06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਭਾਰਤੀ ਨੇਤਾਵਾਂ ਦਾ ਨਵਾਂ ਕਾਰਨਾਮਾ- ਦਾਵੋਸ 'ਚ ਆਪਣੀਆਂ ਕੰਪਨੀਆਂ ਨਾਲ ਹੀ ਸਮਝੌਤੇ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026

ਸਵਿਟਜ਼ਰਲੈਂਡ ਦੇ ਦਾਵੋਸ 'ਚ ਵਿਸ਼ਵ ਆਰਥਿਕ ਮੰਚ ਦੀ ਬੈਠਕ ਦੌਰਾਨ ਭਾਰਤੀ ਪ੍ਰਤੀਨਿਧ ਮੰਡਲ ਕਈ ਕਾਰਨਾਂ ਕਰਕੇ ਮਜ਼ਾਕ ਦਾ ਵਿਸ਼ਾ ਬਣਿਆ ਹੈ, ਜਿਸ 'ਚ 4 ਕੇਂਦਰੀ ਮੰਤਰੀ, 6 ਮੁੱਖ ਮੰਤਰੀਆਂ ਤੋਂ ਇਲਾਵਾ ਸੌ ਤੋਂ ਵੱਧ ਵੱਡੇ ਕਾਰੋਬਾਰੀ ਸ਼ਾਮਿਲ ਸਨ। ਇਸ ਵਫਦ ਦਾ ਮਜ਼ਾਕ ਇਸ ਗੱਲੋਂ ਉਡ ਰਿਹਾ ਹੈ ਕਿਉਂਕਿ ਇਹ ਲੋਕ ਆਪਸ ਵਿਚ ਹੀ ਸਮਝੌਤੇ ਕਰ ਆਏ ਹਨ। ਦਾਵੋਸ 'ਚ ਸਾਡੀਆਂ ਸੂਬਾ ਸਰਕਾਰਾਂ ਦਾ ਕਿਸੇ ਵਿਦੇਸ਼ੀ ਕੰਪਨੀਆਂ ਨਾਲ ਕੋਈ ਸਮਝੌਤਾ ਹੁੰਦਾ ਨਹੀਂ ਦਿਸਿਆ ਤੇ ਨਾ ਭਾਰਤੀ ਕੰਪਨੀਆਂ ਦਾ ਦੁਨੀਆ ਦੇ ਦੂਜੇ ਦੇਸ਼ਾਂ ਨਾਲ ਕੋਈ ਸਮਝੌਤਾ ਹੋਇਆ ਹੈ। ਦਾਵੋਸ ਤੋਂ ਆਈਆਂ ਤਸਵੀਰਾਂ 'ਚੋਂ ਦੋ ਦੀ ਬਹੁਤ ਚਰਚਾ ਹੈ, ਪਹਿਲੀ ਤਸਵੀਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਵਲੋਂ ਲੋਢਾ ਸਮੂਹ ਨਾਲ ਤੇ ਦੂਜੀ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵਲੋਂ ਟਾਟਾ ਸਮੂਹ ਨਾਲ ਕਰਾਰ ਕਰਨ ਬਾਰੇ ਹੈ। ਫੜਨਵੀਸ ਨੇ ਜਿਸ ਲੋਢਾ ਸਮੂਹ ਨਾਲ ਕਰਾਰ ਕੀਤਾ ਹੈ, ਉਸ ਦੇ ਪ੍ਰਮੋਟਰ ਮੰਗਲ ਪ੍ਰਭਾਤ, ਭਾਜਪਾ ਦੇ ਵੱਡੇ ਨੇਤਾ ਤੇ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਹਨ ਤੇ ਉਹ ਫੜਨਵੀਸ ਦੇ ਮੁੱਖ ਮੰਤਰੀ ਨਿਵਾਸ ਨੇੜੇ ਹੀ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਲੋਕ ਪੁੱਛ ਰਹੇ ਹਨ ਕਿ, ਕੀ ਮੁੰਬਈ ਦਾ ਟ੍ਰੈਫਿਕ ਇੰਨਾ ਵੱਧ ਹੈ ਕਿ ਮੁੱਖ ਮੰਤਰੀ ਤੇ ਲੋਢਾ ਦੇ ਬੇਟੇ ਨੂੰ ਦਾਵੋਸ ਜਾ ਕੇ ਸਮਝੌਤਾ ਕਰਨਾ ਪਿਆ। ਮਹਾਰਾਸ਼ਟਰ ਸਰਕਾਰ ਨੇ ਅਡਾਨੀ ਸਮੂਹ ਨਾਲ ਵੀ 6 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ। ਝਾਰਖੰਡ ਸਰਕਾਰ ਨੇ ਵੀ ਟਾਟਾ ਸਮੂਹ ਨਾਲ 11,000 ਕਰੋੜ ਰੁਪਏ ਦੇ ਸਮਝੌਤੇ (ਐਮ.ਓ.ਯੂ) ਕੀਤੇ ਹਨ। ਜਦੋਂ ਟਾਟਾ ਸਮੂਹ ਦੀ ਸਭ ਤੋਂ ਵੱਡੀ ਇਸਪਾਤ ਫੈਕਟਰੀ ਝਾਰਖੰਡ 'ਚ ਹੈ ਤਾਂ ਸੂਬਾ ਸਰਕਾਰ ਨੂੰ ਦਾਵੋਸ ਜਾ ਕੇ ਸਮਝੌਤਾ ਕਰਨ ਦੀ ਕੀ ਲੋੜ ਸੀ?
