13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗਰਮੀ ਵਿਚ ਸਬਜ਼ੀਆਂ ਦੀ ਕਾਸ਼ਤ

Ad Position 21
No active advertisement
ਅਜੀਤ ਡੈਸਕ 24-02-2026

ਸਿਹਤਮੰਦ ਰਹਿਣ ਲਈ ਸਬਜ਼ੀਆਂ ਖਾਣੀਆਂ ਜ਼ਰੂਰੀ ਹਨ ਤੇ ਦੇਸ਼ ਵਿਚ ਬਹੁਤੀ ਵਸੋਂ ਸ਼ਾਕਾਹਾਰੀ ਹੋਣ ਕਰਕੇ ਇੱਥੇ ਸਬਜ਼ੀਆਂ ਦੀ ਵਿਸ਼ੇਸ਼ ਅਹਿਮੀਅਤ ਹੈ। ਇਨ੍ਹਾਂ ਦੀ ਕਾਸ਼ਤ ਨਾਲ ਫ਼ਸਲੀ ਵਿਭਿੰਨਤਾ ਅਤੇ ਰੁਜ਼ਗ਼ਾਰ ਵੀ ਮਿਲਦਾ ਹੈ, ਜੋ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਸਹਾਈ ਹੁੰਦਾ ਹੈ। ਭਾਰਤ ਵਾਂਗ ਪੰਜਾਬ 'ਚ ਵੀ ਸਬਜ਼ੀਆਂ ਦੀ ਕਾਸ਼ਤ ਹੇਠ ਰਕਬਾ ਤੇ ਪੈਦਾਵਾਰ ਵਧੇ ਹਨ। ਹਾਲਾਂਕਿ ਇਸ ਨੂੰ ਹੋਰ ਵਧਾਉਣ ਦੀ ਲੋੜ ਤੇ ਗੁੰਜਾਇਸ਼ ਹੈ। ਇਕੱਲੇ ਆਲੂਆਂ ਦੀ ਕਾਸ਼ਤ ਥੱਲੇ ਸਬਜ਼ੀਆਂ ਦੀ ਕੁੱਲ ਕਾਸ਼ਤ ਦਾ 46 47 ਫ਼ੀਸਦੀ ਰਕਬਾ ਹੈ। ਇਸ ਤੋਂ ਇਲਾਵਾ ਪਿਆਜ਼ਾਂ ਦੀ ਕਾਸ਼ਤ ਥੱਲੇ ਵੀ ਕਾਫ਼ੀ ਰਕਬਾ ਵਧ ਰਿਹਾ ਹੈ। ਹੁਣ ਗਰਮੀ ਦੀਆਂ ਸਬਜ਼ੀਆਂ ਸਮੇਂ ਸਿਰ ਲਗਾਉਣ ਲਈ ਜਗ੍ਹਾ ਤੇ ਕਿਸਮ ਦੀ ਚੋਣ ਕਰਨੀ ਜ਼ਰੂਰੀ ਹੈ। ਪੰਜਾਬ 'ਚ ਖੇਤੀਬਾੜੀ ਯੂਨੀਵਰਸਿਟੀ ਤੇ ਬਾਗ਼ਬਾਨੀ ਵਿਭਾਗ ਹਰ ਵਿਅਕਤੀ ਨੂੰ ਆਪਣੇ ਖੇਤ ਜਾਂ ਬਗ਼ੀਚੀ ਵਿਚ ਸਬਜ਼ੀਆਂ ਲਗਾਉਣ (ਕਿਚਨ ਗਾਰਡਨ ਸਥਾਪਤ ਕਰਨ) 'ਤੇ ਜ਼ੋਰ ਦੇ ਰਹੇ ਹਨ। ਜੋ ਸਬਜ਼ੀਆਂ ਖੁੱਲ੍ਹੀ ਮੰਡੀ 'ਚ ਵਿਕਦੀਆਂ ਹਨ, ਉਨ੍ਹਾਂ 'ਚ ਜ਼ਹਿਰਾਂ ਦਾ ਅਸਰ ਹੁੰਦਾ ਹੈ, ਜੋ ਹਾਨੀਕਾਰਕ ਹੈ। ਖ਼ਪਤਕਾਰ ਖ਼ੁਦ ਵੀ ਜੈਵਿਕ (ਆਰਗੈਨਿਕ) ਸਬਜ਼ੀਆਂ ਉਗਾ ਸਕਦੇ ਹਨ। ਕਿਸਾਨਾਂ ਨੂੰ ਤਾਂ ਘਰੇਲੂ ਖ਼ਪਤ ਤੋਂ ਇਲਾਵਾ ਵਪਾਰਕ ਪੱਧਰ 'ਤੇ ਵੀ ਸਬਜ਼ੀਆਂ ਲਗਾਉਣੀਆਂ ਚਾਹੀਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਦੂਜੀਆਂ ਫ਼ਸਲਾਂ ਨਾਲੋਂ ਵਧੇਰੇ ਮੁਨਾਫ਼ਾ ਮਿਲੇਗਾ। ਮਾਹਿਰਾਂ ਅਨੁਸਾਰ ਜੇ ਘਰੇਲੂ ਪੱਧਰ 'ਤੇ ਸਬਜ਼ੀਆਂ ਲਗਾਉਣੀਆਂ ਹਨ ਤਾਂ ਘਰ ਦੇ ਦੱਖਣ ਵਾਲੇ ਪਾਸੇ ਕਿਆਰੀਆਂ ਬਣਾ ਕੇ ਲਗਾਉਣ ਤਾਂ ਜੋ ਸਬਜ਼ੀਆਂ ਨੂੰ ਲੋੜੀਂਦੀ ਧੁੱਪ ਮਿਲ ਸਕੇ। ਬੀਜਾਂ ਦੇ ਪੁੰਗਰਨ ਲਈ 15 ਤੋਂ 25 ਡਿਗਰੀ ਸੈਲਸੀਅਸ ਤਾਪਮਾਨ ਚਾਹੀਦਾ ਹੈ। ਵਪਾਰਕ ਪੱਧਰ 'ਤੇ ਸਬਜ਼ੀਆਂ ਲਗਾਉਣ ਲਈ ਰੇਤਲੀ ਮੈਰਾ ਤੇ ਚੰਗੇ ਪਾਣੀ ਦੇ ਨਿਕਾਸ ਵਾਲੀ ਮਿੱਟੀ ਲੋੜੀਂਦੀ ਹੈ।
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ (ਆਈ.ਸੀ.ਏ.ਆਰ.) ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਵੀ ਘਰੇਲੂ ਬਗ਼ੀਚੀ ਵਿਚ ਆਪਣੀ ਖ਼ਪਤ ਲਈ ਸਬਜ਼ੀਆਂ ਪੈਦਾ ਕਰਨ 'ਤੇ ਬੜਾ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣ ਗਰਮੀ ਦੀਆਂ ਸਬਜ਼ੀਆਂ ਲਗਾਉਣ ਲਈ ਯੋਜਨਾਬੰਦੀ ਕਰਨ ਦਾ ਯੋਗ ਸਮਾਂ ਹੈ। ਘੀਆ ਕੱਦੂ, ਹਲਵਾ ਕੱਦੂ, ਚੱਪਣ ਕੱਦੂ, ਖਰਬੂਜ਼ਾ, ਤਰਬੂਜ਼, ਕਰੇਲਾ, ਕਾਲੀ ਤੋਰੀ, ਖੀਰਾ, ਟੀਂਡਾ, ਲੋਬੀਆ ਆਦਿ ਦੀ ਬਿਜਾਈ ਕਰਨ ਲਈ ਫਰਵਰੀ ਮਾਰਚ ਅਨੁਕੂਲ ਸਮਾਂ ਹੈ। ਮਿਰਚਾਂ (ਸੀਐਚ-52, ਸੀਐਚ-27, ਪੰਜਾਬ ਸੰਧੂਰੀ), ਭਿੰਡੀ ਪੰਜਾਬ ਸੁਨਹਿਰੀ ਤੇ ਹਰਾ ਮਧੂ ਖਰਬੂਜ਼ਾ ਫਰਵਰੀ 'ਚ ਲਾਏ ਜਾ ਸਕਦੇ ਹਨ। ਇਨ੍ਹਾਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਪੀ.ਏ.ਯੂ, ਬਾਗਬਾਨੀ ਵਿਭਾਗ ਤੇ ਆਈ.ਏ.ਆਰ.ਆਈ. ਤੋਂ ਘਰੇਲੂ ਪੱਧਰ 'ਤੇ ਲਗਾਉਣ ਲਈ ਉਪਲਬਧ ਹਨ। ਆਈ.ਏ.ਆਰ.ਆਈ. ਨੇ ਇਕੋ ਮੌਸਮ 'ਚ ਸਬਜ਼ੀਆਂ ਦੀ ਪੈਦਾਵਾਰ ਤੇ ਆਮਦ ਨੂੰ ਰੋਕਣ ਲਈ ਸਬਜ਼ੀਆਂ ਦੀਆਂ ਕੁਝ ਵਿਸ਼ੇਸ਼ ਕਿਸਮਾਂ ਵਿਕਸਿਤ ਕੀਤੀਆਂ ਹਨ। ਪੂਸਾ ਹਰਾ ਬੈਂਗਣ, ਪੂਸਾ ਸਫੈਦ ਬੈਂਗਣ ਖ਼ਰੀਫ਼ ਦੇ ਮੌਸਮ 'ਚ ਲਗਾਉਣ ਲਈ ਅਨੁਕੂਲ ਹਨ। ਇਕ ਹੈਕਟੇਅਰ 'ਚ ਸਬਜ਼ੀ ਲਗਾਉਣ ਲਈ ਇਨ੍ਹਾਂ ਦੀ 400 ਤੋਂ 500 ਗ੍ਰਾਮ ਪਨੀਰੀ ਲੋੜੀਂਦੀ ਹੈ। ਪੂਸਾ ਹਰਾ ਬੈਂਗਣ ਤੇ ਪੂਸਾ ਸਫੈਦ ਬੈਂਗਣ ਦੋਵੇਂ 50 55 ਦਿਨਾਂ 'ਚ ਪੱਕ ਕੇ ਤਿਆਰ ਹੋ ਜਾਂਦੇ ਹਨ। ਪੂਸਾ ਖੀਰਾ 6 ਦਾ ਰੰਗ ਹਰਾ ਹੋਣ ਤੇ ਜ਼ਾਇਕਾ ਵਧੀਆ ਹੋਣ ਕਰਕੇ ਖ਼ਪਤਕਾਰਾਂ ਨੂੰ ਕਾਫ਼ੀ ਪਸੰਦ ਆਇਆ ਹੈ। ਇਹ ਪੰਜਾਬ 'ਚ ਕਾਸ਼ਤ ਕਰਨ ਲਈ ਵੀ ਅਨੁਕੂਲ ਹੈ ਤੇ ਉਤਪਾਦਕਾਂ ਨੂੰ ਇਸ ਦਾ ਚੰਗਾ ਭਾਅ ਵੀ ਮਿਲ ਜਾਂਦਾ ਹੈ। ਵਧੀਆ ਗੁਣਵੱਤਾ ਦੀਆਂ ਸਬਜ਼ੀਆਂ ਪੈਦਾ ਕਰਨ ਲਈ 400 ਕਿਲੋਗ੍ਰਾਮ ਗਲੀ ਸੜੀ ਰੂੜੀ ਖਾਦ ਜਾਂ 100 ਕਿਲੋਗ੍ਰਾਮ ਗੰਡੋਆ ਖਾਦ ਪ੍ਰਤੀ 25 ਵਰਗ ਮੀਟਰ ਪਾ ਲੈਣੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ ਲਈ ਪਰਾਲੀ ਦੀ ਮਲਚਿੰਗ ਕੀਤੀ ਜਾ ਸਕਦੀ ਹੈ। ਇਸ ਨਾਲ ਸਬਜ਼ੀਆਂ ਨੂੰ ਘੱਟ ਪਾਣੀ ਦੀ ਲੋੜ ਪਵੇਗੀ। ਜਿਨ੍ਹਾਂ ਕੋਲ ਖੇਤੀ ਲਈ ਜ਼ਮੀਨ ਨਹੀਂ, ਉਹ ਘਰੇਲੂ ਖ਼ਪਤ ਲਈ ਗਮਲਿਆਂ ਜਾਂ ਛੱਤਾਂ 'ਤੇ ਕੁਝ ਸਬਜ਼ੀਆਂ ਉਗਾ ਸਕਦੇ ਹਨ।
ਬਿਮਾਰੀਆਂ ਤੇ ਕੀੜੇ ਮਕੌੜਿਆਂ ਤੋਂ ਬਚਾਅ ਲਈ ਸਬਜ਼ੀਆਂ ਨੈੱਟਹਾਊਸ ਵਿਚ ਉਗਾਈਆਂ ਜਾਣ। ਸਬਜ਼ੀਆਂ 'ਤੇ ਜ਼ਹਿਰਾਂ ਦਾ ਅਸਰ ਘਟਾਉਣ ਲਈ ਬਾਗਬਾਨੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ (ਸੇਵਾਮੁਕਤ) ਡਾ. ਸਵਰਨ ਸਿੰਘ ਮਾਨ ਚਿੱਟੀ ਮੱਖੀ, ਥ੍ਰਿੱਪ ਤੇ ਹੋਰ ਰਸ ਚੂਸਣ ਵਾਲੇ ਕੀੜਿਆਂ ਤੋਂ ਬਚਾਅ ਲਈ ਪੀਲੇ ਰੰਗ ਦੇ 6×11 ਸਾਈਜ਼ ਦੇ ਸਟਿੱਕੀ ਬੈੱਡ ਪਲਾਟ 'ਚ ਲਾਉਣ ਦੀ ਸਿਫ਼ਾਰਸ਼ ਕਰਦੇ ਹਨ। ਵਾਇਰਸ ਬਿਮਾਰੀਆਂ ਤੋਂ ਬਚਾਅ ਲਈ 1 ਲੀਟਰ ਗਊ ਮੂਤਰ, 1 ਲਿਟਰ ਦੁੱਧ ਤੇ 15 ਲਿਟਰ ਪਾਣੀ ਮਿਲਾ ਕੇ ਸਪਰੇਅ ਕਰਨੀ ਚਾਹੀਦੀ ਹੈ। ਉੱਲੀ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ 4 ਦਿਨ ਪੁਰਾਣੀ 3 ਲਿਟਰ ਖੱਟੀ ਲੱਸੀ 15 ਲਿਟਰ ਪਾਣੀ 'ਚ ਪਾ ਕੇ ਸਪਰੇਅ ਕੀਤੇ ਜਾਣ ਦੀ ਸਿਫ਼ਾਰਸ਼ ਹੈ। ਕੀੜੇ ਮਕੌੜਿਆਂ ਤੋਂ ਬਚਾਅ ਲਈ 2 ਕਿਲੋ ਲਸਣ, 1 ਕਿਲੋ ਅਦਰਕ ਤੇ 1 ਕਿਲੋ ਹਰੀ ਮਿਰਚ ਪੀਸ ਕੇ ਤੇ ਕੱਪੜ ਛਾਣ ਕਰਕੇ 15 ਲਿਟਰ ਪਾਣੀ 'ਚ ਪਾ ਕੇ ਛਿੜਕਾਅ ਕੀਤਾ ਜਾ ਸਕਦਾ ਹੈ। ਕੱਦੂ ਜਾਤੀ ਦੇ ਰੈੱਡ ਪੰਪਕਿਨ ਬੀਟਲ ਤੋਂ ਸਬਜ਼ੀਆਂ ਦੇ ਬਚਾਅ ਲਈ ਇਕ ਕਿਲੋ ਸੁਆਹ, 20 ਮਿ.