ਅਮਰੀਕਾ ਤੇ ਈਰਾਨ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਿਆ ਅਤੇ ਇਸਲਾਮਾਬਾਦ 'ਚ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਵੈਂਸ ਇਹ ਆਖਦਿਆਂ ਵਾਪਸ ਚਲੇ ਗਏ ਕਿ ਉਨ੍ਹਾਂ ਨੇ 'ਅੰਤਿਮ ਤੇ ਸਭ ਤੋਂ ਵਧੀਆ ਪੇਸ਼ਕਸ਼' ਕੀਤੀ ਸੀ। ਦੂਜੇ ਪਾਸੇ ਈਰਾਨ ਨੂੰ ਪਹਿਲਾਂ ਹੀ ਗੱਲਬਾਤ ਦੀ ਸਫਲਤਾ ਬਾਰੇ ਸ਼ੱਕ ਸੀ, ਕਿਉਂਕਿ ਦੋ ਵਾਰ ਪਹਿਲਾਂ ਵੀ ਬਿਲਕੁਲ ਸਹੀ ਦਿਸ਼ਾ ਵਿਚ ਸਮਝੌਤੇ ਕੰਢੇ ਪਹੁੰਚਣ ਵਾਲੀ ਗੱਲਬਾਤ ਅਮਰੀਕਾ ਦੀ ਮੱਕਾਰੀ ਕਾਰਨ ਟੁੱਟ ਚੁੱਕੀ ਸੀ। ਜਦੋਂ ਜਨੇਵਾ 'ਚ ਦੂਜੀ ਵਾਰ ਗੱਲਬਾਤ ਹੋਈ ਸੀ ਤਾਂ ਇਸ 'ਚ ਸ਼ਾਮਿਲ ਬਰਤਾਨੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨਾਥਨ ਪਾਵੇਲ ਹੈਰਾਨ ਸਨ ਕਿ ਤਹਿਰਾਨ ਵਲੋਂ ਆਪਣੇ ਪ੍ਰਮਾਣੂ ਪ੍ਰੋਗਰਾਮ ਬਾਰੇ ਵਾਸ਼ਿੰਗਟਨ ਦੀਆਂ ਸਭ ਗੱਲਾਂ ਮੰਨ ਲਈਆਂ ਸਨ ਅਤੇ ਵਿਆਨਾ ਵਿਚ ਤਕਨੀਕੀ ਗੱਲਬਾਤ ਲਈ ਇਕ ਤਾਰੀਖ 'ਤੇ ਵੀ ਸਹਿਮਤੀ ਬਣ ਗਈ ਸੀ। ਫਿਰ ਵੀ ਅਮਰੀਕਾ ਤੇ ਇਜ਼ਰਾਈਲ ਨੇ 28 ਫਰਵਰੀ ਦੀ ਸਵੇਰ ਨੂੰ ਈਰਾਨ 'ਤੇ ਬੇਮਕਸਦ ਯੁੱਧ ਥੋਪਦਿਆਂ ਮੀਨਾਬ ਵਿਚ ਹਮਲਾ ਕਰਕੇ 168 ਸਕੂਲੀ ਵਿਦਿਆਰਥਣਾਂ ਨੂੰ ਮਾਰ ਦਿੱਤਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਭਾਰੀ ਤਬਾਹੀ ਅਤੇ ਆਪਣੀ ਉੱਚ ਲੀਡਰਸ਼ਿਪ ਗੁਆਉਣ ਦੇ ਬਾਵਜੂਦ ਤਹਿਰਾਨ ਅੱਜ ਵੀ ਵਾਸ਼ਿੰਗਟਨ ਦੀਆਂ 'ਗੈਰ-ਵਾਜਬ' ਮੰਗਾਂ ਨੂੰ ਠੁਕਰਾਉਣ ਦੀ ਸਥਿਤੀ ਵਿਚ ਹੈ। ਦੂਜੇ ਪਾਸੇ ਅਮਰੀਕਾ ਦੀਆਂ ਹੱਦਾਂ ਵੀ ਜੱਗ ਜ਼ਾਹਿਰ ਹੋ ਗਈਆਂ ਹਨ: ਉਹ ਹੁਣ ਦੂਜਿਆਂ 'ਤੇ ਆਪਣੀ ਮਨਮਾਨੀ ਥੋਪਣ ਦੀ ਸਥਿਤੀ ਵਿਚ ਨਹੀਂ ਹੈ, ਕਿਉਂਕਿ ਹੁਣ ਦੁਨੀਆ ਇਕ-ਧਰੁਵੀ ਨਹੀਂ ਰਹੀ ਹੈ। ਰੂਸ ਤੇ ਚੀਨ ਵੀ ਮਹਾਂਸ਼ਕਤੀਆਂ ਵਜੋਂ ਉੱਭਰ ਚੁੱਕੇ ਹਨ ਅਤੇ ਉਹ ਦੋਵੇਂ ਈਰਾਨ ਦੇ ਸਮਰਥਨ ਵਿਚ ਖੜ੍ਹੇ ਹਨ। ਈਰਾਨ ਅਨੁਸਾਰ ਅਮਰੀਕਾ ਗੱਲਬਾਤ ਤੋਂ ਭੱਜਣ ਦਾ ਬਹਾਨਾ ਲੱਭ ਰਿਹਾ ਸੀ।
ਹੁਣ ਡੋਨਾਲਡ ਟਰੰਪ ਦਾਅਵੇ ਕਰ ਰਿਹਾ ਹੈ ਕਿ ਵਾਸ਼ਿੰਗਟਨ ਜੰਗ ਜਿੱਤ ਚੁੱਕਾ ਹੈ ਅਤੇ ਉਨ੍ਹਾਂ ਦੇ ਦੋ ਜਹਾਜ਼ ਹੋਰਮੁਜ਼ 'ਚੋਂ ਸਮੁੰਦਰੀ ਬਾਰੂਦੀ ਸੁਰੰਗਾਂ ਨੂੰ 'ਕਲੀਅਰ' ਕਰਕੇ ਲੰਘ ਚੁੱਕੇ ਹਨ, ਪਰ ਈਰਾਨ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਹੋਰਮੁਜ਼ ਜਲਡਮਰੂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਫ਼ੌਜੀ ਜਹਾਜ਼ ਨੂੰ 'ਭਿਆਨਕ ਨਤੀਜਿਆਂ' ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ ਦੱਖਣੀ ਲਿਬਨਾਨ ਵਿਚ ਇਜ਼ਰਾਈਲੀ ਹਵਾਈ ਹਮਲਿਆਂ ਕਾਰਨ ਹਿਜ਼ਬੁੱਲਾ ਦੀ ਜਵਾਬੀ ਕਾਰਵਾਈ ਵੀ ਜਾਰੀ ਹੈ। ਪਰ ਅਮਰੀਕਾ ਤੇ ਈਰਾਨ ਵਿਚਕਾਰ ਪਿਛਲੇ 47 ਸਾਲਾਂ ਵਿਚ ਪਹਿਲੀ ਵਾਰ ਆਹਮੋ-ਸਾਹਮਣੇ ਹੋਈ ਉੱਚ-ਪੱਧਰੀ 21 ਘੰਟੇ ਦੀ ਅਹਿਮ ਗੱਲਬਾਤ ਟਕਰਾਅ ਤੇ ਬੇਭਰੋਸਗੀ ਦੇ ਮਾਹੌਲ ਵਿਚ ਬੇਸਿੱਟਾ ਖ਼ਤਮ ਹੋ ਗਈ ਹੈ। ਦਰਅਸਲ ਯੁੱਧ ਤੋਂ ਪਹਿਲਾਂ ਤੇ ਬਾਅਦ ਵਿਚ 'ਗੋਲਪੋਸਟ' ਬਦਲ ਚੁੱਕੇ ਹਨ, ਕਿਉਂਕਿ ਇਜ਼ਰਾਈਲ (ਮਤਲਬ ਬੈਂਜਾਮਿਨ ਨੇਤਨਯਾਹੂ) ਨਾ ਪਹਿਲਾਂ ਤੇ ਨਾ ਹੀ ਹੁਣ ਸ਼ਾਂਤੀ ਚਾਹੁੰਦਾ ਹੈ ਉਹ ਕਿਸੇ ਵੀ ਸਮਝੌਤੇ ਦੇ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਹੈ। ਜ਼ਿਕਰਯੋਗ ਹੈ ਕਿ ਜਨੇਵਾ ਗੱਲਬਾਤ ਮੁੱਖ ਤੌਰ 'ਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਕੇਂਦ੍ਰਿਤ ਸੀ, ਜਦਕਿ ਇਸਲਾਮਾਬਾਦ ਵਿਚ ਅਮਰੀਕਾ ਦੁਆਰਾ ਪੇਸ਼ ਕੀਤੇ ਗਏ 15 ਨੁਕਤਿਆਂ ਦੇ ਜਵਾਬ 'ਚ ਈਰਾਨ ਦੁਆਰਾ ਪੇਸ਼ ਕੀਤੇ ਗਏ 10 ਨੁਕਤਿਆਂ ਵਿਚ ਪ੍ਰਮਾਣੂ ਪ੍ਰੋਗਰਾਮ ਤੱਕ ਸੀਮਿਤ ਨਾ ਰਹਿੰਦਿਆਂ ਇਸ 'ਚ ਪਹਿਲੀ ਵਾਰ ਹੋਰਮੁਜ਼ ਜਲਡਮਰੂ ਨੂੰ ਸ਼ਾਮਿਲ ਕਰਨ ਸਮੇਤ ਸਾਰੇ ਮੋਰਚਿਆਂ 'ਤੇ ਇਕ ਵਿਆਪਕ ਜੰਗਬੰਦੀ ਦੀ ਮੰਗ ਕੀਤੀ ਗਈ ਸੀ। ਇਸ ਗੱਲਬਾਤ ਦੌਰਾਨ ਅਸਹਿਮਤੀ ਦਾ ਮੁੱਖ ਨੁਕਤਾ ਇਹ ਸੀ ਕਿ ਅਮਰੀਕਾ ਇਸ ਗੱਲ ਦਾ ਵਾਅਦਾ ਕਰਨ ਲਈ ਤਿਆਰ ਨਹੀਂ ਸੀ ਕਿ ਲਿਬਨਾਨ ਵਿਰੁੱਧ ਇਜ਼ਰਾਈਲ ਹਮਲੇ ਰੋਕ ਦੇਵੇਗਾ।
ਅਮਰੀਕਾ ਦੁਆਰਾ ਹੋਰਮੁਜ਼ ਦੀ ਸੁਰੱਖਿਆ ਨੂੰ ਲੈ ਕੇ ਜੋ ਸ਼ਰਤਾਂ ਰੱਖੀਆਂ ਸਨ, ਈਰਾਨ ਉਨ੍ਹਾਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਅਤੇ ਵਿਵਾਦ ਦੇ ਇਹ ਨੁਕਤੇ ਅੰਤ ਵਿਚ ਮੁੱਖ ਅੜਿੱਕੇ ਬਣ ਗਏ। ਇਹ ਗੱਲਬਾਤ ਇਸ ਲਈ ਵੀ ਵਿਚਾਲੇ ਟੁੱਟੀ ਹੈ, ਕਿਉਂਕਿ ਇਜ਼ਰਾਈਲ ਵਲੋਂ ਬੇਰੂਤ 'ਤੇ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਤੇ ਬੰਬਾਰੀ 'ਚ ਸੈਂਕੜੇ ਨਿਰਦੋਸ਼ ਲੋਕ ਮਾਰੇ ਗਏ ਹਨ। ਇਨ੍ਹਾਂ ਹਮਲਿਆਂ ਦੀ ਅੰਤਰਰਾਸ਼ਟਰੀ ਪੱਧਰ 'ਤੇ ਵਿਆਪਕ ਨਿੰਦਾ ਹੋਈ ਹੈ ਅਤੇ ਇਸ ਨੂੰ ਜੰਗਬੰਦੀ ਦੀ ਉਲੰਘਣਾ ਵਜੋਂ ਦੇਖਿਆ ਗਿਆ ਹੈ। ਦਰਅਸਲ ਇਸ 'ਡੀਲ' ਲਈ ਮੁੱਖ ਚੁਣੌਤੀ ਇਜ਼ਰਾਈਲ ਤੋਂ ਆਉਣ ਦੀ ਉਮੀਦ ਸੀ, ਕਿਉਂਕਿ ਨੇਤਨਯਾਹੂ ਨੇ ਦੋ ਹਫ਼ਤਿਆਂ ਦੀ ਜੰਗਬੰਦੀ ਖ਼ਿਲਾਫ਼ ਗੁੱਸੇ ਭਰੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਇਸ ਯੁੱਧ ਦਾ ਮੁੱਖ ਉਦੇਸ਼ ਈਰਾਨ ਵਿਚ 'ਸੱਤਾ ਤਬਦੀਲੀ' ਕਰਵਾਉਣਾ ਸੀ, ਜੋ ਨਹੀਂ ਹੋ ਸਕੀ। ਜਦੋਂ ਅਮਰੀਕਾ ਨੇ ਈਰਾਨ ਦੇ ਮੌਜੂਦਾ ਸ਼ਾਸਕਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਤਾਂ ਸਪੱਸ਼ਟ ਹੋ ਗਿਆ ਸੀ ਕਿ ਇਜ਼ਰਾਈਲ ਵਲੋਂ ਐਲਾਨਿਆ ਗਿਆ ਰਣਨੀਤਕ ਉਦੇਸ਼ ਪ੍ਰਾਪਤ ਨਹੀਂ ਹੋ ਸਕਿਆ। ਇਸੇ ਲਈ ਅਮਰੀਕਾ ਦੇ ਜੰਗਬੰਦੀ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਨੇ ਈਰਾਨ ਨੂੰ ਭੜਕਾਉਣ ਤੇ ਜੰਗਬੰਦੀ ਨੂੰ ਅਸਫਲ ਬਣਾਉਣ ਲਈ ਬੇਰੂਤ 'ਚ ਨਾਗਰਿਕਾਂ 'ਤੇ ਬੰਬਾਰੀ ਸ਼ੁਰੂ ਕਰ ਦਿੱਤੀ। ਪਰ ਈਰਾਨ ਨੇ ਜੰਗਬੰਦੀ ਨੂੰ ਬਰਕਰਾਰ ਰੱਖਦਿਆਂ ਐਲਾਨ ਕਰ ਦਿੱਤਾ ਕਿ ਉਹ ਲਿਬਨਾਨ ਵਿਚ ਆਪਣੇ ਸਹਿਯੋਗੀਆਂ ਨੂੰ ਇਕੱਲੇ ਨਹੀਂ ਛੱਡੇਗਾ। ਇਸ ਦੌਰਾਨ ਇਟਲੀ, ਸਪੇਨ ਤੇ ਆਸਟ੍ਰੇਲੀਆ ਨੇ ਵੀ ਇਜ਼ਰਾਈਲੀ ਬੰਬਾਰੀ ਦੀ ਨਿੰਦਾ ਕਰਦਿਆਂ ਸਭ ਨੂੰ ਜੰਗਬੰਦੀ ਦਾ ਸਨਮਾਨ ਕਰਨ ਲਈ ਕਿਹਾ ਹੈ। ਖਾੜੀ ਸਹਿਯੋਗ ਪ੍ਰੀਸ਼ਦ (ਜੀ.ਸੀ.ਸੀ.) ਵੀ ਜੰਗਬੰਦੀ ਜਾਰੀ ਰੱਖਣ ਤੇ ਕੋਈ ਸ਼ਾਂਤੀਪੂਰਨ ਹੱਲ ਲੱਭਣ ਲਈ ਯਤਨ ਜਾਰੀ ਰੱਖਣ ਦੇ ਪੱਖ 'ਚ ਹੈ, ਹਾਲਾਂਕਿ ਈਰਾਨ ਤੇ ਯੂ.ਏ.ਈ ਵਿਚਕਾਰ ਲਗਾਤਾਰ ਬੇਭਰੋਸਗੀ ਵੀ ਕਾਇਮ ਹੈ।
ਇੱਥੇ ਦੋ ਹੋਰ ਨੁਕਤੇ ਸਮਝਣੇ ਜ਼ਰੂਰੀ ਹਨ। ਪਹਿਲਾਂ ਇਜ਼ਰਾਈਲੀ ਸੰਸਦ ਮੈਂਬਰ ਨਾਮਾ ਲਾਜ਼ੀਮੀ ਨੇ ਦੋਸ਼ ਲਗਾਇਆ ਹੈ ਕਿ ਨੇਤਨਯਾਹੂ ਨੇ ਜਾਣਬੁੱਝ ਕੇ 7 ਅਕਤੂਬਰ ਨੂੰ ਹਮਾਸ ਦਾ ਹਮਲਾ ਹੋਣ ਦਿੱਤਾ, ਤਾਂ ਜੋ ਉਹ ਜੰਗ ਸ਼ੁਰੂ ਕਰਕੇ ਅਦਾਲਤ ਵਿਚ ਪੇਸ਼ ਹੋਣ ਤੋਂ ਬਚ ਸਕੇ, ਜਿੱਥੇ ਨੇਤਨਯਾਹੂ ਤੇ ਉਸ ਦੀ ਪਤਨੀ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਕਈ ਹੋਰ ਮਾਮਲਿਆਂ ਦੇ ਮੁਕੱਦਮੇ ਚੱਲ ਰਹੇ ਹਨ। ਇਸੇ ਕਾਰਨ ਨੇਤਨਯਾਹੂ ਪਹਿਲਾਂ ਵੀ ਕਈ ਵਾਰ ਸਮਝੌਤਿਆਂ ਤੇ ਗੱਲਬਾਤਾਂ ਨੂੰ ਤੋੜ ਚੁੱਕਾ ਹੈ। ਉਦਾਹਰਨ ਵਜੋਂ 9 ਸਤੰਬਰ, 2025 ਨੂੰ ਉਸ ਨੇ ਦੋਹਾ ਵਿਚ ਹਮਾਸ ਦੀ ਗੱਲਬਾਤ ਕਰਨ ਵਾਲੀ ਟੀਮ 'ਤੇ ਹੀ ਹਮਲਾ ਕਰਵਾ ਦਿੱਤਾ ਸੀ, ਜਿਸ ਵਿਚ 5 ਲੋਕ ਮਾਰੇ ਗਏ ਸਨ। ਇਸ ਤੋਂ ਪਹਿਲਾਂ ਨੇਤਨਯਾਹੂ ਨੇ ਨਿਆਂਪਾਲਿਕਾ ਨੂੰ ਕੰਟਰੋਲ ਕਰਨ ਲਈ ਇਕ ਬਿੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਇਜ਼ਰਾਈਲ ਵਿਚ ਸਖ਼ਤ ਜਨਤਕ ਵਿਰੋਧ ਹੋਣ ਕਾਰਨ ਉਸ ਨੂੰ ਉਕਤ ਬਿੱਲ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਨੇਤਨਯਾਹੂ ਨੇ ਫਿਰ ਟਰੰਪ ਰਾਹੀਂ ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ 'ਤੇ ਆਪਣੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਵਾਪਸ ਲੈਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਿਹਾ। ਇਕ ਵਾਰ ਜਦੋਂ ਇਹ ਯੁੱਧ ਖ਼ਤਮ ਹੋਇਆ ਤਾਂ ਨੇਤਨਯਾਹੂ ਸਿਰਫ਼ ਆਪਣਾ ਅਹੁਦਾ ਹੀ ਨਹੀਂ ਗੁਆਏਗਾ, ਸਗੋਂ ਉਹ ਆਪਣੀ ਪਤਨੀ ਸਮੇਤ ਜੇਲ੍ਹ ਜਾਵੇੇਗਾ। ਲਾਜ਼ੀਮੋ ਅਨੁਸਾਰ ਨੇਤਨਯਾਹੂ ਖ਼ੁਦ ਨੂੰ ਬਚਾਉਣ ਲਈ ਇਜ਼ਰਾਈਲ ਨੂੰ ਲਗਾਤਾਰ ਜੰਗਾਂ ਵਿਚ ਘਸੀਟ ਰਹੇ ਹਨ। ਦੂਜਾ ਅਮਰੀਕਾ ਤੇ ਈਰਾਨ ਵਿਚਕਾਰ ਤਿੰਨੋਂ ਵਾਰ ਅਸਫਲ ਹੋਈ ਗੱਲਬਾਤ ਦੌਰਾਨ ਟਰੰਪ ਦਾ ਯਹੂਦੀ ਜਵਾਈ ਜੈਰੇਡ ਕੁਸ਼ਨਰ ਤੇ ਟਰੰਪ ਦਾ ਕਰੀਬੀ ਦੋਸਤ ਰੀਅਲ ਅਸਟੇਟ ਨਿਵੇਸ਼ਕ ਸਟੀਵ ਵਿਟਕੌਫ ਦੋਵੇਂ ਸ਼ਾਮਿਲ ਰਹੇ ਹਨ ਅਤੇ ਇਹ ਦੋਵੇਂ ਨੇਤਨਯਾਹੂ ਦੇ ਬਹੁਤ ਨੇੜੇ ਹਨ। ਅਮਰੀਕੀ ਮਾਹਰਾਂ ਦੇ ਅਨੁਸਾਰ ਇਹ ਦੋਵੇਂ ਨੇਤਨਯਾਹੂ ਲਈ ਕੰਮ ਕਰਦੇ ਹਨ, ਭਾਵੇਂ ਇਨ੍ਹਾਂ ਨੂੰ ਅਮਰੀਕੀ ਪ੍ਰਸ਼ਾਸਨ ਜਾਂ ਕੂਟਨੀਤੀ ਬਾਰੇ ਕੋਈ ਤਜਰਬਾ ਨਹੀਂ ਹੈ। ਅਜਿਹੀ ਸਥਿਤੀ ਵਿਚ ਇਸਲਾਮਾਬਾਦ ਗੱਲਬਾਤ ਦਾ ਅਸਫਲ ਹੋਣਾ ਤੈਅ ਹੀ ਸੀ।
ਹਾਲਾਂਕਿ ਹੁਣ ਗੱਲਬਾਤ ਜਾਰੀ ਰੱਖਣ ਲਈ ਵਿਸ਼ਵ ਵਿਆਪੀ ਦਬਾਅ ਬਣ ਰਿਹਾ ਹੈ; ਕਿਉਂਕਿ ਹਰ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ। ਅਮਰੀਕਾ 'ਚ ਵੀ ਯੁੱਧ ਦਾ ਜਨਤਕ ਵਿਰੋਧ ਤੇ ਟਰੰਪ ਨੂੰ ਹਟਾਉਣ ਲਈ ਧਾਰਾ 25 ਨੂੰ ਲਾਗੂ ਕਰਨ ਦੀ ਮੁਹਿੰਮ ਤੇਜ਼ ਹੋ ਰਹੀ ਹੈ। ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਅਨੁਸਾਰ ਪਾਕਿਸਤਾਨੀ ਫ਼ੌਜੀ ਬਲ ਸੰਯੁਕਤ ਰਣਨੀਤਕ ਰੱਖਿਆ ਸਮਝੌਤੇ ਦੇ ਤਹਿਤ ਉਸ ਦੇ ਪੂਰਬੀ ਖੇਤਰ ਵਿਚ ਕਿੰਗ ਅਬਦੁਲ ਅਜ਼ੀਜ਼ ਏਅਰ ਬੇਸ ਦੀ ਰੱਖਿਆ ਲਈ ਪਹੁੰਚ ਗਏ ਹਨ। ਇਸ ਤੋਂ ਸਪੱਸ਼ਟ ਪਤਾ ਚੱਲਦਾ ਹੈ ਕਿ ਸਾਊਦੀ ਅਰਬ ਵੀ ਅਮਰੀਕਾ 'ਤੇ ਆਪਣੀ ਰੱਖਿਆ ਨਿਰਭਰਤਾ ਨੂੰ ਘਟਾਉਂਦੇ ਹੋਏ ਈਰਾਨ ਨਾਲ ਸੰਬੰਧਾਂ ਨੂੰ ਸੁਧਾਰਨ ਲਈ ਤਿਆਰ ਹੈ, ਜਦਕਿ ਚੀਨ ਨੇ ਈਰਾਨ ਨੂੰ ਹਵਾਈ ਰੱਖਿਆ ਪ੍ਰਣਾਲੀਆਂ ਪ੍ਰਦਾਨ ਕੀਤੀਆਂ ਹਨ। ਇਸ ਦੌਰਾਨ ਟਰੰਪ ਦਾਅਵੇ ਕਰ ਰਿਹਾ ਹੈ ਕਿ ਉਹ ਵੈਨੇਜ਼ੁਏਲਾ ਵਾਂਗ ਈਰਾਨ ਖ਼ਿਲਾਫ਼ ਵੀ ਜਲ ਸੈਨਾ ਰਾਹੀਂ ਨਾਕਾਬੰਦੀ ਕਰਕੇ ਆਪਣੀਆਂ ਮੰਗਾਂ ਮੰਨਣ ਲਈ ਉਸ ਨੂੰ ਮਜਬੂਰ ਕਰ ਦੇਵੇਗਾ। ਹਾਲਾਂਕਿ ਟਰੰਪ ਨੂੰ ਖ਼ੁਦ ਯਾਦ ਨਹੀਂ ਰਹਿੰਦਾ ਕਿ ਉਹ ਕੀ ਕਹਿੰਦੇ ਹਨ ਤੇ ਕੀ ਕਰਦੇ ਹਨ। ਇਸ ਲਈ ਅਜੇ ਸਭ ਕੁਝ ਅਨਿਸ਼ਚਿਤ ਹੈ।
-(ਲੇਖਕ ਇਕ ਸੀਨੀਅਰ ਪੱਤਰਕਾਰ ਹੈ)
ਇਮੇਜ ਰਿਫਲੈਕਸ਼ਨ ਸੈਂਟਰ