19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਈਰਾਨ ਨਾਲ ਲੜਾਈ ਲੰਬੀ ਹੁੰਦੀ ਜਾਣ ਕਾਰਨ ਅਸਹਿਜ ਹੁੰਦੇ ਜਾ ਰਹੇ ਹਨ ਟਰੰਪ

Ad Position 21
No active advertisement
ਅਜੀਤ ਡੈਸਕ 07-04-2026

ਡੋਨਾਲਡ ਟਰੰਪ ਵਲੋਂ ਵ੍ਹਾਈਟ ਹਾਊਸ ਤੋਂ ਆਪਣੇ ਯੁੱਧ ਸੰਬੰਧੀ ਦਿੱਤੇ ਪਹਿਲੇ ਭਾਸ਼ਨ ਤੋਂ ਥੋੜ੍ਹਾ ਸਮਾਂ ਬਾਅਦ ਉਨ੍ਹਾਂ ਦੇ ਝੂਠ, ਸ਼ੇਖੀ ਤੇ ਬੇਤੁਕੇ ਦਾਅਵਿਆਂ ਦਾ ਇਕ-ਇਕ ਕਰਕੇ ਪਰਦਾਫਾਸ਼ ਹੋਣ ਲੱਗਾ ਹੈ। 4 ਘਟਨਾਵਾਂ ਨੇ ਟਰੰਪ ਦੁਆਰਾ ਆਪਣੇ ਲਈ ਬਣਾਈ ਭਰਮਾਂ ਦੀ ਦੁਨੀਆ ਨੂੰ ਤੋੜਦਿਆਂ ਦੱਸ ਦਿੱਤਾ ਹੈ ਕਿ ਉਹ ਕਿਵੇਂ ਗੰਭੀਰ ਮੁਸੀਬਤ ਵਿਚ ਹੈ। ਪਹਿਲੀ ਘਟਨਾ ਇਹ ਹੈ ਕਿ ਇਕ ਅਤਿ-ਆਧੁਨਿਕ ਅਮਰੀਕੀ ਹਵਾਈ ਸੈਨਾ ਦਾ ਲੜਾਕੂ ਹਵਾਈ ਜਹਾਜ਼ ਤੇ ਇਕ ਬਹੁਤ ਹੀ ਆਧੁਨਿਕ ਹੈਲੀਕਾਪਟਰ ਨੂੰ ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਡੇਗ ਦਿੱਤਾ ਹੈ। ਦੂਜੀ, ਅਮਰੀਕਾ ਦੀ ਜੰਗ ਨੀਤੀ ਪੂਰੀ ਤਰ੍ਹਾਂ ਉਲਝਣ ਵਿਚ ਫਸ ਗਈ ਹੈ ਤੇ ਟਰੰਪ ਦੇ ਰੱਖਿਆ ਸਕੱਤਰ (ਮੰਤਰੀ) ਪੀਟਰ ਹੇਗ ਨੇ ਅਚਾਨਕ ਅਮਰੀਕੀ ਫ਼ੌਜ ਮੁਖੀ ਤੇ ਕਈ ਹੋਰ ਵੱਡੇ ਜਨਰਲਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਤੀਜਾ, ਅਮਰੀਕੀ ਅਰਥਵਿਵਸਥਾ 'ਤੇ ਈਰਾਨ ਦੇ ਪਲਟਵਾਰ ਨਾਲ ਜੰਗ ਦੇ ਲੰਬੀ ਹੋਣ ਨਾਲ ਮਾੜੇ ਪ੍ਰਭਾਵ ਸਪੱਸ਼ਟ ਦਿੱਸਣ ਲੱਗੇ ਹਨ, ਜੋ ਅਮਰੀਕਾ ਵਿਚ ਟਰੰਪ ਵਿਰੁੱਧ ਨਾਰਾਜ਼ਗੀ ਨੂੰ ਵਧਾ ਰਹੇ ਹਨ। ਚੌਥਾ, ਈਰਾਨ ਵਲੋਂ ਜੰਗਬੰਦੀ ਲਈ ਸਹਿਮਤ ਹੋਣ ਤੋਂ ਇਨਕਾਰ ਕਰਨ ਨਾਲ ਪਾਕਿਸਤਾਨ, ਤੁਰਕੀ ਤੇ ਮਿਸਰ ਦੁਆਰਾ ਵਿਚੋਲਗੀ ਦੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਚਾਰ ਕਾਰਕਾਂ ਨੇ ਟਰੰਪ ਦੇ ਕੈਂਪ ਵਿਚ ਬਹੁਤ ਵੱਡੀ ਘਬਰਾਹਟ ਤੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਟਰੰਪ ਇਸ ਜੰਗ 'ਚ ਨਾਕਾਮੀਆਂ ਲਈ ਆਪਣੇ ਨਜ਼ਦੀਕੀਆਂ ਤੇ ਮਹੱਤਵਪੂਰਨ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਦੋਸ਼ੀ ਠਹਿਰਾ ਰਿਹਾ ਹੈ। ਬੀਤੇ ਦਿਨ ਇਕ ਪਾਰਟੀ ਵਿਚ ਟਰੰਪ ਨੇ ਐਲਾਨ ਕਰ ਦਿੱਤਾ ਕਿ ਜੇਕਰ ਈਰਾਨ ਨਾਲ ਜੰਗਬੰਦੀ ਸਮਝੌਤਾ ਨਾ ਹੋਇਆ ਤਾਂ ਉਹ ਇਸ ਲਈ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਜ਼ਿੰਮੇਵਾਰ ਠਹਿਰਾਉਣਗੇ ਅਤੇ ਜੇਕਰ ਕੋਈ ਸਮਝੌਤਾ ਹੋ ਗਿਆ ਤਾਂ ਇਹ ਉਸ (ਟਰੰਪ) ਦੀ ਆਪਣੀ ਪ੍ਰਾਪਤੀ ਹੋਵੇਗੀ। ਹਾਲਾਂਕਿ ਆਪਣੀ ਇਸ ਅਜੀਬ ਟਿੱਪਣੀ ਬਾਅਦ ਟਰੰਪ ਦਿਖਾਵਾ ਕਰਦਿਆਂ ਹੱਸਣ ਲੱਗਾ, ਤਾਂ ਜੋ ਕਹਿ ਸਕੇ ਕਿ ਉਹ ਮਜ਼ਾਕ ਕਰ ਰਿਹਾ ਸੀ। ਦਰਅਸਲ ਜਿਸ ਯੁੱਧ ਨੂੰ ਟਰੰਪ 'ਆਸਾਨ ਜਿੱਤ' ਵਜੋਂ ਦੇਖ ਰਿਹਾ ਸੀ, ਉਹ ਇਕ 'ਲੰਬੇ ਤੇ ਮਹਿੰਗੇ ਸੰਘਰਸ਼' ਵਿਚ ਬਦਲ ਗਿਆ ਹੈ।
ਟਰੰਪ ਨੇ ਦਾਅਵਾ ਕੀਤਾ ਸੀ ਕਿ ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਤਬਾਹ ਹੋ ਗਈ ਹੈ ਤੇ ਹੁਣ ਉਨ੍ਹਾਂ ਦਾ ਈਰਾਨ ਦੇ ਅਸਮਾਨ 'ਤੇ 'ਪੂਰਾ ਕੰਟਰੋਲ' ਹੈ। ਪਰ ਈਰਾਨ ਨੇ ਇਸ ਦਾਅਵੇ ਨੂੰ ਝੂਠਾ ਸਾਬਤ ਕਰਦਿਆਂ ਆਪਣੀ ਹਵਾਈ ਰੱਖਿਆ ਸਮਰੱਥਾ ਦਿਖਾ ਦਿੱਤੀ ਹੈ। ਈਰਾਨ ਨੇ ਯੁੱਧ ਦੇ 35ਵੇਂ ਦਿਨ ਦੱਖਣ-ਪੱਛਮੀ ਈਰਾਨ (ਖੁਜ਼ਿਸਤਾਨ ਖੇਤਰ) ਵਿਚ ਇਕ ਅਤਿ-ਆਧੁਨਿਕ ਅਮਰੀਕੀ ਐਫ-51ਈ ਸਟ੍ਰਾਈਕ ਈਗਲ ਜਹਾਜ਼ ਨੂੰ ਗੋਲੀ ਮਾਰ ਕੇ ਸੁੱਟ ਲਿਆ। ਅਮਰੀਕਾ ਆਪਣੇ ਇਕ ਪਾਇਲਟ ਨੂੰ ਬਚਾਉਣ 'ਚ ਕਾਮਯਾਬ ਹੋ ਗਿਆ ਹੈ, ਪਰ ਦੂਜੇ ਪਾਇਲਟ ਨੂੰ ਬਚਾਉਣ ਲਈ ਇਕ ਵੱਡੇ ਆਪ੍ਰੇਸ਼ਨ ਦੀ ਲੋੜ ਪਈ। ਕੁਝ ਰਿਪੋਰਟਾਂ ਅਨੁਸਾਰ ਈਰਾਨ ਨੇ ਕੁਵੈਤ ਜਾਂ ਹੋਰਮੁਜ਼ ਖੇਤਰ ਵਿਚ ਇਕ ਅਮਰੀਕੀ ਏ-10 ਲੜਾਕੂ ਏਅਰਕ੍ਰਾਫਟ ਅਤੇ 2 ਯੂ.ਐਚ.-60 ਬਲੈਕ ਹਾਕ ਹੈਲੀਕਾਪਟਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਪਿਛਲੀਆਂ ਕਈ ਜੰਗਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਅਮਰੀਕਾ ਦੇ ਬਹੁਤ ਮਹਿੰਗੇ ਤੇ ਵੱਕਾਰੀ ਲੜਾਕੂ ਜਹਾਜ਼ਾਂ ਦਾ ਨੁਕਸਾਨ ਹੋਇਆ ਹੈ। ਈਰਾਨ ਨੇ ਇਸ ਸਫਲਤਾ ਦਾ ਸਿਹਰਾ ਆਪਣੀ 'ਨਵੀਂ ਉੱਨਤ ਹਵਾਈ ਰੱਖਿਆ ਪ੍ਰਣਾਲੀ' ਨੂੰ ਦਿੱਤਾ ਹੈ। ਇਹ ਘਟਨਾ ਦਰਸਾਉਂਦੀ ਹੈ ਕਿ ਅਮਰੀਕਾ ਕੋਲ ਵੀ ਪੂਰੀ ਹਵਾਈ ਸਰਬੋਤਮਤਾ ਨਹੀਂ ਹੈ। ਈਰਾਨ ਦਾ ਛੋਟਾ ਤੇ ਦਰਮਿਆਨੀ ਦੂਰੀ ਵਾਲਾ ਮਿਜ਼ਾਈਲ ਸਿਸਟਮ ਕਾਰਜਸ਼ੀਲ ਹੈ। ਇਹ ਮੋਬਾਈਲ ਸਿਸਟਮ, ਭੂਮੀਗਤ ਤੇ ਲੁਕਵੇਂ ਲਾਂਚਰ, ਇਲੈਕਟ੍ਰਾਨਿਕ ਯੁੱਧ ਤੇ ਛੋਟਾ-ਦੂਰੀ ਸਿਸਟਮ ਕਿਸੇ ਵੀ ਸਮੇਂ ਅਮਰੀਕਾ ਜਾਂ ਇਜ਼ਰਾਈਲੀ ਜਹਾਜ਼ਾਂ ਤੇ ਹੈਲੀਕਾਪਟਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨੇ ਯੁੱਧ 'ਚ ਈਰਾਨ ਦੇ ਮਨੋਬਲ ਨੂੰ ਵਧਾ ਦਿੱਤਾ ਹੈ।
ਹੁਣ ਦੁਨੀਆ ਨੂੰ ਪਤਾ ਲੱਗ ਰਿਹਾ ਹੈ ਕਿ ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਇਕ ਬਹੁ-ਪੱਧਰੀ ਨੈੱਟਵਰਕ ਹੈ, ਜਿਸ 'ਚ ਰੂਸੀ ਤੇ ਸਵਦੇਸ਼ੀ ਪ੍ਰਣਾਲੀਆਂ ਸ਼ਾਮਿਲ ਹਨ। ਕੁਝ ਦਿਨ ਪਹਿਲਾਂ ਈਰਾਨ ਨੂੰ 'ਪੂਰੀ ਤਰ੍ਹਾਂ ਕੁਚਲ ਦਿੱਤਾ ਗਿਆ ਹੈ' ਕਹਿਣ ਵਾਲੇ ਟਰੰਪ ਨੂੰ ਸ਼ੇਖੀ ਮਾਰਨ ਲਈ ਈਰਾਨ ਨੇ ਸਫਲਤਾ ਪੂਰਵਕ ਇਕ 'ਦੂਹਰਾ ਝਟਕਾ' ਦਿੱਤਾ ਹੈ। ਹੁਣ ਟਰੰਪ ਦਾ ਕਹਿਣਾ ਹੈ ਕਿ ਯੁੱਧ ਵਿਚ ਅਜਿਹੇ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਅਮਰੀਕਾ ਨੂੰ ਵਧੇਰੇ ਚੌਕਸੀ ਵਰਤਣੀ ਪਵੇਗੀ। ਟਰੰਪ ਪ੍ਰਸ਼ਾਸਨ 'ਤੇ ਹੁਣ ਦਬਾਅ ਵਧ ਸਕਦਾ ਹੈ ਕਿ ਅਮਰੀਕਾ ਹੁਣ ਈਰਾਨ ਦੇ ਪੁਲਾਂ ਤੇ ਪਾਵਰ ਪਲਾਂਟਾਂ 'ਤੇ ਤੇਜ਼ ਤੇ ਘਾਤਕ ਹਮਲੇ ਕਰੇ ਜਾਂ ਜਲਦੀ ਸਮਝੌਤਾ ਕਰੇ। ਈਰਾਨ ਨੇ ਦਿਖਾ ਦਿੱਤਾ ਹੈ ਕਿ ਉਹ ਅਜੇ ਵੀ ਲੜ ਸਕਦਾ ਹੈ, ਜਿਸ ਕਾਰਨ ਯੁੱਧ ਹੋਰ ਲੰਮਾ ਖਿੱਚੇਗਾ। ਇਸ ਨਾਲ ਇਜ਼ਰਾਈਲ ਤੇ ਹੋਰ ਅਮਰੀਕੀ ਸਹਿਯੋਗੀਆਂ ਵਿਚ ਚਿੰਤਾ ਵਧੇਗੀ ਤੇ ਅਮਰੀਕਾ ਨੂੰ ਆਪਣੀ ਫ਼ੌਜੀ ਰਣਨੀਤੀ ਬਦਲਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਸ ਘਟਨਾ ਨਾਲ ਅਮਰੀਕਾ ਵਿਚ ਡਰ ਪੈਦਾ ਹੋ ਸਕਦਾ ਹੈ ਕਿ ਜੇਕਰ ਈਰਾਨ ਉਸ ਦੇ ਪਾਇਲਟ ਜਾਂ ਹੋਰ ਸੈਨਿਕਾਂ ਨੂੰ ਫੜ ਲੈਂਦਾ ਹੈ ਅਤੇ ਉਨ੍ਹਾਂ ਨੂੰ ਮੀਡੀਆ 'ਚ ਪ੍ਰਦਰਸ਼ਿਤ ਕਰਕੇ ਗੱਲਬਾਤ ਲਈ ਉਨ੍ਹਾਂ ਨੂੰ ਬੰਧਕਾਂ ਵਜੋਂ ਵਰਤਦਾ ਹੈ ਤਾਂ ਅਮਰੀਕਾ ਵਿਚ ਟਰੰਪ ਦੀ ਸਾਖ ਹੋਰ ਖਰਾਬ ਹੋ ਜਾਵੇਗੀ।
ਅਜਿਹਾ ਲੱਗਦਾ ਹੈ ਕਿ ਅਮਰੀਕੀ ਯੁੱਧ ਨੀਤੀ ਢਹਿ-ਢੇਰੀ ਹੁੰਦੀ ਜਾ ਰਹੀ ਹੈ, ਟਰੰਪ ਨੇ ਆਪਣੇ ਆਰਮੀ ਚੀਫ਼ ਆਫ਼ ਸਟਾਫ਼ ਜਨਰਲ ਰੈਂਡੀ ਜਾਰਜ ਨੂੰ ਤੁਰੰਤ ਪ੍ਰਭਾਵ ਨਾਲ ਸੇਵਾਮੁਕਤ ਕਰ ਦਿੱਤਾ ਹੈ। ਇਸ ਦੇ ਦੋ ਕਾਰਨ ਹਨ- ਪਹਿਲਾ ਈਰਾਨ ਟਕਰਾਅ ਦੌਰਾਨ ਰਣਨੀਤੀ ਬਣਾਉਣ ਸਮੇਂ ਟਰੰਪ ਦੀ ਹਮਲਾਵਰ ਪਹੁੰਚ ਦੇ ਉਲਟ ਜਨਰਲ ਰੈਂਡੀ ਨੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਸੀ। ਵੈਸੇ ਵੀ ਟਰੰਪ ਕਿਸੇ ਵੀ ਅਜਿਹੀ ਸਲਾਹ ਨੂੰ ਸੁਣਨਾ ਪਸੰਦ ਨਹੀਂ ਕਰਦੇ, ਜੋ ਉਸ ਦੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਨਾ ਕਰਦੀ ਹੋਵੇ। ਉਸ ਨੇ ਹਵਾਈ ਸੈਨਾ ਦੇ ਉਪ ਮੁਖੀ, ਕਈ ਜੱਜ ਐਡਵੋਕੇਟ ਜਨਰਲਾਂ- ਫ਼ੌਜੀ ਵਕੀਲਾਂ, ਸਾਈਬਰ ਕਮਾਂਡ ਦੇ ਮੁਖੀ ਟਿਮ ਹੌਗ ਅਤੇ ਕੁਝ ਔਰਤਾਂ ਤੇ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰੀਆਂ ਨੂੰ ਵੀ ਹਟਾ ਦਿੱਤਾ ਹੈ। ਰੱਖਿਆ ਸਕੱਤਰ ਪੀਟ ਹੇਗਸੇਥ ਦੀ ਦਲੀਲ ਹੈ ਕਿ ਇਹ ਬਦਲਾਅ ਜ਼ਰੂਰੀ ਸਨ, ਕਿਉਂਕਿ ਫ਼ੌਜ ਨੂੰ ਆਪਣੇ ਮੁੱਖ ਮਿਸ਼ਨ (ਜੰਗ ਜਿੱਤਣ) 'ਤੇ ਕੇਂਦ੍ਰਿਤ ਰਹਿਣਾ ਚਾਹੀਦਾ ਹੈ। ਹਾਲਾਂਕਿ ਸੱਚਾਈ ਕੁਝ ਹੋਰ ਹੈ ਅਤੇ ਟਰੰਪ ਵਫ਼ਾਦਾਰੀ ਅਤੇ ਨਿਯੰਤਰਣ ਚਾਹੁੰਦਾ ਹੈ। ਟਰੰਪ ਫ਼ੌਜੀ ਲੀਡਰਸ਼ਿਪ ਨੂੰ ਸੰਵਿਧਾਨਕ ਵਫ਼ਾਦਾਰੀ ਦਿਖਾਉਣ ਤੇ ਉਸ ਦੀਆਂ ਨੀਤੀਆਂ ਦਾ ਸਮਰਥਨ ਕਰਨ 'ਤੇ ਜ਼ੋਰ ਦਿੰਦਾ ਹੈ। ਦਰਅਸਲ ਇਹ ਫ਼ੌਜ ਦੇ 'ਰਾਜਨੀਤੀਕਰਨ' ਤੋਂ ਵੱਧ ਕੁਝ ਨਹੀਂ ਹੈ। ਟਰੰਪ ਦਾ ਕਹਿਣਾ ਹੈ ਕਿ ਔਰਤਾਂ ਤੇ ਘੱਟ ਗਿਣਤੀਆਂ ਨੂੰ ਫ਼ੌਜ ਵਿਚ ਭਰਤੀ ਕਰਕੇ ਉਨ੍ਹਾਂ ਨੂੰ ਉੱਚ ਜ਼ਿੰਮੇਵਾਰੀਆਂ ਦੇਣ ਨਾਲ ਫ਼ੌਜ ਦੀ ਲੜਾਈ ਦੀ ਤਿਆਰੀ 'ਤੇ ਨਕਾਰਾਤਮਕ ਪ੍ਰਭਾਵ ਪਿਆ ਹੈ।
ਦਰਅਸਲ ਇਸ ਯੁੱਧ ਦੇ ਬਹਾਨੇ ਟਰੰਪ ਨੇ ਕੁਝ ਪੁਰਾਣੇ ਹਿਸਾਬ ਚੁਕਾਉਂਦਿਆਂ ਅਫਗਾਨਿਸਤਾਨ, ਸੀਰੀਆ, ਈਰਾਨ ਜਾਂ ਹੋਰ ਕਾਰਵਾਈਆਂ 'ਚ ਉਸ ਦੇ ਆਦੇਸ਼ਾਂ ਨੂੰ ਨਾ ਮੰਨਣ ਵਾਲੇ ਕਈ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਹੈ। ਟਰੰਪ ਨੇ ਸਾਬਕਾ ਜੁਆਇੰਟ ਚੀਫ਼ਸ ਚੇਅਰਮੈਨ ਮਾਰਕ ਮਿਲੇ ਨੂੰ ਸੇਵਾਮੁਕਤ ਕਰ ਦਿੱਤਾ, ਜਿਸ ਨੇ ਟਰੰਪ ਨੂੰ 'ਫਾਸ਼ੀਵਾਦੀ' ਦੱਸਦਿਆਂ ਉਨ੍ਹਾਂ ਦੇ ਕੁਝ ਫ਼ੈਸਲਿਆਂ ਦੀ ਜਨਤਕ ਤੌਰ 'ਤੇ ਆਲੋਚਨਾ ਕੀਤੀ ਸੀ। ਇਹ ਸਭ ਫ਼ੈਸਲੇ ਮੁੱਖ ਤੌਰ 'ਤੇ ਨੀਤੀਗਤ ਅੰਤਰਾਂ, ਨਿੱਜੀ ਵਫ਼ਾਦਾਰੀ, ਵਿਭਿੰਨਤਾ ਸੰਬੰਧੀ ਨੀਤੀਆਂ 'ਤੇ ਅਸਹਿਮਤੀ ਤੇ ਟਰੰਪ ਦੀਆਂ ਤਰਜੀਹਾਂ 'ਤੇ ਅਧਾਰਿਤ ਸਨ। ਦਰਅਸਲ ਟਰੰਪ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਨਸਲਵਾਦੀ ਤੇ ਅਤਿ ਰਾਸ਼ਟਰਵਾਦੀ ਰਵੱਈਏ 'ਤੇ ਅਧਾਰਿਤ ਹੈ। ਟਰੰਪ ਨਹੀਂ ਚਾਹੁੰਦਾ ਕਿ ਕਿਸੇ ਵੀ ਔਰਤ, ਘੱਟ ਗਿਣਤੀ ਜਾਂ ਪੱਕੇ ਰੰਗ ਦੇ ਲੋਕਾਂ ਨੂੰ ਫ਼ੌਜ ਵਿਚ ਫ਼ੈਸਲਾ ਲੈਣ ਵਾਲੇ ਅਹੁਦਿਆਂ 'ਤੇ ਲਿਆਂਦਾ ਜਾਵੇ।
ਜਨਰਲ ਰੈਂਡੀ ਨਾਲ ਟਰੰਪ ਦੇ ਮਤਭੇਦਾਂ ਦਾ ਇਕ ਵੱਡਾ ਕਾਰਨ ਇਹ ਵੀ ਸੀ, ਕਿਉਂਕਿ ਜਨਰਲ ਰੈਂਡੀ ਕੁਝ ਔਰਤਾਂ ਤੇ ਘੱਟ ਗਿਣਤੀ ਅਧਿਕਾਰੀਆਂ ਨੂੰ ਤਰੱਕੀ ਦੇਣਾ ਚਾਹੁੰਦੇ ਸਨ, ਪਰ ਰੱਖਿਆ ਸਕੱਤਰ ਇਸ ਵਿਚ ਰੁਕਾਵਟ ਪਾ ਰਹੇ ਸਨ। ਈਰਾਨ ਦੇ ਪਲਟਵਾਰ ਕਾਰਨ ਅਮਰੀਕੀ ਅਰਥਵਿਵਸਥਾ 'ਤੇ ਬਹੁਤ ਅਸਰ ਪਿਆ ਹੈ, ਇਹ ਅਸਰ ਖਾਸ ਕਰਕੇ ਤੇਲ ਦੀਆਂ ਕੀਮਤਾਂ, ਮਹਿੰਗਾਈ ਤੇ ਸਟਾਕ ਮਾਰਕੀਟ ਦੀ ਅਸਥਿਰਤਾ ਦੇ ਰੂਪ ਵਿਚ ਸਾਹਮਣੇ ਆਇਆ ਹੈ । ਟਰੰਪ ਪ੍ਰਸ਼ਾਸਨ ਇਸ ਨੂੰ 'ਜੰਗ ਦਾ ਹਿੱਸਾ' ਦੱਸ ਰਿਹਾ ਹੈ, ਜਦਕਿ ਅਰਥ ਸ਼ਾਸਤਰੀਆਂ ਅਨੁਸਾਰ ਲੰਮੀ ਜੰਗ ਮਹਿੰਗਾਈ ਤੇ ਮੰਦੀ ਦੇ ਜੋਖ਼ਮ ਨੂੰ ਵਧਾ ਸਕਦੀ ਹੈ।

-ਲੇਖਕ ਅੰਬੇਡਕਰ ਯੂਨੀਵਰਸਿਟੀ ਦਿੱਲੀ ਵਿਖੇ ਪ੍ਰੋਫ਼ੈਸਰ ਤੇ ਭਾਰਤੀ ਭਾਸ਼ਾਵਾਂ 'ਚ ਅਭਿਲੇਖਾਗਰੀ ਖੋਜ ਪ੍ਰੋਗਰਾਮ ਦੇ ਨਿਰਦੇਸ਼ਕ ਰਹਿ ਚੁੱਕੇ ਹਨ।
ਸੰਪਰਕ:abhaydubey@ csds.in

 

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਉੱਚਿਤ ਯੋਜਨਾਬੰਦੀ ਦੀ ਲੋੜ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਜੰਗ
Ad Position 24