05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਜਦੋਂ ਸਿੱਖਾਂ ਨੇ ਦਿੱਲੀ ਜਿੱਤ ਕੇ ਨਵਾਂ ਇਤਿਹਾਸ ਬਣਾਇਆ

Ad Position 21
No active advertisement
ਅਜੀਤ ਡੈਸਕ 11-03-2026

ਅੱਜ ਲਈ ਵਿਸ਼ੇਸ਼

ਮੁਗ਼ਲ ਰਾਜ ਸਮੇਂ ਸ਼ਾਹਜਹਾਨ ਪਿੱਛੋਂ ਦਿੱਲੀ ਦਾ ਲਾਲ ਕਿਲ੍ਹਾ ਮੁਗਲ ਬਾਦਸ਼ਾਹਾਂ ਦਾ ਮੁੱਖ ਟਿਕਾਣਾ ਸੀ। ਕਮਜ਼ੋਰ ਪੈਂਦਿਆਂ ਹੀ ਵਿਦੇਸ਼ੀ ਹਮਲਾਵਰ ਨਾਦਰਸ਼ਾਹ ਦੁਰਾਨੀ, ਅਹਿਮਦਸ਼ਾਹ ਅਬਦਾਲੀ ਦੇ ਹਮਲਿਆਂ ਨੇ ਮੁਗ਼ਲ ਰਾਜ ਨੂੰ ਹੋਰ ਨਿਰਬਲ ਕਰ ਦਿੱਤਾ। ਦੇਸ਼ ਵਿਚੋਂ ਮਰਹੱਟੇ, ਰੋਹਿਲੇ ਅਤੇ ਸਿੱਖ ਮਿਸਲਾਂ ਦੇ ਹਮਲਿਆਂ ਨੇ ਵੀ ਦਿੱਲੀ ਦੀ ਤਾਕਤ ਨੂੰ ਨਿਚੋੜ ਕੇ ਰੱਖ ਦਿੱਤਾ। ਬਾਜੀਰਾਓ ਦੀਆਂ ਮਰਹੱਟਾ ਫ਼ੌਜਾਂ ਨੇ 1737 ਈ. ਨੂੰ ਦਿੱਲੀ 'ਤੇ ਹਮਲਾ ਕੀਤਾ। ਸਿੱਖ ਮਿਸਲਾਂ ਨੇ 9 ਜਨਵਰੀ, 1765 ਈ. ਤੋਂ 23 ਅਗਸਤ 1787 ਈ. ਤੱਕ 17 ਵਾਰ ਦਿੱਲੀ 'ਤੇ ਹਮਲਾ ਕੀਤਾ। ਸਿੱਖ ਮਿਸਲਾਂ ਨੇ ਪਹਿਲੀ ਵਾਰ ਰਾਜਾ ਸੂਰਜ ਮੱਲ ਦੇ ਬੇਟੇ ਜਵਾਹਰ ਸਿੰਘ ਦੀ ਸਹਾਇਤਾ ਕਰਦਿਆਂ ਦਿੱਲੀ 'ਤੇ ਧਾਵਾ ਬੋਲਿਆ। ਦਿੱਲੀ ਨੇੜੇ ਬਰਾੜੀ ਘਾਟ 'ਤੇ ਯਮਨਾ ਕੰਢੇ ਸਿੰਘਾਂ ਦਾ ਕੈਂਪ ਸੀ। ਜਵਾਹਰ ਸਿੰਘ ਹਾਥੀ 'ਤੇ ਸਵਾਰ ਹੋ ਕੇ ਬਰਾੜੀ ਘਾਟ ਨੇੜੇ ਪਹੁੰਚਿਆ ਅਤੇ ਨੰਗੇ ਪੈਰੀਂ ਖ਼ਾਲਸੇ ਦੇ ਕੈਂਪ ਵਿਚ ਆ ਕੇ ਆਪਣੇ ਆਉਣ ਦਾ ਕਾਰਨ ਦੱਸਿਆ। ਜਵਾਹਰ ਸਿੰਘ ਨੇ ਦੱਸਿਆ ਕਿ ਉਸ ਦਾ ਰਾਜ ਭਰਤਪੁਰ ਨਾਨਕਪੰਥੀ ਹੈ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਉਸ ਦੇ ਵੱਡ-ਵਡੇਰਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਜਦੋਂ ਦਾ ਆਜ਼ਾਦ ਕਰਵਾਇਆ ਹੈ, ਉਸ ਸਮੇਂ ਤੋਂ ਸਾਡਾ ਰਾਜ ਘਰਾਣਾ ਗੁਰੂ ਨਾਨਕ ਦੇ ਘਰ ਨੂੰ ਹੀ ਆਪਣਾ ਰਾਜ ਗੁਰੂ ਮੰਨਦਾ ਹੈ। ਡਾ. ਹਰੀ ਰਾਮ ਗੁਪਤਾ ਅਨੁਸਾਰ ਸੌ ਸਿੱਖ ਸਰਦਾਰਾਂ ਦੀ ਇਕੱਤਰਤਾ ਵਿਚ ਜਵਾਹਰ ਸਿੰਘ ਵਲੋਂ ਕੀਤੀ ਅਪੀਲ ਨੂੰ ਵਿਚਾਰਿਆ ਗਿਆ ਤੇ ਉਪਰੰਤ ਅਰਦਾਸਾ ਸੋਧਿਆ। ਉਸ ਸਮੇਂ 15 ਹਜ਼ਾਰ ਸਿੰਘਾਂ ਨੇ ਜਵਾਹਰ ਸਿੰਘ ਦੀ ਦਿੱਲੀ 'ਤੇ ਹਮਲੇ ਲਈ ਸਹਾਇਤਾ ਕੀਤੀ। ਹਮਲੇ ਸਮੇਂ ਦਲ ਖ਼ਾਲਸਾ ਨੇ ਪੁਰਾਣੀ ਸਬਜ਼ੀ ਮੰਡੀ ਨੇੜੇ ਪਹਾੜੀ ਤੱਕ ਕਬਜ਼ਾ ਕਰ ਲਿਆ। ਇਹ ਲੜਾਈ 25 ਜਨਵਰੀ, 1765 ਈ. ਤੱਕ ਜਾਰੀ ਰਹੀ। ਦਿੱਲੀ 'ਤੇ ਇਸ ਪਹਿਲੇ ਹਮਲੇ ਵਿਚ ਸਿੱਖ ਫ਼ੌਜਾਂ ਦਿੱਲੀ ਦੁਆਲੇ ਬਣੀ ਕੰਧ ਨੂੰ ਪਾੜਨ ਅਤੇ ਦਰਵਾਜ਼ੇ ਤੋੜਨ ਵਿਚ ਸਫ਼ਲ ਨਾ ਹੋਈਆਂ। ਸਿੱਖ ਫ਼ੌਜਾਂ ਨੇ ਦਿੱਲੀ ਦੇ ਆਸੇ-ਪਾਸੇ ਮੁਗ਼ਲ ਫ਼ੌਜਦਾਰਾਂ ਦਾ ਕਾਫ਼ੀ ਨੁਕਸਾਨ ਕੀਤਾ। ਇਸ ਹਮਲੇ ਸਮੇਂ ਸਿੰਘਾਂ ਨੇ ਕਿਸੇ ਬੇਗ਼ਮ ਜਾਂ ਧੀ-ਭੈਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।
ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਬਘੇਲ ਸਿੰਘ ਦੀ ਅਗਵਾਈ ਵਿਚ ਫਰਵਰੀ 1783 ਈ. ਨੂੰ ਸਿੱਖ ਫ਼ੌਜਾਂ ਨੇ ਦਿੱਲੀ ਫ਼ਤਹਿ ਕਰਨ ਲਈ ਚਾਲੇ ਪਾਏ। ਸਿੰਘ ਰਸਤੇ ਵਿਚ ਜਿੱਤਾਂ ਪ੍ਰਾਪਤ ਕਰਦੇ ਹੋਏ 8 ਮਾਰਚ, 1783 ਈ. ਨੂੰ ਯਮਨਾ ਦਰਿਆ ਦੇ ਬਰਾੜੀ ਘਾਟ ਉੱਤੇ ਪਹੁੰਚੇ। ਇਹ ਘਾਟ ਦਿੱਲੀ ਤੋਂ 16 ਕਿੱਲੋਮੀਟਰ ਦੂਰ ਉੱਤਰ ਵੱਲ ਹੈ। ਸਿੰਘਾਂ ਨੇ ਆਪਣੀ ਫ਼ੌਜ ਨੂੰ ਦੋ ਹਿੱਸਿਆਂ ਵਿਚ ਵੰਡਿਆ, ਜਿਸ ਅਨੁਸਾਰ ਸਿੰਘਾਂ ਦੇ ਇਕ ਜਥੇ ਦੀ ਅਗਵਾਈ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਦੂਜੇ ਜਥੇ ਦੀ ਅਗਵਾਈ ਸ. ਬਘੇਲ ਸਿੰਘ ਕਰ ਰਹੇ ਸਨ। ਸ. ਬਘੇਲ ਸਿੰਘ ਦੀ ਅਗਵਾਈ ਵਿਚ 30,000 ਸਿੱਖ ਫ਼ੌਜਾਂ ਸਨ। ਜਿੱਥੇ ਇਨ੍ਹਾਂ ਫ਼ੌਜਾਂ ਨੇ ਉਤਾਰਾ ਕੀਤਾ ਅਤੇ ਛਾਉਣੀ ਪਾਈ, ਉਸ ਨੂੰ ਅੱਜ 'ਤੀਸ ਹਜ਼ਾਰੀ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਅੱਜ-ਕੱਲ੍ਹ ਉੱਥੇ ਦਿੱਲੀ ਦੀ ਹਾਈਕੋਰਟ ਸਥਿਤ ਹੈ। ਸਿੰਘਾਂ ਨੇ ਸਭ ਤੋਂ ਪਹਿਲਾਂ ਮਲਕਾ ਗੰਜ ਅਤੇ ਸਬਜ਼ੀ ਮੰਡੀ 'ਤੇ ਹਮਲਾ ਕਰ ਕੇ ਕਬਜ਼ਾ ਕੀਤਾ। ਮੁਗ਼ਲ ਸੈਨਾ ਦੇ ਰਾਜਾ ਮਿਰਜ਼ਾ ਸ਼ਿਕੋਹ ਨੇ ਕਿਲ੍ਹਾ ਮਹਿਤਾਬਪੁਰ ਕੋਲ ਸਿੰਘਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ ਤੇ ਹਾਰ ਖਾ ਕੇ ਲਾਲ ਕਿਲ੍ਹੇ ਵਿਚ ਜਾ ਵੜਿਆ। ਫ਼ਜ਼ਲ ਅਲੀ ਖ਼ਾਨ ਨੇ 9 ਮਾਰਚ ਨੂੰ ਸਿੱਖ ਫ਼ੌਜਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ ਅਤੇ ਉਹ ਵੀ ਲਾਲ ਕਿਲ੍ਹੇ ਵਿਚ ਜਾ ਵੜਿਆ। ਸਿੱਖ ਫ਼ੌਜਾਂ ਨੇ ਅਜਮੇਰੀ ਗੇਟ ਰਾਹੀਂ ਦਾਖ਼ਲ ਹੋ ਕੇ ਹੌਜ਼ ਕਾਜ਼ੀ ਦਾ ਇਲਾਕਾ ਜਿੱਤ ਲਿਆ। ਲਾਲ ਕਿਲ੍ਹੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਅਤੇ ਚਾਰੇ ਪਾਸੇ ਸੁਰੱਖਿਆ ਵਧਾ ਦਿੱਤੀ ਗਈ।
11 ਮਾਰਚ, 1783 ਈ. ਨੂੰ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸ. ਬਘੇਲ ਸਿੰਘ, ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਤਾਰਾ ਸਿੰਘ ਘੇਬਾ, ਸ. ਮਹਾਂ ਸਿੰਘ ਸ਼ੁਕਰਚੱਕੀਆ, ਸ. ਖ਼ੁਸ਼ਹਾਲ ਸਿੰਘ, ਸ. ਕਰਮ ਸਿੰਘ, ਸ. ਭਾਗ ਸਿੰਘ, ਸ. ਸਾਹਿਬ ਸਿੰਘ, ਸ. ਸ਼ੇਰ ਸਿੰਘ ਬੁੜੀਆ, ਸ. ਗੁਰਦਿੱਤ ਸਿੰਘ ਲਾਡੋਵਾਲੀਆ, ਸ. ਕਰਮ ਸਿੰਘ ਸ਼ਾਹਬਾਦ, ਸ. ਗੁਰਬਖ਼ਸ਼ ਸਿੰਘ ਅੰਬਾਲਾ 'ਮਜਨੂੰ ਦਾ ਟਿੱਲਾ' ਵਿਖੇ ਇਕੱਠੇ ਹੋਏ।
ਇਨ੍ਹਾਂ ਜਥੇਦਾਰਾਂ ਦੀ ਅਗਵਾਈ ਵਿਚ ਸਿੱਖ ਫ਼ੌਜਾਂ ਨੇ ਦਿੱਲੀ 'ਤੇ ਹਮਲਾ ਕੀਤਾ, ਇਸ ਹਮਲੇ ਦੌਰਾਨ ਦਿੱਲੀ ਦੇ ਇਕ ਪਾਸੇ ਦੀ ਕੰਧ ਵਿਚ ਪਾੜ ਪਾ ਕੇ ਸਿੱਖ ਫ਼ੌਜਾਂ ਦਿੱਲੀ ਵਿਚ ਦਾਖ਼ਲ ਹੋ ਗਈਆਂ। ਸਿੱਖ ਫ਼ੌਜਾਂ ਨੇ ਉਹ ਕੰਧ ਵਿਚ ਪਾੜ ਪਾ ਕੇ ਜਿੱਥੇ ਵੱਡਾ ਮਘੋਰਾ ਕੀਤਾ, ਉਹ ਥਾਂ ਅੱਜ-ਕੱਲ੍ਹ 'ਮੋਰੀ ਗੇਟ' ਦੇ ਨਾਂਅ ਨਾਲ ਪ੍ਰਸਿੱਧ ਹੈ। ਸਿੰਘ ਲਾਹੌਰ ਦਰਵਾਜ਼ਾ, ਮੀਨਾ ਬਾਜ਼ਾਰ ਅਤੇ ਨਕਾਰਖ਼ਾਨਾ ਲੰਘ ਕੇ ਦੀਵਾਨ-ਏ-ਆਮ ਵਿਚ ਪਹੁੰਚੇ।
ਬਾਦਸ਼ਾਹ ਦੇ ਦਰਬਾਰੀ ਜਨਾਨਖ਼ਨਿਆਂ ਵਿਚ ਵੜ ਗਏ। ਸਿੰਘਾਂ ਨੇ ਲਾਲ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਅਤੇ ਕੁਝ ਸਿੰਘਾਂ ਨੇ ਸ. ਬਘੇਲ ਸਿੰਘ ਦੀ ਅਗਵਾਈ ਵਿਚ ਲਾਲ ਕਿਲ੍ਹੇ 'ਤੇ ਖ਼ਾਲਸਾਈ ਨਿਸ਼ਾਨ ਝੁਲਾ ਦਿੱਤਾ। ਦਿੱਲੀ ਦੇ ਕਿਲ੍ਹੇ 'ਤੇ ਕਬਜ਼ਾ ਕਰਨ ਉਪਰੰਤ ਸਿੱਖ ਫ਼ੌਜਾਂ ਨੇ ਆਪਣੇ ਉੱਚੇ ਇਖ਼ਲਾਕ ਦਾ ਪ੍ਰਗਟਾਵਾ ਕਰਦਿਆਂ ਸ. ਬਘੇਲ ਸਿੰਘ ਦੇ ਆਦੇਸ਼ ਅਨੁਸਾਰ ਨਾ ਕਿਸੇ ਬੇਦੋਸ਼ੇ ਨੂੰ ਮੌਤ ਦੇ ਘਾਟ ਉਤਾਰਿਆ, ਨਾ ਸ਼ਾਹੀ ਘਰਾਣਿਆਂ ਦੀਆਂ ਬੇਗ਼ਮਾਂ ਦੀ ਬੇਪੱਤੀ ਕੀਤੀ। ਲਾਲ ਕਿਲ੍ਹੇ ਦੇ ਵਸਨੀਕਾਂ ਨੇ ਪਹਿਲੀ ਵਾਰ ਅਜਿਹੇ ਹਮਲਾਵਰ ਦੇਖੇ ਸਨ, ਜਿਨ੍ਹਾਂ ਨੇ ਕਿਸੇ ਨੂੰ ਵੀ ਅਪਮਾਨਿਤ ਨਹੀਂ ਕੀਤਾ। ਸ਼ਾਹ ਆਲਮ ਦੂਜਾ ਜੋ ਲਾਲ ਕਿਲ੍ਹੇ ਦੇ ਚੋਰ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਿਆ ਸੀ, ਉਸ ਨੇ ਬੇਗ਼ਮ ਸਮਰੂ, ਮੁਨਸ਼ੀ ਰਾਮ ਦਿਆਲ ਸਮੇਤ ਇਕ ਵਫ਼ਦ ਨੂੰ ਸ. ਬਘੇਲ ਸਿੰਘ ਕੋਲ ਇਕ ਸਮਝੌਤਾ ਕਰਨ ਲਈ ਭੇਜਿਆ। ਅਖ਼ੀਰ ਫ਼ੈਸਲਾ ਹੋਇਆ ਕਿ ਬਾਦਸ਼ਾਹ ਸਿੰਘਾਂ ਦੀ ਸਰਦਾਰੀ ਮੰਨੇਗਾ, ਸਬਜ਼ੀ ਮੰਡੀ ਦਾ ਖੇਤਰ ਕੁਝ ਮੀਲਾਂ ਤੱਕ ਸ. ਬਘੇਲ ਸਿੰਘ ਅਧੀਨ ਰਹੇਗਾ ਅਤੇ ਇਸ ਖੇਤਰ ਦਾ ਸਾਰਾ ਮਾਲੀਆ ਤੇ ਕਰ ਸ. ਬਘੇਲ ਸਿੰਘ ਨੂੰ ਮਿਲੇਗਾ। ਸਿੱਖ ਜਰਨੈਲਾਂ ਨੇ ਲੰਬੀ ਸੋਚ ਵਿਚਾਰ ਤੋਂ ਪਿਛੋਂ ਸ਼ਾਹ ਆਲਮ ਨਾਲ ਸਮਝੌਤਾ ਕਰਨ ਦੇ ਅਧਿਕਾਰ ਸ. ਬਘੇਲ ਸਿੰਘ ਨੂੰ ਦੇ ਦਿੱਤੇ। ਉਸ ਸਮੇਂ ਜੋ ਸਮਝੌਤਾ ਹੋਇਆ, ਉਹ ਸੋਨੇ ਦੇ 7 ਪੱਤਰਿਆਂ 'ਤੇ ਲਿਖਿਆ ਗਿਆ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਾਰੀ ਸਥਿਤੀ ਨੂੰ ਦੇਖਦੇ ਹੋਏ ਦਿੱਲੀ ਤੋਂ ਵਾਪਸ ਪੰਜਾਬ ਪਰਤਣ ਦਾ ਐਲਾਨ ਕਰ ਦਿੱਤਾ ਅਤੇ ਬਾਕੀ ਜਰਨੈਲਾਂ ਨੇ ਸ. ਜੱਸਾ ਸਿੰਘ ਰਾਮਗੜ੍ਹੀਆ ਨੂੰ ਵੀ ਪੰਜਾਬ ਵਾਪਸ ਪਰਤਣ ਦੀ ਸਲਾਹ ਦਿੱਤੀ। ਸ. ਜੱਸਾ ਸਿੰਘ ਰਾਮਗੜ੍ਹੀਆ ਨੇ ਲਾਲ ਕਿਲ੍ਹੇ ਵਿਚਲਾ ਤਖ਼ਤ, ਚੁਤਾਲੀ ਥੰਮ੍ਹ, ਚਾਰ ਤੋਪਾਂ ਨੂੰ ਕਬਜ਼ੇ 'ਚ ਲਿਆ ਅਤੇ ਸ੍ਰੀ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਲਾਲ ਕਿਲ੍ਹੇ ਵਿਚੋਂ ਲਿਆਂਦੀ ਤਖ਼ਤ ਵਾਲੀ ਸਿੱਲ੍ਹ, ਚੁਤਾਲੀ ਥੰਮ, ਅੱਜ ਵੀ ਰਾਮਗੜ੍ਹੀਆ ਬੁੰਗਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਏ ਹਨ। ਸਮਝੌਤੇ ਅਨੁਸਾਰ ਸ. ਬਘੇਲ ਸਿੰਘ ਨੇ ਦਿੱਲੀ ਰਹਿ ਕੇ ਇਤਿਹਾਸਕ ਗੁਰਦੁਆਰਿਆਂ ਦੀ ਉਸਾਰੀ ਕਰਵਾਈ ਅਤੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ।
