ਕੇਂਦਰ ਸਰਕਾਰ ਦੁਆਰਾ ਪੰਜਾਬ ਦੇ ਗੁਦਾਮਾਂ 'ਚ ਪਏ ਚੌਲ ਤੇ ਕਣਕ ਦੇ ਭੰਡਾਰਾਂ ਨੂੰ ਤੁਰੰਤ ਉਠਾਉਣ 'ਤੇ ਸਹਿਮਤੀ ਬਣਨ ਦੀ ਖ਼ਬਰ ਸਮੁੱਚੇ ਕਿਸਾਨ ਭਾਈਚਾਰੇ ਲਈ ਖ਼ੁਸ਼ੀ ਦਾ ਅਹਿਸਾਸ ਕਰਵਾਉਣ ਵਾਲੀ ਹੈ। ਇਹ ਸਹਿਮਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰੀ ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰੀ ਪ੍ਰਹਿਲਾਦ ਜੋਸ਼ੀ ਵਿਚਾਲੇ ਹੋਈ ਮੁਲਾਕਾਤ ਦੌਰਾਨ ਉਸ ਸਮੇਂ ਬਣੀ, ਜਦੋਂ ਮੁੱਖ ਮੰਤਰੀ ਮਾਨ ਵਲੋਂ ਗੁਦਾਮਾਂ 'ਚ ਪਏ ਚੌਲ ਤੇ ਕਣਕ ਦੇ ਭੰਡਾਰਾਂ ਨੂੰ ਤੁਰੰਤ ਉਠਾਉਣ ਲਈ ਕਿਹਾ ਗਿਆ ਸੀ। ਇਸ ਸਮੇਂ ਪੰਜਾਬ ਦੇ ਗੁਦਾਮਾਂ 'ਚ ਪਏ ਵਾਧੂ ਅਨਾਜ ਨੂੰ ਇਸ ਲਈ ਵੀ ਉਠਾਉਣਾ ਜ਼ਰੂਰੀ ਹੈ ਕਿਉਂਕਿ ਨਵੀਂ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਦਾ ਤਾਂ ਹੀ ਭੰਡਾਰਨ ਕੀਤਾ ਜਾ ਸਕੇਗਾ, ਜੇ ਪਹਿਲਾਂ ਵਾਲਾ ਅਨਾਜ ਚੁੱਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਗੁਦਾਮਾਂ 'ਚ ਇਸ ਸਮੇਂ 155 ਲੱਖ ਮੀਟਰਿਕ ਟਨ ਤੋਂ ਵੀ ਵੱਧ ਕਣਕ ਤੇ ਚੌਲ ਪਏ ਹਨ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਸੂਬੇ 'ਚ ਪਿਛਲੇ ਦਿਨੀਂ ਪਏ ਬੇਮੌਸਮੇ ਮੀਂਹ, ਗੜੇਮਾਰੀ ਤੇ ਹਨੇਰੀ ਚੱਲਣ ਨਾਲ ਫ਼ਸਲਾਂ ਖ਼ਾਸ ਕਰਕੇ ਕਣਕ ਦੇ ਹੋਏ ਨੁਕਸਾਨ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਣ ਲਈ ਵੀ ਕਿਹਾ ਹੈ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਮਾਨ ਦੀ ਮੰਗ 'ਤੇ ਸਹਿਮਤੀ ਪ੍ਰਗਟਾਉਂਦਿਆ ਸੂਬੇ ਦੇ ਗੁਦਾਮਾਂ 'ਚ ਪਏ ਅਨਾਜ ਨੂੰ ਉਠਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੇ ਸੰਕੇਤ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਜੋਸ਼ੀ ਨੂੰ ਆੜ੍ਹਤੀਆਂ ਦਾ ਕਮਿਸ਼ਨ ਵਧਾਉਣ ਲਈ ਵੀ ਕਿਹਾ ਹੈ।
