07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਅਮਰੀਕਾ ਦਾ 'ਗੰਨ ਕਲਚਰ'

Ad Position 21
No active advertisement
ਅਜੀਤ ਡੈਸਕ 28-04-2026

ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹੋਏ ਹਮਲੇ ਨੂੰ ਦੁਨੀਆ ਭਰ ਵਿਚ ਵੱਡੀ ਹੈਰਾਨੀ ਨਾਲ ਦੇਖਿਆ ਗਿਆ ਹੈ। ਜਿੱਥੋਂ ਤੱਕ ਟਰੰਪ ਦਾ ਸਵਾਲ ਹੈ, ਉਸ 'ਤੇ ਪਿਛਲੇ 2 ਸਾਲਾਂ ਵਿਚ ਪਹਿਲਾਂ ਵੀ ਅਜਿਹੇ ਹਮਲਿਆਂ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਉਸ ਨਾਲ ਜੁੜੀ ਤੀਸਰੀ ਘਟਨਾ ਹੈ। ਟਰੰਪ ਨੇ ਬਾਅਦ ਵਿਚ ਇਹ ਕਿਹਾ ਹੈ ਕਿ ਜਿਹੜਾ ਵੀ ਵਿਅਕਤੀ ਵੱਡੇ ਕੰਮ ਕਰਦਾ ਹੈ, ਉਸ ਨਾਲ ਅਜਿਹਾ ਹੀ ਹੁੰਦਾ ਹੈ ਅਤੇ ਇਹ ਵੀ ਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਬੇਹੱਦ ਖ਼ਤਰਨਾਕ ਹੈ। ਇਸ ਸੰਬੰਧੀ ਜਿਥੋਂ ਤੱਕ ਅਮਰੀਕਨ ਰਾਸ਼ਟਰਪਤੀਆਂ ਦੀ ਗੱਲ ਹੈ ਸਮੇਂ-ਸਮੇਂ ਉਨ੍ਹਾਂ 'ਤੇ ਵੀ ਅਜਿਹੇ ਹਮਲੇ ਹੁੰਦੇ ਰਹੇ ਹਨ। ਅਜਿਹੇ ਹੀ ਹਮਲਿਆਂ ਵਿਚ ਹੁਣ ਤੱਕ 4 ਰਾਸ਼ਟਰਪਤੀ ਮਾਰੇ ਵੀ ਜਾ ਚੁੱਕੇ ਹਨ। ਸਭ ਤੋਂ ਮਹੱਤਵਪੂਰਨ ਹਮਲਾ ਅਮਰੀਕਾ ਦੇ ਵੱਡੇ ਪ੍ਰਭਾਵ ਵਾਲੇ ਰਾਸ਼ਟਰਪਤੀ ਅਬਰਾਹਿਮ ਲਿੰਕਨ 'ਤੇ ਸਾਲ 1865 ਵਿਚ ਹੋਇਆ ਸੀ। ਉਸ ਤੋਂ ਬਾਅਦ ਜੇਮਸ ਗਾਰਫੀਲਡ, ਵਿਲੀਅਮ ਮੈਕਿੰਨਲੇ ਅਤੇ ਬਹੁਚਰਚਿਤ ਰਹੇ ਰਾਸ਼ਟਰਪਤੀ ਜੌਹਨ ਐਫ. ਕੈਨੇਡੀ 'ਤੇ ਹੋਇਆ ਸੀ। ਅਜਿਹੇ ਹੀ ਹਮਲੇ ਹੋਰ ਰਾਸ਼ਟਰਪਤੀਆਂ 'ਤੇ ਵੀ ਹੋਏ ਹਨ, ਜੋ ਇਨ੍ਹਾਂ 'ਚੋਂ ਬਚ ਨਿਕਲੇ ਸਨ।