ਛੋਟੇ ਦੇਸ਼ਾਂ ਨੂੰ ਦਬਕੇ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਆਪਣੀਆਂ ਰੀਲਾਂ ਦੇ ਲਈ ਬਹੁਤ ਚਰਚਿਤ ਰਹੇ ਹਨ। ਉਨ੍ਹਾਂ ਦੀਆਂ ਅੱਖਾਂ 'ਚੋਂ 'ਲੇਜ਼ਰ ਲਾਈਟ' ਨਿਕਲਣ ਵਾਲੀਆਂ ਰੀਲਾਂ ਭਾਜਪਾ ਇਕੋਸਿਸਟਮ ਦੇ ਲੋਕ ਖੂਬ ਸ਼ੇਅਰ ਕਰਦੇ ਹਨ। ਪਰ ਜੈਸ਼ੰਕਰ ਆਪਣਾ ਸਖ਼ਤ ਰਵੱਈਆ ਦਿਖਾਉਣ ਲਈ ਬਹੁਤ ਸਾਵਧਾਨੀ ਨਾਲ ਦੇਸ਼ਾਂ ਦੀ ਚੋਣ ਕਰਦੇ ਹਨ। ਹਾਲ ਹੀ 'ਚ ਜੈਸ਼ੰਕਰ ਨੇ ਭਾਰਤ ਦੌਰੇ 'ਤੇ ਆਏ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਅੱਜਕਲ੍ਹ ਪਾਕਿਸਤਾਨ ਦੇ ਨਾਲ ਬਹੁਤ ਨੇੜਤਾ ਦਿਖਾ ਰਿਹਾ ਹੈ, ਜੋ ਅੱਤਵਾਦੀਆਂ ਨੂੰ ਭੜਕਾ ਕੇ ਭਾਰਤ 'ਚ ਅੱਤਵਾਦੀ ਕਾਰਵਾਈਆਂ ਚਲਾਉਂਦਾ ਹੈ। ਇਸ ਲਈ ਪੋਲੈਂਡ ਨੂੰ ਪਾਕਿਸਤਾਨ ਤੋਂ ਦੂਰ ਰਹਿਣਾ ਚਾਹੀਦਾ ਹੈ, ਪਰ ਜੈਸ਼ੰਕਰ ਅਜਿਹਾ ਰਵੱਈਆ ਅਮਰੀਕਾ, ਰੂਸ ਤੇ ਚੀਨ ਦੇ ਸਾਹਮਣੇ ਕਦੇ ਨਹੀਂ ਦਿਖਾਉਂਦੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨਾਲ ਅੱਜਕਲ੍ਹ ਸਭ ਤੋਂ ਜ਼ਿਆਦਾ ਨੇੜਤਾ ਅਮਰੀਕਾ ਦਿਖਾ ਰਿਹਾ ਹੈ ਅਤੇ ਰਾਸ਼ਟਰਪਤੀ ਟਰੰਪ ਕਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਕਦੇ ਫ਼ੌਜ ਮੁਖੀ ਅਸੀਮ ਮੁਨੀਰ ਨੂੰ ਬੁਲਾ ਕੇ ਵ੍ਹਾਈਟ ਹਾਊਸ 'ਚ ਸਨਮਾਨਿਤ ਕਰ ਰਹੇ ਹਨ। ਚੀਨ ਤਾਂ ਪਾਕਿਸਤਾਨ ਨੂੰ ਆਪਣਾ 'ਆਲ ਵੈਦਰ ਫ੍ਰੈਂਡ' ਦੱਸਦਾ ਹੈ, ਪਰ ਜੈਸ਼ੰਕਰ ਨੇ ਜਿਸ ਤਰ੍ਹਾਂ ਦੀ ਚਿਤਾਵਨੀ ਪੋਲੈਂਡ ਨੂੰ ਦਿੱਤੀ ਹੈ ਉਹ ਅਜਿਹਾ ਅਮਰੀਕਾ, ਚੀਨ ਜਾਂ ਰੂਸ ਨੂੰ ਕਦੇ ਵੀ ਨਹੀਂ ਦੇ ਸਕੇ। ਲਗਦਾ ਹੈ ਕਿ ਸਾਡੇ ਵਿਦੇਸ਼ ਮੰਤਰੀ ਦਾ ਸਖ਼ਤ ਰੁਖ਼ ਸਿਰਫ਼ ਛੋਟੇ ਦੇਸ਼ਾਂ ਲਈ ਰਾਖਵਾਂ ਹੈ।
ਰਾਜਪਾਲ ਦੀ ਵੱਖਰੀ ਰਾਜਨੀਤੀ