ਸ. ਬਘੇਲ ਸਿੰਘ 4000 ਸਿੰਘਾਂ ਨਾਲ ਨਵੰਬਰ 1783 ਈ. ਤੱਕ ਦਿੱਲੀ ਰਹੇ ਅਤੇ ਸਾਰਾ ਸਮਾਂ ਆਪਣਾ ਡੇਰਾ ਸਬਜ਼ੀ ਮੰਡੀ ਵਿਚ ਰੱਖਿਆ। ਸ. ਬਘੇਲ ਸਿੰਘ ਨੇ ਜਦੋਂ ਵਾਪਸ ਪੰਜਾਬ ਆਉਣਾ ਸੀ ਤਾਂ ਸ਼ਾਹ ਆਲਮ ਨੇ ਉਨ੍ਹਾਂ ਨੂੰ ਨਜ਼ਰਾਨੇ ਵਜੋਂ ਰਾਇਸੀਨਾ ਤੇ ਰਕਾਬ ਗੰਜ ਖੇਤਰ ਦੀ ਬਾਰਾਂ ਸੌ ਏਕੜ ਜ਼ਮੀਨ ਭੇਟ ਕੀਤੀ, ਜਿੱਥੇ ਅੱਜ ਇੰਡੀਆ ਗੇਟ, ਪਾਰਲੀਮੈਂਟ ਹਾਊਸ, ਕੇਂਦਰੀ ਸੈਕਟਰੀਏਟ, ਰਾਸ਼ਟਰਪਤੀ ਭਵਨ ਅਤੇ ਪਾਲਕਾ ਬਾਜ਼ਾਰ ਉਸਰਿਆ ਹੋਇਆ ਹੈ। ਸ਼ਾਹ ਆਲਮ ਦਾ ਫ਼ਾਰਸੀ ਵਿਚ ਹੁਕਮ ਨੈਸ਼ਨਲ ਆਰਕਾਈਵ ਦਿੱਲੀ ਵਿਖੇ ਸੰਭਾਲਿਆ ਹੋਇਆ ਹੈ। ਸਿੰਘਾਂ ਨੇ 11 ਮਾਰਚ, 1783 ਈ. ਨੂੰ ਦਿੱਲੀ ਫ਼ਤਹਿ ਕੀਤੀ ਤਾਂ ਦਿੱਲੀ ਦੇ ਤਾਜ਼ਦਾਰ ਸਿੰਘਾਂ ਦੀਆਂ ਲੇਲ੍ਹੜੀਆਂ ਕੱਢਦੇ ਨਜ਼ਰ ਆਏ ਤੇ ਉਸ ਸਮੇਂ ਲੋਕ ਗੀਤ ਪ੍ਰਚਲਿਤ ਹੋਇਆ-
ਸੁੱਤੀ ਪਈ ਦੀ ਭੈਣੋ ਨੀ ਮੇਰੀ ਬੇਸਰ ਹਿੱਲੀ,
ਭੈਣੋ ਦਿਓ ਵਧਾਈਆਂ ਨੀ ਸਿੰਘਾਂ ਦਿੱਲੀ ਮੱਲੀ।
ਉਸ ਸਮੇਂ ਸਿੰਘ ਆਮ ਹੀ ਕਿਹਾ ਕਰਦੇ ਸਨ ਕਿ ਦਿੱਲੀ ਦਾ ਕੀ, ਜਿਹੋ ਜਿਹੀ ਬਿੱਲੀ ਮਾਰ ਲਈ, ਉਹੋ ਜਿਹੀ ਦਿੱਲੀ ਮਾਰ ਲਈ।
ਅੱਜ ਦੇ ਦਿਨ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਝੁਲਾਉਣ ਵਾਲੇ ਸਿੰਘ ਸਰਦਾਰਾਂ ਨੂੰ ਸਮੁੱਚੇ ਖ਼ਾਲਸਾ ਪੰਥ ਮਾਣ ਨਾਲ ਯਾਦ ਕਰਦਾ ਹੈ।

-ਮੋਬਾਈਲ-98155-33725

Ad Position 22
No active advertisement
ਪਿਛਲੀ ਖ਼ਬਰ 11-03-26 ਅਗਲੀ ਖ਼ਬਰ ਪੰਥ ਤੇ ਪੰਜਾਬ ਨੂੰ ਸਮਰਪਿਤ ਸਨ ਸੁਖਦੇਵ ਸਿੰਘ ਢੀਂਡਸਾ
Ad Position 24