ਟਰੰਪ ਤੋਂ 45 ਸਾਲ ਪਹਿਲਾਂ ਸਾਲ 1981 ਵਿਚ ਰਾਸ਼ਟਰਪਤੀ ਰੋਨਾਲਡ ਰੀਗਨ 'ਤੇ ਹਮਲਾ ਹੋਇਆ ਸੀ। ਵਿਸ਼ੇਸ਼ ਗੱਲ ਇਹ ਹੈ ਕਿ ਇਹ ਹਮਲਾ ਵੀ ਇਸੇ ਹਿਲਟਨ ਹੋਟਲ ਵਿਚ ਹੋਇਆ ਸੀ, ਜਿਸ ਵਿਚ ਟਰੰਪ ਆਪਣੇ ਅਹਿਲਕਾਰਾਂ ਅਤੇ ਵੱਡੀ ਗਿਣਤੀ ਵਿਚ ਜੁੜੇ ਪੱਤਰਕਾਰਾਂ ਨਾਲ ਰਾਤ ਦਾ ਖਾਣਾ ਖਾਣ ਵਾਲੇ ਸੀ। ਉਸ ਤੋਂ ਬਾਅਦ ਗੇਰਾਲਡ ਫੋਰਡ ਅਤੇ ਉਸ ਤੋਂ ਪਹਿਲਾਂ ਰੁਜ਼ਵੈਲਟ ਅਤੇ ਬਾਅਦ ਵਿਚ ਗੇਰਾਲਡ ਫੋਰਡ 'ਤੇ ਵੀ ਅਜਿਹੇ ਹਮਲੇ ਹੋਏ ਸਨ। ਅੱਜ ਦੁਨੀਆ ਭਰ ਵਿਚ 'ਗੰਨ ਕਲਚਰ' ਦਾ ਬੋਲਬਾਲਾ ਹੈ। ਥਾਂ ਪੁਰ ਥਾਂ ਤੋਂ ਲਗਾਤਾਰ ਗੋਲੀਆਂ ਚੱਲਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਪਰ ਅਮਰੀਕਾ ਵਿਚ 'ਗੰਨ ਕਲਚਰ' ਦੀ ਹਮੇਸ਼ਾ ਚਰਚਾ ਰਹੀ ਹੈ। ਹਰ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਹੱਥਾਂ ਵਿਚ ਹਥਿਆਰ ਫੜੀ ਬਾਜ਼ਾਰਾਂ ਵਿਚ, ਸਕੂਲਾਂ ਵਿਚ ਅਤੇ ਕਈ ਵਾਰ ਸਮਾਗਮਾਂ ਵਿਚ ਗੋਲੀਆਂ ਦੀ ਵਾਛੜ ਕਰਕੇ ਦਰਜਨਾਂ ਹੀ ਮਾਸੂਮ ਵਿਅਕਤੀਆਂ ਨੂੰ ਮਾਰ-ਮੁਕਾਉਂਦੇ ਰਹੇ ਹਨ। ਹਾਲੇ ਵੀ ਅਜਿਹਾ 'ਕਲਚਰ' ਜਾਰੀ ਹੈ। ਸਮੇਂ-ਸਮੇਂ 'ਤੇ ਅਮਰੀਕੀ ਪ੍ਰਸ਼ਾਸਨਾਂ ਨੇ ਇਸ ਚਲਨ 'ਤੇ ਕਾਬੂ ਪਾਉਣ ਦਾ ਵੱਡਾ ਯਤਨ ਵੀ ਕੀਤਾ ਪਰ ਉਨ੍ਹਾਂ ਨੂੰ ਇਸ ਵਿਚ ਬਹੁਤੀ ਕਾਮਯਾਬੀ ਨਹੀਂ ਮਿਲੀ। ਟਰੰਪ ਤੋਂ ਪਹਿਲੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਅਜਿਹੇ ਚਲਨ ਨੂੰ ਠੱਲ੍ਹ ਪਾਉਣ ਲਈ ਕੁਝ ਕਾਨੂੰਨ ਬਣਾਏ ਸਨ ਪਰ ਡੋਨਾਲਡ ਟਰੰਪ ਨੇ ਆਉਂਦਿਆਂ ਹੀ ਅਜਿਹੇ ਆਦੇਸ਼ਾਂ ਨੂੰ ਖ਼ਤਮ ਕਰ ਦਿੱਤਾ। ਚਾਹੇ ਟਰੰਪ 'ਤੇ ਹਮਲੇ ਦੀ ਘਟਨਾ ਦਾ ਟਰੰਪ ਵਲੋਂ ਛੇੜੀਆਂ ਕੌਮਾਂਤਰੀ ਲੜਾਈਆਂ ਨਾਲ ਸਿੱਧਾ ਸੰਬੰਧ ਨਾ ਵੀ ਹੋਵੇ ਤਾਂ ਵੀ ਥੋੜ੍ਹੇ ਸਮੇਂ ਵਿਚ ਹੀ ਟਰੰਪ ਦਾ ਕੌਮਾਂਤਰੀ ਪੱਧਰ 'ਤੇ ਪ੍ਰਭਾਵ ਬੜਾ ਹੀ ਵਿਵਾਦਪੂਰਨ ਬਣ ਗਿਆ ਹੈ। ਉਸ ਦੇ ਆਪਣੇ ਮੁਲਕ ਵਿਚ ਵੀ ਉਸ ਦੀਆਂ ਨੀਤੀਆਂ ਕਰਕੇ ਉਸ ਦੀ ਹਰਮਨ ਪਿਆਰਤਾ ਘਟਣ ਲੱਗੀ ਹੈ। ਉਸ ਦੀ ਕਾਰਜਸ਼ੈਲੀ ਅਤੇ ਸੁਭਾਅ ਨੂੰ ਲੈ ਕੇ ਹੁਣ ਵੱਡੀ ਗਿਣਤੀ 'ਚ ਅਮਰੀਕਨ ਨਾਖ਼ੁਸ਼ ਦਿਖਾਈ ਦੇ ਰਹੇ ਹਨ।
ਇੱਥੋਂ ਤੱਕ ਕਿ ਉਸ ਦੀ ਆਪਣੀ ਰਿਪਬਲਿਕਨ ਪਾਰਟੀ ਵਿਚ ਵੀ ਉਸ ਦੀਆਂ ਨੀਤੀਆਂ ਨੂੰ ਲੈ ਕੇ ਤਰੇੜਾਂ ਉੱਭਰ ਆਈਆਂ ਹਨ। ਅਜਿਹਾ ਮਾਹੌਲ ਸਿਰਜ ਕੇ ਉਸ ਨੇ ਦੁਨੀਆ ਭਰ ਲਈ ਹਰ ਪੱਖ ਤੋਂ ਵੱਡੀਆਂ ਔਕੜਾਂ ਪੈਦਾ ਕਰ ਦਿੱਤੀਆਂ ਹਨ। ਚਾਹੇ ਉਸ 'ਤੇ ਹੋਏ ਹਮਲੇ ਨੂੰ ਲੈ ਕੇ ਦੁਨੀਆ ਭਰ ਦੇ ਵੱਡੇ ਆਗੂਆਂ ਨੇ ਇਸ ਦੀ ਆਪੋ-ਆਪਣੇ ਢੰਗ ਨਾਲ ਆਲੋਚਨਾ ਕੀਤੀ ਹੈ ਪਰ ਇਸ ਦੇ ਨਾਲ-ਨਾਲ ਇਹ ਪ੍ਰਭਾਵ ਵੀ ਸਪੱਸ਼ਟ ਨਜ਼ਰ ਆਇਆ ਹੈ ਕਿ ਟਰੰਪ ਇਕ ਸਭ ਤੋਂ ਸ਼ਕਤੀਸ਼ਾਲੀ ਮੁਲਕ ਦੇ ਸਭ ਤੋਂ ਵੱਡੇ ਅਹੁਦੇ ਦੀ ਗਰਿਮਾ ਨੂੰ ਕਾਇਮ ਰੱਖਣ ਵਿਚ ਸਫ਼ਲ ਨਹੀਂ ਹੋ ਸਕਿਆ, ਜਿਸ ਦੇ ਖ਼ੌਫ਼ਨਾਕ ਨਤੀਜੇ ਅੱਜ ਦੁਨੀਆ ਭਰ ਨੂੰ ਭੁਗਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਅਗਲੀ ਖ਼ਬਰ ਸੰਸਥਾਵਾਂ ਦੀ ਭਰੋਸਯੋਗਤਾ ਕਾਇਮ ਰੱਖਣ ਲਈ ਗ਼ਲਤ ਰੁਝਾਨ ਖਿਲਾਫ਼ ਹੋਕਾ ਦੇਣ ਵਾਲਿਆਂ ਦੀ ਜ਼ਰੂਰਤ ਹੈ। -ਮਾਈਕਲ ਐਂਡਰਸਨ
Ad Position 24