12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸੋਮਨਾਥ ਮੰਦਰ ਦਾ ਉਤਸਵ-ਆਸਥਾ ਦੇ 1000 ਸਾਲ

Ad Position 21
No active advertisement
ਅਜੀਤ ਡੈਸਕ 05-01-2026

ਸੋਮਨਾਥ... ਇਸ ਸ਼ਬਦ ਨੂੰ ਸੁਣ ਕੇ ਸਾਡੇ ਦਿਲਾਂ ਤੇ ਮਨਾਂ 'ਚ ਮਾਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਹ ਭਾਰਤ ਦੀ ਆਤਮਾ ਦੀ ਸਦੀਵੀ ਪੁਕਾਰ ਹੈ। ਇਹ ਸ਼ਾਨਦਾਰ ਮੰਦਰ ਭਾਰਤ ਦੇ ਪੱਛਮੀ ਤੱਟ 'ਤੇ ਗੁਜਰਾਤ 'ਚ ਪ੍ਰਭਾਸ ਪਾਟਨ ਨਾਮਕ ਸਥਾਨ 'ਤੇ ਸਥਿਤ ਹੈ। ਦਵਾਦਸ਼ਾ ਜਯੋਤਿਰਲਿੰਗ ਸਤੋਤਰਮ 'ਚ ਭਾਰਤ ਦੇ 12 ਜਯੋਤਿਰਲਿੰਗਾਂ ਦਾ ਜ਼ਿਕਰ ਹੈ। ਸਤੋਤਰਮ 'ਸੌਰਾਸ਼ਟਰ ਸੋਮਨਾਥ ਚ' ਪਹਿਲੇ ਜਯੋਤਿਰਲਿੰਗ ਵਜੋਂ ਸੋਮਨਾਥ ਦੇ ਸੱਭਿਆਚਾਰਕ ਤੇ ਅਧਿਆਤਮਕ ਮਹੱਤਵ ਦਾ ਪ੍ਰਤੀਕ ਹੈ। ਸੋਮਨਾਥ ਸ਼ਿਵਲਿੰਗ ਦੇ ਦਰਸ਼ਨ ਕਰਨ ਨਾਲ ਹੀ ਵਿਅਕਤੀ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਦੁੱਖ ਦੀ ਗੱਲ ਹੈ ਕਿ ਜਿਸ ਸੋਮਨਾਥ ਨਾਲ ਲੱਖਾਂ ਲੋਕਾਂ ਦੀ ਸ਼ਰਧਾ ਤੇ ਪ੍ਰਾਰਥਨਾਵਾਂ ਜੁੜੀਆਂ ਸਨ, ਉਸ ਨੂੰ ਤਬਾਹ ਕਰਨ ਲਈ ਵਿਦੇਸ਼ੀ ਹਮਲਾਵਰਾਂ ਨੇ ਹਮਲਾ ਕੀਤਾ।
ਸਾਲ 2026 ਸੋਮਨਾਥ ਮੰਦਰ ਲਈ ਮਹੱਤਵਪੂਰਨ ਹੈ, ਜਦੋਂ ਇਸ ਮਹਾਨ ਤੀਰਥ ਸਥਾਨ 'ਤੇ ਹੋਏ ਪਹਿਲੇ ਹਮਲੇ ਨੂੰ 1,000 ਸਾਲ ਹੋ ਗਏ ਹਨ। ਜਨਵਰੀ 1026 'ਚ ਗਜ਼ਨੀ ਦੇ ਮਹਿਮੂਦ ਨੇ ਇਕ ਹਿੰਸਕ ਹਮਲੇ ਰਾਹੀਂ ਵਿਸ਼ਵਾਸ ਤੇ ਸੱਭਿਅਤਾ ਦੇ ਇਕ ਮਹਾਨ ਪ੍ਰਤੀਕ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦਿਆਂ ਇਸ ਮੰਦਰ 'ਤੇ ਹਮਲਾ ਕੀਤਾ ਸੀ। ਪਰ ਇਕ ਹਜ਼ਾਰ ਸਾਲ ਬਾਅਦ ਸੋਮਨਾਥ ਆਪਣੀ ਪੁਰਾਣੀ ਸ਼ਾਨ ਨਾਲ ਪਹਿਲਾਂ ਵਾਂਗ ਹੀ ਸ਼ਾਨਦਾਰ ਰੂਪ 'ਚ ਮੁੜ ਤੋਂ ਬੁਲੰਦ ਹੋ ਕੇ ਖੜ੍ਹਾ ਹੈ। ਇਕ ਅਜਿਹਾ ਹੀ ਮੀਲ ਪੱਥਰ 2026 ਵਿਚ 75 ਸਾਲ ਪੂਰੇ ਕਰ ਰਿਹਾ ਹੈ, ਜਦੋਂ 11 ਮਈ, 1951 ਨੂੰ ਭਾਰਤ ਦੇ ਤੱਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਮੌਜੂਦਗੀ 'ਚ ਮੰਦਰ ਦੇ ਸ਼ਰਧਾਲੂਆਂ ਲਈ ਦਰਵਾਜ਼ੇ ਖੋਲ੍ਹੇ ਗਏ ਸਨ। ਸੋਮਨਾਥ ਮੰਦਰ ਨੂੰ ਹੋਏ ਨੁਕਸਾਨ ਦਾ ਵਰਣਨ ਵੱਖ-ਵੱਖ ਇਤਿਹਾਸਕ ਕਿਤਾਬਾਂ 'ਚ ਵਿਸਥਾਰ ਸਹਿਤ ਮਿਲਦਾ ਹੈ, ਜਿਸ ਦੀ ਹਰ ਪੰਕਤੀ ਦਰਦ, ਬੇਰਹਿਮੀ ਤੇ ਦੁੱਖ ਨਾਲ ਭਰੀ ਹੋਈ ਹੈ, ਜੋ ਸਮੇਂ ਦੇ ਨਾਲ ਵੀ ਫਿੱਕੀ ਨਹੀਂ ਪਈ।
ਇਸ ਹਮਲੇ ਦਾ ਭਾਰਤ ਤੇ ਇਸ ਦੇ ਲੋਕਾਂ ਦੇ ਮਨੋਬਲ 'ਤੇ ਬਹੁਤ ਅਸਰ ਪਿਆ, ਕਿਉਂਕਿ ਸੋਮਨਾਥ ਮੰਦਰ ਦਾ ਬਹੁਤ ਅਧਿਆਤਮਕ ਮਹੱਤਵ ਸੀ। ਇਹ ਮੰਦਰ ਤੱਟ 'ਤੇ ਸਥਿਤ ਹੋਣ ਕਰਕੇ ਕਾਰੋਬਾਰੀ ਸਮਾਜ ਨੂੰ ਤਾਕਤ ਤੇ ਉਤਸ਼ਾਹ ਮਿਲਦਾ ਸੀ। ਆਰਥਿਕ ਤੌਰ 'ਤੇ ਤਾਕਤਵਰ ਸਮੁੰਦਰੀ ਵਪਾਰੀ ਤੇ ਮਲਾਹ ਇਸ ਦੀ ਮਹਿਮਾ ਦੀਆਂ ਕਹਾਣੀਆਂ ਦੂਰ-ਦੂਰ ਤੱਕ ਫੈਲਾਉਂਦੇ ਸਨ।ਪਰ ਪਹਿਲੇ ਹਮਲੇ ਤੋਂ ਇਕ ਹਜ਼ਾਰ ਸਾਲ ਬਾਅਦ ਵੀ ਸੋਮਨਾਥ ਦੀ ਕਹਾਣੀ ਤਬਾਹੀ ਤੋਂ ਪਰਿਭਾਸ਼ਤ ਨਹੀਂ ਹੈ, ਜੋ ਭਾਰਤ ਮਾਤਾ ਦੇ ਕਰੋੜਾਂ ਬੱਚਿਆਂ ਦੀ ਅਟੁੱਟ ਹਿੰਮਤ ਤੋਂ ਪਛਾਣੀ ਜਾਂਦੀ ਹੈ। ਇਕ ਹਜ਼ਾਰ ਸਾਲ ਪਹਿਲਾਂ ਜਦੋਂ ਮੱਧਯੁਗੀ ਸੋਚ ਨੇ ਦੂਜਿਆਂ ਨੂੰ ਸੋਮਨਾਥ 'ਤੇ ਹਮਲਾ ਕਰਨ ਲਈ 'ਪ੍ਰੇਰਿਤ' ਕੀਤਾ, ਤਾਂ ਇਹ ਸਾਡੇ ਲੋਕਾਂ ਤੇ ਸੱਭਿਆਚਾਰ ਨੂੰ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਦੀ ਸ਼ੁਰੂਆਤ ਸੀ। ਪਰ ਹਰ ਵਾਰ ਜਦੋਂ ਵੀ ਮੰਦਰ 'ਤੇ ਹਮਲਾ ਹੋਇਆ, ਸਾਡੇ ਮਹਾਨ ਲੋਕਾਂ ਨੇ ਇਸ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਇਹ ਸਾਡਾ ਸੁਭਾਗ ਹੈ ਕਿ ਅਸੀਂ ਉਸੇ ਮਿੱਟੀ 'ਚ ਪਲ਼ੇ ਤੇ ਵੱਡੇ ਹੋਏ ਹਾਂ, ਜਿਸ ਨੇ ਅਹਿਲਿਆ ਬਾਈ ਹੋਲਕਰ ਵਰਗੇ ਮਹਾਨ ਲੋਕਾਂ ਨੂੰ ਪਾਲਿਆ-ਪੋਸਿਆ ਹੈ।
1890 ਦੇ ਦਹਾਕੇ 'ਚ ਸਵਾਮੀ ਵਿਵੇਕਾਨੰਦ ਸੋਮਨਾਥ ਆਏ ਸਨ ਤੇ ਉਨ੍ਹਾਂ 1897 'ਚ ਚੇਨਈ 'ਚ ਇਕ ਭਾਸ਼ਨ ਕਰਦਿਆਂ ਕਿਹਾ ਸੀ ਕਿ ਦੱਖਣੀ ਭਾਰਤ ਦੇ ਕੁਝ ਪ੍ਰਾਚੀਨ ਮੰਦਰ ਤੇ ਗੁਜਰਾਤ ਦੇ ਸੋਮਨਾਥ ਵਰਗਾ ਮੰਦਰ ਤੁਹਾਨੂੰ ਬਹੁਤ ਸਾਰੀ ਸਿਆਣਪ ਸਿਖਾਉਣਗੇ ਅਤੇ ਤੁਹਾਨੂੰ ਇਸ ਨਸਲ ਦੇ ਇਤਿਹਾਸ ਦੀ ਕਿਸੇ ਵੀ ਕਿਤਾਬ ਨਾਲੋਂ ਡੂੰਘੀ ਸਮਝ ਪ੍ਰਦਾਨ ਕਰਨਗੇ। ਦੇਖੋ ਕਿਵੇਂ ਇਸ ਮੰਦਰ 'ਤੇ ਹੋਏ ਸੈਂਕੜੇ ਹਮਲਿਆਂ ਤੇ ਸੌ ਵਾਰੀ ਇਸ ਦੀ ਮੁੜ ਉਸਾਰੀ ਦੇ ਨਿਸ਼ਾਨ ਉੱਕਰੇ ਹੋਏ ਹਨ, ਜੋ ਲਗਾਤਾਰ ਤਬਾਹ ਹੋ ਕੇ ਖੰਡਰਾਂ 'ਚੋਂ ਪਹਿਲਾਂ ਵਾਂਗ ਹੀ ਨਵੇਂ ਤੇ ਮਜ਼ਬੂਤ ਹੋ ਕੇ ਮੁੜ ਉੱਭਰਦੇ ਹਨ। ਇਹੀ ਰਾਸ਼ਟਰੀ ਮਨ ਤੇ ਰਾਸ਼ਟਰੀ ਜੀਵਨ-ਧਾਰਾ ਹੈ। ਇਹ ਰਾਸ਼ਟਰੀ ਸੋਚ ਤੇ ਰਾਸ਼ਟਰੀ ਜੀਵਨ ਜਾਚ ਹੈ। ਇਸ ਦੀ ਪਾਲਣਾ ਤੁਹਾਨੂੰ ਮਾਣ ਵੱਲ ਲੈ ਜਾਵੇਗੀ। ਉਸ ਜੀਵਨ-ਧਾਰਾ ਦਾ ਤਿਆਗ ਕਰਨਾ ਖ਼ੁਦ ਨੂੰ ਤਬਾਹ ਕਰਨ ਵਾਲੀ ਗੱਲ ਹੋਵੇਗੀ। ਆਜ਼ਾਦੀ ਤੋਂ ਬਾਅਦ ਦੀਵਾਲੀ ਮੌਕੇ ਸਰਦਾਰ ਵੱਲਭ ਭਾਈ ਪਟੇਲ ਨੇ ਸੋਮਨਾਥ ਮੰਦਰ ਦੀ ਮੁੜ ਉਸਾਰੀ ਦਾ ਐਲਾਨ ਕਰਕੇ ਕੰਮ ਸ਼ੁਰੂ ਕਰਵਾ ਦਿੱਤਾ ਅਤੇ 11 ਮਈ, 1951 ਨੂੰ ਵਿਸ਼ਾਲ ਸੋਮਨਾਥ ਮੰਦਰ ਦੇ ਸ਼ਰਧਾਲੂਆਂ ਲਈ ਦਰਵਾਜ਼ੇ ਖੋਲ੍ਹੇੇ ਗਏ ਤਾਂ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਉੱਥੇ ਮੌਜੂਦ ਸਨ।