ਪੂਰੀ ਦੁਨੀਆ ਇਸ ਵੇਲੇ ਪ੍ਰਮਾਣੂ ਬਾਰੂਦ ਦੇ ਢੇਰ 'ਤੇ ਬੈਠੀ ਹੈ ਤੇ ਪਤਾ ਵੀ ਸਭ ਨੂੰ ਹੈ ਕਿ ਜੇ ਇਹ ਬਾਰੂਦ ਫਟਿਆ ਤਾਂ ਕੀ ਹੋਵੇਗਾ? ਰੂਸ-ਯੂਕਰੇਨ ਜੰਗ ਗੁੱਝੀ ਨਹੀਂ, ਗਾਜ਼ਾ 'ਚ ਕੀ ਹੋ ਕੇ ਹਟਿਆ ਹੈ? ਵੈਨੇਜ਼ੁਏਲਾ ਨਾਲ ਕੀ ਵਾਪਰਿਆ ਹੈ? ਈਰਾਨ-ਅਮਰੀਕਾ ਆਹਮੋ-ਸਾਹਮਣੇ ਨੇ! ਚੀਨ-ਤਾਇਵਾਨ ਅੱਖਾਂ ਕੱਢ ਰਹੇ ਨੇ, ਨਾਟੋ ਦੀ ਹੋਂਦ ਖ਼ਤਰੇ 'ਚ ਹੈ ਤੇ ਡੈਨਿਸ਼ ਧਰਤੀ 'ਤੇ ਅਮਰੀਕਾ ਦੇ ਕਬਜ਼ੇ ਦੀ ਧਮਕੀ ਪਿੱਛੋਂ ਨੂਯੂਕ 'ਚ ਟਰੰਪ ਖ਼ਿਲਾਫ਼ ਵੱਡਾ ਰੋਸ ਮੁਜ਼ਾਹਰਾ ਯੂਰਪੀਅਨਾਂ ਲਈ ਹੀ ਨਹੀਂ, ਵਿਸ਼ਵ ਲਈ ਵੀ ਕਈ ਸੰਕੇਤ ਦਿੰਦਾ ਹੈ। ਇਹ ਸਾਰੀਆਂ ਚਿੰਤਾਵਾਂ ਹਰ ਸੁਚੇਤ ਮਨੁੱਖ ਨੂੰ ਬੇ-ਚੈਨ ਕਰ ਰਹੀਆਂ ਹਨ ਕਿ ਅਸੀਂ ਜਾ ਕਿਧਰ ਨੂੰ ਰਹੇ ਹਾਂ?
ਈਰਾਨ ਯੁੱਧ ਨਹੀਂ ਚਾਹੁੰਦਾ ਪਰ ਯੁੱਧ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਸਲਾਮੀ ਸ਼ਾਸਨ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਅਮਰੀਕੀ ਫ਼ੌਜੀ ਦਖ਼ਲਅੰਦਾਜ਼ੀ ਦੀਆਂ ਹੋਰ ਧਮਕੀਆਂ ਦੇ ਜਵਾਬ ਵਿਚ ਕਿਹਾ ਕਿ ਅੰਦਾਜ਼ਾ ਗਲਤ ਨਾ ਲਗਾਓ, ਈਰਾਨ ਪਿਛਲੇ ਜੂਨ ਵਿਚ ਇਜ਼ਰਾਈਲ ਨਾਲ ਆਪਣੀ 12 ਦਿਨਾਂ ਦੀ ਜੰਗ ਦੇ ਮੁਕਾਬਲੇ ਕਿਤੇ ਵੱਧ ਤਾਕਤ ਨਾਲ ਤਿਆਰ ਹੈ। ਗੰਭੀਰਤਾ ਵਾਲੀ ਗੱਲ ਇਹ ਹੈ ਕਿ ਮੱਧ ਪੂਰਬ ਵਿਚ ਵਧ ਰਹੇ ਤਣਾਅ ਦੇ ਸੰਦਰਭ ਤੋਂ ਇਕ ਸਾਲ ਤੋਂ ਗਾਜ਼ਾ ਹੀ ਕੇਂਦਰ ਬਿੰਦੂ ਬਣਿਆ ਰਿਹਾ ਹੈ, ਜਿਸ ਨੇ ਟਰੰਪ ਪ੍ਰਸ਼ਾਸਨ ਦੇ ਨਵੇਂ ਸਾਮਰਾਜਵਾਦੀ ਪ੍ਰੋਜੈਕਟਾਂ ਦੁਆਰਾ ਅੰਤਰਰਾਸ਼ਟਰੀ ਵਿਵਸਥਾ ਨੂੰ ਉਲਟਾ ਦਿੱਤਾ ਪਰ ਹੁਣ ਟਰੰਪ ਦੀ ਆਰ-ਪਾਰ ਜਾਂ ਇਕਪਾਸੜ ਖੇਡ, ਵੈਨੇਜ਼ੁਏਲਾ ਵਿਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਬਿਨਾਂ ਵਿਰੋਧ ਕੈਦੀ ਬਣਾਉਣਾ ਤੇ ਹੁਣ ਗਰੀਨਲੈਂਡ 'ਤੇ ਕਬਜ਼ੇ ਦੀ ਗੱਲ ਚੀਨ ਤੇ ਰੂਸ ਵਰਗੀਆਂ ਹੋਰ ਵਿਸਥਾਰਵਾਦੀ ਸ਼ਕਤੀਆਂ ਲਈ ਇਕ ਖ਼ਤਰਨਾਕ ਮਿਸਾਲ ਕਾਇਮ ਕਰਦੀ ਜਾਪਦੀ ਹੈ ਅਤੇ ਇਸ ਖਿੱਤੇ ਵਿਚ ਵੀ ਵਿਸ਼ਵ ਵਿਆਪੀ ਟਕਰਾਅ ਦੇ ਵਧੇ ਹੋਏ ਜੋਖ਼ਮ ਸਾਫ਼ ਉਜਾਗਰ ਹੋਣ ਲੱਗੇ ਹਨ ਤੇ ਤਾਈਵਾਨ ਤੋਂ ਐਸਟੋਨੀਆ ਅਤੇ ਲਾਤਵੀਆ ਤੱਕ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੇਰੇ ਮਹਿਸੂਸ ਹੁੰਦੀ ਨਜ਼ਰ ਆ ਰਹੀ ਹੈ।
ਟਰੰਪ ਨੇ ਈਰਾਨ ਵਿਚ ਅਮਰੀਕੀ ਦਖ਼ਲਅੰਦਾਜ਼ੀ ਦੀ ਆਪਣੀ ਧਮਕੀ ਨੂੰ ਨਵੇਂ ਅੰਦਾਜ਼ 'ਚ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਬਹੁਤ ਮਜ਼ਬੂਤ ਬਦਲ ਹਨ, ਜਿਸ ਵਿਚ ਫ਼ੌਜੀ ਕਾਰਵਾਈ ਵੀ ਸ਼ਾਮਿਲ ਹੋ ਸਕਦੀ ਹੈ। ਈਰਾਨ ਨੇ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ 'ਤੇ ਇਸ ਖੇਤਰ ਵਿਚ ਤਣਾਅ ਵਧਾਉਣ ਦਾ ਦੋਸ਼ ਲਗਾਇਆ ਸੀ। ਹੁਣ ਜਦੋਂ ਮੁਲਕ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਜਾਰੀ ਰੱਖ ਰਿਹਾ ਹੈ ਤਾਂ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਾਲੀਬਾਫ ਨੇ ਚੇਤਾਵਨੀ ਦਿੱਤੀ ਹੈ ਕਿ ਈਰਾਨ 'ਤੇ ਕਿਸੇ ਵੀ ਹਮਲੇ ਦਾ ਇਜ਼ਰਾਈਲ ਅਤੇ ਮੱਧ ਪੂਰਬ ਵਿਚ ਸਥਿਤ ਅਮਰੀਕੀ ਠਿਕਾਣਿਆਂ ਅਤੇ ਜਹਾਜ਼ਾਂ 'ਤੇ ਜਵਾਬੀ ਹਮਲਾ ਕਰਕੇ ਬਦਲਾ ਲਿਆ ਜਾਵੇਗਾ। ਟੈਲੀਗ੍ਰਾਫ ਦੀ ਇਕ ਹਾਲੀਆ ਰਿਪੋਰਟ ਹੈ ਕਿ ਇਜ਼ਰਾਈਲੀ ਫ਼ੌਜ ਅਮਰੀਕੀ ਹਮਲੇ ਦੀ ਸਥਿਤੀ ਵਿਚ ਹਾਈ ਅਲਰਟ 'ਤੇ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਭੂ-ਰਾਜਨੀਤਕ ਸਥਿਰਤਾ ਲਈ ਸਭ ਤੋਂ ਵੱਡਾ ਖ਼ਤਰਾ ਚੀਨ ਅਤੇ ਅਮਰੀਕਾ ਵਿਚਕਾਰ ਵਧਦੇ ਤਣਾਅ ਤੋਂ ਹੈ, ਜਿਸ ਵਿਚ ਤਾਈਵਾਨ ਦੇ ਭਵਿੱਖ ਦੇ ਕਿਸੇ ਵੀ ਫ਼ੌਜੀ ਟਕਰਾਅ ਦੇ ਕੇਂਦਰ ਵਿਚ ਹੋਣ ਦੀ ਉਮੀਦ ਹੈ। ਚੀਨ ਨੇ ਆਸਟ੍ਰੇਲੀਆ, ਤਾਈਵਾਨ ਅਤੇ ਵੀਅਤਨਾਮ ਦੇ ਦਰਵਾਜ਼ਿਆਂ 'ਤੇ ਲਾਈਵ-ਫਾਇਰ ਅਭਿਆਸ ਵੀ ਕੀਤੇ ਹਨ। ਜਹਾਜ਼ਾਂ 'ਤੇ ਨਵੇਂ ਲੈਂਡਿੰਗ ਬਾਰਜਾਂ ਦੀ ਜਾਂਚ ਕੀਤੀ ਹੈ, ਜੋ ਤਾਈਵਾਨ 'ਤੇ ਹਮਲੇ ਦੀ ਸਹੂਲਤ ਦੇ ਸਕਦੇ ਹਨ ਅਤੇ ਡੂੰਘੇ ਸਮੁੰਦਰ ਦੇ ਕੇਬਲ ਕਟਰਾਂ ਦਾ ਪਰਦਾਫਾਸ਼ ਵੀ ਹੋਇਆ ਹੈ, ਜੋ ਕਿਸੇ ਹੋਰ ਦੇਸ਼ ਦੀ ਇੰਟਰਨੈੱਟ ਪਹੁੰਚ ਨੂੰ ਬੰਦ ਕਰਨ ਦੀ ਸਮਰੱਥਾ ਵਾਲੇ ਹਨ।
ਬਹੁਤ ਸਾਰੇ ਨਿਰੀਖਕ ਅੰਦਾਜ਼ਾ ਲਗਾਉਂਦੇ ਹਨ ਕਿ ਚੀਨ 2027 ਤੱਕ ਤਾਈਵਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ, ਜਿਸ ਨੂੰ ਇਕ ਕਰਾਮਾਤੀ ਸਾਲ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਇਹ ਪੀ.ਐਲ.ਏ. (ਪਿਊਪਲ ਆਫ ਲਿਬਰੇਸ਼ਨ ਆਰਮੀ) ਬਣਨ ਵਾਲੀ ਸ਼ਤਾਬਦੀ ਦੀ ਨਿਸ਼ਾਨਦੇਹੀ ਕਰਦਾ ਹੈ ਤੇ ਇਹ ਵਰ੍ਹੇਗੰਢ ਬੀਜਿੰਗ ਦੁਆਰਾ ਇਕ ਗੰਭੀਰ ਫ਼ੌਜੀ ਕਾਰਵਾਈ ਨਾਲ ਮੇਲ ਖਾਂਦੀ ਹੈ। ਸਭ ਜਾਣਦੇ ਹਨ ਕਿ ਤਾਈਵਾਨ ਚੀਨ ਦੇ ਵਿਰੁੱਧ ਹੈ ਤੇ ਪਤਾ ਬੀਜਿੰਗ ਨੂੰ ਵੀ ਹੈ ਕਿ ਤਾਈਵਾਨ 'ਤੇ ਹਮਲਾ ਅਮਰੀਕਾ ਨਾਲ ਸਿੱਧੇ ਯੁੱਧ ਦਾ ਜੋਖ਼ਮ ਹੋਵੇਗਾ। ਇਹ ਗ਼ਲਤੀ ਨਾਲ ਭੜਕਾਅ ਵਧੇਗਾ, ਜਿਸ ਵਿਚ ਭਾਰਤ, ਜਪਾਨ, ਆਸਟ੍ਰੇਲੀਆ ਅਤੇ ਅਮਰੀਕਾ ਵੀ ਪ੍ਰਭਾਵਿਤ ਹੋ ਸਕਦੇ ਤੇ ਇਹ ਹਾਲਾਤ ਸੱਚੀਂ ਇਕ ਵਿਸ਼ਵ-ਵਿਆਪੀ ਟਕਰਾਅ ਦਾ ਜੋਖ਼ਮ ਬਣ ਸਕਦੇ ਹਨ। ਅਜਿਹੀ ਸਥਿਤੀ ਵਿਚ ਤਾਈਵਾਨ ਦਾ ਸਭ ਤੋਂ ਸ਼ਕਤੀਸ਼ਾਲੀ ਰੱਖਿਅਕ ਅਮਰੀਕਾ ਆਪਣੇ ਬਚਾਅ ਹਿੱਤ ਜਵਾਬ ਦੇਣ ਲਈ ਮਜਬੂਰ ਹੋ ਸਕਦਾ ਹੈ। ਜੇ ਇਹ ਹੋਇਆ ਤਾਂ ਇਹ ਸਥਿਤੀ ਦੁਨੀਆ ਦੀਆਂ ਨੀਂਹਾਂ ਨੂੰ ਹਿਲਾ ਦੇਵੇਗੀ, ਭਾਵ ਤੀਜੀ ਵਿਸ਼ਵ ਜੰਗ ਸ਼ੁਰੂ ਕਰਵਾ ਸਕਦੀ ਹੈ।
ਉਧਰ ਪਿਛਲੇ ਦਿਨੀਂ ਉੱਤਰੀ ਕੋਰੀਆ ਨੇ ਆਪਣੀ ਰਾਜਧਾਨੀ ਪਿਓਂਗਯਾਂਗ ਤੋਂ ਆਪਣੇ ਪੂਰਬੀ ਤੱਟ ਤੋਂ ਸਮੁੰਦਰ ਵੱਲ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਅਜਿਹਾ ਇਕ ਦਿਨ ਤੋਂ ਵੀ ਘੱਟ ਸਮੇਂ ਵਿਚ ਹੋਇਆ, ਜਦੋਂ ਦੇਸ਼ ਦੇ ਹਾਕਮ ਕਿਮ ਜੋਂਗ ਉਨ ਨੇ ਹਥਿਆਰ ਫੈਕਟਰੀਆਂ ਨੂੰ ਰਣਨੀਤਕ ਗਾਈਡਡ ਹਥਿਆਰ ਬਣਾਉਣ ਦੀ ਆਪਣੀ ਸਮਰੱਥਾ ਨੂੰ ਦੁੱਗਣਾ ਕਰਨ ਦਾ ਸੱਦਾ ਦਿੱਤਾ। ਕਿਮ ਨੇ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਦੇ ਨਾਲ-ਨਾਲ ਇਕ ਪ੍ਰਮਾਣੂ-ਸੰਚਾਲਿਤ ਪਣਡੁੱਬੀ ਦਾ ਦੌਰਾ ਵੀ ਕੀਤਾ ਅਤੇ ਮਿਜ਼ਾਈਲ ਪ੍ਰੀਖਣਾਂ ਦੀ ਨਿਗਰਾਨੀ ਵੀ ਕੀਤੀ। 2024 ਦੀ ਸ਼ੁਰੂਆਤ ਤੋਂ ਕਿਮ ਨੇ ਹੌਲੀ-ਹੌਲੀ ਦੱਖਣੀ ਕੋਰੀਆ ਨਾਲ ਸ਼ਾਂਤਮਈ ਏਕੀਕਰਨ ਦੇ ਵਿਚਾਰ ਤੋਂ ਦੂਰੀ ਬਣਾ ਲਈ ਹੈ। ਕਿਮ ਸਰਕਾਰ ਨੇ ਸਿਓਲ ਅਤੇ ਵਾਸ਼ਿੰਗਟਨ ਦੁਆਰਾ ਆਪਣੇ ਪ੍ਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਪ੍ਰੋਗਰਾਮਾਂ ਨੂੰ ਬੰਦ ਕਰਨ ਦੇ ਉਦੇਸ਼ ਨਾਲ ਲੰਬੇ ਸਮੇਂ ਤੋਂ ਰੁਕੀ ਹੋਈ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਦੀਆਂ ਕਾਲਾਂ ਨੂੰ ਵਾਰ-ਵਾਰ ਰੱਦ ਕਰ ਦਿੱਤਾ , ਕਿਉਂਕਿ ਉਸ ਦੀਆਂ ਅਮਰੀਕਾ ਦਾ ਸਾਹਮਣਾ ਕਰਨ ਵਾਲੇ ਦੇਸ਼ਾਂ, ਖਾਸ ਕਰਕੇ ਰੂਸ ਨਾਲ ਆਪਣੇ ਸੰਬੰਧਾਂ ਨੂੰ ਤਰਜੀਹ ਦੇਣ ਵਾਲੀਆਂ ਸਨ। ਪਿਛਲੇ ਸਾਲ ਉੱਤਰੀ ਕੋਰੀਆ ਨੇ ਆਪਣੇ ਨਵੇਂ 5,000 ਟਨ 'ਚੋਏ ਹਯੋਨ-ਕਲਾਸ' ਦੀ ਹਥਿਆਰ ਪ੍ਰਣਾਲੀ ਦਾ ਪਹਿਲਾ ਟੈਸਟ ਕੀਤਾ। ਪਿਛਲੇ ਸਾਲ ਜੂਨ ਵਿਚ ਹੋਏ 12 ਦਿਨਾਂ ਦੇ ਯੁੱਧ ਤੋਂ ਬਾਅਦ ਈਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਤਣਾਅ ਪਹਿਲਾਂ ਹੀ ਆਪਣੇ ਸਭ ਤੋਂ ਮਾੜੇ ਪੱਧਰ 'ਤੇ ਹੈ ਪਰ ਹੁਣ ਇਸ ਦਾ ਵਧਣਾ ਇਕ ਦੁਰਘਟਨਾ ਵਾਂਗ ਘੱਟ ਸਗੋਂ ਇਕ ਦਿਸ਼ਾ ਵਾਂਗ ਵਧ ਮਹਿਸੂਸ ਹੋਣ ਲੱਗ ਪਿਆ ਹੈ।
ਟਰੰਪ ਵਲੋਂ ਆਉਣ ਵਾਲੇ ਸਮੇਂ ਵਿਚ ਆਪਣੇ ਸ਼ਾਸਨ ਦੀਆਂ ਪ੍ਰਮਾਣੂ ਸਮਰੱਥਾਵਾਂ ਨੂੰ ਖ਼ਤਮ ਕਰਨ ਦੇ ਦਾਅਵਿਆਂ ਨੂੰ ਪੈਂਟਾਗਨ ਨੇ ਜਲਦੀ ਹੀ ਖਾਰਜ ਕਰ ਦਿੱਤਾ ਅਤੇ ਦੂਜੇ ਪਾਸੇ ਈਰਾਨ ਕੋਲ ਹਾਲੇ ਬਹੁਤ ਤਾਕਤਵਰ ਯੂਰੇਨੀਅਮ ਹੋਣ ਕਰਕੇ ਇਹ ਸਭ ਇਕ ਖ਼ਤਰਨਾਕ ਸਥਿਤੀ ਵੱਲ ਮੋੜ ਹੈ। ਲਿਬਨਾਨ ਵਿਚ ਹਿਜ਼ਬੁੱਲਾ ਦੇ ਕਮਜ਼ੋਰ ਹੋਣ, ਸੀਰੀਆ ਵਿਚ ਅਸਦ ਸ਼ਾਸਨ ਦਾ ਪਤਨ ਅਤੇ ਹਮਾਸ ਦੇ ਖ਼ਤਮ ਹੋਣ ਦਾ ਮਤਲਬ ਹੈ ਕਿ ਈਰਾਨ ਨੇ ਪੂਰੇ ਖੇਤਰ ਵਿਚ ਆਪਣਾ ਦਬਦਬਾ ਗੁਆ ਦਿੱਤਾ ਹੈ। ਈਰਾਨੀ ਸ਼ਾਸਨ ਦੇ ਅੰਤ ਤੱਕ ਲੜਨ ਲਈ ਦ੍ਰਿੜ੍ਹ ਹੋਣ ਦੇ ਨਾਲ ਸਵਾਲ ਸਿਰਫ ਇਹ ਹੀ ਨਹੀਂ ਹੈ ਕਿ ਕੀ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧਦਾ ਹੈ, ਜੇਕਰ ਸੰਜਮ ਵਾਕਈ ਅਸਫਲ ਰਹਿੰਦਾ ਹੈ ਤਾਂ ਦੁਨੀਆ ਨੂੰ ਨਤੀਜਿਆਂ ਲਈ ਤਿਆਰ ਰਹਿਣਾ ਪਵੇਗਾ।
ਠੰਢੇ ਯੁੱਧ ਦੌਰਾਨ ਹਮੇਸ਼ਾ ਦੁਰਘਟਨਾਤਮਕ ਟਕਰਾਅ ਦੀ ਸੰਭਾਵਨਾ ਸੀ ਪਰ ਹੁਣ ਸਥਿਤੀਆਂ ਬਿਲਕੁਲ ਵੱਖਰੀਆਂ ਹਨ। ਐਟਲਾਂਟਿਕ ਦੇ ਦੋਵੇਂ ਪਾਸੇ ਰੂਸ ਅਤੇ ਪੱਛਮੀ ਯੂਰਪ ਵਿਚ ਹਥਿਆਰਬੰਦ ਟਕਰਾਅ ਸੰਬੰਧੀ ਬਿਆਨਬਾਜ਼ੀ ਹੋ ਰਹੀ ਹੈ। ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨੇ ਹਾਲ ਹੀ ਵਿਚ ਕਿਹਾ ਸੀ ਕਿ ਪੱਛਮ ਵਿਚ ਸਾਡੇ ਦਾਦਾ-ਦਾਦੀ ਅਤੇ ਪੜਦਾਦਾ-ਪੜਦਾਦੀ ਨੇ ਜੋ ਜੰਗ ਝੱਲੀ ਹੈ, ਉਸ ਲਈ ਤਿਆਰ ਰਹਿਣਾ ਚਾਹੀਦਾ ਹੈ, ਜਦੋਂ ਕਿ ਬਰਤਾਨੀਆ ਦੇ ਏਅਰ ਚੀਫ਼ ਮਾਰਸ਼ਲ ਸਰ ਰਿਚਰਡ ਨਾਈਟਨ ਨੇ ਕਿਹਾ ਕਿ ਪੁੱਤਰ ਅਤੇ ਧੀਆਂ, ਸਾਥੀ, ਸਾਬਕਾ ਸੈਨਿਕ... ਸਾਰਿਆਂ ਦੀ ਭੂਮਿਕਾ ਨਿਭਾਉਣੀ, ਨਿਰਮਾਣ ਕਰਨਾ, ਸੇਵਾ ਕਰਨਾ ਅਤੇ ਜੇ ਜ਼ਰੂਰੀ ਹੋਵੇ ਤਾਂ ਲੜਨਾ ਹੋਵੇਗਾ।
ਜਿਵੇਂ ਵਲਾਦੀਮੀਰ ਪੁਤਿਨ ਸ਼ਾਂਤੀ ਵਾਰਤਾ 'ਤੇ ਰੋਕ ਲਗਾ ਰਹੇ ਹਨ ਤੇ ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਲੋੜ ਪਈ ਤਾਂ ਉਹ ਯੂਰਪ ਨਾਲ ਜੰਗ ਲੜਨ ਲਈ ਵੀ ਤਿਆਰ ਹਨ। ਇਸੇ ਸੰਦਰਭ ਵਿਚ ਮਾਸਕੋ ਨੇ ਪਹਿਲਾਂ ਹੀ ਐਸਟੋਨੀਆ, ਰੋਮਾਨੀਆ ਅਤੇ ਪੋਲੈਂਡ ਦੇ ਹਵਾਈ ਖੇਤਰ ਵਿਚ ਘੁਸਪੈਠ ਦੇ ਪੱਖ ਤੋਂ ਨਾਟੋ ਦੇ ਰੱਖਿਆ ਸੰਕਲਪ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲੇ ਦੇ ਨੇੜੇ ਹੋਣ ਦੇ ਵਧ ਰਹੇ ਡਰ ਦੇ ਸੰਕੇਤ ਵਜੋਂ ਐਸਟੋਨੀਆ, ਲਾਤਵੀਆ ਅਤੇ ਲਿਥੁਆਨੀਆ ਨਾਲ ਹੀ ਪੋਲੈਂਡ ਅਤੇ ਫਿਨਲੈਂਡ ਨੇ ਐਲਾਨ ਕੀਤਾ ਹੈ ਕਿ ਉਹ ਰੂਸ ਨਾਲ ਆਪਣੀ ਸਰਹੱਦੀ ਰੱਖਿਆ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਕ ਇਤਿਹਾਸਕ ਬਾਰੂਦੀ ਸੁਰੰਗ ਸੰਧੀ ਤੋਂ ਪਿੱਛੇ ਹਟ ਰਹੇ ਹਨ ਤੇ ਬਾਲਟਿਕ ਰਾਜ ਰੂਸੀ ਹਮਲੇ ਲਈ ਸਭ ਤੋਂ ਵੱਧ ਸੰਭਾਵਿਤ ਨਿਸ਼ਾਨਾ ਹਨ। ਮਾਸਕੋ ਨੇ ਹਾਈਪਰਸੋਨਿਕ ਮਿਜ਼ਾਈਲਾਂ ਦੇ ਉਤਪਾਦਨ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਹਥਿਆਰ 3,415 ਮੀਲ ਦੂਰ ਤੱਕ ਦੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹਨ, ਜੋ ਪੂਰੇ ਯੂਰਪ ਅਤੇ ਇੱਥੋਂ ਤੱਕ ਕਿ ਪੱਛਮੀ ਅਮਰੀਕਾ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਪਿਛਲੇ ਸਾਲ ਅਕਤੂਬਰ ਵਿਚ ਬੁਰੇਵੈਸਟਨਿਕ ਪ੍ਰਮਾਣੂ-ਸੰਚਾਲਿਤ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ, ਜਿਸ ਨੂੰ 'ਫਲਾਇੰਗ ਚਰਨੋਬਿਲ' ਦਾ ਨਾਂਅ ਦਿੱਤਾ ਗਿਆ ਹੈ ਤੇ ਇਹ ਮਿਜ਼ਾਈਲ ਟੈਸਟ ਦਰਸਾਉਂਦੇ ਹਨ ਕਿ ਇਹ 15 ਘੰਟੇ ਬਿਨਾਂ ਰੁਕੇ ਉੱਡ ਸਕਦੀ ਹੈ ਅਤੇ 14,000 ਕਿਲੋਮੀਟਰ (8,700 ਮੀਲ) ਦੀ ਦੂਰੀ ਤੈਅ ਕਰ ਸਕਦੀ ਹੈ ਪਰ ਪੁਤਿਨ ਨੇ ਕਿਹਾ ਕਿ ਇਸ ਦੀ ਅਸਲ ਰੇਂਜ ਅਸੀਮਤ ਹੋ ਸਕਦੀ ਹੈ। ਰੂਸੀ ਰਾਸ਼ਟਰਪਤੀ ਦਾ ਹੁਣ ਦੁਨੀਆ ਵਿਚ ਸਭ ਤੋਂ ਉੱਚ ਪੱਧਰੇ ਪ੍ਰਮਾਣੂ ਹਥਿਆਰ ਹੋਣ ਦਾ ਦਾਅਵਾ ਤੀਜੇ ਵਿਸ਼ਵ ਯੁੱਧ ਨੂੰ ਠੰਢਾ ਕਰਨ ਵਾਲੀ ਚੇਤਾਵਨੀ ਹੈ? ਪੁਤਿਨ ਦੀਆਂ ਯੂਰਪ ਵਿਚ ਯੁੱਧ ਫੈਲਾਉਣ ਦੀਆਂ ਤਾਜ਼ਾ ਧਮਕੀਆਂ ਰੂਸੀ ਅਤੇ ਸੋਵੀਅਤ ਯੂਨੀਅਨ ਦੇ ਪੱਛਮ ਵੱਲ ਵਧਣ ਦੇ ਦਹਾਕਿਆਂ ਲੰਬੇ ਇਤਿਹਾਸ ਵਿਚ ਫਿੱਟ ਬੈਠਦੀਆਂ ਹਨ, ਪਰ ਕੀ ਰੂਸੀ ਰਾਸ਼ਟਰਪਤੀ, ਜਿਸ ਨੇ ਆਪਣੇ ਦੇਸ਼ ਨੂੰ ਇਕ ਜੰਗੀ ਅਰਥਵਿਵਸਥਾ ਵਿਚ ਬਦਲ ਦਿੱਤਾ ਹੈ, ਕੋਲ ਯੂਰਪ ਵਿਚ ਨਾਲ ਵਿਸ਼ਾਲ ਟਕਰਾਅ ਨੂੰ ਅੱਗੇ ਵਧਾਉਣ ਲਈ ਫ਼ੌਜੀ ਅਤੇ ਵਿੱਤੀ ਸਰੋਤ ਹਨ?
ਯੂਰਪ ਵਿਚ ਡਰ ਇਹ ਹੈ ਕਿ ਟਰੰਪ ਪ੍ਰਸ਼ਾਸਨ ਦਾ ਮਾਸਕੋ ਪ੍ਰਤੀ ਨਰਮ ਰਵੱਈਆ ਇਸ ਖੇਤਰ ਵਿਚ ਰੂਸ ਦੀਆਂ ਫ਼ੌਜੀ ਯੋਜਨਾਵਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਪੁਤਿਨ ਨੂੰ ਨਾਟੋ 'ਤੇ ਅਗਲਾ ਹਮਲਾ ਕਰਨ ਲਈ ਉਤਸ਼ਾਹਿਤ ਕਰੇਗਾ, ਯੂਰਪੀਅਨ ਅਧਿਕਾਰੀ ਨਹੀਂ ਸੋਚਦੇ ਕਿ ਪੁਤਿਨ ਦੀਆਂ ਇੱਛਾਵਾਂ ਯੂਕਰੇਨ ਨਾਲ ਖ਼ਤਮ ਹੋ ਜਾਣਗੀਆਂ ਅਤੇ ਖੇਤਰੀ ਰਿਆਇਤਾਂ ਦੇਣ ਨਾਲ ਇਕ ਚਿੰਤਾਜਨਕ ਮਿਸਾਲ ਸਥਾਪਤ ਹੋਵੇਗੀ, ਜਿਸ ਦੀ ਪਾਲਣਾ ਹੋਰ ਤਾਨਾਸ਼ਾਹੀ ਸ਼ਾਸਨ ਵੀ ਕਰਨਗੇ। ਜੇਕਰ ਰੂਸ ਕਿਸੇ ਵੀ ਨਾਟੋ ਮੈਂਬਰ ਰਾਜ ਦੇ ਵਿਰੁੱਧ ਫ਼ੌਜੀ ਕਾਰਵਾਈ ਕਰਦਾ ਹੈ ਤਾਂ ਇਹ ਫ਼ੌਜੀ ਗੱਠਜੋੜ ਨੂੰ ਇਕ ਪੂਰੇ ਟਕਰਾਅ ਲਈ ਮਜਬੂਰ ਕਰੇਗਾ। ਉਸ ਸਥਿਤੀ ਵਿਚ ਰੂਸ ਆਪਣੇ ਸਹਿਯੋਗੀਆਂ ਨੂੰ ਵੀ ਇਕ ਵਿਸ਼ਵ ਵਿਆਪੀ ਯੁੱਧ ਵਿਚ ਸ਼ਾਮਿਲ ਹੋਣ ਲਈ ਕਹਿ ਸਕਦਾ ਹੈ।
ਈ-ਮੇਲ : ashokbhaura@gmail.com