ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਪਿਛਲੇ ਦਿਨੀਂ ਅਮਰੀਕਾ ਅਤੇ ਈਰਾਨ ਵਿਚਕਾਰ ਹੋਈ ਲੰਮੀ ਗੱਲਬਾਤ ਕਿਸੇ ਸਿੱਟੇ 'ਤੇ ਨਹੀਂ ਪੁੱਜੀ। ਦੋਵਾਂ ਦੇਸ਼ਾਂ ਵਲੋਂ ਇਸ ਵਿਚ ਹਿੱਸਾ ਲੈਣ ਲਈ ਵੱਡੇ ਵਫ਼ਦ ਆਏ ਸਨ। ਇਕ ਦੀ ਅਗਵਾਈ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਕਰ ਰਹੇ ਸਨ ਅਤੇ ਈਰਾਨ ਵਲੋਂ ਸੰਸਦ ਦੇ ਸਪੀਕਰ ਮੁਹੰਮਦ ਗਾਲਿਬਾਫ਼ ਪ੍ਰਤੀਨਿਧਤਾ ਕਰ ਰਹੇ ਸਨ। ਤਿੰਨ ਪੜਾਵਾਂ ਵਿਚ ਹੋਈ ਇਹ ਵਾਰਤਾ 21 ਘੰਟੇ ਤੱਕ ਚੱਲੀ। 7 ਹਫ਼ਤਿਆਂ ਦੀ ਸਖ਼ਤ ਲੜਾਈ ਤੋਂ ਬਾਅਦ ਟਰੰਪ ਵਲੋਂ 2 ਹਫ਼ਤੇ ਲਈ 22 ਅਪ੍ਰੈਲ ਤੱਕ ਜੰਗਬੰਦੀ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਦੂਸਰੇ ਪਾਸੇ ਇਸੇ ਦੌਰਾਨ ਇਜ਼ਰਾਈਲ ਵਲੋਂ ਲਿਬਨਾਨ ਵਿਚ ਹਿਜ਼ਬੁੱਲਾ ਲੜਾਕੂਆਂ ਦੇ ਖ਼ਿਲਾਫ਼ ਲਗਾਤਾਰ ਬੰਬਾਰੀ ਜਾਰੀ ਰੱਖੀ ਗਈ, ਜਿਸ ਸੰਬੰਧੀ ਈਰਾਨ ਨੇ ਆਪਣਾ ਰੋਸ ਵੀ ਜਤਾਇਆ ਸੀ ਪਰ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਅਨੁਸਾਰ ਅਸਥਾਈ ਸਮਝੌਤੇ ਵਿਚ ਲਿਬਨਾਨ ਦਾ ਜ਼ਿਕਰ ਨਹੀਂ ਸੀ, ਇਸ ਤਰ੍ਹਾਂ ਇਹ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਡੇ ਵਿਵਾਦਾਂ ਵਿਚ ਘਿਰ ਗਈ ਸੀ ਅਤੇ ਇਹ ਵੀ ਜਾਪਣ ਲੱਗਾ ਸੀ ਕਿ ਸ਼ਾਇਦ ਇਹ ਸਿਰੇ ਨਾ ਚੜ੍ਹ ਸਕੇ।ਵਾਰਤਾਲਾਪ ਦੇ ਫੇਲ੍ਹ ਹੋਣ ਦੇ ਦੋ ਹੀ ਮੁੱਖ ਕਾਰਨ ਰਹੇ ਹਨ। ਅਮਰੀਕੀ ਧਿਰ ਈਰਾਨ 'ਤੇ ਆਪਣਾ ਪ੍ਰਮਾਣੂ ਪ੍ਰੋਗਰਾਮ ਬੰਦ ਕਰਨ ਲਈ ਦਬਾਅ ਬਣਾ ਰਹੀ ਸੀ ਪਰ ਈਰਾਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਦੂਸਰਾ ਮੁੱਖ ਮੁੱਦਾ ਸਮੁੰਦਰੀ ਜਹਾਜ਼ਾਂ ਲਈ ਹੋਰਮੁਜ਼ ਲਾਂਘਾ ਖੋਲ੍ਹਣ ਦਾ ਸੀ, ਜਿਸ ਨੂੰ ਈਰਾਨ ਨੇ 28 ਫਰਵਰੀ ਨੂੰ ਜੰਗ ਸ਼ੁਰੂ ਹੋਣ 'ਤੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ ਅਤੇ ਇਸ ਲਾਂਘੇ 'ਤੇ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ ਸਨ। ਰਾਸ਼ਟਰਪਤੀ ਟਰੰਪ ਨੇ ਇਸ ਲਾਂਘੇ ਨੂੰ ਖੁਲ੍ਹਵਾਉਣ ਲਈ ਯੂਰਪੀਅਨ ਦੇਸ਼ਾਂ ਤੋਂ ਮਦਦ ਲੈਣ ਦੀ ਗੁਹਾਰ ਵੀ ਲਗਾਈ ਸੀ ਪਰ ਅਜਿਹਾ ਕਰਨ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ, ਜਿਸ ਨਾਲ ਟਰੰਪ ਦੀ ਬੌਖਲਾਹਟ ਹੋਰ ਵੀ ਵਧ ਗਈ ਸੀ। ਇਸ ਵਾਰਤਾ ਦੇ ਫੇਲ੍ਹ ਹੋਣ ਨਾਲ ਇਕ ਵਾਰ ਫਿਰ ਦੁਨੀਆ ਭਰ ਦੀ ਚਿੰਤਾ ਵਧ ਗਈ ਹੈ। ਤੇਲ ਦੇ ਭਾਅ ਅਸਮਾਨ ਛੂਹਣ ਲੱਗੇ ਹਨ ਅਤੇ ਕੌਮਾਂਤਰੀ ਪੱਧਰ 'ਤੇ ਮਹਿੰਗਾਈ ਛੜੱਪੇ ਮਾਰਨ ਲੱਗੀ ਹੈ। ਬਿਨਾਂ ਸ਼ੱਕ ਇਸ ਲੜਾਈ ਵਿਚ ਈਰਾਨ ਦਾ ਬੇਹੱਦ ਨੁਕਸਾਨ ਹੋ ਚੁੱਕਾ ਹੈ ਅਤੇ ਹਜ਼ਾਰਾਂ ਹੀ ਲੋਕ ਇਸ ਜੰਗ ਦੀ ਭੇਟ ਚੜ੍ਹ ਚੁੱਕੇ ਹਨ ਅਤੇ ਲੱਖਾਂ ਹੀ ਘਰੋਂ ਬੇਘਰ ਹੋ ਗਏ ਹਨ। ਹੁਣ ਵੱਡੀ ਚਿੰਤਾ ਇਸ ਲੜਾਈ ਦੇ ਮੁੜ ਸ਼ੁਰੂ ਹੋਣ ਦੇ ਨਾਲ-ਨਾਲ ਇਸ ਦੇ ਹੋਰ ਫੈਲਣ ਦੀ ਵੀ ਬਣੀ ਨਜ਼ਰ ਆਉਂਦੀ ਹੈ। ਈਰਾਨ ਨੇ ਪ੍ਰਤੀਕਰਮ ਵਜੋਂ ਖਾੜੀ ਦੇ ਦੇਸ਼ਾਂ ਵਿਚ ਅਮਰੀਕੀ ਅੱਡਿਆਂ ਦੇ ਨਾਲ-ਨਾਲ ਹੋਰ ਥਾਵਾਂ 'ਤੇ ਵੀ ਲਗਾਤਾਰ ਮਿਜ਼ਾਈਲੀ ਹਮਲੇ ਜਾਰੀ ਰੱਖੇ ਸਨ। ਖਾੜੀ ਦੇ ਦੇਸ਼ਾਂ, ਜਿਨ੍ਹਾਂ ਵਿਚ ਸਾਊਦੀ ਅਰਬ, ਇਰਾਕ, ਸੰਯੁਕਤ ਅਰਬ ਅਮੀਰਾਤ ਅਤੇ ਕੁਵੈਤ ਸ਼ਾਮਿਲ ਹਨ, ਦੁਨੀਆ ਭਰ ਨੂੰ ਕੱਚਾ ਤੇਲ ਦਿੰਦੇ ਸਨ। ਈਰਾਨ ਵੀ ਵੱਡੀ ਪੱਧਰ 'ਤੇ ਤੇਲ ਦੀ ਬਰਾਮਦ ਕਰਦਾ ਹੈ। ਇਸ ਜੰਗ ਨੇ ਇਕ ਵਾਰ ਤਾਂ ਇਨ੍ਹਾਂ ਸਾਰੇ ਦੇਸ਼ਾਂ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਢਾਹ ਲਗਾਈ ਹੈ, ਜਿਸ ਦੀ ਜ਼ੱਦ ਵਿਚ ਅੱਜ ਹੋਰ ਵੀ ਬਹੁਤ ਸਾਰੇ ਦੇਸ਼ ਆ ਗਏ ਹਨ। ਭਾਰਤ ਲਈ ਵੀ ਇਹ ਬੇਹੱਦ ਔਖਾ ਸਮਾਂ ਹੈ। ਅਮਰੀਕਾ ਨੇ ਵੀ ਹੁਣ ਹੋਰਮੁਜ਼ ਦੀ ਨਾਕਾਬੰਦੀ ਕਰਨ ਦਾ ਐਲਾਨ ਕਰ ਦਿੱਤਾ ਹੈ। ਦੁਨੀਆ ਦੇ ਵੱਡੇ ਦੇਸ਼ ਆਪੋ-ਆਪਣੇ ਢੰਗ ਨਾਲ ਇਸ ਸਥਿਤੀ ਬਾਰੇ ਪ੍ਰਤੀਕਰਮ ਪ੍ਰਗਟ ਕਰ ਰਹੇ ਹਨ।
ਟਰੰਪ ਨੇ ਇਹ ਵੀ ਦੋਸ਼ ਲਾਇਆ ਹੈ ਕਿ ਚੀਨ ਈਰਾਨ ਨੂੰ ਵੱਡੀ ਮਾਤਰਾ ਵਿਚ ਹਥਿਆਰ ਦੇ ਰਿਹਾ ਹੈ। ਰੂਸੀ ਰਾਸ਼ਟਰਪਤੀ ਪੁਤਿਨ ਨੇ ਈਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੂੰ ਫ਼ੋਨ ਕਰਕੇ ਕਿਹਾ ਹੈ ਕਿ ਉਹ ਇਸ ਲੜਾਈ ਵਿਚ ਵਿਚੋਲਗੀ ਕਰਨ ਲਈ ਤਿਆਰ ਹੈ। ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਤੋਂ 70 ਫ਼ੀਸਦੀ ਤੱਕ ਰੱਖਿਆ ਸਾਮਾਨ ਘੱਟ ਖਰੀਦਣ ਦਾ ਐਲਾਨ ਕੀਤਾ ਹੈ। ਇਕ ਪਾਸੇ ਪਾਕਿਸਤਾਨ ਅਮਰੀਕਾ ਤੇ ਈਰਾਨ ਵਿਚਕਾਰ ਵਿਚੋਲਗੀ ਕਰ ਰਿਹਾ ਹੈ, ਦੂਜੇ ਪਾਸੇ ਉਸ ਨੇ ਸਾਊਦੀ ਅਰਬ ਨੂੰ 13 ਹਜ਼ਾਰ ਫ਼ੌਜੀ ਅਤੇ 18 ਫਾਈਟਰ ਜੈੱਟ ਭੇਜਣ ਦਾ ਐਲਾਨ ਵੀ ਕੀਤਾ ਹੈ। ਲਿਬਨਾਨ 'ਤੇ ਬੰਬਾਰੀ ਜਾਰੀ ਰੱਖਦਿਆਂ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਹੈ ਕਿ ਈਰਾਨ ਦੇ ਖ਼ਿਲਾਫ਼ ਯੁੱਧ ਖ਼ਤਮ ਨਹੀਂ ਹੋਇਆ। ਲਗਾਤਾਰ ਅਜਿਹੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨਾਲ ਸਥਿਤੀ ਹੋਰ ਵੀ ਗੁੰਝਲਦਾਰ ਬਣਦੀ ਜਾ ਰਹੀ ਹੈ, ਜੋ ਵੱਡੇ ਵਿਨਾਸ਼ ਦਾ ਸੁਨੇਹਾ ਦਿੰਦੀ ਹੈ। ਅੱਜ ਹੋਰ ਅਜਿਹੇ ਸੰਭਾਵੀ ਵਿਨਾਸ਼ ਨੂੰ ਰੋਕਣਾ ਦੁਨੀਆ ਭਰ ਦੇ ਦੇਸ਼ਾਂ ਦਾ ਅਹਿਮ ਫ਼ਰਜ਼ ਬਣਦਾ ਹੈ। ਇਸ ਲਈ ਉਨ੍ਹਾਂ ਨੂੰ ਹੋਰ ਵੀ ਸਰਗਰਮ ਹੋਣ ਦੀ ਜ਼ਰੂਰਤ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