ਪਿਛਲੇ ਲੰਮੇ ਸਮੇਂ ਤੋਂ ਚਰਚਿਤ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਵੱਡੀ ਪੱਧਰ 'ਤੇ ਚਰਚਾ ਹੁੰਦੀ ਆ ਰਹੀ ਸੀ। ਇਨ੍ਹਾਂ ਚੋਣਾਂ ਲਈ ਬੀਤੇ ਦਿਨ ਪਈਆਂ ਵੋਟਾਂ ਦੌਰਾਨ ਵੋਟਰਾਂ ਦਾ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਪੱਛਮੀ ਬੰਗਾਲ ਵਿਚ ਇਹ ਚੋਣਾਂ ਦੋ ਪੜਾਵਾਂ ਵਿਚ ਹੋ ਰਹੀਆਂ ਹਨ। ਦੂਸਰੇ ਪੜਾਅ ਦੀਆਂ ਚੋਣਾਂ 29 ਅਪ੍ਰੈਲ ਨੂੰ ਹੋਣਗੀਆਂ। ਇਸ ਮਹੀਨੇ ਵਿਚ ਪਹਿਲਾਂ ਅਸਾਮ, ਕੇਰਲਾ ਅਤੇ ਪੁਡੂਚੇਰੀ ਵਿਚ ਚੋਣਾਂ ਹੋ ਚੁੱਕੀਆਂ ਹਨ। ਪੰਜਾਂ ਰਾਜਾਂ ਦੀਆਂ ਚੋਣਾਂ ਦੇ ਨਤੀਜੇ 4 ਮਈ ਨੂੰ ਸਾਹਮਣੇ ਆਉਣਗੇ। ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਇਸ ਲਈ ਵੱਡੀ ਦਿਲਚਸਪੀ ਬਣੀ ਰਹੀ ਹੈ ਕਿਉਂਕਿ ਮਮਤਾ ਬੈਨਰਜੀ ਦੀ ਅਗਵਾਈ ਵਿਚ ਪਿਛਲੇ 15 ਸਾਲ ਤੋਂ ਤ੍ਰਿਣਮੂਲ ਕਾਂਗਰਸ ਪ੍ਰਸ਼ਾਸਨ ਚਲਾ ਰਹੀ ਹੈ। ਇਸ ਪਾਰੀ ਵਿਚ ਚਾਹੇ ਮਮਤਾ ਨੂੰ ਅਨੇਕਾਂ ਤਰ੍ਹਾਂ ਦੀਆਂ ਚੁਣੌਤੀਆਂ 'ਚੋਂ ਗੁਜ਼ਰਨਾ ਪਿਆ ਪਰ ਇਸ ਸਾਰੇ ਸਮੇਂ ਵਿਚ ਉਸ ਨੇ ਹੌਸਲਾ ਅਤੇ ਹਿੰਮਤ ਜ਼ਰੂਰ ਬਣਾਈ ਰੱਖੀ ਹੈ। ਭਾਵੇਂ ਇਸ ਵਾਰ ਵੀ ਚੋਣ ਮੈਦਾਨ ਵਿਚ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਉਤਰੀਆਂ ਹੋਈਆਂ ਹਨ। ਭਾਵੇਂ ਕਾਂਗਰਸ ਰਾਜ ਦੀਆਂ ਸਾਰੀਆਂ ਹੀ 294 ਸੀਟਾਂ 'ਤੇ ਚੋਣ ਲੜੀ ਰਹੀ ਹੈ, ਪਰ ਫਿਰ ਵੀ ਮੁੱਖ ਮੁਕਾਬਲਾ ਮਮਤਾ ਦੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਕਾਰ ਹੁੰਦਾ ਹੀ ਦਿਖਾਈ ਦੇ ਰਿਹਾ ਹੈ।