ਸੂਬੇ ਦੇ ਗੁਦਾਮਾਂ 'ਚ ਪਿਛਲੇ ਸਾਲ ਦੇ ਪਏ ਅੰਨ ਭੰਡਾਰ ਨੂੰ ਉਠਾਉਣ ਲਈ ਕੇਂਦਰ ਸਰਕਾਰ ਦੀ ਸਹਿਮਤੀ ਮਿਲਣ ਨਾਲ ਬਿਨਾਂ ਸ਼ੱਕ ਪੰਜਾਬ ਦੇ ਕਿਸਾਨਾਂ ਤੇ ਸੂਬਾ ਸਰਕਾਰ ਨੇ ਸੁੱਖ ਦਾ ਸਾਹ ਲਿਆ ਹੋਵੇਗਾ। ਦੱਸਣਯੋਗ ਹੈ ਕਿ ਪੰਜਾਬ ਦੇ ਗੁਦਾਮਾਂ 'ਚ ਕੁੱਲ 183 ਲੱਖ ਮੀਟਰਿਕ ਟਨ ਚੌਲ ਤੇ ਕਣਕ ਰੱਖਣ ਦੀ ਸਮਰੱਥਾ ਹੈ। ਇਸ ਸਮੇਂ ਸੂਬੇ 'ਚ 180.88 ਲੱਖ ਮੀਟਰਿਕ ਟਨ ਅਨਾਜ ਸੁਰੱਖਿਅਤ ਪਿਆ ਹੈ। ਜਦਕਿ ਵਿਗੜੇ ਹੋਏ ਮੌਸਮ ਦਰਮਿਆਨ ਨਵੀਂ ਕਣਕ ਸੰਭਾਲਣ ਦੀ ਸਮੱਸਿਆ ਸੂਬਾ ਸਰਕਾਰ ਦੇ ਸਿਰ ਆ ਖੜ੍ਹੀ ਹੋਈ ਹੈ। ਸੂਬੇ 'ਚ ਇਹ ਸਮੱਸਿਆ ਹਰ ਸਾਲ ਪੈਦਾ ਹੁੰਦੀ ਹੈ, ਹਾਲਾਂਕਿ ਇਸ ਸਾਲ ਮੁੱਖ ਮੰਤਰੀ ਦੁਆਰਾ ਕੇਂਦਰ ਸਰਕਾਰ ਨਾਲ ਕੀਤੀ ਗਈ ਪਹਿਲ ਸਦਕਾ ਗੁਦਾਮਾਂ 'ਚ ਨਵੇਂ ਅਨਾਜ ਦੇ ਭੰਡਾਰਨ ਦੀ ਸਮੱਸਿਆ ਹੱਲ ਹੋ ਜਾਣ ਦੀ ਸੰਭਾਵਨਾ ਬਣ ਗਈ ਹੈ। ਹਾਲਾਂਕਿ ਕੇਂਦਰ ਦੇ ਸੰਬੰਧਿਤ ਮੰਤਰਾਲੇ ਨੂੰ ਇਹ ਅਨਾਜ ਬਹੁਤ ਪਹਿਲਾਂ ਹੀ ਚੁੱਕਣ ਦੀ ਜ਼ਰੂਰਤ ਸੀ।
ਮੁੱਖ ਮੰਤਰੀ ਦੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਹੋਏ ਇਸ ਫ਼ੈਸਲੇ ਤੋਂ ਕਈ ਹੋਰ ਪਹਿਲੂਆਂ ਨੂੰ ਲੈ ਕੇ ਵੀ ਖੇਤੀ ਲਈ ਲਾਭਕਾਰੀ ਹੋਣ ਦੀ ਸੰਭਾਵਨਾ ਹੈ। ਇਸ ਫ਼ੈਸਲੇ ਨਾਲ ਦੇਸ਼ ਦੀ ਉਸ ਯੋਜਨਾ ਨੂੰ ਵੀ ਉਤਸ਼ਾਹ ਮਿਲੇਗਾ, ਜਿਸ ਤਹਿਤ ਗ਼ਰੀਬ ਵਰਗ ਦੇ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦਿੱਤਾ ਜਾਂਦਾ ਹੈ। ਪੰਜਾਬ ਦੇ ਗੁਦਾਮਾਂ 'ਚ ਭੰਡਾਰ ਕੀਤੇ ਗਏ ਚੌਲ ਤੇ ਕਣਕ ਨੂੰ ਕੇਂਦਰੀ ਅਨਾਜ ਏਜੰਸੀਆਂ ਵਲੋਂ ਉਠਾਉਣਾ ਹੁੰਦਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਗੁਦਾਮਾਂ 'ਚ ਪਏ ਅਨਾਜ ਨੂੰ ਲੈ ਕੇ ਸੂਬਾ ਸਰਕਾਰ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਸੂਬੇ 'ਚ ਅੰਨ ਭੰਡਾਰਨ ਲਈ ਲੋੜੀਂਦੇ ਗੁਦਾਮਾਂ ਦੀ ਗਿਣਤੀ ਅਸਲ ਜ਼ਰੂਰਤ ਨਾਲੋਂ ਬਹੁਤ ਘੱਟ ਹੈ, ਇਸੇ ਕਾਰਨ ਹਰ ਸਾਲ ਵੱਡੀ ਮਾਤਰਾ 'ਚ ਕਣਕ ਤੇ ਝੋਨਾ ਮੰਡੀਆਂ ਅਤੇ ਰੇਲਵੇ ਸਟੇਸ਼ਨਾਂ ਨੇੜੇ ਖੁੱਲ੍ਹੇ ਸਥਾਨਾਂ 'ਤੇ ਪਿਆ ਰਹਿੰਦਾ ਹੈ, ਜਿਸ 'ਚੋਂ ਵੱਡੀ ਮਾਤਰਾ 'ਚ ਕਣਕ ਤੇ ਚੌਲ ਬਾਰਿਸ਼ ਦੌਰਾਨ ਖਰਾਬ ਹੋ ਜਾਂਦੇ ਹਨ ਜਾਂ ਚੂਹੇ ਤੇ ਪੰਛੀ ਖਾ ਜਾਂਦੇ ਹਨ। ਧੁੱਪਾਂ ਤੇ ਬਾਰਿਸ਼ਾਂ ਦੌਰਾਨ ਖਰਾਬ ਹੋਇਆ ਅਨਾਜ ਅਕਸਰ ਪਸ਼ੂਆਂ ਦੇ ਖਾਣ ਯੋਗ ਵੀ ਨਹੀਂ ਰਹਿੰਦਾ।
ਪੰਜਾਬ ਦੇਸ਼ ਦੇ ਅਨਾਜ ਭੰਡਾਰ 'ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਸੂਬਾ ਹੈ, ਜਿਸ ਨੇ ਅਨਾਜ ਦੇ ਮਾਮਲੇ 'ਚ ਭਾਰਤ ਨੂੰ ਨਾ ਸਿਰਫ਼ ਆਤਮ-ਨਿਰਭਰ ਬਣਾਇਆ, ਸਗੋਂ ਭਾਰਤ ਨੂੰ ਚੌਲਾਂ ਦਾ ਇਕ ਵੱਡਾ ਬਰਾਮਦਕਾਰ ਬਣਾ ਕੇ ਵੀ ਉਭਰਿਆ ਹੈ। ਪਰ ਪੰਜਾਬ 'ਚ ਅਨਾਜ ਭੰਡਾਰਾਂ ਦੀ ਸੰਭਾਲ ਤੇ ਸੁਰੱਖਿਆ ਇਕ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਕਾਰਨ ਅਨਾਜ ਦੀ ਪੌਸ਼ਟਿਕਤਾ ਵੀ ਪ੍ਰਭਾਵਿਤ ਹੋ ਰਹੀ ਹੈ। ਸੂਬੇ 'ਚ ਲੋੜੀਂਦੀ ਗਿਣਤੀ 'ਚ ਗੁਦਾਮ ਬਣਾ ਕੇ ਭੰਡਾਰ ਕੀਤੇ ਅਨਾਜ ਨੂੰ ਬਾਅਦ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਲੋੜ ਮੁਤਾਬਿਕ ਭੇਜਿਆ ਜਾ ਸਕਦਾ ਹੈ ਅਤੇ ਦੇਸ਼ 'ਚ ਅਨਾਜ ਵੰਡ ਯੋਜਨਾਵਾਂ ਨੂੰ ਸਫਲਤਾਪੂਰਵਕ ਚਲਾਇਆ ਜਾ ਸਕਦਾ ਹੈ। ਅਸੀਂ ਸਮਝਦੇ ਹਾਂ ਕਿ ਭਾਵੇਂ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਤੇ ਕੇਂਦਰ ਦੀ ਸਹਿਮਤੀ ਨਾਲ ਗੁਦਾਮਾਂ ਤੇ ਖੁੱਲ੍ਹੇ ਸਥਾਨਾਂ 'ਤੇ ਪਏ ਅਨਾਜ ਨੂੰ ਉਠਾਉਣ ਦੀ ਪਹਿਲ ਸਿਰੇ ਚੜ੍ਹਦੀ ਨਜ਼ਰ ਆ ਰਹੀ ਹੈ, ਪਰ ਪੰਜਾਬ ਸਰਕਾਰ ਨੂੰ ਨਿੱਜੀ ਤੌਰ 'ਤੇ ਵੀ ਆਪਣੇ ਕਿਸਾਨਾਂ ਵਲੋਂ ਖੂਨ-ਪਸੀਨੇ ਦੀ ਮਿਹਨਤ ਨਾਲ ਪੈਦਾ ਕੀਤੀ ਕਣਕ ਤੇ ਚੌਲਾਂ ਦੀ ਸਮੁੱਚੀ ਸਾਂਭ-ਸੰਭਾਲ ਲਈ ਕੋਈ ਠੋਸ ਤੇ ਪੱਕੀ ਯੋਜਨਾ ਜ਼ਰੂਰ ਬਣਾਉਣੀ ਚਾਹੀਦੀ ਹੈ। ਇਸ ਕਾਰਜ ਲਈ ਜਿਸ ਵੀ ਧਿਰ ਤੋਂ ਅਤੇ ਜਿੱਥੋਂ ਵੀ ਮਦਦ ਮਿਲ ਸਕੇ, ਉਹ ਜ਼ਰੂਰ ਲੈ ਲੈਣੀ ਚਾਹੀਦੀ ਹੈ।
ਪੰਜਾਬ ਦੇ ਗੁਦਾਮਾਂ 'ਚ ਪਿਆ ਵਾਧੂ ਅਨਾਜ ਛੇਤੀ ਉਠਾਉਣ ਦੀ ਲੋੜ
ਅਜੀਤ ਡੈਸਕ
13-04-2026