ਆਉਂਦੇ ਸਾਲ ਦੇ ਸ਼ੁਰੂ ਦੇ ਮਹੀਨਿਆਂ ਜਨਵਰੀ ਅਤੇ ਫਰਵਰੀ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਇਸ ਸਾਲ ਦੇ ਰਹਿੰਦੇ ਮਹੀਨਿਆਂ ਵਿਚ ਸੂਬੇ 'ਚ ਸਿਆਸੀ ਸਰਗਰਮੀਆਂ ਦੇ ਹੋਰ ਵੀ ਵਧਦੇ ਜਾਣ ਦੀ ਸੰਭਾਵਨਾ ਬਣ ਗਈ ਹੈ। ਜਿਵੇਂ-ਜਿਵੇਂ ਸਮਾਂ ਨੇੜੇ ਆਉਂਦਾ ਜਾਏਗਾ, ਉਵੇਂ-ਉਵੇਂ ਹੀ ਸਿਆਸੀ ਪਾਰਾ ਵੀ ਵਧਦਾ ਜਾਏਗਾ। 'ਆਪ' ਦੀ ਸੂਬਾ ਸਰਕਾਰ ਨੇ ਵੀ ਆਪਣੀਆਂ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਮਘਾ ਦਿੱਤਾ ਹੈ। ਆਪਣੇ ਪਿਛਲੇ 4 ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰਨ ਦੇ ਨਾਲ-ਨਾਲ ਇਸ ਨੇ ਆਉਂਦੇ ਮਹੀਨਿਆਂ ਵਿਚ ਤਿਆਰ ਕੀਤੀਆਂ ਆਪਣੀਆਂ ਨਵੀਆਂ ਯੋਜਨਾਵਾਂ ਦਾ ਵੀ ਵਿਸਥਾਰ ਵਿਚ ਖੁਲਾਸਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਲੀਡਰਸ਼ਿਪ ਵੀ ਹਰ ਪੱਧਰ 'ਤੇ ਪ੍ਰਸ਼ਾਸਕੀ ਅਤੇ ਪਾਰਟੀ ਯੂਨਿਟਾਂ ਦੀ ਸਰਗਰਮੀ ਨੂੰ ਲਗਾਤਾਰ ਦੇਖ ਰਹੀ ਹੈ ਅਤੇ ਕੀਤੇ ਗਏ ਲੇਖੇ-ਜੋਖੇ ਦੇ ਆਧਾਰ 'ਤੇ ਆਪਣੇ ਵਲੋਂ ਨਵੇਂ ਕਦਮ ਪੁੱਟਣ ਦੀ ਤਿਆਰੀ ਵਿਚ ਹੈ।
ਇਸੇ ਹੀ ਤਰ੍ਹਾਂ ਸੂਬੇ ਨਾਲ ਸੰਬੰਧਿਤ ਹਰ ਸਿਆਸੀ ਪਾਰਟੀ ਆਪੋ-ਆਪਣੀਆਂ ਨੀਤੀਆਂ ਘੜ ਰਹੀ ਹੈ, ਜੋ ਆਉਂਦੇ ਦਿਨਾਂ ਵਿਚ ਸਾਹਮਣੇ ਆਉਣਗੀਆਂ। ਇਸੇ ਸੰਬੰਧ ਵਿਚ ਹਰ ਵਾਪਰ ਰਹੇ ਨਵੇਂ ਘਟਨਾਕ੍ਰਮ ਨੂੰ ਸਭ ਵਲੋਂ ਗੰਭੀਰਤਾ ਨਾਲ ਵੇਖਿਆ ਜਾ ਰਿਹਾ ਹੈ ਤੇ ਇਕਦਮ ਉਨ੍ਹਾਂ ਸੰਬੰਧੀ ਅਨੇਕਾਂ ਹੀ ਵੱਖੋ-ਵੱਖਰੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀਂ ਸੂਬੇ ਵਿਚ ਦੋ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਹਨ। ਪਹਿਲੀ ਹੈ ਜਲੰਧਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੰਖੇਪ ਫੇਰੀ। ਇਥੇ ਰਵਿਦਾਸੀਆ ਭਾਈਚਾਰੇ ਨਾਲ ਸੰਬੰਧਿਤ ਮਹੱਤਵਪੂਰਨ ਧਾਰਮਿਕ ਸਥਾਨ ਸੱਚਖੰਡ ਡੇਰਾ ਬੱਲਾਂ ਵਿਚ ਆ ਕੇ ਉਨ੍ਹਾਂ ਦਾ ਡੇਰਾ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਮਿਲਣਾ ਅਤੇ ਆਸ਼ੀਰਵਾਦ ਲੈਣਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਦਮਪੁਰ ਵਿਚ ਸਥਿਤ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਰੱਖਣ ਦਾ ਵੀ ਐਲਾਨ ਕੀਤਾ ਸੀ। ਪੰਜਾਬ ਦੇ ਦੁਆਬਾ ਖੇਤਰ ਵਿਚ ਰਵਿਦਾਸੀਆ ਭਾਈਚਾਰਾ ਵੱਡੀ ਗਿਣਤੀ ਵਿਚ ਵਸਿਆ ਹੋਇਆ ਹੈ। ਉਨ੍ਹਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਲਈ ਹਰ ਪਾਰਟੀ ਯਤਨਸ਼ੀਲ ਹੈ। ਇਸ ਸੰਦਰਭ ਵਿਚ ਹੀ ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਵੀ ਦੇਖਿਆ ਜਾ ਰਿਹਾ ਹੈ। ਚਾਹੇ ਪਿਛਲੇ ਲੰਮੇ ਸਮੇਂ 'ਚ ਪੰਜਾਬ ਵਿਚ ਭਾਜਪਾ ਦਾ ਵੱਡਾ ਆਧਾਰ ਨਹੀਂ ਬਣਿਆ ਪਰ ਕੁਝ ਸਾਲਾਂ ਤੋਂ ਉਸ ਨੇ ਵਿਸ਼ੇਸ਼ ਨੀਤੀ ਤਹਿਤ ਸੂਬੇ ਵਿਚ ਆਪਣੀ ਸਰਗਰਮੀ ਵਧਾਈ ਹੋਈ ਹੈ, ਜਿਸ ਦਾ ਪ੍ਰਭਾਵ ਪ੍ਰਤੱਖ ਰੂਪ ਵਿਚ ਵੇਖਿਆ ਤੇ ਮਹਿਸੂਸ ਵੀ ਕੀਤਾ ਜਾਣ ਲੱਗਾ ਹੈ। ਇਕ ਤੈਅਸ਼ੁਦਾ ਨੀਤੀ ਅਧੀਨ ਇਹ ਪਾਰਟੀ ਸੂਬੇ ਦੇ ਸਾਰੇ ਹੀ ਛੋਟੇ-ਵੱਡੇ ਭਾਈਚਾਰਿਆਂ ਤੱਕ ਆਪਣੀ ਪਹੁੰਚ ਬਣਾਉਣ ਲਈ ਯਤਨਸ਼ੀਲ ਜਾਪਦੀ ਹੈ। ਇਸੇ ਹੀ ਸਮੇਂ ਵਾਪਰੀ ਦੂਸਰੀ ਘਟਨਾ 7 ਮਹੀਨੇ ਦੇ ਅਰਸੇ ਤੋਂ ਬਾਅਦ ਪ੍ਰਭਾਵਸ਼ਾਲੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਜ਼ਮਾਨਤ ਮਿਲਣਾ ਹੈ। ਸ. ਮਜੀਠੀਆ ਨੇ ਬਾਹਰ ਆਉਂਦਿਆਂ ਹੀ ਸੂਬਾ ਸਰਕਾਰ 'ਤੇ ਇਕ ਵਾਰ ਫਿਰ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਭਵਿੱਖ ਵਿਚ ਵੀ ਦ੍ਰਿੜ੍ਹ ਰਹਿ ਕੇ ਸੂਬੇ ਦੀ ਸਿਆਸਤ ਵਿਚ ਆਪਣੀ ਸਰਗਰਮੀ ਨੂੰ ਜਾਰੀ ਰੱਖਣ ਬਾਰੇ ਬਿਆਨ ਦਿੱਤੇ ਹਨ।
