05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਜਾਗਰੂਕਤਾ ਨਾਲ ਹੀ ਕੈਂਸਰ ਨੂੰ ਹਰਾਇਆ ਜਾ ਸਕਦਾ ਹੈ

Ad Position 21
No active advertisement
ਅਜੀਤ ਡੈਸਕ 04-02-2026

ਵਿਸ਼ਵ ਕੈਂਸਰ ਦਿਵਸ 'ਤੇ ਵਿਸ਼ੇਸ਼

ਲੋਕਾਂ ਨੂੰ ਕੈਂਸਰ ਹੋਣ ਦੇ ਸੰਭਾਵਿਤ ਕਾਰਨਾਂ ਪ੍ਰਤੀ ਜਾਗਰੂਕ ਕਰਨ, ਮੁੱਢਲੇ ਪੱਧਰ 'ਤੇ ਕੈਂਸਰ ਦੀ ਪਹਿਚਾਣ ਕਰਨ ਤੇ ਇਸ ਦੇ ਜਲਦੀ ਹੱਲ ਅਤੇ ਰੋਕਥਾਮ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹਰ ਵਰ੍ਹੇ 4 ਫਰਵਰੀ ਨੂੰ 'ਵਿਸ਼ਵ ਕੈਂਸਰ ਦਿਵਸ' ਮਨਾਇਆ ਜਾਂਦਾ ਹੈ। ਦਰਅਸਲ ਕੈਂਸਰ ਅੱਜ ਨਾ ਸਿਰਫ਼ ਭਾਰਤ, ਬਲਕਿ ਪੂਰੀ ਦੁਨੀਆ ਵਿਚ ਇਹੋ ਜਿਹੀ ਭਿਆਨਕ ਬਿਮਾਰੀ ਬਣ ਚੁੱਕਾ ਹੈ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਰੀਜ਼ਾਂ ਦੀ ਗਿਣਤੀ ਵਿਚ ਉਮੀਦ ਅਨੁਸਾਰ ਕਮੀ ਨਹੀਂ ਆ ਰਹੀ ਅਤੇ ਲੱਖਾਂ ਲੋਕ ਇਸ ਕਾਰਨ ਹਰ ਸਾਲ ਮਰ ਰਹੇ ਹਨ। ਇਸੇ ਕਾਰਨ ਸਾਲ 2005 ਵਿਚ ਵਿਸ਼ਵ ਸਿਹਤ ਸੰਗਠਨ ਵਲੋਂ ਅੰਤਰਰਾਸ਼ਟਰੀ ਪੱਧਰ 'ਤੇ ਹਰ ਸਾਲ 4 ਫਰਵਰੀ ਨੂੰ 'ਵਿਸ਼ਵ ਕੈਂਸਰ ਦਿਵਸ' ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਜਾ ਸਕੇ ਅਤੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।
ਵਿਸ਼ਵ ਸਿਹਤ ਸੰਗਠਨ ਅਤੇ ਗਲੋਬੋਕੈਨ ਦੀਆਂ ਰਿਪੋਰਟਾਂ ਅਨੁਸਾਰ ਦੁਨੀਆ ਭਰ ਵਿਚ ਹਰ ਸਾਲ ਲਗਭਗ 1 ਕਰੋੜ ਲੋਕਾਂ ਦੀ ਮੌਤ ਕੈਂਸਰ ਨਾਲ ਹੁੰਦੀ ਹੈ। ਭਾਰਤ ਵਿਚ ਇਹ ਸਥਿਤੀ ਹੋਰ ਵੀ ਚਿੰਤਾਜਨਕ ਹੈ। ਸਰਕਾਰੀ ਅੰਕੜਿਆਂ ਅਨੁਸਾਰ 2020 ਵਿਚ 7.7 ਲੱਖ, 2021 ਵਿਚ 7.89 ਲੱਖ ਅਤੇ 2022 ਵਿਚ 8.08 ਲੋਕਾਂ ਦੀ ਜਾਨ ਕੈਂਸਰ ਨਾਲ ਚਲੀ ਗਈ। ਡਬਲਿਊ.ਐੱਚ.ਓ. ਅਨੁਸਾਰ ਜੇਕਰ ਸਮਾਂ ਰਹਿੰਦੇ ਰੋਕਥਾਮ, ਜਾਂਚ ਅਤੇ ਜੀਵਨਸ਼ੈਲੀ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਭਾਰਤ ਵਿਚ ਕੈਂਸਰ ਦੀ ਸਥਿਤੀ ਆਉਣ ਵਾਲੇ ਸਾਲਾਂ ਵਿਚ ਵਿਸਫੋਟਕ ਰੂਪ ਧਾਰਨ ਕਰ ਸਕਦੀ ਹੈ। ਭਾਰਤ ਵਿਚ ਕੈਂਸਰ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦਾ ਚੌਥਾ ਸਭ ਤੋਂ ਵੱਡਾ ਕਾਰਨ ਹੈ।
ਸਾਲ 2024 ਵਿਚ 15.33 ਲੱਖ ਨਵੇਂ ਮਾਮਲੇ ਸਾਹਮਣੇ ਆਏ, ਜੋ ਪਿਛਲੇ ਦਸ ਸਾਲਾਂ ਤੋਂ 36 ਫ਼ੀਸਦੀ ਦਾ ਵਾਧਾ ਦਰਸਾਉਂਦੇ ਹਨ। ਪ੍ਰਤੀ ਇਕ ਲੱਖ ਆਬਾਦੀ ਪਿਛੇ ਔਸਤਨ 100 ਕੈਂਸਰ ਰੋਗੀ ਹਨ, ਜਿਨ੍ਹਾਂ ਵਿਚ 70 ਫ਼ੀਸਦੀ ਮਰੀਜ਼ ਪੇਂਡੂ ਖੇਤਰਾਂ ਤੋਂ ਆਉਂਦੇ ਹਨ। ਹਰ ਸਾਲ ਲਗਭਗ 1.43 ਲੱਖ ਮੂੰਹ ਦੇ ਕੈਂਸਰ ਅਤੇ 80 ਹਜ਼ਾਰ ਫੇਫੜਿਆਂ ਦੇ ਕੈਂਸਰ ਦੇ ਨਵੇਂ ਮਾਮਲੇ ਦਰਜ ਹੁੰਦੇ ਹਨ। ਚਿੰਤਾਜਨਕ ਤੱਥ ਇਹ ਵੀ ਹੈ ਕਿ 48 ਫ਼ੀਸਦੀ ਛਾਤੀ ਦੇ ਕੈਂਸਰ ਨਾਲ ਪੀੜਤ ਔਰਤਾਂ 50 ਸਾਲ ਤੋਂ ਘੱਟ ਉਮਰ ਦੀਆਂ ਹੁੰਦੀਆਂ ਹਨ।
ਪਿਛਲੇ ਪੰਜ ਸਾਲਾਂ ਵਿਚ ਦੇਸ਼ ਵਿਚ ਕੈਂਸਰ ਦੇ ਮਾਮਲੇ ਲਗਭਗ 10 ਫ਼ੀਸਦੀ ਦੀ ਦਰ ਨਾਲ ਵਧੇ ਹਨ। 'ਜਰਨਲ ਆਫ ਗਲੋਬਲ ਆਨਕੋਲੋਜੀ' ਵਿਚ ਪ੍ਰਕਾਸ਼ਿਤ ਇਕ ਖੋਜ ਮੁਤਾਬਿਕ ਭਾਰਤ ਵਿਚ ਹਰ ਦਸ ਵਿਚੋਂ ਸੱਤ ਕੈਂਸਰ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ, ਜਦਕਿ ਵਿਕਸਿਤ ਦੇਸ਼ਾਂ ਵਿਚ ਇਹ ਗਿਣਤੀ 3 ਜਾਂ 4 ਹੀ ਹੈ। ਇਸ ਦਾ ਕਾਰਨ ਰਿਪੋਰਟ ਅਨੁਸਾਰ ਇਹ ਹੈ ਕਿ ਕੈਂਸਰ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੀ ਕਮੀ ਹੈ। ਰਿਪੋਰਟ ਅਨੁਸਾਰ ਭਾਰਤ ਵਿਚ ਜਿੱਥੇ ਹਰ ਦੋ ਹਜ਼ਾਰ ਕੈਂਸਰ ਮਰੀਜ਼ਾਂ 'ਤੇ ਇਕ ਡਾਕਟਰ ਹੈ, ਉੱਥੇ ਅਮਰੀਕਾ ਵਿਚ ਇਹ ਸਥਿਤੀ ਭਾਰਤ ਦੇ ਮੁਕਾਬਲੇ 20 ਗੁਣਾ ਬਿਹਤਰ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਪਿਛਲੇ 20 ਸਾਲਾਂ ਵਿਚ ਭਾਰਤ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਦੇਸ਼ ਵਿਚ ਹਰ ਸਾਲ 15 ਲੱਖ ਤੋਂ ਵੀ ਵਧੇਰੇ ਲੋਕ ਕੈਂਸਰ ਦੇ ਸ਼ਿਕਾਰ ਹੁੰਦੇ ਹਨ, ਜਿਸ ਵਿਚ ਦੋ ਤਿਹਾਈ ਇਹੋ ਜਿਹੇ ਮਰੀਜ਼ ਹੁੰਦੇ ਹਨ, ਜਿਨ੍ਹਾਂ ਵਿਚ ਕੈਂਸਰ ਦੀ ਪਹਿਚਾਣ ਆਖ਼ਰੀ ਸਟੇਜ 'ਤੇ ਹੁੰਦੀ ਹੈ ਅਤੇ ਉਸ ਹਾਲਤ ਵਿਚ ਉਨ੍ਹਾਂ ਦੇ ਜ਼ਿੰਦਾ ਬਚਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਸੰਬੰਧੀ ਸਰਕਾਰੀ ਕੋਸ਼ਿਸ਼ਾਂ ਤੇਜ਼ ਹੋਈਆਂ ਹਨ। ਦੇਸ਼ ਵਿਚ 287 ਤੋਂ ਵਧੇਰੇ ਰਾਸ਼ਟਰੀ ਕੈਂਸਰ ਗਰਿੱਡ, 19 ਸਟੇਟ ਕੈਂਸਰ ਇੰਸਟੀਚਿਊਟ ਅਤੇ 20 ਟਰਸ਼ੀਅਰੀ ਕੇਅਰ ਕੈਂਸਰ ਸੈਂਟਰ ਕੰਮ ਕਰ ਰਹੇ ਹਨ। 