ਜਨਮ ਦਿਨ 'ਤੇ ਵਿਸ਼ੇਸ਼
'ਮੇਰੇ ਸਰੀਰ 'ਤੇ ਲੱਗੀ ਹਰ ਲਾਠੀ ਬ੍ਰਿਟਿਸ਼ ਸਾਮਰਾਜ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਵੇਗੀ'। ਇਹ ਸ਼ਬਦ ਸਨ ਮਹਾਨ ਇਨਕਲਾਬੀ ਨੇਤਾ ਲਾਲਾ ਲਾਜਪਤ ਰਾਏ ਦੇ, ਜਿਨ੍ਹਾਂ ਨੂੰ ਇਤਿਹਾਸ ਨੇ 'ਪੰਜਾਬ ਕੇਸਰੀ' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ। ਉਹ ਨਾ ਸਿਰਫ਼ ਆਜ਼ਾਦੀ ਘੁਲਾਟੀਏ ਸਨ, ਸਗੋਂ ਇਕ ਉੱਘੇ ਲੇਖਕ, ਸਮਾਜ ਸੁਧਾਰਕ, ਪ੍ਰੇਰਕ ਤੇ ਚਿੰਤਕ ਵੀ ਸਨ। ਉਹ ਇੰਡੀਅਨ ਨੈਸ਼ਨਲ ਕਾਂਗਰਸ, ਲਾਲ-ਬਾਲ-ਪਾਲ ਸਮੂਹ ਦੇ ਤਿੰਨ ਪ੍ਰਮੁੱਖ ਨੇਤਾਵਾਂ 'ਚੋਂ ਇਕ ਸਨ। ਉਨ੍ਹਾਂ ਦਾ ਜਨਮ 28 ਜਨਵਰੀ 1865 ਨੂੰ ਬ੍ਰਿਟਿਸ਼ ਭਾਰਤ ਅਧੀਨ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਢੁੱਡੀਕੇ (ਹੁਣ ਜ਼ਿਲ੍ਹਾ ਮੋਗਾ) ਵਿਖੇ ਆਪਣੇ ਨਾਨਕੇ ਘਰ ਹੋਇਆ।
ਉਨ੍ਹਾਂ ਦੇ ਪਿਤਾ ਰਾਧਾਕ੍ਰਿਸ਼ਨ ਆਜ਼ਾਦ ਅਧਿਆਪਕ ਸਨ, ਜੋ ਆਰੀਆ ਸਮਾਜ ਦੇ ਵਿਚਾਰਾਂ ਤੋਂ ਪ੍ਰੇਰਿਤ ਸਨ। ਉਨ੍ਹਾਂ ਦੀ ਮਾਤਾ ਗੁਲਾਬ ਦੇਵੀ ਧਾਰਮਿਕ ਸ਼ਖ਼ਸੀਅਤ ਸਨ। ਉਨ੍ਹਾਂ ਨੇ ਆਪਣੀ ਪੜ੍ਹਾਈ ਰੇਵਾੜੀ ਤੇ ਲਾਹੌਰ ਵਿਚ ਪੂਰੀ ਕੀਤੀ। ਅਗਰਵਾਲ ਪਰਿਵਾਰ ਨਾਲ ਸੰਬੰਧਿਤ ਲਾਲਾ ਜੀ ਨੇ ਕਾਨੂੰਨ ਦੀ ਪੜ੍ਹਾਈ ਕਰ ਕੇ ਇਕ ਵਕੀਲ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ, ਪਰ ਦੇਸ਼ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਸੁਪਨੇ ਨੇ ਉਨ੍ਹਾਂ ਨੂੰ ਰਾਜਨੀਤੀ ਤੇ ਸਮਾਜ ਸੇਵਾ ਸਮੇਤ ਆਜ਼ਾਦੀ ਦੀ ਲੜਾਈ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੀਆਂ ਨੀਤੀਆਂ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ 1907 'ਚ ਸੂਰਤ ਸੈਸ਼ਨ ਵਿਚ ਗਰਮ ਵਿਚਾਰਾਂ ਵਾਲੇ ਆਜ਼ਾਦੀ ਘੁਲਾਟੀਆਂ ਦੇ ਸਮੂਹ ਦੀ ਅਗਵਾਈ ਵੀ ਕੀਤੀ। ਉਹ ਸਵਦੇਸ਼ੀ ਅੰਦੋਲਨ ਦੇ ਇਕ ਪ੍ਰਮੁੱਖ ਸਮਰਥਕ ਸਨ ਤੇ ਵਿਦੇਸ਼ੀ ਕੱਪੜਿਆਂ ਦੇ ਬਾਈਕਾਟ ਲਈ ਵੀ ਲਗਾਤਾਰ ਲੜਦੇ ਰਹੇ। ਜਦੋਂ ਸਾਈਮਨ ਕਮਿਸ਼ਨ 30 ਅਕਤੂਬਰ 1928 ਨੂੰ ਲਾਹੌਰ ਪੁੱਜਾ ਤਾਂ ਉਨ੍ਹਾਂ ਨੇ ਹਜ਼ਾਰਾਂ ਲੋਕਾਂ ਦੀ ਅਗਵਾਈ ਕਰਦਿਆਂ ਇਸ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਬ੍ਰਿਟਿਸ਼ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ, ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਏ। ਅਖੀਰ 17 ਨਵੰਬਰ 1928 ਨੂੰ ਉਹ ਦੇਸ਼ਵਾਸੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਉਨ੍ਹਾਂ ਨੇ ਸਮਾਜ ਵਿਚ ਸੁਧਾਰ ਲਿਆਉਣ ਲਈ ਵਿਆਪਕ ਤੌਰ 'ਤੇ ਕੰਮ ਕੀਤਾ। ਉਨ੍ਹਾਂ ਸਿੱਖਿਆ ਦੇ ਖੇਤਰ 'ਚ ਵੀ ਅਹਿਮ ਯੋਗਦਾਨ ਪਾਇਆ, ਡੀ.ਏ.ਵੀ. ਸਕੂਲ, ਕਾਲਜ ਤੇ ਹੋਰ ਸਿੱਖਿਆ ਸੰਸਥਾਵਾਂ ਸਥਾਪਤ ਕੀਤੀਆਂ। ਉਹ ਪੰਜਾਬ ਨੈਸ਼ਨਲ ਬੈਂਕ ਦੇ ਸੰਸਥਾਪਕਾਂ 'ਚੋਂ ਵੀ ਇਕ ਸਨ। ਉਨ੍ਹਾਂ ਨੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਵੀ ਕੀਤੀ। ਉਨ੍ਹਾਂ ਨੇ ਔਰਤਾਂ ਦੀ ਸਿੱਖਿਆ ਤੇ ਔਰਤਾਂ ਦੇ ਸਸ਼ਕਤੀਕਰਨ ਲਈ ਅਧਿਕਾਰਾਂ ਦੀ ਵਕਾਲਤ ਕੀਤੀ ਅਤੇ ਜਾਤੀਵਾਦ ਤੇ ਛੂਤ-ਛਾਤ ਸਮੇਤ ਹੋਰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਅੰਦੋਲਨਾਂ ਦੀ ਵੀ ਅਗਵਾਈ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਆਜ਼ਾਦੀ ਸੰਗਰਾਮ ਤੇ ਸਮਾਜਿਕ ਸੁਧਾਰ 'ਤੇ ਕੇਂਦ੍ਰਿਤ ਸਨ। ਉਨ੍ਹਾਂ ਦੀਆਂ ਮੁੱਖ ਕਿਤਾਬਾਂ 'ਚੋਂ ਇਕ 'ਅਨਹੈਪੀ ਇੰਡੀਆ' ਹੈ, ਜੋ ਬ੍ਰਿਟਿਸ਼ ਸ਼ਾਸਨ ਦੇ ਮਾੜੇ ਪ੍ਰਭਾਵਾਂ ਦਾ ਵੇਰਵਾ ਦਿੰਦੀ ਹੈ। ਉਨ੍ਹਾਂ ਦੀ 'ਯੰਗ ਇੰਡੀਆ' ਰਚਨਾ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। 'ਦ ਸਟੋਰੀ ਆਫ਼ ਮਾਈ ਡੈੱਥ' ਪੁਸਤਕ ਉਨ੍ਹਾਂ ਦੀ ਆਤਮਕਥਾ 'ਤੇ ਆਧਾਰਿਤ ਹੈ। ਉਨ੍ਹਾਂ ਨੇ ਹਿੰਦੀ 'ਚ ਸ਼ਿਵਾਜੀ, ਸ੍ਰੀ ਕ੍ਰਿਸ਼ਨ, ਮੈਜ਼ਿਨੀ, ਗੈਰੀਬਾਲਡੀ ਤੇ ਹੋਰ ਮਹਾਂਪੁਰਖਾਂ ਦੀਆਂ ਜੀਵਨੀਆਂ ਲਿਖੀਆਂ। ਉਨ੍ਹਾਂ ਨੇ ਦੇਸ਼ ਵਿਚ ਹਿੰਦੀ ਨੂੰ ਲਾਗੂ ਕਰਨ ਲਈ ਇਕ ਦਸਤਖ਼ਤੀ ਮੁਹਿੰਮ ਵੀ ਚਲਾਈ। ਭਾਰਤ ਸਰਕਾਰ ਨੇ ਉਨ੍ਹਾਂ ਦੀ ਯਾਦ 'ਚ ਕਈ ਸੰਸਥਾਵਾਂ ਤੇ ਸਥਾਨਾਂ ਦੇ ਨਾਂਅ ਰੱਖੇ, ਜਿਨ੍ਹਾਂ 'ਚ ਲਾਲਾ ਲਾਜਪਤ ਰਾਏ ਮੈਡੀਕਲ ਕਾਲਜ (ਮੇਰਠ), ਲਾਜਪਤ ਨਗਰ (ਦਿੱਲੀ), ਲਾਲਾ ਲਾਜਪਤ ਰਾਏ ਹਾਲ (ਆਈ.ਆਈ.ਟੀ. ਖੜਗਪੁਰ)। ਉਨ੍ਹਾਂ ਦੀ ਯਾਦ 'ਚ ਇਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ। ਉਨ੍ਹਾਂ ਦੇ ਜੱਦੀ ਸ਼ਹਿਰ ਜਗਰਾਉਂ (ਲੁਧਿਆਣਾ) ਵਿਚ ਉਨ੍ਹਾਂ ਦੇ ਨਾਂਅ 'ਤੇ ਡੀ.ਏ.ਵੀ. ਕਾਲਜ, ਬੱਸ ਸਟੈਂਡ, ਇਕ ਲਾਇਬ੍ਰੇਰੀ ਤੇ ਹੋਰ ਕਈ ਯਾਦਗਾਰਾਂ ਬਣਾਈਆਂ ਗਈਆਂ। ਲਾਲਾ ਲਾਜਪਤ ਰਾਏ ਦਾ ਜਨਮ ਦਿਨ ਉਨ੍ਹਾਂ ਦੇ ਜਨਮ ਸਥਾਨ ਢੁੱਡੀਕੇ ਤੇ ਜੱਦੀ ਸ਼ਹਿਰ ਜਗਰਾਉਂ ਤੋਂ ਇਲਾਵਾ ਦੇਸ਼ ਭਰ 'ਚ ਮਨਾਇਆ ਜਾਂਦਾ ਹੈ।
-ਮੋਬਾਈਲ : 90412-95900