ਹਾਲਾਂਕਿ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਮਾਣਯੋਗ ਰਾਸ਼ਟਰਪਤੀ ਤੇ ਮੰਤਰੀਆਂ ਦੇ ਇਸ ਵਿਸ਼ੇਸ਼ ਸਮਾਗਮ 'ਚ ਸ਼ਾਮਿਲ ਹੋਣ ਤੋਂ ਬਹੁਤੇ ਖ਼ੁਸ਼ ਨਹੀਂ ਸਨ। ਸੋਮਨਾਥ ਦਾ ਕੋਈ ਵੀ ਜ਼ਿਕਰ ਕੇ.ਐੱਮ. ਮੁਨਸ਼ੀ ਦੇ ਯਤਨਾਂ ਨੂੰ ਯਾਦ ਕੀਤੇ ਬਿਨਾਂ ਅਧੂਰਾ ਹੈ, ਜਿਨ੍ਹਾਂ ਨੇ ਸਰਦਾਰ ਪਟੇਲ ਦਾ ਭਰਪੂਰ ਸਾਥ ਦਿੱਤਾ। ਉਨ੍ਹਾਂ ਦੀ 'ਸੋਮਨਾਥ: ਦ ਸ਼ਰਾਈਨ ਐਟਰਨਲ' ਕਿਤਾਬ ਬਹੁਤ ਜਾਣਕਾਰੀ ਤੇ ਗਿਆਨ ਭਰਪੂਰ ਹੈ, ਜੋ ਇਕ ਸੱਭਿਅਤਾ ਦੀ ਆਤਮਾ ਤੇ ਵਿਚਾਰਾਂ ਦੀ ਸਦੀਵਤਾ ਬਾਰੇ ਦ੍ਰਿੜ੍ਹਤਾ ਦੀ ਭਾਵਨਾ ਨੂੰ ਉਜਾਗਰ ਕਰਦੀ ਹੈ।
ਇਹੀ ਭਾਵਨਾ ਹੈ ਕਿ ਸਾਡਾ ਦੇਸ਼ ਸਦੀਆਂ ਦੇ ਹਮਲਿਆਂ ਤੇ ਬਸਤੀਵਾਦੀ ਲੁੱਟ ਤੋਂ ਉੱਭਰ ਕੇ ਆਲਮੀ ਵਿਕਾਸ ਵਿਚ ਸਭ ਤੋਂ ਵਧੀਆ ਦੇਸ਼ਾਂ 'ਚੋਂ ਇਕ ਬਣ ਗਿਆ ਹੈ। ਸਾਡੀਆਂ ਕਦਰਾਂ-ਕੀਮਤਾਂ ਤੇ ਸਾਡੇ ਲੋਕਾਂ ਦੀ ਦ੍ਰਿੜ੍ਹਤਾ ਨੇ ਅੱਜ ਭਾਰਤ ਨੂੰ ਦੁਨੀਆ ਦੀ ਖਿੱਚ ਦਾ ਕੇਂਦਰ ਬਣਾ ਦਿੱਤਾ ਹੈ। ਦੁਨੀਆ ਭਾਰਤ ਨੂੰ ਉਮੀਦ ਤੇ ਆਸ ਦੀਆਂ ਨਜ਼ਰਾਂ ਨਾਲ ਦੇਖ ਰਹੀ ਹੈ। ਸਾਡੀ ਕਲਾ, ਸੱਭਿਆਚਾਰ, ਸੰਗੀਤ ਤੇ ਕਈ ਤਿਉਹਾਰ ਆਲਮੀ ਬਣ ਰਹੇ ਹਨ। ਯੋਗ ਤੇ ਆਯੁਰਵੇਦ ਆਲਮੀ ਪੱਧਰ 'ਤੇ ਅਸਰ ਛੱਡਦਿਆਂ ਸਿਹਤਮੰਦ ਜੀਵਨ ਨੂੰ ਵਧਾ ਰਹੇ ਹਨ। ਅੱਜ ਵੀ ਸੋਮਨਾਥ ਵਿਚ ਮਨ ਤੇ ਆਤਮਾ ਦੇ ਅੰਦਰ ਕੁਝ ਡੂੰਘਾ ਜਗਾਉਣ ਦੀ ਉਹੀ ਸਮਰੱਥਾ ਹੈ।