ਲਿ. ਮਿਟੀ ਦੇ ਤੇਲ 'ਚ ਮਿਲਾ ਕੇ ਧੂੜ ਦੇਣੀ ਚਾਹੀਦੀ ਹੈ। ਸਿਉਂਕ ਤੋਂ ਬਚਾਅ ਲਈ 20 ਗ੍ਰਾਮ ਹਿੰਗ ਕੱਪੜੇ 'ਚ ਲਪੇਟ ਕੇ ਪਾਣੀ ਵਾਲੀ ਖਾਲ 'ਚ ਰੱਖ ਦੇਣੀ ਚਾਹੀਦੀ ਹੈ। ਆਮ ਕੀੜੇ ਮਕੌੜਿਆਂ ਤੋਂ ਬਚਾਅ ਲਈ ਇਕ ਕਿਲੋ ਨਿੰਮ ਦੇ ਪੱਤੇ 20 ਲਿਟਰ ਪਾਣੀ 'ਚ ਉਬਾਲ ਕੇ ਪਾਣੀ ਠੰਢਾ ਹੋਣ 'ਤੇ 200 ਗ੍ਰਾਮ ਸ਼ੱਕਰ ਪਾ ਕੇ ਸਬਜ਼ੀਆਂ 'ਤੇ ਸਪਰੇਅ ਕਰਨੀ ਚਾਹੀਦੀ ਹੈ। ਦਿੱਲੀ ਨੇੜੇ ਕੁਝ ਉਤਪਾਦਕਾਂ ਨੇ ਲੌਕੀ ਦੀ ਪੂਸਾ ਨਵੀਨ ਕਿਸਮ ਦੀ ਕਾਸ਼ਤ ਕਰਕੇ ਇਕ ਹੈਕਟੇਅਰ ਰਕਬੇ ਤੋਂ 2.5 ਲੱਖ ਰੁਪਏ ਤੱਕ ਕਮਾਏ ਹਨ। ਲੌਕੀ ਦੀਆਂ ਪੂਸਾ ਵਲੋਂ ਵਿਕਸਿਤ ਕਿਸਮਾਂ 350 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਦਿੰਦੀਆਂ ਹਨ। ਕਣਕ ਵੱਢਣ ਤੋਂ ਬਾਅਦ ਤੇ ਝੋਨਾ ਬੀਜਣ ਤੋਂ ਪਹਿਲਾਂ ਸਬਜ਼ੀਆਂ ਦੀ ਕਾਸ਼ਤ ਕਰਕੇ ਕਿਸਾਨ ਆਮਦਨ ਵਧਾ ਸਕਦੇ ਹਨ। ਕਪਾਹ ਉਤਪਾਦਕ ਵੀ ਇਸ ਸਮੇਂ ਦੌਰਾਨ ਪੱਕਣ ਵਾਲੀਆਂ ਕਿਸਮਾਂ ਤੋਂ ਮੁਨਾਫ਼ਾ ਕਮਾ ਸਕਦੇ ਹਨ।

ਈ-ਮੇਲ : bhagwandass226@gmail.com

 

Ad Position 22
No active advertisement
ਪਿਛਲੀ ਖ਼ਬਰ ਤਾਕਤ ਤੇ ਅਸਥਿਰਤਾ ਦੇ ਦੌਰ ਵੱਲ ਵਧਦੀ ਦੁਨੀਆ ਅਗਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤਾ ਅਤੇ ਕਿਸਾਨਾਂ ਦੇ ਹਿਤ
Ad Position 24