ਭਾਜਪਾ ਨੇ ਰਾਜ ਦੀਆਂ ਇਨ੍ਹਾਂ ਚੋਣਾਂ ਵਿਚ ਇਕ ਤਰ੍ਹਾਂ ਨਾਲ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਇਸ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੋਧਾਈ (ਐਸ.ਆਈ.ਆਰ.) ਦੀ ਵੱਡੀ ਪੱਧਰ 'ਤੇ ਚਰਚਾ ਚਲਦੀ ਰਹੀ ਹੈ ਅਤੇ ਮਮਤਾ ਲਗਾਤਾਰ ਕੇਂਦਰ ਦੀ ਭਾਜਪਾ ਸਰਕਾਰ 'ਤੇ ਅਤੇ ਚੋਣ ਕਮਿਸ਼ਨ 'ਤੇ ਇਸ ਮਸਲੇ 'ਤੇ ਪੱਖਪਾਤੀ ਹੋਣ ਦੇ ਦੋਸ਼ ਵੀ ਲਗਾਉਂਦੀ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਮਮਤਾ ਦਾ ਕੇਂਦਰ ਨਾਲ ਬਹੁਤ ਸਾਰੇ ਮਸਲਿਆਂ 'ਤੇ ਵੱਡਾ ਤਣਾਅ ਬਣਿਆ ਰਿਹਾ ਹੈ, ਜਿਸ ਕਰਕੇ ਬਹੁਤੀਆਂ ਕੇਂਦਰੀ ਸਹਾਇਤਾ ਨਾਲ ਚੱਲਣ ਵਾਲੀਆਂ ਯੋਜਨਾਵਾਂ ਲਈ ਵੱਡੀਆਂ ਰਕਮਾਂ ਤੋਂ ਇਹ ਸੂਬਾ ਵਿਰਵਾ ਰਿਹਾ ਹੈ। ਬਿਨਾਂ ਸ਼ੱਕ 15 ਸਾਲ ਦੇ ਸ਼ਾਸਨ ਵਿਚ ਸਰਕਾਰ ਵਿਰੋਧੀ ਭਾਵਨਾ ਭਾਰੂ ਹੋਈਆਂ ਦਿਖਾਈ ਦਿੰਦੀਆਂ ਹਨ। ਸੂਬੇ ਵਿਚ ਬੇਰੁਜ਼ਗਾਰੀ ਵੀ ਵਧੀ ਹੈ ਅਤੇ ਸਨਅਤੀ ਖੇਤਰ ਵੀ ਵਿਕਾਸ ਤੋਂ ਵਾਂਝਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਭਾਜਪਾ ਪੂਰਾ ਲਾਭ ਉਠਾਉਣ ਦਾ ਯਤਨ ਵੀ ਕਰ ਰਹੀ ਹੈ, ਪਰ ਮਮਤਾ ਨੇ ਇਸ ਪ੍ਰਭਾਵ ਨੂੰ ਘਟਾਉਣ ਲਈ ਇਸ ਵਾਰ ਘੱਟੋ-ਘੱਟ 40 ਫ਼ੀਸਦੀ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ। 2021 ਵਿਚ ਹੋਈ ਵਿਧਾਨ ਸਭਾ ਦੀ ਚੋਣ ਸਮੇਂ ਤ੍ਰਿਣਮੂਲ ਕਾਂਗਰਸ ਨੇ 294 ਵਿਚੋਂ 215 ਸੀਟਾਂ ਜਿੱਤੀਆਂ ਸਨ। ਉਸ ਨੇ ਹੁਣ ਇਨ੍ਹਾਂ 'ਚੋਂ 74 ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ ਅਤੇ 15 ਵਿਧਾਇਕਾਂ ਨੂੰ ਆਪਣੇ ਵਿਧਾਨ ਸਭਾ ਦੇ ਖੇਤਰਾਂ 'ਚੋਂ ਦੂਜੇ ਖੇਤਰਾਂ ਵਿਚ ਭੇਜ ਦਿੱਤਾ ਹੈ।
ਸ਼ੁਭੇਂਦੂ ਅਧਿਕਾਰੀ ਜੋ ਕਦੇ ਮਮਤਾ ਦਾ ਵੱਡਾ ਸਹਿਯੋਗੀ ਸੀ, ਹੁਣ ਭਾਜਪਾ ਵਲੋਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੋਣ ਲੜ ਰਿਹਾ ਹੈ। ਲਗਭਗ ਪਿਛਲੇ ਇਕ ਸਾਲ ਤੋਂ ਪੱਛਮੀ ਬੰਗਾਲ ਵਿਚ ਸੋਇਮ ਸੇਵਕ ਸੰਘ ਦੇ ਮੈਂਬਰਾਂ ਨੇ ਲੋਕਾਂ ਤੱਕ ਹੇਠਲੀ ਪੱਧਰ ਤੱਕ ਰਸਾਈ ਕੀਤੀ ਹੈ। ਭਾਜਪਾ ਮਮਤਾ ਦੇ ਵੱਡੇ ਵੋਟ ਬੈਂਕ ਭਾਵ ਔਰਤਾਂ ਅਤੇ ਨੌਜਵਾਨਾਂ ਨੂੰ ਵੀ ਲੁਭਾਉਣ ਲਈ ਯਤਨ ਕਰ ਰਹੀ ਹੈ। ਦੂਜੇ ਪਾਸੇ ਮਮਤਾ ਵੀ ਇਸ ਪੱਖੋਂ ਸੁਚੇਤ ਹੈ। ਮਮਤਾ ਨੇ 'ਲਕਸ਼ਮੀ ਭੰਡਾਰ' ਸਕੀਮ ਅਧੀਨ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਯੋਜਨਾ ਅਧੀਨ 22 ਕਰੋੜ ਔਰਤਾਂ ਆਉਂਦੀਆਂ ਹਨ। ਇਸੇ ਤਰ੍ਹਾਂ ਉਸ ਨੇ 'ਯੁਵਾ ਸਾਥੀ ਯੋਜਨਾ' ਅਧੀਨ ਬੇਰੁਜ਼ਗਾਰ ਨੌਜਵਾਨਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਕੀਤਾ ਹੈ। ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਨੂੰ ਬੰਗਲਾਦੇਸ਼ ਨਾ ਬਣਾਉਣ ਦਾ ਵਾਅਦਾ ਕਰਕੇ ਆਪਣਾ ਫ਼ਿਰਕੂ ਪੱਤਾ ਖੇਡਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਚਾਹੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਇਸ ਚੋਣ ਤੋਂ ਪਹਿਲਾਂ ਇੱਥੇ ਪ੍ਰਚਾਰ ਕਰਨ ਲਈ ਆਪਣੀ ਪੂਰੀ ਵਾਹ ਲਗਾਈ ਹੈ ਅਤੇ ਖੱਬੇ ਪੱਖੀ ਪਾਰਟੀਆਂ ਵੀ ਸਰਗਰਮੀ ਦਿਖਾ ਰਹੀਆਂ ਹਨ, ਪਰ ਇਸ ਵਾਰ ਵੀ ਉਨ੍ਹਾਂ ਦੀ ਦਾਲ ਗ਼ਲਦੀ ਦਿਖਾਈ ਨਹੀਂ ਦਿੰਦੀ।
ਭਾਜਪਾ ਆਗੂਆਂ ਨੇ ਇਸ ਵਾਰ ਮਮਤਾ ਬੈਨਰਜੀ 'ਤੇ ਨਿੱਜੀ ਹਮਲੇ ਕਰਨ ਤੋਂ ਗੁਰੇਜ਼ ਕੀਤਾ ਹੈ। ਪਿਛਲੀਆਂ ਚੋਣਾਂ ਸਮੇਂ ਉਨ੍ਹਾਂ ਲਈ ਮਮਤਾ ਵਿਰੁੱਧ ਅਜਿਹੇ ਬਿਆਨ ਘਾਟੇਵੰਦਾ ਸਾਬਿਤ ਹੋਏ ਸਨ। ਇਸ ਦੀ ਬਜਾਏ ਉਹ ਮਮਤਾ ਦੇ 15 ਸਾਲਾਂ ਦੇ ਰਾਜ ਸੰਬੰਧੀ ਲਗਾਤਾਰ ਆਲੋਚਨਾਤਮਿਕ ਰਹੇ ਹਨ। ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਉਹ ਸੱਤਵੇਂ ਪੇਅ-ਕਮਿਸ਼ਨ ਨੂੰ ਲਾਗੂ ਕਰਕੇ ਤਨਖਾਹਾਂ ਵਧਾਉਣ ਦੇ ਵਾਅਦੇ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਇਕੋ ਜਿਹਾ ਸਿਵਲ-ਕੋਡ ਬਣਾਉਣ ਦੇ ਵਾਅਦੇ ਵੀ ਭਾਜਪਾ ਕਰਦੀ ਰਹੀ ਹੈ। ਤਾਮਿਲਨਾਡੂ ਵਿਚ ਚਾਹੇ ਸਾਲ 1967 ਤੋਂ ਬਾਅਦ ਕਾਂਗਰਸ ਦੇ ਪੈਰ ਨਹੀਂ ਲੱਗੇ। ਉਸ ਤੋਂ ਬਾਅਦ ਦ੍ਰਾਵਿੜ ਪਾਰਟੀਆਂ ਡੀ.ਐਮ.ਕੇ. ਅਤੇ ਅੰਨਾ ਡੀ.ਐਮ.ਕੇ. ਹੀ ਵਾਰੋ-ਵਾਰੀ ਰਾਜ ਕਰਦੀਆਂ ਰਹੀਆਂ ਹਨ। ਇਸ ਵਾਰ ਭਾਜਪਾ ਨੇ ਅੰਨਾ ਡੀ.ਐਮ.ਕੇ. ਨਾਲ ਗੱਠਜੋੜ ਕੀਤਾ ਹੈ। ਉਸ ਦੀ ਨੀਤੀ ਆਪਣੀ ਵੋਟ ਫ਼ੀਸਦੀ ਵਧਾਉਣ ਦੀ ਹੀ ਰਹੀ ਹੈ। ਤਾਲਿਮਨਾਡੂ ਵਿਚ ਵੀ ਕਾਂਗਰਸ ਆਪਣਾ ਕੋਈ ਪ੍ਰਭਾਵ ਬਣਾਉਣ ਤੋਂ ਅਸਮਰੱਥ ਰਹੀ ਹੈ। ਇਸ ਸਮੇਂ 234 ਮੈਂਬਰਾਂ ਦੀ ਵਿਧਾਨ ਸਭਾ ਵਿਚ ਡੀ.ਐਮ.ਕੇ. ਦੀਆਂ 133, ਏ.ਡੀ.ਐਮ.ਕੇ. ਦੀਆਂ 66, ਭਾਜਪਾ ਦੀਆਂ 4 ਅਤੇ ਕਾਂਗਰਸ ਦੀਆਂ ਮਹਿਜ਼ 18 ਸੀਟਾਂ ਹਨ।
ਪੱਛਮੀ ਬੰਗਾਲ ਵਿਚ ਪਹਿਲੇ ਗੇੜ ਵਿਚ ਅਤੇ ਤਾਮਿਲਨਾਡੂ ਦੀਆਂ ਚੋਣਾਂ ਵਿਚ ਵੋਟਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ ਹੈ ਅਤੇ ਉਤਸ਼ਾਹ ਪ੍ਰਗਟ ਕੀਤਾ ਹੈ। ਇੱਥੇ ਐਕਟਰ ਵਿਜੇ ਵਲੋਂ ਆਪਣੀ ਪਾਰਟੀ ਬਣਾ ਕੇ ਚੋਣਾਂ ਵਿਚ ਉਤਰਨ ਕਾਰਨ ਹਾਲੇ ਤੱਕ ਵੀ ਚੋਣ ਨਤੀਜਿਆਂ ਦਾ ਕੋਈ ਅੰਦਾਜ਼ਾ ਲਗਾਇਆ ਜਾਣਾ ਮੁਸ਼ਕਿਲ ਜਾਪਦਾ ਹੈ।
-ਬਰਜਿੰਦਰ ਸਿੰਘ ਹਮਦਰਦ