇ ਪ੍ਰਤੀਬੱਧਤਾ ਦਾ ਕਿਰਦਾਰ ਕਾਇਮ ਰੱਖਦਿਆਂ ਇਸ ਸਾਲ ਫਿਰ ਦੋ ਨਾਟ ਮੇਲੇ ਰਚਾਏ, ਇਕ ਨਾਟ ਮੇਲੇ ਵਿਚ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਨਾਟਕ ਤੇ ਕੋਰੀਓਗ੍ਰਾਫੀ ਪੇਸ਼ ਕੀਤੇ ਤੇ ਦੂਜੇ ਨਾਟ ਮੇਲੇ ਵਿਚ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ਪੇਸ਼ ਕੀਤਾ। ਕਮਲਪ੍ਰੀਤ ਪੰਧੇਰ ਤੇ ਮਾਸਟਰ ਭਜਨ ਗਿੱਲ ਦੀ ਅਗਵਾਈ ਵਿਚ ਇਸ ਗਰੁੱਪ ਨੇ ਕੈਲਗਰੀ ਵਿਚ ਪੰਜਾਬੀ ਲੋਕ ਪੱਖੀ ਰੰਗਮੰਚ ਦਾ ਮਿਆਰ ਤੇ ਸਤਿਕਾਰ ਕਾਇਮ ਰੱਖਿਆ। ਬਿਕਰਮ ਮੋਗਾ ਨੇ ਵਿਨੀਪੈਗ ਵਿਖੇ ਪੰਜਾਬੀ ਰੰਗਮੰਚ ਦੀ ਮਸ਼ਾਲ ਨੂੰ ਹੱਥ ਪਾਇਆ ਹੈ ਤੇ ਗੁਰਸ਼ਰਨ ਸਿੰਘ, ਅਜਮੇਰ ਔਲਖ ਤੇ ਪਰਮਿੰਦਰ ਸਵੈਚ ਦੁਆਰਾ ਲਿਖੇ ਨਾਟਕ ਪੇਸ਼ ਕਰ ਕੇ ਸੰਭਾਵਨਾਵਾਂ ਉਜਾਗਰ ਕੀਤੀਆਂ ਹਨ। ਐਡਮੰਟਨ ਵਿਖੇ ਪਰਮਜੀਤ ਗਿੱਲ ਨੇ 'ਮੇਰਾ ਘਰ ਮੇਰੀ ਕਹਾਣੀ' ਦੀ ਪੇਸ਼ਕਾਰੀ ਕੀਤੀ। ਸਾਡਾ ਪਿਆਰਾ ਨੌਜਵਾਨ ਰੰਗਕਰਮੀ ਅਜ਼ਲ ਦੁਸਾਂਝ, ਜਿਸ ਨੇ ਕੈਨੇਡਾ ਦੇ ਸੂਬੇ ਨਿਊ ਫਾਊਂਡਲੈਂਡ ਦੀ ਰਾਜਧਾਨੀ ਸੇਂਟ ਜੋਨਜ਼ ਵਿਖੇ ਬਤੌਰ ਰੰਗਮੰਚ ਨਿਰਦੇਸ਼ਕ ਗੁਰਸ਼ਰਨ ਸਿੰਘ ਦੇ ਪੰਜ ਨਾਟਕਾਂ ਨੂੰ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ਪੇਸ਼ ਕੀਤਾ, ਹੁਣ ਮਾਂਟਰੀਅਲ ਦੇ ਨੈਸ਼ਨਲ ਥੀਏਟਰ ਸਕੂਲ ਵਿਚ ਡਾਇਰੈਕਸ਼ਨ ਦੀ ਉੱਚ ਸਿਖਲਾਈ ਲੈ ਰਿਹਾ ਹੈ ਤੇ ਨੁੱਕੜ ਨਾਟਕ ਨੂੰ ਅਵਾਮ ਤਕ ਲੈ ਕੇ ਜਾਣ ਲਈ ਤਰੀਕਾਕਾਰ ਈਜਾਦ ਕਰਨ ਦੇ ਰਾਹ ਤੁਰਿਆ ਹੋਇਆ ਹੈ। ਕੈਨੇਡਾ ਦੇ ਹੋਰ ਸ਼ਹਿਰਾਂ ਵਿਚ ਵੀ ਰੰਗਮੰਚ ਹੋ ਰਿਹਾ ਹੈ!