ਅਤੀਤ ਦੇ ਹਮਲਾਵਰ ਹੁਣ ਹਵਾ ਵਿਚ ਧੂੜ ਬਣ ਗਏ ਹਨ, ਉਨ੍ਹਾਂ ਦੇ ਨਾਂਅ ਵਿਨਾਸ਼ ਦੇ ਸਮਾਨਾਰਥੀ ਹਨ। ਉਹ ਇਤਿਹਾਸ ਦੇ ਪੰਨਿਆਂ ਵਿਚ ਸਿਰਫ਼ ਹੇਠਲੀਆਂ ਟਿੱਪਣੀਆਂ ਦੀ ਤਰ੍ਹਾਂ ਹਨ, ਜਦਕਿ ਸੋਮਨਾਥ ਚਮਕਦਾ ਹੋਇਆ ਆਪਣੀ ਰੌਸ਼ਨੀ ਦੂਰ-ਦੂਰ ਤੱਕ ਫੈਲਾ ਰਿਹਾ ਹੈ। ਸੋਮਨਾਥ ਉਮੀਦ ਦਾ ਇਕ ਗੀਤ ਹੈ, ਜੋ ਸਾਨੂੰ ਦੱਸਦਾ ਹੈ ਕਿ ਜੇਕਰ ਨਫ਼ਰਤ ਤੇ ਕੱਟੜਤਾ ਤਬਾਹ ਕਰਨ ਦੀ ਸ਼ਕਤੀ ਰੱਖਦੇ ਹਨ ਤਾਂ ਚੰਗਿਆਈ ਤੇ ਦ੍ਰਿੜ੍ਹ ਇਰਾਦੇ ਦੀ ਸ਼ਕਤੀ ਵਿਚ ਵਿਸ਼ਵਾਸ ਹਮੇਸ਼ਾ ਮੁੜ ਉਸਾਰੀ ਦੀ ਤਾਕਤ ਰੱਖਦਾ ਹੈ, ਜੇਕਰ ਸੋਮਨਾਥ ਮੰਦਰ ਹਜ਼ਾਰ ਸਾਲ ਪਹਿਲਾਂ ਵਾਰ-ਵਾਰ ਹੋਏ ਹਮਲੇ ਬਾਅਦ ਮੁੜ ਖੜ੍ਹਾ ਹੋ ਸਕਦਾ ਹੈ ਤਾਂ ਅਸੀਂ ਵੀ ਹਮਲਿਆਂ ਤੋਂ ਹਜ਼ਾਰ ਸਾਲ ਬਾਅਦ ਆਪਣੇ ਮਹਾਨ ਦੇਸ਼ ਦੀ ਸ਼ਾਨ ਨੂੰ ਜ਼ਰੂਰ ਬਹਾਲ ਕਰ ਸਕਦੇ ਹਾਂ। ਸ੍ਰੀ ਸੋਮਨਾਥ ਮਹਾਦੇਵ ਦੇ ਅਸ਼ੀਰਵਾਦ ਨਾਲ ਅਸੀਂ ਇਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਇਕ ਨਵੇਂ ਸੰਕਲਪ ਨਾਲ ਅੱਗੇ ਵਧ ਰਹੇ ਹਾਂ, ਜਿੱਥੇ ਸਾਡੀ ਸੱਭਿਅਤਾ ਦਾ ਗਿਆਨ ਸਮੁੱਚੀ ਦੁਨੀਆ ਦੇ ਭਲੇ ਲਈ ਸਾਡਾ ਰਾਹ ਦਿਸੇਰਾ ਬਣੇਗਾ।
ਜੈ ਸੋਮਨਾਥ!

(ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸ੍ਰੀ ਸੋਮਨਾਥ ਟਰੱਸਟ ਦੇ ਚੇਅਰਮੈਨ ਵੀ ਹਨ)
****

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਰੰਗਮੰਚ ਪੱਖੋਂ ਸਰਗਰਮੀਆਂ ਭਰਪੂਰ ਰਿਹਾ 2025 (2) ਅਗਲੀ ਖ਼ਬਰ ਆਸਾਮ ਤੇ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ-ਸਿਖਰਾਂ 'ਤੇ ਫਿਰਕੂ ਹੈ ਧਰੁਵੀਕਰਨ ਦੀ ਰਾਜਨੀਤੀ
Ad Position 24