ਇਕ ਪਾਸੇ ਤਾਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ ਵਿਧਾਨ ਸਭਾ 'ਚ ਆਪਣਾ ਭਾਸ਼ਣ ਪੜ੍ਹੇ ਬਗੈਰ ਹੀ ਨਿਕਲ ਜਾਂਦੇ ਹਨ ਤਾਂ ਹੁਣ ਕੇਰਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਲਰੇਕਰ ਆਪਣੇ ਭਾਸ਼ਣ ਦੇ ਦੋ ਹਿੱਸੇ ਪੜ੍ਹੇ ਬਗੈਰ ਹੀ ਚਲੇ ਗਏ। ਉਨ੍ਹਾਂ ਪੈਰਾ ਨੰਬਰ 12 ਦਾ ਸ਼ੁਰੂਆਤੀ ਤੇ ਪੈਰਾ ਨੰਬਰ 15 ਦਾ ਆਖਰੀ ਹਿੱਸਾ ਨਹੀਂ ਪੜ੍ਹਿਆ, ਕਿਉਂਕਿ ਇਨ੍ਹਾਂ 'ਚ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਗਈ ਸੀ। ਰਾਜਪਾਲ ਦੇ ਚਲੇ ਜਾਣ ਬਾਅਦ ਉਸ ਹਿੱਸੇ ਨੂੰ ਪੜ੍ਹ ਕੇ ਸਦਨ ਦੀ ਕਾਰਵਾਈ 'ਚ ਸ਼ਾਮਿਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੈਰਾ ਨੰਬਰ 12 'ਚ ਸਰਕਾਰ ਨੇ ਲਿਖਿਆ ਹੈ ਕਿ ਕੇਰਲ 'ਚ ਕਈ ਤਰ੍ਹਾਂ ਦੇ ਨੀਤੀਗਤ ਸੁਧਾਰ ਕੀਤੇ ਜਾ ਰਹੇ ਹਨ ਅਤੇ ਸੰਸਥਾਗਤ ਉਪਲੱਬਧੀਆਂ ਦੇ ਬਾਵਜੂਦ ਕੇਂਦਰ ਸਰਕਾਰ ਦੇ ਅਸਹਿਯੋਗ ਕਾਰਨ ਸੂਬੇ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕੇਂਦਰ ਸਰਕਾਰ ਦੇ ਸੰਘਵਾਦ ਵਿਰੋਧੀ ਵਤੀਰੇ ਨੂੰ ਲੈ ਕੇ ਕੇਰਲ ਤੇ ਕੇਂਦਰ ਵਿਚਕਾਰ ਕਈ ਵਾਰ ਟਕਰਾਅ ਹੋ ਚੁੱਕਾ ਹੈ ਤੇ ਸੂਬਾ ਸਰਕਾਰ ਸੁਪਰੀਮ ਕੋਰਟ ਤੱਕ ਪਹੁੰਚ ਕਰ ਚੁੱਕੀ ਹੈ। ਪਿਛਲੇ ਰਾਜਪਾਲ ਆਰਫ਼ ਮੁਹੰਮਦ ਖ਼ਾਨ ਦੇ ਸਮੇਂ ਤੋਂ ਅਜਿਹਾ ਹੋ ਰਿਹਾ ਹੈ। ਕਈ ਵਾਰ ਵਿਧਾਨ ਸਭਾ 'ਚ ਪਾਸ ਹੋਏ ਬਿੱਲਾਂ ਨੂੰ ਰਾਜਭਵਨ ਵਲੋਂ ਰੋਕਿਆ ਜਾਂਦਾ ਰਿਹਾ ਹੈ।
ਈ.ਡੀ. ਬਨਾਮ ਪੁਲਿਸ