36 ਜ਼ਰੂਰੀ ਦਵਾਈਆਂ ਕਰ-ਮੁਕਤ ਕਰ ਦਿੱਤੀਆਂ ਗਈਆਂ ਹਨ ਅਤੇ ਇਲਾਜ ਲਈ 5 ਤੋਂ 15 ਲੱਖ ਰੁਪਏ ਤੱਕ ਸਰਕਾਰੀ ਸਹਾਇਤਾ ਦਿੱਤੀ ਜਾਂਦੀ ਹੈ। ਸਰਕਾਰ ਦਾ ਟੀਚਾ 2028 ਤੱਕ ਹਰ ਜ਼ਿਲ੍ਹੇ ਵਿਚ ਡੇਅ-ਕੇਅਰ ਕੈਂਸਰ ਸੈਂਟਰ ਸਥਾਪਿਤ ਕਰਨ ਦਾ ਹੈ, ਜਿਸ ਨਾਲ ਸਮੇਂ 'ਤੇ ਇਲਾਜ ਤੇ ਮੌਤ ਦਰ ਵਿਚ ਕਮੀ ਲਿਆਂਦੀ ਜਾ ਸਕੇ। ਚਿੰਤਾਜਨਕ ਸਥਿਤੀ ਇਹ ਹੈ ਕਿ ਦੁਨੀਆ ਭਰ ਵਿਚ ਹੁਣ ਹਰ ਉਮਰ ਦੇ ਲੋਕ ਕੈਂਸਰ ਦੀ ਗ੍ਰਿਫਤ ਵਿਚ ਆ ਰਹੇ ਹਨ।
ਵਾਰ-ਵਾਰ ਗਰਮ ਕੀਤੇ ਜਾਣ ਵਾਲੇ ਤੇਲ ਵਿਚ ਖਾਧ ਪਦਾਰਥਾਂ ਨੂੰ ਖਾਣ ਨਾਲ ਵੀ ਕੈਂਸਰ ਦੀ ਸ਼ੰਕਾ ਵਧ ਜਾਂਦੀ ਹੈ, ਕਿਉਂਕ ਇਸ ਵਿਚ ਫ੍ਰੀ ਰੈਡਕਲਿਸ ਵਧੇਰੇ ਬਣਦੇ ਹਨ, ਜਿਸ ਨਾਲ ਕੈਂਸਰ ਕੋਸ਼ਿਕਾਵਾਂ ਦੇ ਵਿਕਸਿਤ ਹੋਣ ਦੀ ਸ਼ੰਕਾ ਵੀ ਵਧ ਜਾਂਦੀ ਹੈ। ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਇਹ ਬਿਮਾਰੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ, ਪਰ ਜੇਕਰ ਸਹੀ ਸਮੇਂ 'ਤੇ ਇਸ ਦਾ ਪਤਾ ਲਗਾ ਲਿਆ ਜਾਵੇ ਤਾਂ ਇਸ ਦਾ ਸੌ ਫ਼ੀਸਦੀ ਇਲਾਜ ਵੀ ਸੰਭਵ ਹੈ। ਲੋਕ ਇਸ ਬਿਮਾਰੀ, ਇਸ ਦੇ ਕਾਰਨਾਂ ਅਤੇ ਇਸ ਦੇ ਭਿਆਨਕ ਖਤਰੇ ਪ੍ਰਤੀ ਜਾਗਰੂਕ ਰਹਿਣ, ਇਸ ਲਈ ਕੈਂਸਰ ਅਤੇ ਇਸ ਦੇ ਕਾਰਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ।

-114, ਗਲੀ ਨੰਬਰ 6, ਗੋਪਾਲ ਨਗਰ, ਐਮ.ਡੀ. ਮਾਰਗ, ਨਜ਼ਫਗੜ੍ਹ, ਨਵੀਂ ਦਿੱਲੀ-110043.
ਮੋਬਾਈਲ - 94167-40584
ਈ-ਮੇਲ : med}acare{roup0{ma}&.com

Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਹੀ ਹੱਲ ਕਰ ਸਕਦੀਆਂ ਹਨ ਪਾਣੀ ਦੀ ਸਮੱਸਿਆ ਅਗਲੀ ਖ਼ਬਰ ਕੀ ਕੇਂਦਰੀ ਬਜਟ ਦੀਆਂ ਤਰਜੀਹਾਂ ਰੁਜ਼ਗਾਰਮੁਖੀ ਹਨ?
Ad Position 24