ਅੱਜ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਦਸਤਾਰਧਾਰੀ ਲੋਕਾਂ ਦਾ ਸਮੁੱਚੇ ਵਿਸ਼ਵ ਵਿਚ ਵਾਸ ਹੈ। ਸਿੱਖ ਧਰਮ ਸੰਸਾਰ ਦਾ ਵਿਲੱਖਣ ਤੇ ਵੱਖਰੀ ਪਛਾਣ ਵਾਲਾ ਧਰਮ ਹੈ। ਸਿੱਖਾਂ ਦੇ ਪਹਿਰਾਵੇ ਵਿਚ ਦਸਤਾਰ ਦਾ ਵਿਸ਼ੇਸ ਸਥਾਨ ਹੈ। ਅੱਜ ਜਦੋਂ ਸਿੱਖ ਧਰਮ ਵਿਸ਼ਵਵਿਆਪੀ ਹੋ ਚੁੱਕਾ ਹੈ ਤਾਂ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਚੁਣੌਤੀਆਂ 'ਚੋਂ ਸਾਡੀ ਦਸਤਾਰ ਲਈ ਪੈਦਾ ਹੋ ਰਹੀਆਂ ਸਮੱਸਿਆਵਾਂ ਕਰਕੇ ਸਮੁੱਚੀ ਦੁਨੀਆ ਦੇ ਮੀਡੀਆ 'ਚ ਵੱਖ-ਵੱਖ ਭਾਸ਼ਾਵਾਂ ਵਿਚ ਸਮੇਂ-ਸਮੇਂ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ। ਭਾਵੇਂ ਏਸ਼ੀਆ ਦੇ ਬਹੁਤੇ ਦੇਸ਼ਾਂ 'ਚ ਬਾਕੀ ਧਰਮਾਂ ਦੇ ਲੋਕ ਵੀ ਦਸਤਾਰ ਜਾਂ ਪਗੜੀ ਧਾਰਨ ਕਰਕੇ ਆਪਣੀ ਵੱਖਰੀ ਪਛਾਣ ਕਰਕੇ ਜਾਣੇ ਜਾਂਦੇ ਹਨ। ਗੁਰੂ ਕਾਲ ਵਿਚ ਸਾਰੇ ਗੁਰੂ ਸਾਹਿਬਾਨ ਤੇ ਸਿੱਖ ਦਸਤਾਰ ਧਾਰਨ ਕਰਦੇ ਸਨ। ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਮੌਕੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦੀ ਵਿਲੱਖਣ ਘਟਨਾ ਸਮੇਂ ਦਸਤਾਰ ਨੂੰ ਸਿੱਖਾਂ ਲਈ ਪਹਿਰਾਵੇ ਦਾ ਅਤਿ ਜ਼ਰੂਰੀ ਅੰਗ ਬਣਾ ਦਿੱਤਾ। ਇਹ ਦਸਤਾਰ ਹੀ ਹੈ, ਜੋ ਪੰਜਾਂ ਕਕਾਰਾਂ 'ਚੋਂ ਇਕ ਕੇਸਾਂ ਦੀ ਸੰਭਾਲ ਲਈ ਅਹਿਮ ਸਥਾਨ ਰੱਖਦੀ ਹੈ। ਸੌਣ ਸਮੇਂ ਜਾਂ ਆਰਾਮ ਕਰਨ ਸਮੇਂ ਛੋਟੀ ਦਸਤਾਰ ਸਜਾਉਣਾ ਸਿੱਖ ਲਈ ਲਾਜ਼ਮੀ ਹੈ, ਜਿਸ ਨੂੰ 'ਕੇਸਕੀ' ਦਾ ਨਾਂਅ ਦਿੱਤਾ ਗਿਆ ਹੈ।
ਆਮ ਤੌਰ 'ਤੇ ਅੰਮ੍ਰਿਤਧਾਰੀ ਸਿੱਖ ਦਸਤਾਰ ਦੇ ਹੇਠਾਂ ਕੇਸਕੀ ਸਜਾਉਂਦੇ ਹਨ। ਭਾਵੇਂ ਇਸ ਖਿੱਤੇ ਦੇ ਕੁਝ ਦੇਸ਼ਾਂ ਵਿਚ ਸਿਰ ਨੂੰ ਢੱਕਣ ਲਈ ਮੁੱਢ-ਕਦੀਮ ਤੋਂ ਪਗੜੀ ਦੀ ਵਰਤੋਂ ਹੁੰਦੀ ਆਈ ਹੈ। ਪਰ ਆਰੀਆ ਸੱਭਿਅਤਾ ਦੇ ਲੋਕਾਂ 'ਚ ਪਗੜੀ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਪੰਜਾਬ ਦੀ ਸੱਭਿਅਤਾ ਵਿਚ ਦਸਤਾਰ ਧਾਰਨ ਕਰਨੀ ਸਾਡੇ ਸਮਾਜ ਅਤੇ ਸੱਭਿਆਚਾਰ ਦਾ ਹਿੱਸਾ ਰਿਹਾ ਹੈ। ਸਾਡੀ ਪੰਜਾਬੀ ਭਾਸ਼ਾ ਦੇ ਮੁਹਾਵਰਿਆਂ, ਲੋਕ-ਅਖਾਣਾਂ ਅਤੇ ਵਿਰਾਸਤੀ ਲੋਕ ਗੀਤਾਂ, ਸ਼ੈਲੀਆਂ ਵਿਚ ਦਸਤਾਰ, ਪੱਗ, ਪਗੜੀ ਦੀ ਅਹਿਮੀਅਤ ਵੀ ਓਨੀ ਹੀ ਪੁਰਾਣੀ ਹੈ, ਜਿੰਨੀ ਸਾਡੀ ਭਾਸ਼ਾ ਅਤੇ ਮਾਂ-ਬੋਲੀ ਦੇ ਜਨਮ ਦੀ ਗਾਥਾ। ਜਦੋਂ ਅੰਗਰੇਜ਼ਾਂ ਨੇ ਭਾਰਤ ਵਿਚ ਪ੍ਰਵੇਸ਼ ਕੀਤਾ ਤਾਂ ਅੰਗਰੇਜ਼ੀ ਸੱਭਿਆਚਾਰ ਨੇ ਦਸਤਾਰ ਨੂੰ ਕੇਵਲ ਸਿੱਖ ਸਮਾਜ ਤੱਕ ਹੀ ਸੀਮਤ ਕਰ ਦਿੱਤਾ। ਅਸੀਂ ਅੱਜ ਵੀ ਦੇਖਦੇ ਹਾਂ ਕਿ ਹਿੰਦੂ ਸਮਾਜ ਵਿਚ ਖੁਸ਼ੀ ਜਾਂ ਗ਼ਮੀ ਦੇ ਸਮਾਗਮਾਂ ਵਿਚ ਪਗੜੀ ਬੰਨ੍ਹਣ ਦਾ ਰਿਵਾਜ਼ ਵੀ ਬਾ-ਦਸਤੂਰ ਚੱਲ ਰਿਹਾ ਹੈ। ਕਿਸੇ ਬਜ਼ੁਰਗ ਦੀ ਮੌਤ ਪਿੱਛੋਂ ਉਸ ਦੇ ਪੁੱਤਰ ਨੂੰ ਦਸਤਾਰ ਜਾਂ ਪਗੜੀ ਸਮਾਜਿਕ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਚਿੰਨ੍ਹ ਵਜੋਂ ਦਿੱਤੀ ਜਾਂਦੀ ਹੈ। ਦੂਜੇ ਵਿਸ਼ਵ ਯੁੱਧ (1939 ਤੋਂ 1944) ਸਮੇਂ ਅੰਗਰੇਜ਼ਾਂ ਅਧੀਨ ਲੜ ਰਹੇ ਸਿੱਖ ਫ਼ੌਜੀਆਂ ਨੂੰ ਲੋਹ-ਟੋਪ ਪਾਉਣ ਦੇ ਆਦੇਸ਼ ਅੰਗਰੇਜ਼ ਹਕੂਮਤ ਵਲੋਂ ਦਿੱਤੇ ਗਏ ਸਨ। ਵੱਡੀ ਗਿਣਤੀ ਵਿਚ ਜਾਨੀ ਨੁਕਸਾਨ ਨੂੰ ਘੱਟ ਕਰਨ ਦੇ ਡਰ ਵਜੋਂ ਅਜਿਹਾ ਲਾਜ਼ਮੀ ਕੀਤਾ ਗਿਆ ਸੀ। ਭਾਰਤ ਵਿਚ ਰਾਜ ਕਰ ਰਹੀ ਬਰਤਾਨਵੀ ਸਰਕਾਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਏਨਾ ਜਾਨੀ ਨੁਕਸਾਨ ਹੋਣ 'ਤੇ ਸਿੱਖ ਫ਼ੌਜੀਆਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਦੇਣ ਦਾ ਬੋਝ ਨਹੀਂ ਚੁੱਕ ਸਕਦੇ। ਪਰ ਇਸ ਤੋਂ ਉਲਟ ਸਾਡੇ ਸਾਰੇ ਸਿੱਖ ਫ਼ੌਜੀ ਜਵਾਨਾਂ ਤੇ ਅਫ਼ਸਰਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿ ਜਦੋਂ ਕਿਸੇ ਦਸਤਾਰਧਾਰੀ ਜਵਾਨ ਦੀ ਮੌਤ ਸਿਰ ਵਿਚ ਗੋਲੀ ਲੱਗਣ ਨਾਲ ਹੋਵੇਗੀ ਤਾਂ ਉਸ ਦੀ ਵਿਧਵਾ ਤੇ ਪਰਿਵਾਰਕ ਪੈਨਸ਼ਨ ਨਹੀਂ ਲਈ ਜਾਵੇਗੀ। ਸਮੁੱਚਾ ਦੂਜਾ ਵਿਸ਼ਵ ਯੁੱਧ ਲੋਹ-ਟੋਪ ਪਹਿਨਣ ਦੀ ਥਾਂ ਦਸਤਾਰਾਂ ਸਜਾ ਕੇ ਲੜਿਆ ਗਿਆ। ਸਿੱਖੀ ਸਿਦਕ ਲਈ ਦਸਤਾਰ ਦੀ ਅਹਿਮੀਅਤ ਤੇ ਪਛਾਣ ਦੀ ਖ਼ਾਤਰ ਸ਼ਹਾਦਤ ਦਾ ਜਾਮ ਪੀਣ ਨੂੰ ਪਹਿਲ ਦਿੱਤੀ ਗਈ। ਸਾਡੇ ਸਿੱਖ ਜਵਾਨ ਭਲੀ ਭਾਂਤ ਇਸ ਗੱਲ ਨੂੰ ਸਮਝਦੇ ਸਨ ਕਿ ਵਿਸ਼ਵ ਭਰ ਦੇ ਦੇਸ਼ਾਂ ਵਿਚ ਸਾਡੀ ਪਛਾਣ ਦਸਤਾਰ ਕਰਕੇ ਹੀ ਬਣਦੀ ਹੈ।
