06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਐਂਗਲੋ-ਸਿੱਖ ਵਾਰ ਵਿਚ ਅਹਿਮ ਸਥਾਨ ਹੈ ਆਲੀਵਾਲ ਦੀ ਜੰਗ ਦਾ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026

ਅੱਜ ਲਈ ਵਿਸ਼ੇਸ਼
ਪੰਜਾਬ ਦੀ ਮਹਾਨ ਧਰਤੀ 'ਤੇ ਸਿੱਖਾਂ ਦੀਆਂ ਮੁਗ਼ਲਾਂ ਤੋਂ ਇਲਾਵਾ ਅੰਗਰੇਜ਼ ਹਕੂਮਤ ਨਾਲ ਵੀ ਕਈ ਅਹਿਮ ਲੜਾਈਆਂ ਹੋਈਆਂ, ਜਿਨ੍ਹਾਂ 'ਚ ਅਗਰੇਜ਼ਾਂ ਨਾਲ ਹੋਈਆਂ ਲੜਾਈਆਂ ਵਿਚ ਮੁੱਦਕੀ ਦੀ ਲੜਾਈ, ਫ਼ਿਰੋਜ਼ਸ਼ਾਹ ਦੀ ਲੜਾਈ, ਬੱਦੋਵਾਲ ਦੀ ਲੜਾਈ, ਸਭਰਾਓ ਦੀ ਲੜਾਈ ਤੇ ਆਲੀਵਾਲ ਦੀ ਲੜਾਈ ਅਹਿਮ ਹਨ। ਅੰਗਰੇਜ਼ਾਂ ਖ਼ਿਲਾਫ਼ ਹੋਈਆਂ ਇਨ੍ਹਾਂ ਲੜਾਈਆਂ ਨੂੰ 'ਐਂਗਲੋ-ਸਿੱਖ ਵਾਰ' ਕਿਹਾ ਜਾਂਦਾ ਹੈ। ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਪਹਿਲੀ ਐਂਗਲੋ-ਸਿੱਖ ਜੰਗ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਕਰੀਬ 6 ਸਾਲ ਬਾਅਦ ਸ਼ੁਰੂ ਹੋ ਗਈ ਸੀ। ਆਲੀਵਾਲ ਦੀ ਭਿਆਨਕ ਜੰਗ 28 ਜਨਵਰੀ, 1846 ਈ. ਨੂੰ ਲੁਧਿਆਣਾ ਜ਼ਿਲ੍ਹੇ ਦੇ ਬੇਟ ਖੇਤਰ 'ਚ ਪੈਂਦੇ ਪਿੰਡ ਆਲੀਵਾਲ ਵਿਖੇ ਲੜੀ ਗਈ, ਜਿਸ ਨੇ ਇਸ ਪਿੰਡ ਨੂੰ ਇਤਿਹਾਸਕ ਪਿੰਡ ਵਜੋਂ ਪਛਾਣ ਦਿੱਤੀ। ਇਸ ਜੰਗ ਜ਼ਰੀਏ ਅੰਗਰੇਜ਼ੀ ਫ਼ੌਜ ਦਾ ਅਫ਼ਸਰ ਸਰ ਹੈਰੀ ਸਮਿਥ ਬੱਦੋਵਾਲ ਦੀ ਲੜਾਈ ਵਿਚ ਅੰਗਰੇਜ਼ਾਂ ਨੂੰ ਮਿਲੀ ਹਾਰ ਦਾ ਬਦਲਾ ਸਰਦਾਰ ਰਣਜੋਧ ਸਿੰਘ ਮਜੀਠੀਆ ਤੋਂ ਲੈਣਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੇ 11 ਹਜ਼ਾਰ ਦੇ ਕਰੀਬ ਫ਼ੌਜੀਆਂ ਸਮੇਤ ਸਿੱਖਾਂ 'ਤੇ ਹਮਲਾ ਕਰ ਦਿੱਤਾ। ਆਲੀਵਾਲ ਦੇ ਸਥਾਨ 'ਤੇ ਹੋਈ ਇਸ ਲੜਾਈ 'ਚ ਕੁਝ ਗ਼ਦਾਰਾਂ ਕਰਕੇ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਬਹੁਤੇ ਸਿੱਖ ਦੌੜਦੇ ਹੋਏ ਆਲੀਵਾਲ ਦੇ ਨਾਲ ਲਗਦੇ ਦਰਿਆ ਸਤਲੁਜ ਵਿਚ ਰੁੜ੍ਹ ਗਏ। ਇਸ ਦੌਰਾਨ ਅੰਗਰੇਜ਼ ਹਕੂਮਤ ਨੂੰ ਸਿੱਖਾਂ ਨੇ ਵੱਡੀ ਚੁਣੌਤੀ ਵੀ ਦਿੱਤੀ ਤੇ ਉਨ੍ਹਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਇਸ ਲੜਾਈ 'ਚ 2 ਹਜ਼ਾਰ ਦੇ ਕਰੀਬ ਸਿੱਖ ਸ਼ਹੀਦੀਆਂ ਪਾ ਗਏ, ਜਦਕਿ 800 ਤੋਂ ਵੱਧ ਅੰਗਰੇਜ਼ ਫ਼ੌਜੀ ਮਾਰੇ ਗਏ। ਉਸ ਸਮੇਂ ਅੰਗਰੇਜ਼ਾਂ ਵਲੋਂ ਲੁਧਿਆਣੇ ਤੋਂ ਸਿੱਧਵਾਂ ਬੇਟ ਨੂੰ ਜਾਂਦਿਆਂ ਮੁੱਖ ਸੜਕ 'ਤੇ ਪਿੰਡ ਆਲੀਵਾਲ ਦੇ ਨੇੜੇ ਆਪਣੇ ਮਾਰੇ ਗਏ ਫ਼ੌਜੀਆਂ ਦੀ ਯਾਦ ਵਿਚ ਸਮਾਰਕ ਉਸਾਰਿਆ ਗਿਆ, ਜਿਸ ਨੂੰ ਗੋਰਾ ਹੂਰ ਸੀਖ (ਗੋਰਿਆਂ ਦੀ ਸੀਖ) ਵਜੋਂ ਜਾਣਿਆ ਜਾਂਦਾ ਹੈ। ਇਸ ਨੂੰ ਪੰਜਾਬ ਸਰਕਾਰ ਦੇ ਪੁਰਾਤੱਤਵ ਵਿਭਾਗ ਨੇ ਅਪਣਾਇਆ ਹੋਇਆ ਹੈ। ਜਿਸ ਪਿੰਡ 'ਚ ਅੱਜ-ਕੱਲ੍ਹ ਇਹ ਸਮਾਰਕ ਸਥਿਤ ਹੈ, ਉਸ ਪਿੰਡ ਦਾ ਨਾਂਅ ਗੋਰਾ ਹੂਰ ਵੀ ਇਸੇ ਸਮਾਰਕ ਤੋਂ ਹੀ ਉਪਜਿਆ ਲਗਦਾ ਹੈ। ਗੋਰਾ ਹੂਰ ਦੀ ਸੀਖ (ਸਮਾਰਕ) ਨੂੰ ਦੇਖਣ ਅੱਜ ਵੀ ਅੰਗਰੇਜ਼ ਇੱਥੇ ਪੁੱਜਦੇ ਹਨ। ਅੰਗਰੇਜ਼ਾਂ ਨੇ ਆਪਣੇ ਮਾਰੇ ਗਏ ਫ਼ੌਜੀਆਂ ਦੀ ਯਾਦਗਾਰ ਉਸਾਰ ਦਿੱਤੀ ਪਰ ਸਿੱਖ ਸ਼ਹੀਦ ਲੰਬਾ ਸਮਾਂ ਵਿਸਰੇ ਹੀ ਰਹੇ। ਇਸ ਸੰਬੰਧੀ ਪਿੰਡ ਆਲੀਵਾਲ ਦੇ ਸਰਪੰਚ ਪਰਗਟ ਸਿੰਘ ਢਿੱਲੋਂ ਵਲੋਂ ਬੜੀ ਮਿਹਨਤ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਸਾਥੀਆਂ ਅਤੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਇਤਿਹਾਸਕ ਨਗਰ ਆਲੀਵਾਲ ਵਿਖੇ ਇਸ ਲੜਾਈ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਉਸਾਰ ਕੇ 60 ਫੁੱਟ ਉੱਚਾ ਮਿਨਾਰ ਸਥਾਪਤ ਕੀਤਾ, ਜਿਸ ਦੇ ਉੱਪਰ ਖੰਡਾ ਲਗਾਇਆ ਗਿਆ ਹੈ, ਜੋ ਲੁਧਿਆਣਾ ਮੁੱਖ ਮਾਰਗ-ਸਿੱਧਵਾਂ ਬੇਟ ਨੂੰ ਜੋੜਦੀ ਆਲੀਵਾਲ ਨੇੜਿਓਂ ਲੰਘਦੀ ਸੜਕ ਤੋਂ ਨਜ਼ਰੀ ਪੈਂਦਾ ਹੈ। ਸਿੱਖਾਂ ਦੀ ਅਗਵਾਈ ਕਰਨ ਵਾਲੇ ਜਰਨੈਲ ਰਣਜੋਧ ਸਿੰਘ ਮਜੀਠੀਆ ਦੀਆਂ ਪੀੜ੍ਹ੍ਹੀਆਂ ਵਲੋਂ ਵੀ ਇਸ ਯਾਦਗਾਰੀ ਸਥਾਨ 'ਤੇ ਬਣੀ ਲਾਇਬ੍ਰੇਰੀ ਵਾਸਤੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ਭੇਟ ਕੀਤੀਆਂ ਗਈਆਂ। ਆਲੀਵਾਲ ਦੀ ਜੰਗ 28 ਜਨਵਰੀ, 1846 ਈ. ਨੂੰ ਇਸ ਸਥਾਨ 'ਤੇ ਲੜੀ ਗਈ ਸੀ, ਇਸੇ ਕਰਕੇ ਹਰ ਵਰ੍ਹੇ ਇਸ ਦਿਨ ਆਲੀਵਾਲ ਸਿੱਖ ਸ਼ਹੀਦੀ ਯਾਦਗਾਰ 'ਤੇ ਉਨ੍ਹਾਂ ਮਹਾਨ ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ।

-ਪੱਤਰ ਪ੍ਰੇਰਕ 'ਅਜੀਤ', ਹੰਬੜਾਂ (ਲੁਧਿਆਣਾ)।
ਮੋਬਾਈਲ : 98555-06252

Ad Position 22
No active advertisement
ਪਿਛਲੀ ਖ਼ਬਰ ਭਾਰਤੀ ਆਜ਼ਾਦੀ ਸੰਗਰਾਮ ਦੇ ਅਣਥੱਕ ਯੋਧੇ ਲਾਲਾ ਲਾਜਪਤ ਰਾਏ ਅਗਲੀ ਖ਼ਬਰ ਭਾਰਤੀ ਨੇਤਾਵਾਂ ਦਾ ਨਵਾਂ ਕਾਰਨਾਮਾ- ਦਾਵੋਸ 'ਚ ਆਪਣੀਆਂ ਕੰਪਨੀਆਂ ਨਾਲ ਹੀ ਸਮਝੌਤੇ
Ad Position 24