ਪੱਛਮੀ ਬੰਗਾਲ 'ਚ ਵਿਸ਼ੇਸ਼ ਵਿਆਪਕ ਮੁੜ ਸੁਧਾਈ (ਐਸ.ਆਈ.ਆਰ.) ਕਾਰਨ ਰਾਜ ਦਾ ਰਾਜਨੀਤਕ ਖਾਸਾ ਕਾਫੀ ਹੱਦ ਤੱਕ ਬਦਲ ਗਿਆ ਹੈ। ਹੁਣ ਤੱਕ ਵੋਟਾਂ ਵਿਚ 25 ਤੋਂ ਲੈ ਕੇ 30 ਫ਼ੀਸਦੀ ਤੱਕ ਮੁਸਲਮਾਨ ਵੋਟਰ ਤਕਰੀਬਨ 100 ਸੀਟਾਂ 'ਤੇ ਫ਼ੈਸਲਾਕੁੁੰਨ ਹਾਲਤ ਵਿਚ ਰਹਿੰਦੇ ਸਨ। ਕਈ ਸੀਟਾਂ 'ਤੇ ਖ਼ਾਸ ਤੌਰ 'ਤੇ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਣ ਵਾਲੇ ਜ਼ਿਲ੍ਹਿਆਂ 'ਚ ਤਾਂ ਮੁਸਲਮਾਨ ਵੋਟਰਾਂ ਦੇ ਭਰੋਸੇ ਹੀ ਉਮੀਦਵਾਰਾਂ ਦੀ ਜਿੱਤ-ਹਾਰ ਹੁੰਦੀ ਸੀ। ਪਰ 2026 ਦੀਆਂ ਵਿਧਾਨ ਸਭਾ ਚੋਣਾਂ 'ਚ ਹਾਲਾਤ ਪੂਰੀ ਤਰ੍ਹਾਂ ਬਦਲ ਗਏ ਹਨ।
ਮੁਰਸ਼ਿਦਾਬਾਦ 'ਚ 4,55,137, ਉੱਤਰ 24 ਪਰਗਨਾ 'ਚ 3,25,666, ਮਾਲਦਾ 'ਚ 2,39,375, ਦੱਖਣੀ 24 ਪਰਗਨਾ ਜ਼ਿਲ੍ਹੇ 'ਚ 2,22,929 ਤੇ ਪੂਰਬੀ ਬਰਦਮਾਨ 'ਚ 2,09,805 ਵੋਟਰਾਂ ਦੇ ਨਾਂਅ ਕੱਟੇ ਗਏ ਹਨ। ਇਹ ਸਾਰੇ ਮੁਸਲਿਮ ਬਹੁ ਗਿਣਤੀ ਵਾਲੇ ਜ਼ਿਲ੍ਹੇ ਹਨ। ਕਾਂਗਰਸ ਉਮੀਦਵਾਰ ਮੌਸਮ ਬੇਨਜ਼ੀਰ ਨੂਰ ਨੇ ਤਾਂ ਕਿਹਾ ਵੀ ਸੀ ਕਿ ਮਾਲਦਾ ਜ਼ਿਲ੍ਹੇ 'ਚ ਚੋਣ ਬਾਈਕਾਟ ਕੀਤਾ ਜਾਵੇ, ਕਿਉਂਕਿ ਵੋਟਾਂ ਦੇਣ ਵਾਲੇ ਵੋਟਰ ਹੀ ਨਹੀਂ ਹਨ। 6 ਜ਼ਿਲ੍ਹਿਆਂ 'ਚ 60 ਫ਼ੀਸਦੀ ਤੋਂ ਵੱਧ ਨਾਂਅ ਕੱਟੇ ਗਏ ਹਨ, ਜਿੱਥੇ ਤ੍ਰਿਣਮੂਲ ਕਾਂਗਰਸ ਨੇ 81 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ।
ਨੰਦੀਗ੍ਰਾਮ ਵਿਧਾਨ ਸਭਾ ਹਲਕੇ 'ਚ 26 ਫ਼ੀਸਦੀ ਮੁਸਲਿਮ ਵੋਟਰ ਸਨ। ਸਪਲੀਮੈਂਟਰੀ ਸੂਚੀ 'ਚ 2,00,826 ਵੋਟਰਾਂ ਦਾ ਨਾਂਅ ਕੱਟਿਆ ਗਿਆ, ਜਿਨ੍ਹਾਂ 'ਚ 2,00,700 (95.5 ਫ਼ੀਸਦੀ) ਮੁਸਲਿਮ ਹਨ। ਐਸ.ਆਈ.ਆਰ. ਸ਼ੁਰੂ ਹੋਣ ਤੋਂ ਪਹਿਲਾਂ ਬੰਗਾਲ ਵਿਚ 7,66,37,529 ਵੋਟਰ ਸਨ। ਚੋਣ ਕਮਿਸ਼ਨ ਵਲੋਂ 6 ਅਪ੍ਰੈਲ ਦੀ ਰਾਤ ਜਾਰੀ ਕੀਤੀ ਵੋਟਰ ਸੂਚੀ ਮੁਤਾਬਿਕ 6,77,20,728 ਵੋਟਰ ਸਨ। 60,06,675 ਵੋਟਰਾਂ ਦੇ ਨਾਂਅ ਸ਼ੱਕ ਦੇ ਘੇਰੇ ਵਿਚ ਰੱਖੇ ਗਏ ਸਨ ਤੇ ਇਨਾਂ 'ਚੋਂ 32,68,119 ਨਾਂਅ ਸਵੀਕਾਰ ਕੀਤੇ ਗਏ। 27,16,393 ਵੋਟਰਾਂ ਦੇ ਨਾਂਅ ਕੱਟੇ ਗਏ ਹਨ। ਡ੍ਰਾਫਟ ਸੂਚੀ ਤੋਂ ਪਹਿਲਾਂ 58 ਲੱਖ ਤੇ ਬਾਅਦ 'ਚ ਤਕਰੀਬਨ 27 ਲੱਖ ਵੋਟਰਾਂ ਦੇ ਨਾਂਅ ਕੱਟੇ ਗਏ ਸਨ। ਇਸ ਤਰ੍ਹਾਂ ਲਗਭਗ 90 ਲੱਖ ਤੋਂ ਵੱਧ ਵੋਟਰਾਂ ਦੇ ਨਾਂਅ ਵੋਟਰ ਸੂਚੀ ਤੋਂ ਬਾਹਰ ਚਲੇ ਗਏ ਹਨ। ਜਿਨ੍ਹਾਂ 5820899 ਵੋਟਰਾਂ ਦਾ ਨਾਂਅ ਡ੍ਰਾਫਟ ਸੂਚੀ ਤੋਂ ਪਹਿਲਾਂ ਕੱਟਿਆ ਗਿਆ ਸੀ, ਉਨ੍ਹਾਂ ਨੂੰ ਗ਼ੈਰ ਹਾਜ਼ਰ, ਦੂਜੀ ਥਾਂ ਚਲੇ ਜਾਣ, ਮ੍ਰਿਤਕ ਤੇ ਡੁਪਲੀਕੇਟ ਵੋਟਰ ਦੱਸਿਆ ਗਿਆ ਸੀ। ਤ੍ਰਿਣਮੂਲ ਕਾਂਗਰਸ ਵਲੋਂ ਦਿੱਲੀ 'ਚ ਤਕਰੀਬਨ 50 ਮ੍ਰਿਤਕ ਵੋਟਰਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇੱਥੇ ਅਭਿਸ਼ੇਕ ਬੈਨਰਜੀ ਹਰ ਰੈਲੀ 'ਚ 5-10 ਮ੍ਰਿਤਕ ਵੋਟਰਾਂ ਨੂੰ ਵਿਖਾ ਦੇ ਦੱਸਦੇ ਰਹੇ ਹਨ ਕਿ ਵੇਖੋ ਇਹ ਚੋਣ ਕਮਿਸ਼ਨ ਦੇ ਮੁਰਦਾ ਵੋਟਰ ਤੁਹਾਡੇ ਸਾਹਮਣੇ ਖੜ੍ਹੇ ਹਨ।
ਦੂਜੇ ਪਾਸੇ 60 ਲੱਖ ਤੋਂ ਵੱਧ ਜਿਨ੍ਹਾਂ ਵੋਟਰਾਂ ਨੂੰ ਸ਼ੱਕ ਦੇ ਘੇਰੇ ਵਿਚ ਰੱਖਿਆ ਗਿਆ ਸੀ, ਉਨ੍ਹਾਂ ਦੇ ਨਾਂਅ 2002 ਦੀ ਮੈਪਿੰਗ ਸੂਚੀ ਵਿਚ ਸ਼ਾਮਿਲ ਸਨ। ਪਰ ਦਸਤਾਵੇਜ਼ ਜਾਂ ਨਾਂਅ ਦੇ ਅੱਖਰਾਂ ਦੀ ਗੜਬੜੀ ਜਾਂ ਮਾਤਾ-ਪਿਤਾ ਨਾਲ ਵੋਟਰਾਂ ਦੀ ਉਮਰ ਦਾ 15 ਸਾਲ ਤੱਕ ਦਾ ਫ਼ਰਕ ਸ਼ਾਮਿਲ ਹੈ, ਆਦਿ ਕਾਰਨ ਇਨਾਂ 'ਚੋਂ 27 ਲੱਖ ਤੋਂ ਵੱਧ ਵੋਟਰਾਂ ਦੇ ਨਾਂਅ ਕੱਟ ਦਿੱਤੇ ਗਏ ਹਨ। ਰਾਜ ਵਿਚ 12 ਫ਼ੀਸਦੀ ਵੋਟਰਾਂ ਦੇ ਨਾਂਅ ਕੱਟੇ ਗਏ ਹਨ। ਉੱਤਰੀ ਕੋਲਕਾਤਾ 'ਚ 29.7 ਫ਼ੀਸਦੀ ਤੇ ਦੱਖਣੀ ਕੋਲਕਾਤਾ 'ਚ 27.5 ਫ਼ੀਸਦੀ ਵੋਟਰਾਂ ਦੇ ਨਾਂਅ ਕੱਟੇ ਗਏ ਹਨ। ਕੋਲਕਾਤਾ ਦੀਆਂ ਸਾਰੀਆਂ 11 ਵਿਧਾਨ ਸਭਾ ਸੀਟਾਂ 'ਤੇ 2021 'ਚ ਤ੍ਰਿਣਮੂਲ ਕਾਂਗਰਸ ਨੇ ਜਿੱਤ ਹਾਸਿਲ ਕੀਤੀ ਸੀ। ਇੱਥੇ 7 ਲੱਖ ਵੋਟਰਾਂ ਦੇ ਨਾਂਅ ਕੱਟੇ ਗਏ ਹਨ। ਉੱਤਰ 24 ਪਰਗਨਾ ਜ਼ਿਲ੍ਹੇ 'ਚ 12,30,000 ਤੋਂ ਵੱਧ ਨਾਂਅ ਕੱਟੇ ਗਏ ਹਨ। ਦੱਖਣੀ 24 ਪਰਗਨਾ ਜ਼ਿਲੇ 'ਚ 10,40,000 ਤੋਂ ਵੱਧ ਨਾਂਅ ਕੱਟੇ ਗਏ। ਜ਼ਿਲ੍ਹੇ ਦੀਆਂ 31 ਵਿਧਾਨ ਸਭਾ ਸੀਟਾਂ 'ਤੇ ਤ੍ਰਿਣਮੂਲ ਨੇ 2021 'ਚ 30 ਅਤੇ ਆਈ.ਐਸ.ਐਫ. ਨੇ ਇਕ 'ਤੇ ਜਿੱਤ ਹਾਸਿਲ ਕੀਤੀ ਸੀ। ਸਭ ਤੋਂ ਵੱਧ ਨਦੀਆ ਜ਼ਿਲ੍ਹੇ 'ਚ 27 ਫ਼ੀਸਦੀ ਨਾਂਅ ਕੱਟੇ ਗਏ ਹਨ। 10 ਜ਼ਿਲ੍ਹਿਆਂ 'ਚ 50 ਫ਼ੀਸਦੀ ਵਿਚਾਰ ਅਧੀਨ ਵੋਟਰਾਂ ਦੇ ਨਾਂਅ ਸੂਚੀ 'ਚੋਂ ਕੱਟੇ ਗਏ ਹਨ। ਐਸ.ਆਈ.ਆਰ. ਤੋਂ ਪਹਿਲਾਂ ਜ਼ਿਲ੍ਹੇ 'ਚ 44,18,838 ਵੋਟਰ ਸਨ, ਹੁਣ 39,36,381 ਵੋਟਰ ਰਹਿ ਗਏ ਹਨ। ਗ੍ਰਹਿ ਮੰਤਰੀ ਨੂੰ ਰੋਟੀ ਖਵਾਈ, ਫਿਰ ਵੀ ਵੋਟ ਗਈ-ਨਿਊ ਟਾਊਨ ਦੇ ਨਵੀਨ ਵਿਸ਼ਵਾਸ ਦੇ ਘਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਦਿਲੀਪ ਘੋਸ਼, ਰਾਹੁਲ ਘੋਸ਼, ਕੈਲਾਸ਼ ਵਿਜੈਵਰਗੀਆ ਨੇ ਫ਼ਰਸ਼ 'ਤੇ ਬੈਠ ਕੇ ਖਾਣਾ ਖਾਣ ਦੀਆਂ ਤਸਵੀਰਾਂ ਨਵੰਬਰ 2020 'ਚ ਹਰ ਪਾਸੇ ਵਾਇਰਲ ਹੋਈਆਂ ਸਨ। ਇਲਾਕੇ ਦੇ 6 ਹਜ਼ਾਰ ਮਤੂਆ ਵੋਟਰਾਂ ਦੇ ਨਾਂਅ ਸੂਚੀ 'ਚੋਂ ਕੱਟੇ ਗਏ, ਜਿਸ ਵਿਚ ਨਵੀਨ ਦਾ ਨਾਂਅ ਵੀ ਸ਼ਾਮਿਲ ਹੈ।
ਨਵਾਬ ਖ਼ਾਨਦਾਨ ਵੀ ਸੂਚੀ 'ਚੋਂ ਬਾਹਰ-ਨਵਾਬ ਮੀਰ ਜਾਫ਼ਰ ਦੀ 15ਵੀਂ ਪੀੜ੍ਹੀ ਦੇ ਛੋਟੇ ਨਵਾਬ ਸੈਯਦ ਰਜ਼ਾ ਅਲੀ ਮਿਰਜ਼ਾ, ਉਨ੍ਹਾਂ ਦੇ ਕੌਂਸਲਰ ਬੇਟੇ ਸੈਯਦ ਮੁਹੰਮਦ ਫਾਹੀਮ ਮਿਰਜ਼ਾ ਸਮੇਤ ਮੁਰਸ਼ਿਦਾਬਾਦ ਦੇ ਨਵਾਬ ਖ਼ਾਨਦਾਨ ਦੇ 346 ਵੋਟਰਾਂ ਦਾ ਨਾਂਅ ਵੋਟਰ ਸੂਚੀ 'ਚੋਂ ਬਾਹਰ ਹੋ ਗਿਆ ਹੈ। ਮਿਰਜ਼ਾ ਦਾ ਕਹਿਣਾ ਹੈ ਕਿ ਸਾਡੇ ਪੁਰਖੇ ਲੋਕਾਂ ਦੇ ਭਵਿੱਖ ਦਾ ਫ਼ੈਸਲਾ ਕਰਦੇ ਸਨ, ਹੁਣ ਅਸੀਂ ਲੋਕਾਂ ਦੇ ਫ਼ੈਸਲੇ ਦੇ ਮੁਥਾਜ ਹਾਂ। ਉਨ੍ਹਾਂ ਕਿਹਾ ਕਿ ਉਹ ਮਤਦਾਨ ਦੇ ਦਿਨ ਸਾਰੇ ਦਸਤਾਵੇਜ਼ ਲੈ ਕੇ ਬੂਥ ਤੱਕ ਜਾਣਗੇ, ਜੇ ਵੋਟ ਪਾਉਣ ਦਿੱਤੀ ਤਾਂ ਠੀਕ, ਨਹੀਂ ਤਾਂ ਰੋਸ ਪ੍ਰਗਟ ਕਰਕੇ ਵਾਪਸ ਮੁੜ ਆਉਣਗੇ।
ਚੌਥੀ ਵਾਰ ਮੁੱਖ ਮੰਤਰੀ ਬਣੇਗੀ ਮਮਤਾ-ਦੇਸ਼ ਭਰ 'ਚ ਭਾਵੇਂ ਕੁਝ ਵੀ ਦਾਅਵੇ ਕੀਤੇ ਜਾ ਰਹੇ ਹੋਣ, ਪਰ ਕੋਲਕਾਤਾ ਦਾ ਸੱਟਾ ਬਾਜ਼ਾਰ ਤ੍ਰਿਣਮੂਲ ਸੁਪਰੀਮੋ ਦੇ ਹੱਕ 'ਚ ਵਿਖਾਈ ਦੇ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 294 ਸੀਟਾਂ ਦੀ ਵਿਧਾਨ ਸਭਾ 'ਚ 178 ਤੋਂ ਲੈ ਕੇ 185 ਸੀਟਾਂ 'ਤੇ ਜਿੱਤ ਹਾਸਿਲ ਕਰਕੇ ਮਮਤਾ ਬੈਨਰਜੀ ਚੌਥੀ ਵਾਰ ਸੱਤਾ ਸੰਭਾਲਣਗੇ। ਭਾਰਤੀ ਜਨਤਾ ਪਾਰਟੀ ਨੂੰ 100 ਦੇ ਨੇੜੇ-ਤੇੜੇ ਸੀਟਾਂ ਮਿਲਣ ਦੀ ਉਮੀਦ ਦੱਸੀ ਜਾ ਰਹੀ ਹੈ। ਪਰ ਸੱਟਾ ਬਾਜ਼ਾਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਬਦਲਾਅ ਆਉਂਦਾ ਰਹਿੰਦਾ ਹੈ। ਮਤਦਾਨ 23 ਤੇ 29 ਅਪ੍ਰੈਲ ਨੂੰ ਹੈ, ਉਸ ਸਮੇਂ ਤੱਕ ਰੁਝਾਨ ਬਦਲ ਵੀ ਸਕਦੇ ਹਨ। ਮਮਤਾ ਦੀਆਂ ਸੀਟਾਂ 'ਚ ਵਾਧਾ-ਘਾਟਾ ਸੰਭਵ ਹੈ ਤੇ ਇਹੋ ਗੱਲ ਭਾਜਪਾ ਬਾਰੇ ਵੀ ਕਹੀ ਜਾ ਸਕਦੀ ਹੈ।
-ਮੋਬਾਈਲ : 090384-13112