ਬਰਸੀ 'ਤੇ ਵਿਸ਼ੇਸ਼
ਪੰਜਾਬ ਦੀ ਰਾਜਨੀਤੀ 'ਚ ਸੁਖਦੇਵ ਸਿੰਘ ਢੀਂਡਸਾ ਦਾ ਨਾਂਅ ਇਕ ਅਜਿਹੀ ਸ਼ਖ਼ਸੀਅਤ ਵਜੋਂ ਲਿਆ ਜਾਂਦਾ ਹੈ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਪੰਥ, ਪੰਜਾਬ ਤੇ ਲੋਕਾਂ ਦੀ ਭਲਾਈ ਲਈ ਸਮਰਪਿਤ ਕੀਤੀ। ਸ਼੍ਰੋਮਣੀ ਅਕਾਲੀ ਦਲ ਵਲੋਂ ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਿਕ ਖੇਤਰਾਂ 'ਚ ਕੀਤੇ ਇਤਿਹਾਸਕ ਕਾਰਜਾਂ ਕਾਰਨ ਅਕਾਲੀ ਦਲ ਦਾ ਇਤਿਹਾਸ ਪੰਜਾਬ ਦੀ ਸਿਆਸਤ ਵਿਚ ਕੇਂਦਰੀ ਸਥਾਨ ਰੱਖਦਾ ਹੈ। ਕਿਸੇ ਵੀ ਰਾਜਨੀਤਕ ਪਾਰਟੀ ਦੀ ਭਰੋਸੇਯੋਗਤਾ ਉਸ ਦੀਆਂ ਲੋਕ ਪੱਖੀ ਨੀਤੀਆਂ, ਸਿਧਾਂਤਾਂ, ਰਿਵਾਇਤਾਂ ਤੇ ਅਸੂਲਾਂ ਉੱਤੇ ਟਿਕੀ ਹੁੰਦੀ ਹੈ। ਇਨ੍ਹਾਂ ਮੁੱਲਾਂ ਨਾਲ ਗਹਿਰੀ ਸਾਂਝ ਰੱਖਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਉਹ ਮੁੱਖ ਚਿਹਰੇ ਸਨ, ਜਿਨ੍ਹਾਂ 'ਤੇ ਹਰ ਪੰਜਾਬੀ ਨੂੰ ਮਾਣ ਮਹਿਸੂਸ ਹੁੰਦਾ ਹੈ।
ਸ. ਢੀਂਡਸਾ ਦਾ ਜਨਮ 9 ਅਪ੍ਰੈਲ 1936 ਨੂੰ ਜਥੇਦਾਰ ਰਤਨ ਸਿੰਘ ਅਤੇ ਮਾਤਾ ਲਾਭ ਕੌਰ ਦੇ ਘਰ ਪਿੰਡ ਉੱਭਾਵਾਲ (ਜ਼ਿਲ੍ਹਾ ਸੰਗਰੂਰ) ਵਿਖੇ ਹੋਇਆ। ਉਨ੍ਹਾਂ ਨੇ ਮੁਢਲੀ ਸਿੱਖਿਆ ਨੇੜਲੇ ਪਿੰਡ ਬਡਰੁੱਖਾਂ ਦੇ ਸਰਕਾਰੀ ਸਕੂਲ ਤੇ ਬਾਅਦ ਵਿਚ ਗੁਰੂ ਨਾਨਕ ਸਕੂਲ ਸੰਗਰੂਰ ਤੋਂ ਪ੍ਰਾਪਤ ਕੀਤੀ। ਉੱਚ ਸਿੱਖਿਆ ਲਈ ਉਨ੍ਹਾਂ ਨੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਚ ਦਾਖਲਾ ਲਿਆ, ਜਿੱਥੇ ਵਿਦਿਆਰਥੀ ਜੀਵਨ ਦੌਰਾਨ ਹੀ ਉਨ੍ਹਾਂ ਦੀ ਰੁਚੀ ਰਾਜਨੀਤੀ 'ਚ ਪੈਦਾ ਹੋਈ ਅਤੇ ਉਹ ਵਿਦਿਆਰਥੀ ਸਭਾ ਦੇ ਪ੍ਰਧਾਨ ਚੁਣੇ ਗਏ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਿੱਜੀ ਭਵਿੱਖ ਦੀ ਚਿੰਤਾ ਨਾ ਕਰਦਿਆਂ ਸਮਾਜ ਸੁਧਾਰਨ ਤੇ ਲੋਕ ਭਲਾਈ ਲਈ ਰਾਜਨੀਤੀ ਦਾ ਰਾਹ ਅਪਣਾਇਆ।
ਸਿਆਸੀ ਜੀਵਨ ਦੀ ਸ਼ੁਰੂਆਤ ਉਨ੍ਹਾਂ ਨੇ ਪਿੰਡ ਦੇ ਸਰਪੰਚ ਦੇ ਤੌਰ 'ਤੇ ਕੀਤੀ। ਇਸ ਤੋਂ ਬਾਅਦ ਉਹ ਬਲਾਕ ਸੰਮਤੀ ਮੈਂਬਰ, ਮਾਰਕੀਟ ਕਮੇਟੀ ਦੇ ਮੁਖੀ ਤੇ ਸਹਿਕਾਰੀ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਵਜੋਂ ਵੀ ਸੇਵਾ ਨਿਭਾਉਂਦੇ ਰਹੇ। 1972 ਵਿਚ ਉਨ੍ਹਾਂ ਨੇ ਧਨੌਲਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਤੇ ਜਿੱਤ ਹਾਸਿਲ ਕਰਕੇ ਪੰਜਾਬ ਵਿਧਾਨ ਸਭਾ ਵਿਚ ਪਹੁੰਚੇ। ਉਸ ਸਮੇਂ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣੀ ਤਾਂ ਸ. ਢੀਂਡਸਾ ਨੂੰ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਗਈ, ਪਰ ਉਨ੍ਹਾਂ ਨੇ ਅਹੁਦਿਆਂ ਦੇ ਲਾਲਚ ਦੀ ਬਜਾਏ ਆਪਣੇ ਸਮਰਥਕਾਂ ਤੇ ਲੋਕਾਂ ਦੀ ਭਾਵਨਾ ਨੂੰ ਤਰਜੀਹ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਾ ਚੁਣਿਆ। ਇਹ ਉਨ੍ਹਾਂ ਦੀ ਪੰਥ ਪ੍ਰਸਤੀ ਤੇ ਅਸੂਲਾਂ ਪ੍ਰਤੀ ਨਿਸ਼ਠਾ ਦਾ ਵੱਡਾ ਪ੍ਰਮਾਣ ਸੀ।
1975 ਵਿਚ ਲੱਗੀ ਐਮਰਜੈਂਸੀ (1975 1977) ਦੌਰਾਨ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਰਹਿਣਾ ਪਿਆ। 1977 ਵਿਚ ਉਹ ਸੁਨਾਮ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤ ਕੇ ਅਕਾਲੀ ਸਰਕਾਰ ਵਿਚ ਮੰਤਰੀ ਬਣੇ। ਉਨ੍ਹਾਂ ਦੀ ਖ਼ਾਸ ਖ਼ੂਬੀ ਇਹ ਸੀ ਕਿ ਉਹ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਲੋਕ ਪੱਖੀ ਫ਼ੈਸਲੇ ਲੈਂਦੇ ਸਨ। ਉਨ੍ਹਾਂ ਨੇ ਪੀਟਰ ਰੇਹੜਿਆਂ ਨੂੰ ਬਿਨਾਂ ਟੈਕਸ ਚਲਾਉਣ ਦੀ ਆਗਿਆ ਦਿੱਤੀ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਤੇ ਅੱਜ ਵੀ ਲੋਕ ਇਸ ਨੂੰ 'ਢੀਂਡਸਾ ਟਰਾਂਸਪੋਰਟ' ਦੇ ਨਾਂਅ ਨਾਲ ਯਾਦ ਕਰਦੇ ਹਨ।
ਇਸ ਤੋਂ ਇਲਾਵਾ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੌਰਾਨ ਸੰਗਰੂਰ ਵਿਚ ਮਿਲਟਰੀ ਡੰਪ ਦੀ ਜ਼ਮੀਨ ਖਾਲੀ ਕਰਵਾਉਣ ਦੇ ਹੁਕਮ ਨੂੰ ਰੋਕਣ ਲਈ ਉਨ੍ਹਾਂ ਨੇ ਉਸ ਵੇਲੇ ਦੇ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਨਾਲ ਗੱਲਬਾਤ ਕਰ ਕੇ ਹਜ਼ਾਰਾਂ ਪਰਿਵਾਰਾਂ ਨੂੰ ਉੱਜੜਨ ਤੋਂ ਬਚਾਇਆ।
ਸ. ਢੀਂਡਸਾ ਨੇ ਆਪਣੇ ਲੰਮੇ ਰਾਜਨੀਤਕ ਜੀਵਨ ਵਿਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ। ਉਹ ਪੰਜਾਬ ਉਲੰਪਿਕ ਸੰਘ ਦੇ ਪ੍ਰਧਾਨ, ਭਾਰਤੀ ਸਾਈਕਲਿੰਗ ਸੰਘ ਦੇ ਪ੍ਰਧਾਨ, ਮੁੱਕੇਬਾਜ਼ੀ ਸੰਘ ਦੇ ਪ੍ਰਧਾਨ ਤੇ ਗਤਕਾ ਸੰਘ ਵਿਸ਼ਵ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ ਉਹ ਰਾਜ ਸਭਾ ਮੈਂਬਰ, ਲੋਕ ਸਭਾ ਮੈਂਬਰ, ਪੰਜਾਬ ਬਿਜਲੀ ਬੋਰਡ ਦੇ ਮੁਖੀ ਤੇ ਕੇਂਦਰੀ ਮੰਤਰੀ ਵਜੋਂ ਵੀ ਸੇਵਾ ਕਰਦੇ ਰਹੇ।
ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਕਾਲਜ ਨੂੰ ਸਰਕਾਰੀ ਦਰਜਾ ਦਿਵਾਉਣ ਵਿਚ ਵੀ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਅਕਾਲੀ ਸਰਕਾਰ ਸਮੇਂ ਪੰਜਾਬ ਦੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਵਜੋਂ ਸੇਵਾ ਨਿਭਾਈ।
ਸ੍ਰੀ ਢੀਂਡਸਾ ਸਿੱਖ ਰਾਜਨੀਤੀ ਦੀਆਂ ਉਨ੍ਹਾਂ ਹਸਤੀਆਂ 'ਚੋਂ ਸਨ, ਜੋ ਬੇਬਾਕੀ ਨਾਲ ਸੱਚ ਬੋਲਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਅਤੇ ਬੇਅਦਬੀ ਮਾਮਲੇ 'ਤੇ ਵੀ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕੀਤੀ। ਪਾਰਟੀ ਅੰਦਰ ਮਤਭੇਦ ਪੈਦਾ ਹੋਣ 'ਤੇ ਉਨ੍ਹਾਂ ਨੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਬਾਅਦ ਵਿਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਥਾਪਨਾ ਕਰ ਕੇ ਅਕਾਲੀ ਵਿਚਾਰਧਾਰਾ ਨੂੰ ਮੁੜ ਮਜ਼ਬੂਤ ਕਰਨ ਦਾ ਯਤਨ ਕੀਤਾ।
ਉਨ੍ਹਾਂ ਦੀ ਲੰਮੀ ਸੇਵਾ ਅਤੇ ਯੋਗਦਾਨ ਲਈ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ 'ਪਦਮ ਭੂਸ਼ਣ' ਨਾਲ ਸਨਮਾਨਿਤ ਕੀਤਾ ਗਿਆ, ਪਰ ਕਿਸਾਨਾਂ ਦੇ ਹੱਕ ਵਿਚ ਕੇਂਦਰ ਸਰਕਾਰ ਦੇ ਰਵੱਈਏ ਦੇ ਵਿਰੋਧ ਵਜੋਂ ਉਨ੍ਹਾਂ ਨੇ ਇਹ ਸਨਮਾਨ ਵਾਪਸ ਕਰ ਦਿੱਤਾ। ਆਪਣੀ ਢਲਦੀ ਉਮਰ ਅਤੇ ਨਾਜ਼ੁਕ ਸਿਹਤ ਦੇ ਬਾਵਜੂਦ ਉਹ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਆਖ਼ਰੀ ਸਾਹ ਤੱਕ ਸਰਗਰਮ ਰਹੇ। ਪੰਜਾਬ ਦੇ ਇਸ ਅਹਿਮ ਸਪੂਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹਿਲਾ ਸ਼ਰਧਾਂਜਲੀ ਸਮਾਗਮ 11 ਮਾਰਚ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
-ਇੰਚਾਰਜ, ਅਜੀਤ ਉਪ ਦਫ਼ਤਰ, ਸੰਗਰੂਰ।
ਮੋਬਾਈਲ : 98142-82543