ਬਿਨਾਂ ਸ਼ੱਕ ਅਕਾਲੀ ਦਲ ਅੱਜ ਬੁਰੀ ਤਰ੍ਹਾਂ ਬਿਖਰਿਆ ਅਤੇ ਵੰਡਿਆ ਨਜ਼ਰ ਆਉਂਦਾ ਹੈ। ਸ. ਮਜੀਠੀਆ ਦੀ ਸਰਗਰਮੀ ਅਕਾਲੀ ਸਫ਼ਾਂ ਵਿਚ ਕਿੰਨੀ ਕੁ ਧੜਕਣ ਪੈਦਾ ਕਰ ਸਕੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ। ਸ. ਮਜੀਠੀਆ ਅਕਾਲੀਆਂ ਦੇ ਵਖਰੇਵੇਂ ਨੂੰ ਕਿੰਨਾ ਕੁ ਇਕਸੁਰ ਕਰਨ ਵਿਚ ਸਹਾਈ ਹੋ ਸਕਣਗੇ, ਇਹ ਵੀ ਦੇਖਿਆ ਜਾਏਗਾ। ਉਨ੍ਹਾਂ ਨੂੰ ਜ਼ਮਾਨਤ ਮਿਲਣ 'ਤੇ ਬਹੁਤੀਆਂ ਵਿਰੋਧੀ ਪਾਰਟੀਆਂ ਨੇ ਜਿਥੇ ਸਵਾਗਤ ਕੀਤਾ ਹੈ, ਉਥੇ ਸਰਕਾਰੀ ਧਿਰ ਨੇ ਉਨ੍ਹਾਂ ਦੀ ਜ਼ਮਾਨਤ ਤੇ ਕਿੰਤੂ-ਪ੍ਰੰਤੂ ਉਠਾਏ ਹਨ ਅਤੇ ਅੰਤਿਮ ਫ਼ੈਸਲੇ ਤੱਕ ਉਨ੍ਹਾਂ ਨੂੰ ਬਰੀਅਲਜ਼ਮਾ ਕਰਾਰ ਨਹੀਂ ਦਿੱਤਾ। ਕਾਂਗਰਸ ਦਾ ਪਿਛਲੇ ਲੰਮੇ ਸਮੇਂ ਤੋਂ ਸੂਬੇ ਵਿਚ ਆਪਣਾ ਪ੍ਰਭਾਵ ਬਣਿਆ ਰਿਹਾ ਹੈ ਪਰ ਪਾਰਟੀ ਸਫ਼ਾਂ ਨੂੰ ਮੁੜ ਨਵੀਂ ਦਿਸ਼ਾ ਦੇਣ ਅਤੇ ਲੀਡਰਸ਼ਿਪ ਵਿਚ ਹੋਰ ਜ਼ਾਬਤਾ ਲਿਆਉਣ ਦੀ ਉਨ੍ਹਾਂ ਸਾਹਮਣੇ ਇਕ ਵੱਡੀ ਚੁਣੌਤੀ ਹੋਵੇਗੀ। ਅਸੀਂ ਸਮਝਦੇ ਹਾਂ ਕਿ ਇਸ ਸਰਗਰਮੀ ਦੇ ਪ੍ਰਸੰਗ ਵਿਚ ਸਾਰੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਦੀ ਇਹ ਵੱਡੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਪੰਜਾਬ ਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੋਕਾਂ ਸਾਹਮਣੇ ਇਕ ਢੁਕਵਾਂ ਭਵਿੱਖ-ਨਕਸ਼ਾ ਪੇਸ਼ ਕਰਨ ਅਤੇ ਉਸ ਨੂੰ ਅਮਲ ਵਿਚ ਲਿਆਉਣ ਲਈ ਵੀ ਲੋਕਾਂ ਦਾ ਵਿਸ਼ਵਾਸ ਜਿੱਤਣ। ਇਸ ਦੇ ਆਧਾਰ 'ਤੇ ਹੀ ਉਹ ਲੋਕ ਮਨਾਂ ਵਿਚ ਆਪਣੀ ਥਾਂ ਬਣਾਉਣ ਵਿਚ ਸਹਾਈ ਹੋ ਸਕਣਗੇ।
-ਬਰਜਿੰਦਰ ਸਿੰਘ ਹਮਦਰਦ