19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਨਸ਼ਿਆਂ ਵਿਰੁੱਧ ਜੰਗ

Ad Position 21
No active advertisement
ਅਜੀਤ ਡੈਸਕ 07-04-2026

ਪੰਜਾਬ ਸਰਕਾਰ ਵਲੋਂ ਪਿਛਲੇ ਕਾਫੀ ਸਮੇਂ ਤੋਂ ਨਸ਼ਿਆਂ ਵਿਰੁੱਧ ਇਕ ਤਰ੍ਹਾਂ ਦੀ ਜੰਗ ਛੇੜੀ ਹੋਈ ਹੈ। ਇਸ ਸੰਬੰਧੀ ਪੁਲਿਸ ਵਿਭਾਗ ਨੂੰ ਵੀ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਉਸ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਲਈ ਵੀ ਕਿਹਾ ਗਿਆ ਹੈ। ਜੇਕਰ ਪਿਛਲੇ ਸਮੇਂ ਵਿਚ ਨਸ਼ਿਆਂ ਵਿਰੁੱਧ ਚੁੱਕੇ ਗਏ ਕਦਮਾਂ ਅਤੇ ਕੀਤੇ ਗਏ ਕੇਸਾਂ ਦਾ ਵੇਰਵਾ ਦੇਖਿਆ ਜਾਵੇ ਤਾਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਸਰਕਾਰ ਨਸ਼ਿਆਂ ਦੇ ਵਰਤਾਰੇ ਨੂੰ ਕੰਟਰੋਲ ਕਰਨ ਲਈ ਗੰਭੀਰਤਾ ਨਾਲ ਯਤਨ ਕਰ ਰਹੀ ਹੈ। ਪਿਛਲੇ ਕੁਝ ਸਾਲਾਂ ਵਿਚ ਇਸ ਦਿਸ਼ਾ ਵਿਚ ਸੈਂਕੜੇ ਨਹੀਂ, ਸਗੋਂ ਹਜ਼ਾਰਾਂ ਹੀ ਕੇਸ ਦਰਜ ਕੀਤੇ ਗਏ ਹਨ ਅਤੇ ਹਜ਼ਾਰਾਂ ਨਸ਼ਾ ਤਸਕਰਾਂ ਨੂੰ ਅਦਾਲਤਾਂ ਰਾਹੀਂ ਸਜ਼ਾਵਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਸਾਲਾਂ ਵਿਚ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟ੍ਰਾਪਿਕ ਸਬਸਟੈਂਸਸ (ਐਨ.ਡੀ.ਪੀ.ਐਸ.) ਕਾਨੂੰਨ ਤਹਿਤ ਕੇਸ ਕੀਤੇ ਜਾ ਰਹੇ ਹਨ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ।
ਪਿਛਲੇ ਸਾਲਾਂ ਦੇ ਮਿਲੇ ਅੰਕੜੇ ਹੈਰਾਨ ਕਰਨ ਵਾਲੇ ਹਨ। ਇਸ ਸਮੇਂ ਦੌਰਾਨ 28,273 ਮਾਮਲੇ ਦਰਜ ਕੀਤੇ ਗਏ ਅਤੇ ਇਨ੍ਹਾਂ 'ਚੋਂ 23,846 ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਗਈਆਂ ਹਨ। ਇਸ ਤਰ੍ਹਾਂ ਸਜ਼ਾਵਾਂ ਹੋਣ ਦੀ ਗਿਣਤੀ 80 ਫ਼ੀਸਦੀ ਤੋਂ ਵੀ ਵਧ ਜਾਂਦੀ ਹੈ। ਇਹ ਛੋਟੀ ਪ੍ਰਾਪਤੀ ਨਹੀਂ ਹੈ। ਪਰ ਦੂਜੇ ਪਾਸੇ ਜਿੱਥੇ ਪੁਲਿਸ ਵਲੋਂ ਲਗਾਤਾਰ ਹੈਰੋਇਨ ਦੀ ਖੇਪਾਂ ਫੜਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ, ਉੱਥੇ ਵੱਡੇ ਯਤਨਾਂ ਦੇ ਬਾਵਜੂਦ ਹਾਲੇ ਤੱਕ ਵੀ ਸਰਹੱਦ ਪਾਰੋਂ (ਡਰੋਨਾਂ ਰਾਹੀਂ) ਵੱਖ-ਵੱਖ ਤਰ੍ਹਾਂ ਦੇ ਮਾਰੂ ਨਸ਼ੇ ਇੱਧਰ ਪਹੁੰਚਾਉਣ ਦਾ ਸਿਲਸਿਲਾ ਜਾਰੀ ਹੈ, ਜਿਨ੍ਹਾਂ ਨੂੰ ਅੱਗੇ ਮੁਲਕ ਭਰ ਵਿਚ ਭੇਜਿਆ ਜਾਂਦਾ ਹੈ। ਇੱਥੋਂ ਤੱਕ ਕਿ ਹੁਣ ਸਰਕਾਰ ਨੇ ਸੂਬੇ ਵਿਚ ਨਸ਼ਿਆਂ ਸੰਬੰਧੀ ਸਰਵੇਖਣ ਕਰਵਾਉਣ ਦੀ ਯੋਜਨਾ ਵੀ ਬਣਾਈ ਹੈ, ਜਿਸ ਨੂੰ 3 ਮਹੀਨਿਆਂ ਵਿਚ ਪੂਰਾ ਕੀਤਾ ਜਾਏਗਾ। ਇਸ ਵਿਚ ਹਜ਼ਾਰਾਂ ਮੁਲਾਜ਼ਮਾਂ ਦੀ ਮਦਦ ਲਈ ਜਾ ਰਹੀ ਹੈ, ਇਸ ਲਈ 250 ਕਰੋੜ ਰੁਪਏ ਦਾ ਫੰਡ ਵੀ ਰਾਖਵਾਂ ਰੱਖ ਲਿਆ ਗਿਆ ਹੈ ਪਰ ਇਸ ਦੇ ਬਾਵਜੂਦ ਵੱਖ-ਵੱਖ ਜ਼ਿਲ੍ਹਿਆਂ ਵਿਚ ਲਗਾਤਾਰ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਸ ਵਰਤਾਰੇ ਦੇ ਸਿਹਤ ਉੱਪਰ ਪੈਣ ਵਾਲੇ ਪ੍ਰਭਾਵ ਤਾਂ ਪ੍ਰਤੱਖ ਹਨ ਪਰ ਅੱਜ ਬਹੁਤੇ ਪਰਿਵਾਰਾਂ ਵਿਚ ਇਸ ਕਾਰਨ ਤਣਾਅ ਅਤੇ ਵਖਰੇਵੇਂ ਵੀ ਵਧਣ ਲੱਗੇ ਹਨ। ਇਸ ਸੰਬੰਧੀ ਥਾਣਿਆਂ ਅਤੇ ਹੋਰ ਸਮਾਜਿਕ ਸੰਗਠਨਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚ ਮਾਪੇ, ਪਤਨੀਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਆਪਣੇ ਪਰਿਵਾਰ ਦੇ ਨਸ਼ੇੜੀਆਂ ਸੰਬੰਧੀ ਸ਼ਿਕਾਇਤਾਂ ਸ਼ਾਮਿਲ ਹੁੰਦੀਆਂ ਹਨ। ਅੱਜ ਅਨੇਕਾਂ ਅਨੇਕ ਪਰਿਵਾਰਾਂ ਵਿਚ ਹੁੰਦੇ ਲੜਾਈ ਝਗੜਿਆਂ ਦਾ ਵੱਡਾ ਕਾਰਨ ਵੀ ਨਸ਼ਿਆਂ ਦਾ ਵਰਤਾਰਾ ਹੈ। ਚਾਹੇ ਇਸ ਲਈ ਪ੍ਰਸ਼ਾਸਨ ਵਲੋਂ ਕਾਉਂਸਲਿੰਗ ਕਰਨ ਵਾਲੇ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ। ਨਸ਼ਾ ਮੁਕਤੀ ਕੇਂਦਰਾਂ ਨੂੰ ਹੋਰ ਚੁਸਤ-ਦਰੁਸਤ ਬਣਾਇਆ ਜਾ ਰਿਹਾ ਹੈ। ਕਾਨੂੰਨ ਦੀ ਸਖ਼ਤੀ ਵੀ ਵਰਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਤੋਂ ਬਗੈਰ ਵੱਖ-ਵੱਖ ਸੰਸਥਾਵਾਂ ਵਲੋਂ ਵੀ ਯਤਨ ਸ਼ੁਰੂ ਕੀਤੇ ਗਏ ਹਨ, ਪਰ ਅਜਿਹੇ ਸਭ ਕੁਝ ਦੇ ਬਾਵਜੂਦ ਲਗਾਤਾਰ ਮਿਲ ਰਹੀਆਂ ਖ਼ਬਰਾਂ ਅਨੁਸਾਰ ਹਾਲੇ ਬਹੁਤ ਕੁਝ ਅਜਿਹਾ ਕੀਤੇ ਜਾਣ ਦੀ ਜ਼ਰੂਰਤ ਬਣੀ ਹੋਈ ਹੈ, ਜੋ ਇਸ ਵਰਤਾਰੇ ਨਾਲ ਉੱਠੇ ਸੰਤਾਪ 'ਚੋਂ ਵੱਡੀ ਗਿਣਤੀ ਵਿਚ ਪ੍ਰਭਾਵਿਤ ਪਰਿਵਾਰਾਂ ਅਤੇ ਲੋਕਾਂ ਨੂੰ ਕੱਢ ਸਕਣ ਦੇ ਸਮਰੱਥ ਹੋ ਸਕੇ।
ਅਨੇਕਾਂ ਅਨੇਕ ਮਿਲ ਰਹੀਆਂ ਖ਼ਬਰਾਂ 'ਚੋਂ ਦੋ ਦਾ ਇਥੇ ਜ਼ਿਕਰ ਕਰਨਾ ਚਾਹਾਂਗੇ। ਪਹਿਲੀ ਇਹ ਕਿ ਮਾਨਸਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਦੀ ਸਰਪੰਚ ਹਰਕਤ ਵਿਚ ਆਈ ਹੈ। ਉਸ ਨੇ ਸਖ਼ਤ ਕਦਮ ਉਠਾਉਂਦਿਆਂ ਪਿੰਡ ਦੇ ਹੀ ਦੋਸ਼ੀ ਪਰਿਵਾਰ ਨੂੰ ਉੱਥੋਂ ਕੱਢਣ ਦਾ ਫ਼ੈਸਲਾ ਕੀਤਾ ਹੈ। ਪੁਲਿਸ ਵਲੋਂ ਇਸ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਇਸੇ ਸੰਬੰਧੀ ਮਿਲੀ ਇਕ ਸੂਚਨਾ ਅਨੁਸਾਰ ਇਸ ਪਰਿਵਾਰ 'ਤੇ ਪਹਿਲਾਂ ਵੀ 40 ਮਾਮਲੇ ਦਰਜ ਹੋ ਚੁੱਕੇ ਹਨ। ਪਿੰਡਾਂ ਵਿਚ ਨਸ਼ਿਆਂ ਦੇ ਵਧਦੇ ਵਰਤਾਰੇ ਨੂੰ ਦੇਖਦਿਆਂ ਪ੍ਰਤੀਕਰਮ ਵਜੋਂ ਹਜ਼ਾਰਾਂ ਹੀ ਪਿੰਡਾਂ ਨੇ ਖ਼ੁਦ ਨੂੰ ਨਸ਼ਾਮੁਕਤ ਹੋਣ ਦਾ ਵੀ ਐਲਾਨ ਕੀਤਾ ਹੈ ਅਤੇ ਸਰਕਾਰ ਦੀ ਮਦਦ ਨਾਲ ਪਿੰਡਾਂ ਵਿਚ ਪਹਿਰੇਦਾਰ ਵੀ ਨਿਯੁਕਤ ਕੀਤੇ ਗਏ ਹਨ। ਦੂਸਰੀ ਇਕ ਹੋਰ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪਿਛਲੇ ਦਿਨੀਂ ਜ਼ਿਲ੍ਹਾ ਕਪੂਰਥਲਾ ਦੇ ਇਕ ਪਿੰਡ ਵਿਚ ਇਕ ਬੇਹੱਦ ਦੁਖਿਆਰੀ ਮਾਂ ਨੇ ਇਹ ਦੋਸ਼ ਲਗਾਇਆ ਕਿ ਨਸ਼ਾ ਉਸ ਦੇ ਘਰ ਤੋਂ ਮਹਿਜ਼ ਕੁਝ ਕਦਮਾਂ 'ਤੇ ਹੀ ਮਿਲ ਰਿਹਾ ਹੈ ਅਤੇ ਹਰ ਦਿਨ ਇਲਾਕੇ ਵਿਚ ਨਸ਼ਾ ਵੇਚਿਆ ਜਾ ਰਿਹਾ ਹੈ। ਇਸ ਮਾਂ ਨਾਲ ਬੇਹੱਦ ਦਰਦ ਦੇਣ ਵਾਲਾ ਦੁਖਾਂਤ ਵਾਪਰਿਆ ਹੈ, ਜਿਸ ਨੇ ਨਸ਼ਿਆਂ ਦੀ ਲੱਤ ਕਾਰਨ ਆਪਣੇ 4 ਪੁੱਤਰ ਗਵਾ ਦਿੱਤੇ ਹਨ ਅਤੇ ਪੰਜਵਾਂ ਇਸੇ ਕਰਕੇ ਮੰਜੇ 'ਤੇ ਪਿਆ ਆਪਣੇ ਅੰਤ ਦੀ ਉਡੀਕ ਕਰ ਰਿਹਾ ਹੈ। ਇਸੇ ਹੀ ਪਿੰਡ ਦੀਆਂ ਕੁੱਝ ਹੋਰ ਔਰਤਾਂ ਨੇ ਵੀ ਆਪਣੇ ਪੁੱਤਰ ਗੁਆਉਣ ਬਾਰੇ ਦੱਸਿਆ ਹੈ। ਇਹ ਵੀ ਕਿ ਅਜਿਹੀਆਂ ਘਟਨਾਵਾਂ ਨੇ ਸਮਾਜਿਕ ਵਰਤਾਰੇ ਨੂੰ ਬਦਲ ਕੇ ਰੱਖ ਦਿੱਤਾ ਹੈ। ਬਹੁਤੀਆਂ ਔਰਤਾਂ ਇਸੇ ਕਾਰਨ ਆਪਣੇ ਪਰਿਵਾਰ ਛੱਡ ਗਈਆਂ ਹਨ।
ਇਸ ਸੰਬੰਧੀ ਸੰਬੰਧਿਤ ਪੁਲਿਸ ਅਫ਼ਸਰ ਨੇ ਦੱਸਿਆ ਕਿ ਪੁਲਿਸ ਲਗਾਤਾਰ ਇਨ੍ਹਾਂ ਪ੍ਰਭਾਵਿਤ ਲੋਕਾਂ ਦੇ ਸੰਪਰਕ ਵਿਚ ਰਹਿ ਕੇ ਉਨ੍ਹਾਂ ਦੀ ਮਦਦ ਕਰਨ ਦਾ ਯਤਨ ਕਰ ਰਹੀ ਹੈ। ਇਸੇ ਕਰਕੇ ਕਈ ਵਿਅਕਤੀਆਂ ਦੇ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਅਦਾਲਤਾਂ ਰਾਹੀਂ ਸਖ਼ਤ ਸਜ਼ਾਵਾਂ ਦੁਆਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਅਸੀਂ ਪ੍ਰਸ਼ਾਸਨ ਵਲੋਂ ਚੁੱਕੇ ਜਾ ਰਹੇ ਕਦਮਾਂ ਦੀ ਪ੍ਰਸੰਸਾ ਕਰਦੇ ਹਾਂ ਪਰ ਇਸ ਦੇ ਨਾਲ ਹੀ ਸਮੁੱਚੇ ਸਮਾਜ ਨੂੰ ਵੀ ਸੁਚੇਤ ਅਤੇ ਦ੍ਰਿੜ੍ਹ ਹੋਣ ਦੀ ਜ਼ਰੂਰਤ ਹੋਵੇਗੀ, ਜੋ ਇਸ ਨੂੰ ਰੋਕਣ ਲਈ ਪ੍ਰਸ਼ਾਸਨ ਦੀ ਪੂਰੀ ਮਦਦ ਕਰੇ। ਵਧਦੇ ਇਸ ਦੁਖਾਂਤ ਦੇ ਨਾਲ-ਨਾਲ ਇਸ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਅਤੇ ਸਮਾਜਿਕ ਸੰਗਠਨਾਂ ਵਲੋਂ ਲਗਾਤਾਰ ਦ੍ਰਿੜ੍ਹਤਾ ਭਰੇ ਸਖ਼ਤ ਕਦਮ ਉਠਾਏ ਜਾਣੇ ਜ਼ਰੂਰ ਹਨ, ਜੋ ਇਨ੍ਹਾਂ ਨਾਂਹ ਪੱਖੀ ਅਮਲਾਂ ਨੂੰ ਘਟਾ ਕੇ ਇਕ ਸਿਹਤਮੰਦ ਸਮਾਜ ਸਿਰਜਣ ਦੇ ਸਮਰੱਥ ਹੋ ਸਕਣ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਈਰਾਨ ਨਾਲ ਲੜਾਈ ਲੰਬੀ ਹੁੰਦੀ ਜਾਣ ਕਾਰਨ ਅਸਹਿਜ ਹੁੰਦੇ ਜਾ ਰਹੇ ਹਨ ਟਰੰਪ ਅਗਲੀ ਖ਼ਬਰ ਮੈਂ ਮੰਜ਼ਿਲ ਵੱਲ ਇਕੱਲਾ ਹੀ ਚਲਿਆ ਸੀ, ਲੋਕ ਸਾਥ ਹੁੰਦੇ ਗਏ ਅਤੇ ਕਾਫ਼ਲਾ ਬਣਦਾ ਗਿਆ। -ਮਜ਼ਰੂਹ ਸੁਲਤਾਨ ਪੁਰੀ
Ad Position 24