ਡਾ. ਰਤਨ ਸਿੰਘ ਜੱਗੀ ਸਿੱਖ ਵਿਸ਼ਵ ਕੋਸ਼ ਵਿਚ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹੁਣ ਤੱਕ ਹੋਏ ਦੋਵੇਂ ਵਿਸ਼ਵ ਯੁੱਧਾਂ ਦੌਰਾਨ 83,055 ਦਸਤਾਰਧਾਰੀ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਦੋਵਾਂ ਲੜਾਈਆਂ ਦੌਰਾਨ ਅੰਗਰੇਜ਼ ਹਕੂਮਤ ਨੇ ਜੰਗ ਦੀ ਭੱਠੀ ਵਿਚ ਬਾਲਟ ਵਜੋਂ ਦਸਤਾਰਧਾਰੀ ਫ਼ੌਜੀਆਂ ਦੀ ਅਹੂਤੀ ਦਿੱਤੀ। ਦੋਵਾਂ ਵਿਸ਼ਵ ਯੁੱਧਾਂ ਦੌਰਾਨ 1,09,045 ਸਿੱਖ ਜਵਾਨ ਜ਼ਖ਼ਮੀ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਿਕ ਵਰਤਮਾਨ ਸਮੇਂ ਵਿਚ ਖ਼ਾਲਸਾ ਸਾਜਨਾ ਦਿਵਸ ਨੂੰ ਸਿੱਖ ਦਸਤਾਰ ਦਿਵਸ ਵਜੋਂ ਮਨਾਉਣਾ ਇਸ ਗੱਲ ਦਾ ਸੁਨੇਹਾ ਹੈ ਕਿ ਦਸਤਾਰ ਸਿੱਖ ਦੇ ਪਹਿਰਾਵੇ ਦਾ ਅਹਿਮ ਅੰਗ ਹੈ। ਬਹੁਤ ਸਾਰੇ ਦੇਸ਼ਾਂ ਵਿਚ ਸਿੱਖਾਂ ਨੂੰ ਦਸਤਾਰ ਸਜਾ ਕੇ ਨੌਕਰੀ ਜਾਂ ਹੋਰ ਕਾਰੋਬਾਰ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ ਪਰ ਦਸਤਾਰ ਲਈ ਸੰਘਰਸ਼ ਅਜੇ ਵੀ ਜਾਰੀ ਹੈ। ਬਹੁਤ ਸਾਰੇ ਦੇਸ਼ਾਂ ਵਿਚ ਸਿੱਖਾਂ ਨੂੰ ਦੋਪਹੀਆ ਵਾਹਨ ਚਲਾਉਣ ਸਮੇਂ ਲੋਹ-ਟੋਪ ਪਹਿਨਣ ਤੋਂ ਛੋਟ ਮਿਲੀ ਹੋਈ ਹੈ। ਪਰ ਇਸ ਚੱਲ ਰਹੇ ਸੰਘਰਸ਼ ਦੌਰਾਨ ਦਸਤਾਰ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਕੇ ਹਰ ਸਿੱਖ ਨੂੰ ਆਪਣੇ ਫ਼ਰਜ਼ਾਂ ਤੇ ਕਰਤੱਵਾਂ ਨੂੰ ਸਮਝਣਾ ਪਵੇਗਾ। ਸਿੱਖ ਦਸਤਾਰ ਦਿਵਸ ਸਮੇਂ ਸੁੰਦਰ ਦਸਤਾਰ-ਦੁਮਾਲਾ ਮੁਕਾਬਲੇ ਕਰਵਾ ਰਹੀਆਂ ਸੰਸਥਾਵਾਂ, ਸਭਾ, ਸੁਸਾਇਟੀਆਂ ਨੂੰ ਹੋਰ ਵਧੇਰੇ ਉਤਸ਼ਾਹ ਤੇ ਲਗਨ ਨਾਲ ਦਸਤਾਰ ਦੀ ਪਛਾਣ ਲਈ ਗਹਿਰ ਗੰਭੀਰ ਯਤਨ ਕਰਨੇ ਪੈਣਗੇ।
ਮੋਬਾਈਲ : 98143-24040