ਇਸ ਤਰ੍ਹਾਂ ਸਾਲ 2025 ਦੇ ਪੰਜਾਬੀ ਰੰਗਮੰਚ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੋ ਗੱਲਾਂ ਸਪੱਸ਼ਟ ਹਨ..ਪੰਜਾਬੀ ਰੰਗਕਰਮੀ ਉਤਸ਼ਾਹ ਵਿਚ ਹੈ, ਉਹ ਵੱਖ ਵੱਖ ਵਿਸ਼ਿਆਂ ਨੂੰ ਮੰਚ ਦਾ ਜਾਮਾ ਪਹਿਨਾ ਕੇ ਪੇਸ਼ ਕਰਨ ਲਈ ਉਤਸੁਕ ਹੈਬਹੁਤ ਵੱਡੀ ਗਿਣਤੀ ਵਿਚ ਰੰਗਮੰਚ ਸਰਗਰਮੀਆਂ ਹੋਈਆਂ ਹਨ। ਸਾਲ ਵਿਚ ਲਗਭਗ 1800ਔਸਤਨ 40000 ਦਰਸ਼ਕਾਂ ਤਕ ਪੰਜਾਬੀ ਰੰਗਮੰਚ ਪਹੁੰਚਿਆ ਹੈ। ਦੂਜੀ ਗੱਲ ਇਹ ਉੱਭਰ ਕੇ ਆ ਰਹੀ ਹੈ ਕਿ ਰੰਗਮੰਚ ਨੂੰ ਹੁੰਗਾਰਾ ਮਿਲ ਰਿਹਾ ਹੈ, ਰੰਗਕਰਮੀ ਨਿਰਾਸ਼ਾ ਤੋਂ ਬਾਹਰ ਆ ਕੇ ਇਸ ਨੂੰ ਇਕ ਕਲਾਤਮਕ ਵੰਨਗੀ (ਜਿਸ ਦਾ ਲੋਕਾਂ ਨਾਲ ਗੂੜ੍ਹਾ ਰਿਸ਼ਤਾ ਹੈ) ਦੇ ਰੂਪ 'ਚ ਕਬੂਲਣ ਵੱਲ ਤੁਰਿਆ ਹੈ। ਚੁਣੌਤੀ ਇਹ ਹੈ ਕਿ, ਕੀ ਪੰਜਾਬੀ ਰੰਗਮੰਚ ਸੰਸਾਰਿਕ ਤਬਦੀਲੀ ਤੇ ਉਸ 'ਚੋਂ ਸਿਰਜੀ ਜਾ ਰਹੀ ਨਵੀਂ ਪੀੜ੍ਹੀ ਦੇ ਫਿਕਰਾਂ ਪ੍ਰਤੀ ਜਾਗਰੂਕ ਹੈ ਜਾਂ ਨਹੀਂ..ਪੀਠੇ ਹੋਏ ਨੂੰ ਮੁੜ ਮੁੜ ਤਾਂ ਨਹੀਂ ਪੀਠਿਆ ਜਾ ਰਿਹਾ, ਇਸ ਸਵਾਲ ਦੇ ਰੂਬਰ ਹੋਵਾਂਗੇ ਤਾਂ 2026, ਪੰਜਾਬੀ ਰੰਗਮੰਚ ਲਈ ਤਾਜ਼ੀ ਹਵਾ ਦਾ ਬੂਹਾ ਖੋਲ੍ਹੇਗਾ। ਸਭ ਨੂੰਸੱਜਰਾ ਵਰ੍ਹਾ ਮੁਬਾਰਕ!
(ਸਮਾਪਤ)
ਮੋਬਾਈਲ : 9888011096
ਈ-ਮੇਲ : sssahebealam@gnail.com