ਪੰਜਾਬ ਅੰਦਰ ਹਰ ਵਰ੍ਹੇ ਵਿਆਹ ਸਮਾਗਮਾਂ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਮੁਨਾਫ਼ਾਖ਼ੋਰ ਵਰਗ ਸਰਗਰਮ ਹੋ ਜਾਂਦਾ ਹੈ। ਇਹ ਸਾਡੀ ਤ੍ਰਾਸਦੀ ਹੈ ਕਿ ਸਾਡੇ ਸਮਾਜ ਅੰਦਰ ਮੁਨਾਫ਼ਾਖੋਰੀ ਨੇ ਇਸ ਕਦਰ ਆਪਣਾ ਜਾਲ ਬੁਣ ਲਿਆ ਹੈ ਕਿ ਉਸ ਤੋਂ ਛੇਤੀ ਕਿਤੇ ਖਹਿੜਾ ਛੁਡਾਉਣਾ ਅਸੰਭਵ ਜਾਪਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਨਸਾਨ ਆਪਣੇ ਨਿੱਜੀ ਹਿਤਾਂ ਦੀ ਪੂਰਤੀ 'ਤੇ ਚੰਦ ਛਿੱਲੜਾਂ ਦੇ ਮੁਨਾਫ਼ੇ ਖ਼ਾਤਰ ਭੋਲ਼ੀਆਂ-ਭਾਲ਼ੀਆਂ ਮਾਸੂਮ ਇਨਸਾਨੀ ਜ਼ਿੰਦਗੀਆਂ ਨੂੰ ਵੀ ਦਾਅ 'ਤੇ ਲਾਉਣ ਤੋਂ ਗੁਰੇਜ਼ ਨਹੀਂ ਕਰ ਰਿਹਾ। ਜਦ ਬਾਜ਼ਾਰਾਂ ਅੰਦਰ ਗੁਲਾਬ ਜਾਮਣ ਤੇ ਬਰਫ਼ੀ ਅੱਧੇ ਮੁੱਲ 'ਤੇ ਮਿਲਦੀ ਹੋਵੇ ਤਾਂ ਅਸੀਂ ਹਾਲਾਤ ਸਮਝ ਸਕਦੇ ਹਾਂ। ਬਾਜ਼ਾਰਾਂ ਅੰਦਰ ਕੁਝ ਮਾੜੇ ਦੁਕਾਨਦਾਰਾਂ ਕਾਰਨ ਚੰਗਿਆਂ ਦਾ ਅਕਸ ਵੀ ਖ਼ਰਾਬ ਹੋ ਰਿਹਾ ਹੈ। ਵਿਆਹਾਂ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਬਾਕੀ ਵਸਤਾਂ ਨੂੰ ਪਰੇ ਰੱਖ ਕੇ ਜੇਕਰ ਸਿਰਫ਼ ਦੁੱਧ ਦੀ ਗੱਲ ਕਰੀਏ, ਤਾਂ ਜੋ ਅੰਕੜੇ ਨਿਕਲਦੇ ਨੇ, ਉਹ ਇਕ ਆਮ ਇਨਸਾਨ ਦੀ ਰਾਤਾਂ ਦੀ ਨੀਂਦ ਖੋਹ ਲੈਂਦੇ ਹਨ। ਕਈ ਮੁਨਾਫ਼ਾਖ਼ੋਰਾਂ ਵਲੋਂ ਦੁੱਧ ਦੇ ਮਾਮਲੇ ਵਿਚ ਨਵਜਨਮੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨਾਲ ਧਰੋਹ ਕਮਾਇਆ ਜਾ ਰਿਹਾ ਹੈ। ਹੁਣ ਬਹੁਤੇ ਲੋਕਾਂ ਵਲੋਂ ਦੁੱਧ ਤੋਂ ਤਿਆਰ ਵਸਤਾਂ ਦਾ ਇਸਤੇਮਾਲ ਵੱਡੀ ਮਾਤਰਾ ਵਿਚ ਕੀਤਾ ਜਾਂਦਾ ਹੈ। ਪਿਛਲੇ ਸਮੇਂ ਤੋਂ ਜੋ ਦੁੱਧ ਦੇ ਅੰਕੜੇ ਸਾਹਮਣੇ ਆਉਂਦੇ ਹਨ, ਉਨ੍ਹਾਂ ਅਨੁਸਾਰ ਜੇਕਰ ਪੰਜਾਬ ਅੰਦਰ ਪੈਦਾ ਹੋ ਰਹੇ ਦੁੱਧ 'ਤੇ ਧਿਆਨ ਮਾਰੀਏ ਤਾਂ ਜਿੰਨਾ ਦੁੱਧ ਪੰਜਾਬ ਅੰਦਰ ਪੈਦਾ ਹੋ ਰਿਹਾ ਹੈ, ਖ਼ਪਤ ਉਸ ਤੋਂ ਕਿਤੇ ਵੱਧ ਹੈ। ਸੋਚਣਾ ਤਾਂ ਬਣਦੈ ਕਿ ਪੈਦਾ ਹੋ ਰਹੇ ਤੇ ਖ਼ਪਤ ਹੋ ਰਹੇ ਦੁੱਧ ਵਿਚਕਾਰ ਜਿਹੜਾ ਪਾੜਾ ਹੈ, ਉਸ ਨੂੰ ਕਿਵੇਂ ਪੂਰਿਆ ਜਾ ਰਿਹਾ ਹੈ। ਜੇਕਰ ਬਾਕੀ ਸੂਬਿਆਂ ਤੋਂ ਆ ਰਹੇ ਦੁੱਧ ਨੂੰ ਵੀ ਇਸ ਜੋੜ ਵਿਚ ਸ਼ਾਮਿਲ ਕਰ ਲਈਏ ਤਾਂ ਵੀ ਅੰਕੜੇ ਚੀਸ ਭਰੇ ਹਨ। ਇਸ ਅਸਲੀ ਤੇ ਨਕਲੀ ਦੁੱਧ ਦੇ ਵਿਚਕਾਰਲੇ ਪਾੜੇ ਨੂੰ ਜੇ ਗ਼ੌਰ ਨਾਲ ਵੇਖੀਏ ਤਾਂ ਸਾਰਾ ਮਾਜਰਾ ਸਹਿਜੇ ਹੀ ਸਾਹਮਣੇ ਆ ਜਾਂਦਾ ਹੈ। ਪੰਜਾਬ ਅੰਦਰ ਪਸ਼ੂਆਂ ਦੀ ਹੋ ਰਹੀ ਬੇਕਦਰੀ ਦੇ ਸਾਰੇ ਪੁਆੜੇ ਦੀ ਜੜ੍ਹ ਸਿਰਫ਼ ਨਕਲੀ ਦੁੱਧ ਹੈ, ਕਿਉਂਕਿ ਨਕਲੀ ਦੁੱਧ ਦੀ ਬਦੌਲਤ ਪਸ਼ੂ ਪਾਲਕਾਂ ਨੂੰ ਚੰਗਾ ਭਾਅ ਨਹੀਂ ਮਿਲ ਰਿਹਾ, ਜਿਸ ਕਰਕੇ ਬਹੁਤੇ ਕਿਸਾਨ ਪਸ਼ੂਆਂ ਤੋਂ ਕਿਨਾਰਾ ਕਰ ਚੁੱਕੇ ਹਨ। ਇਸੇ ਕਾਰਨ ਪੰਜਾਬੀ ਨਕਲੀ ਦੁੱਧ ਦੇ ਰੂਪ ਵਿਚ ਜ਼ਹਿਰ ਖਾਣ ਲਈ ਮਜਬੂਰ ਹਨ।
ਮੌਜੂਦਾ ਸਮੇਂ ਪਸ਼ੂ ਪਾਲਕਾਂ ਨੂੰ ਗਾਵਾਂ ਤੇ ਮੱਝਾਂ ਦੇ ਦੁੱਧ ਦਾ ਔਸਤ ਭਾਅ 30 ਤੋਂ 60 ਰੁਪਏ ਦੇ ਵਿਚਕਾਰ ਮਿਲਣਾ ਇਸ ਖ਼ਤਮ ਹੋ ਰਹੇ ਧੰਦੇ ਦੀ ਨਿਸ਼ਾਨੀ ਹੈ। ਹਰ ਵਰ੍ਹੇ ਬਾਜ਼ਾਰਾਂ ਅੰਦਰ ਨਕਲੀ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਸੰਬੰਧਿਤ ਵਿਭਾਗ ਜ਼ਬਤ ਤਾਂ ਜ਼ਰੂਰ ਕਰਦਾ ਹੈ ਪਰ ਕੁਝ ਸਮੇਂ ਬਾਅਦ ਉੱਥੇ ਹੀ ਮੁੜ ਉਨ੍ਹਾਂ ਦੁਕਾਨਦਾਰਾਂ ਵਲੋਂ ਮੇਲਾ ਲਾ ਕੇ ਲੋਕਾਂ ਦਾ ਚੰਮ ਲਾਹਿਆ ਜਾਂਦਾ ਹੈ, ਜਿਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾਂਦਾ। ਬਾਜ਼ਾਰਾਂ ਅੰਦਰ ਸ਼ਰੇਆਮ ਚਿੱਟੇ ਦਿਨ ਹੋ ਰਹੀ ਮਿਲਾਵਟਖ਼ੋਰੀ ਦਾ ਅੰਦਾਜ਼ਾ ਇਸ ਤੋਂ ਸਹਿਜ-ਸੁਭਾਅ ਹੀ ਲੱਗ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਵੀ ਦੁਕਾਨਦਾਰ ਨੂੰ ਜਿੰਨੇ ਮਰਜ਼ੀ ਕੁਇੰਟਲ ਪਨੀਰ ਦਾ ਆਰਡਰ ਦੇ ਦੇਵੋ ਤਾਂ ਉਹ ਤੁਰੰਤ ਹਾਜ਼ਰ ਕਰ ਦੇਵੇਗਾ। ਇਹ ਸਾਮਾਨ ਕਿੱਥੋਂ ਆ ਰਿਹਾ ਹੈ, ਕਹਿਣ ਦੀ ਲੋੜ ਨਹੀਂ। ਕਈ ਖ਼ਾਸ ਦੁਕਾਨਦਾਰਾਂ ਤੋਂ ਗੁਲਾਬ ਜਾਮਣ ਤੇ ਰਸਗੁੱਲੇ 100 ਤੋਂ 120 ਰੁਪਏ ਕਿੱਲੋ ਮਿਲ ਜਾਣਾ ਕਿਸ ਪਾਸੇ ਵੱਲ ਇਸ਼ਾਰਾ ਕਰਦਾ ਹੈ। ਜਿਹੜੇ ਦੁਕਾਨਦਾਰ ਚੰਗੀ ਗੁਣਵੱਤਾ ਦਾ ਸਾਮਾਨ ਤਿਆਰ ਕਰਦੇ ਹਨ, ਫਿਰ ਉਨ੍ਹਾਂ ਕੋਲ ਗਾਹਕ ਕਿਉਂ ਜਾਵੇਗਾ, ਕਿਉਂਕਿ ਗਾਹਕ ਨੂੰ ਇਕ ਪਾਸੇ ਸਸਤਾ ਸਾਮਾਨ ਮਿਲ ਰਿਹਾ ਹੈ। ਇਸ ਸਾਰੇ ਵਰਤਾਰੇ ਦਾ ਖ਼ਮਿਆਜ਼ਾ ਲੋਕਾਂ ਨੂੰ ਭਿਆਨਕ ਬਿਮਾਰੀਆਂ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ ਪਰ ਸੰਬੰਧਿਤ ਵਿਭਾਗ ਸ਼ਾਇਦ ਅਜੇ ਇਹ ਸਭ ਕੁਝ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ। ਬੇਹੱਦ ਸਸਤੇ ਤੇ ਮਾੜਿਆਂ ਦੀ ਬਦੌਲਤ ਚੰਗੇ ਦੁਕਾਨਦਾਰਾਂ ਦਾ ਧੰਦਾ ਵੀ ਚੌਪਟ ਹੋ ਰਿਹਾ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਸੰਬੰਧਿਤ ਵਿਭਾਗ ਵਲੋਂ ਸਿਰਫ਼ ਖਾਨਾਪੂਰਤੀ ਜਾਰੀ ਹੈ। ਸਵਾਲ ਤਾਂ ਇਹ ਵੀ ਵੱਡੇ ਹਨ ਕਿ ਆਖ਼ਰ ਇਹ ਸਭ ਕੁਝ ਕਿਸ ਦੀ ਪੁਸ਼ਤ-ਪਨਾਹੀ ਹੇਠ ਚਲਦਾ ਹੈ। ਇਸ ਵਰਤਾਰੇ ਸੰਬੰਧੀ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਫ਼ੋਨ ਕਰੋ ਤਾਂ ਉਹ ਫ਼ੋਨ ਚੁੱਕਣਾ ਵੀ ਮੁਨਾਸਬ ਨਹੀਂ ਸਮਝਦੇ। ਆਖ਼ਰ ਕਦੋਂ ਤੱਕ ਇਹ ਲੋਕ ਚੰਦ ਛਿੱਲੜਾਂ ਖ਼ਾਤਰ ਇਨਸਾਨੀ ਜ਼ਿੰਦਗੀਆਂ ਨਾਲ ਖੇਡਦੇ ਰਹਿਣਗੇ, ਇਹ ਸਵਾਲ ਅਜੇ ਵੀ ਸਾਡੇ ਸਮਾਜ ਅੰਦਰ ਮੂੰਹ ਵੱਡੀ ਖੜ੍ਹਾ ਹੈ।
-ਮਲੇਰਕੋਟਲਾ।
ਮੋਬਾਈਲ ਨੰਬਰ : 94634-63136