ਹਾਲ ਦੇ ਦਿਨਾਂ 'ਚ ਦੋ ਘਟਨਾਵਾਂ ਨੂੰ ਲੈ ਕੇ ਦੋ ਅਦਾਲਤਾਂ ਦੇ ਨਿਰਦੇਸ਼ ਇਹ ਸੰਕੇਤ ਦਿੰਦੇ ਹਨ ਕਿ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਇਕ ਪਵਿੱਤਰ ਗਾਂ ਹੈ, ਉਹ ਜੋ ਚਾਹੇ ਕਰ ਸਕਦੀ ਹੈ ਅਤੇ ਜੋ ਕੋਈ ਵੀ ਉਸ ਦਾ ਵਿਰੋਧ ਕਰੇਗਾ ਉਸ ਦੀ ਖੈਰ ਨਹੀਂ ਹੈ। ਪੱਛਮੀ ਬੰਗਾਲ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਅਤੇ ਝਾਰਖੰਡ ਦੇ ਮਾਮਲੇ 'ਚ ਹਾਈ ਕੋਰਟ ਨੇ ਹੁਕਮ ਸੁਣਾਏ ਹਨ। ਜ਼ਿਕਰਯੋਗ ਹੈ ਕਿ ਈ.ਡੀ. ਦੀ ਟੀਮ ਨੇ ਝਾਰਖੰਡ ਸਰਕਾਰ ਦੇ ਇਕ ਕਰਮਚਾਰੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਜਿਸ ਵਲੋਂ ਈ.ਡੀ. ਦੇ ਅਧਿਕਾਰੀਆਂ 'ਤੇ ਉਸ ਨਾਲ ਮਾਰਕੁੱਟ ਕਰਨ ਦੇ ਦੋਸ਼ ਲਗਾਉਣ 'ਤੇ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਈ.ਡੀ. ਦੇ ਵਕੀਲ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਐਫ.ਆਈ.ਆਰ. 'ਤੇ ਰੋਕ ਲਗਾਉਂਦਿਆ ਝਾਰਖੰਡ ਪੁਲਿਸ ਨੂੰ ਫਿਟਕਾਰ ਲਗਾਈ ਹੈ। ਇਸੇ ਤਰ੍ਹਾਂ ਹੀ ਕੋਲਕਾਤਾ 'ਚ ਤ੍ਰਿਣਮੂਲ ਕਾਂਗਰਸ ਦੇ ਚੋਣ ਪ੍ਰਬੰਧਕ ਦੇ ਦਫ਼ਤਰ 'ਤੇ ਈ.ਡੀ. ਦੀ ਛਾਪੇਮਾਰੀ ਦੌਰਾਨ ਵਾਪਰੇ ਘਟਨਾਕ੍ਰਮ 'ਚ ਸੂਬਾ ਪੁਲਿਸ ਨੇ ਕਾਰਵਾਈ ਕਰਦਿਆਂ ਈ.ਡੀ. ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ, ਪਰ ਸੁਪਰੀਮ ਕੋਰਟ ਨੇ ਉਸ ਐਫ.ਆਈ.ਆਰ. 'ਤੇ ਰੋਕ ਲਗਾ ਦਿੱਤੀ ਹੈ। ਪਹਿਲਾਂ ਵੀ ਅਜਿਹੇ ਕਈ ਮਾਮਲੇ ਆਉਂਦੇ ਰਹੇ ਹਨ ਅਤੇ ਅਦਾਲਤਾਂ ਨੇ ਕਈ ਵਾਰ ਸਖ਼ਤ ਰੁਖ ਅਪਣਾਉਂਦਿਆ ਈ.ਡੀ. ਦੇ ਕੰਮਕਾਜ ਦੇ ਤਰੀਕੇ 'ਤੇ ਸਵਾਲ ਵੀ ਉਠਾਏ ਹਨ, ਪਰ ਦੂਜੀਆਂ ਏਜੰਸੀਆਂ ਨਾਲ ਵਿਵਾਦ ਦੌਰਾਨ ਹਮੇਸ਼ਾ ਈ.ਡੀ. ਨੂੰ ਹੀ ਪ੍ਰਮੁੱਖਤਾ ਮਿਲੀ ਹੈ।
ਆਗੂਆਂ ਦੀ ਸੜਕਛਾਪ ਭਾਸ਼ਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੇਠਲੇ ਪੱਧਰ ਦੀ ਭਾਸ਼ਾ ਤੋਂ ਪੂਰੀ ਦੁਨੀਆ ਜਾਣੂ ਹੈ। ਉਨ੍ਹਾਂ ਵੈਨੇਜ਼ੁਏਲਾ ਦੇ ਬੰਧਕ ਬਣਾਏ ਗਏ ਰਾਸ਼ਟਰਪਤੀ ਦਾ ਮਜ਼ਾਕ ਉਡਾਉਂਦਿਆ ਉਸ ਖ਼ਿਲਾਫ਼ ਬਹੁਤ ਹੀ ਮਾੜੀ ਭਾਸ਼ਾ ਵਰਤੀ ਹੈ। ਟਰੰਪ ਦੂਜੇ ਦੇਸ਼ਾਂ ਦੇ ਨੇਤਾਵਾਂ ਖ਼ਿਲਾਫ਼ ਅਕਸਰ ਅਪਮਾਨਜਨਕ ਤੇ ਭੜਕਾਊ ਭਾਸ਼ਾ ਵਰਤਦਾ ਹੈ। ਹੁਣ ਕਈ ਦੇਸ਼ਾਂ ਦੇ ਨੇਤਾ ਵੀ ਟਰੰਪ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਦੇਣ ਲੱਗੇ ਹਨ, ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਤਾਂ ਟਰੰਪ ਨੂੰ ਅਸਿੱਧੇ ਤੌਰ 'ਤੇ 'ਗੁੰਡਾ' ਤੱਕ ਕਹਿ ਦਿੱਤਾ ਹੈ। ਗ੍ਰੀਨਲੈਂਡ 'ਤੇ ਕਬਜ਼ਾ ਕਰਨ ਸੰਬੰਧੀ ਟਰੰਪ ਦੇ ਧਮਕੀ ਭਰੇ ਬਿਆਨਾਂ ਦੇ ਸੰਦਰਭ 'ਚ ਮੈਕਰੋਨ ਨੇ ਕਿਹਾ ਹੈ ਕਿ ਦੁਨੀਆ ਹੁਣ ਗੁੰਡਾ ਯੁੱਗ ਵੱਲ ਵਧ ਰਹੀ ਹੈ ਅਤੇ ਫਰਾਂਸ ਇਸ ਗੁੰਡਾਗਰਦੀ ਦਾ ਮੁਕਾਬਲਾ ਕਰੇਗਾ। ਅਮਰੀਕਾ ਤੇ ਯੂਰਪ ਦੇ ਨੇਤਾਵਾਂ ਦੀ ਇਸ ਬਿਆਨਬਾਜ਼ੀ ਦੇ ਵਿਚਕਾਰ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਯੂਰਪੀ ਨੇਤਾਵਾਂ ਦੀ ਤੁਲਨਾ ਪਾਲਤੂ ਜਾਨਵਰਾਂ ਨਾਲ ਕਰਦਿਆਂ ਕਿਹਾ ਹੈ ਕਿ ਇਹ ਸਭ ਲੋਕ ਜੋ ਹੁਣ ਵਧ-ਚੜ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ, ਥੋੜ੍ਹੇ ਦਿਨਾਂ ਬਾਅਦ ਇਹ ਸਾਰੇ ਆਪਣੇ ਮਾਲਕ (ਟਰੰਪ) ਦੇ ਸਾਹਮਣੇ ਪੂਛ ਹਿਲਾਉਂਦੇ ਦਿਖਾਈ ਦੇਣਗੇ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 'ਘਰ ਅੰਦਰ ਵੜ ਕੇ ਮਾਰੂਗਾ' ਜਾਂ 'ਮਿੱਟੀ ਵਿਚ ਮਿਲਾ ਦਿਆਂਗਾ' ਜਿਹੇ ਡਾਇਲਾਗ ਬੋਲਦੇ ਰਹਿੰਦੇ ਹਨ। ਜੋ ਅਕਸਰ ਚਰਚਾ ਦਾ ਵਿਸ਼ਾ ਬਣਦੇ ਹਨ।

Ad Position 22
No active advertisement
ਪਿਛਲੀ ਖ਼ਬਰ ਐਂਗਲੋ-ਸਿੱਖ ਵਾਰ ਵਿਚ ਅਹਿਮ ਸਥਾਨ ਹੈ ਆਲੀਵਾਲ ਦੀ ਜੰਗ ਦਾ ਅਗਲੀ ਖ਼ਬਰ ਇਤਿਹਾਸਕ ਫ਼ੈਸਲੇ
Ad Position 24