ਵਾਯੂਮੰਡਲ ਦੀ ਜੀਵਨ ਵਿਚ ਮਹੱਤਤਾ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਵਾਯੂਮੰਡਲ ਦੀ ਰਚਨਾ ਵਿਚ ਸਭ ਤੋਂ ਮਹੱਤਵਪੂਰਨ ਪਹਿਲੂ ਇਸ ਦਾ ਵੱਖਰੀਆਂ-ਵੱਖਰੀਆਂ ਤਹਿਆਂ ਵਿਚ ਵੰਡਿਆ ਹੋਣਾ ਹੈ। ਇਸ ਦੀ ਸਭ ਤੋਂ ਹੇਠਲੀ ਤਹਿ ਅਜਿਹੀ ਹੈ ਜਿਸ ਵਿਚ ਸਾਰੇ ਕੁਦਰਤੀ ਵਰਤਾਰੇ ਜਿਵੇਂ ਕਿ ਹਵਾ, ਭੂਮੀ, ਬੱਦਲ, ਮੀਂਹ ਆਦਿ ਦੀ ਉਤਪਤੀ ਹੁੰਦੀ ਹੈ। ਇਸ ਵਿਚ ਪਾਈਆਂ ਜਾਣ ਵਾਲੀਆਂ ਗੈਸਾਂ ਨਾਈਟਰੋਜਨ, ਆਕਸੀਜਨ ਤੇ ਕਾਰਬਨ ਡਾਇਆਕਸਾਈਡ ਦੀ ਹੋਂਦ ਧਰਤੀ 'ਤੇ ਪੌਦੇ ਤੇ ਪ੍ਰਾਣੀਆਂ ਦੀ ਹੋਂਦ ਲਈ ਜ਼ਿੰਮੇਵਾਰ ਹੈ। ਇਨ੍ਹਾਂ ਗੈਸਾਂ ਦੀ ਅਣਹੋਂਦ ਵਿਚ ਪੌਦਿਆਂ ਤੇ ਪ੍ਰਾਣੀਆਂ ਲਈ ਆਪਣਾ ਭੋਜਨ ਤਿਆਰ ਕਰਨਾ ਅਸੰਭਵ ਹੋਵੇਗਾ। ਵਾਯੂਮੰਡਲ ਵਿਚ ਪਾਏ ਜਾਣ ਵਾਲੇ ਤੱਤਾਂ, ਧੂੜ-ਕਣਾਂ ਆਦਿ ਕਾਰਨ ਹੀ ਸੰਭਵ ਹੈ ਕਿ ਸੂਰਜੀ ਊਰਜਾ ਦਾ ਬਹੁਤ ਵੱਡਾ ਹਿੱਸਾ ਇਨ੍ਹਾਂ ਨਾਲ ਟਕਰਾ ਕੇ ਵਾਪਸ ਖਲਾਅ ਵਿਚ ਚਲਾ ਜਾਦਾ ਹੈ ਤੇ ਧਰਤੀ 'ਤੇ ਸੂਰਜੀ ਊਰਜਾ ਨਿਯਮਿਤ ਰੂਪ ਵਿਚ ਪਹੁੰਚਦੀ ਹੈ। ਇਸੇ ਤਰ੍ਹਾਂ ਰਾਤ ਦੇ ਸਮੇਂ ਜਦੋਂ ਧਰਤੀ ਊਰਜਾ ਛੱਡ ਰਹੀ ਹੁੰਦੀ ਹੈ ਤਾਂ ਇਹ ਬੱਦਲ, ਜਲਵਾਸ਼ਪ, ਧੂੜ, ਕਣ ਆਦਿ ਇਸ ਊਰਜਾ ਨੂੰ ਖਲਾਅ ਵਿਚ ਜਾਣ ਤੋਂ ਰੋਕਦੇ ਹਨ ਤੇ ਧਰਤੀ ਦੇ ਤਾਪਮਾਨ ਨੂੰ ਅਸਹਿ ਹਾਲਾਤ ਤੱਕ ਡਿੱਗਣ ਤੋਂ ਬਚਾਉਂਦੇ ਹਨ। ਵਾਯੂਮੰਡਲ 'ਚ ਇਨ੍ਹਾਂ ਤੱਤਾਂ ਦੀ ਅਣਹੋਂਦ ਨਾਲ ਧਰਤੀ 'ਤੇ ਦਿਨ ਤੇ ਰਾਤ ਦੇ ਸਮੇਂ ਦੇ ਤਾਪਮਾਨ 'ਚ ਸੈਂਕੜੇ ਡਿਗਰੀ ਸੈਂਟੀਗਰੇਡ ਫ਼ਰਕ ਹੋਣਾ ਸੀ, ਜਿਸ ਕਾਰਨ ਪ੍ਰਾਣੀ ਤੇ ਪੌਦਾ ਜੀਵਨ ਸੰਭਵ ਨਹੀਂ ਸੀ ਹੋਣਾ। ਵਾਯੂਮੰਡਲ ਵਿਚ ਪਾਈਆਂ ਜਾਣ ਵਾਲੀਆਂ ਹੋਰ ਅਸ਼ੁੱਧੀਆਂ ਜਿਵੇਂ ਕਿ ਸਨਅਤੀ ਰਹਿੰਦ-ਖੂੰਹਦ ਵੀ ਕੁਝ ਔਗੁਣ ਰੱਖਦੇ ਹਨ ਤੇ ਇਸੇ ਕਾਰਨ ਹੀ ਇਨ੍ਹਾਂ ਦੀ ਵਧ ਰਹੀ ਮਾਤਰਾ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਵਾਯੂਮੰਡਲ ਦਾ ਦੂਸਰਾ ਅਹਿਮ ਗੁਣ ਜੋ ਇਸ ਨੂੰ 'ਜੀਵਨਦਾਤਾ' ਦਾ ਸਿਹਰਾ ਦਿੰਦਾ ਹੈ, ਇਸ ਦੀ ਸੂਰਜੀ ਊਰਜਾ ਦੇ ਉਨ੍ਹਾਂ ਹਿੱਸਿਆਂ ਨੂੰ ਸੋਖਣਾ ਜਾਂ ਜਜ਼ਬ ਕਰਨਾ ਹੈ ਜੋ ਧਰਤੀ ਉੱਪਰਲੇ ਪ੍ਰਾਣੀ ਤੇ ਪੌਦਾ ਜੀਵਨ ਲਈ ਘਾਤਕ ਸਿੱਧ ਹੋ ਸਕਦੇ ਹਨ। ਵਾਯੂਮੰਡਲ ਵਿਚ ਪਾਇਆ ਜਾਣ ਵਾਲਾ 'ਓਜ਼ੋਨ ਮੰਡਲ' ਇਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਓਜ਼ੋਨ ਮੰਡਲ ਦੀ ਮਹੱਤਤਾ ਬਾਰੇ ਤਾਂ ਮਾਹਿਰਾਂ ਨੇ ਇੱਥੋਂ ਤੱਕ ਕਿਹਾ ਹੈ ਕਿ ਧਰਤੀ 'ਤੇ ਵਿਕਾਸ ਦੀ ਸ਼ੁਰੂਆਤ ਹੀ 'ਓਜ਼ੋਨ ਮੰਡਲ' ਦੀ ਰਚਨਾ ਦੇ ਬਾਅਦ ਸ਼ੁਰੂ ਹੋਈ। ਇਹ ਮੰਡਲ ਸੂਰਜੀ ਊਰਜਾ ਦੇ ਪਰਾ-ਵੈਂਗਣੀ ਭਾਗ ਦਾ ਬਹੁਤਾ ਹਿੱਸਾ ਆਪਣੇ-ਆਪ ਵਿਚ ਜਜ਼ਬ ਕਰ ਲੈਂਦਾ ਹੈ। ਇਹ ਸੋਖਣ ਕਿਰਿਆ ਓਜ਼ੋਨ ਤੇ ਆਕਸੀਜਨ ਦੀ ਵਾਯੂਮੰਡਲ ਵਿਚ ਹੋਂਦ ਕਾਰਨ ਹੀ ਸੰਭਵ ਹੈ। ਪਰਾ-ਵੈਂਗਣੀ ਕਿਰਨਾਂ ਧਰਤੀ 'ਤੇ ਜੀਵਨ ਵਿਚ ਕਈ ਵਿਕਾਰ ਖੜ੍ਹੇ ਕਰ ਸਕਦੀਆਂ ਸਨ ਜਿਵੇਂ ਕਿ ਚਮੜੀ ਦਾ ਕੈਂਸਰ, ਡੀ.ਐਨ.ਏ 'ਚ ਘਾਤਕ ਤਬਦੀਲੀਆਂ ਆਦਿ। ਮੌਜੂਦਾ ਸਮੇਂ ਵਿਚ ਸਨਅਤੀ ਤੇ ਦੂਸਰੇ ਕਈ ਤਰ੍ਹਾਂ ਦੇ ਪ੍ਰਦੂਸ਼ਣ ਕਾਰਨ ਓਜ਼ੋਨ ਮੰਡਲ ਦੀ ਰਚਨਾ 'ਚ ਤਬਦੀਲੀ ਜਾਂ ਇਸ ਨੂੰ ਨੁਕਸਾਨ ਵੀ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਾਯੂਮੰਡਲ ਦੀ ਖ਼ਾਸ ਖ਼ੂਬੀ ਇਹ ਵੀ ਹੈ ਕਿ ਇਹ ਖਲਾਅ ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਟੁੱਟਦੇ ਤਾਰਿਆਂ ਨੂੂੰ ਧਰਤੀ 'ਤੇ ਪਹੁੰਚਣ ਤੋਂ ਰੋਕਦਾ ਹੈ। ਇਹ ਟੁੱਟਦੇ ਤਾਰੇ ਵਾਯੂਮੰਡਲ ਨਾਲ ਟਕਰਾ ਕੇ ਰਸਤੇ 'ਚ ਰਗੜ ਬਲ ਨਾਲ ਹੀ ਨਸ਼ਟ ਹੋ ਜਾਂਦੇ ਹਨ ਤੇ ਧਰਤੀ 'ਤੇ ਹੋਣ ਵਾਲੇ ਨੁਕਸਾਨ ਤੋਂ ਬਚਾਅ ਹੋ ਜਾਂਦਾ ਹੈ, ਜੋ ਖ਼ੁਸ਼ਕਿਸਮਤੀ ਵਾਲੀ ਗੱਲ ਹੈ। ਵਾਯੂਮੰਡਲ ਦੀ ਇਕ ਵਿਸ਼ੇਸਤਾ ਇਹ ਵੀ ਹੈ ਕਿ ਇਹ ਧਰਤੀ 'ਤੇ ਪ੍ਰਾਣੀਆਂ ਦੀ ਰੋਜ਼ਮਰ੍ਹਾ ਜ਼ਿੰਦਗੀ ਵਿਚ ਮਦਦਗਾਰ ਹੈ, ਜਿਵੇਂ ਕਿ ਇਸ ਦਾ ਦੂਰਸੰਚਾਰ ਵਿਚ ਯੋਗਦਾਨ। ਵਾਯੂਮੰਡਲ ਦੇ ਓਜ਼ੋਨ ਮੰਡਲ ਕਾਰਨ ਹੀ ਸੰਭਵ ਹੋ ਸਕਿਆ ਹੈ ਕਿ ਅਸੀਂ ਮੌਜੂਦਾ ਤਕਨੀਕੀ ਯੁੱਗ 'ਚ ਰੇਡੀਓ, ਟੈਲੀਵਿਜ਼ਨ ਜਾਂ ਟੈਲੀਫ਼ੋਨ ਵਰਗੀਆਂ ਸਹੂਲਤਾਂ ਦਾ ਅਨੰਦ ਮਾਣ ਰਹੇ ਜਾਂ ਕਿਉਂਕਿ ਓਜ਼ੋਨ ਮੰਡਲ ਹੀ ਆਵਾਜ਼ ਤੇ ਤਸਵੀਰ ਤਰੰਗਾਂ ਨੂੰ ਤਬਦੀਲ ਕਰ ਕੇ ਧਰਤੀ 'ਤੇ ਵਾਪਸ ਭੇਜਦਾ ਹੈ ਤੇ ਦੂਰਸੰਚਾਰ ਨੂੰ ਸੰਭਵ ਬਣਾਉਂਦਾ ਹੈ।
ਉਪਰੋਕਤ ਗੁਣਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਵਾਯੂਮੰਡਲ ਆਪਣੇ ਖ਼ਾਸ ਗੁਣਾਂ ਤੇ ਰਚਨਾ ਕਰ ਕੇ ਧਰਤੀ ਲਈ 'ਜੀਵਨਦਾਤਾ' ਅਖਵਾਉਣ ਦਾ ਹੱਕਦਾਰ ਹੈ ਅਤੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਅਹਿਮ ਯੋਗਦਾਨ ਨਿਭਾਉਂਦਾ ਹੈ। ਕਿਸੇ ਹੋਂਦ ਗ੍ਰਹਿ ਜਾਂ ਉਪ-ਗ੍ਰਹਿ 'ਤੇ ਜੀਵਨ ਦਾ ਨਾ ਪਾਇਆ ਜਾਣਾ, ਉੱਥੇ ਮੁਨਾਸਿਬ ਵਾਯੂਮੰਡਲ ਦੀ ਅਣਹੋਂਦ ਕਾਰਨ ਹੀ ਹੈ। ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਡੇ ਕੋਲ ਯੋਗ ਵਾਯੂਮੰਡਲ ਦੀ ਉਪਲਬਧਤਾ ਹੈ ਅਤੇ ਇਸੇ ਕਾਰਨ ਧਰਤੀ 'ਤੇ ਪੌਦਿਆਂ ਤੇ ਪ੍ਰਾਣੀਆਂ ਦੇ ਜੀਵਨ ਦੀ ਉਤਪਤੀ ਹੋ ਸਕੀ ਹੈ। ਹੁਣ ਲੋੜ ਹੈ ਕਿ ਇਸ 'ਜੀਵਨਦਾਤਾ' ਨੂੰ ਆਪਣੇ ਸਵਾਰਥਾਂ ਖ਼ਾਤਰ ਪ੍ਰਦੂਸ਼ਿਤ ਨਾ ਕਰੀਏ ਤਾਂ ਕਿ ਆਉਣ ਵਾਲੀਆਂ ਅਣਗਿਣਤ ਪੀੜ੍ਹੀਆਂ ਲਈ ਵੀ ਇਹ 'ਜੀਵਨਦਾਤਾ' ਦਾ ਕਿਰਦਾਰ ਨਿਭਾਉਂਦਾ ਰਹੇ।
-ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ।
ਮੋਬਾਈਲ : 81462-55300