07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ

Ad Position 21
No active advertisement
ਅਜੀਤ ਡੈਸਕ 28-04-2026

ਅੱਜ-ਕੱਲ੍ਹ ਹਰ ਰਾਜਨੀਤਕ ਇਕੱਠ ਵਿਚ ਇਸੇ ਗੱਲ ਦੀ ਚਰਚਾ ਹੈ ਕਿ ਆਮ ਆਦਮੀ ਪਾਰਟੀ (ਆਪ) ਦਾ ਹੁਣ ਕੀ ਬਣੇਗਾ? ਕੀ ਇਹ ਭਾਜਪਾ ਤੇ ਕਾਂਗਰਸ ਦੇ ਹਮਲਿਆਂ ਦਾ ਸਾਹਮਣਾ ਕਰਦਿਆਂ ਪੰਜਾਬ ਵਿਚ ਆਪਣੀ ਸਰਕਾਰ ਨੂੰ ਬਚਾਅ ਸਕੇਗੀ, ਜਿੱਥੇ 10 ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ? ਆਪ ਦੇ 7 ਰਾਜ ਸਭਾ ਸੰਸਦ ਮੈਂਬਰ ਭਾਜਪਾ ਵਿਚ ਸ਼ਾਮਿਲ ਹੋ ਚੁੱਕੇ ਹਨ, ਪਰ ਕੀ ਇਹ ਆਪਣੇ 3 ਲੋਕ ਸਭਾ ਸੰਸਦ ਮੈਂਬਰਾਂ ਨੂੰ ਬਚਾਅ ਸਕੇਗੀ? ਇਹ ਵੀ ਚਰਚਾ ਹੈ ਕਿ ਰਾਘਵ ਚੱਢਾ ਤੇ ਸੰਦੀਪ ਪਾਠਕ ਦੋਵੇਂ ਭਗਵੰਤ ਮਾਨ ਦੀ ਸਰਕਾਰ ਡੇਗਣ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਪਾਰਟੀ ਦੇ 50 ਵਿਧਾਇਕਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਭਗਵੰਤ ਮਾਨ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਰਾਘਵ ਚੱਢਾ ਤੇ ਸੰਦੀਪ ਪਾਠਕ ਜੋ ਕਦੇ ਉਨ੍ਹਾਂ ਦੇ ਮਦਦਗਾਰ ਹੁੰਦੇ ਸਨ, ਉਸ ਦੀ ਕੁਰਸੀ ਖੋਹਣ ਦੀ ਕੋਸ਼ਿਸ਼ ਕਰਨਗੇ। ਰਾਘਵ ਚੱਢਾ ਦਾ ਰੁਤਬਾ ਤਾਂ ਕਦੇ ਪੰਜਾਬ ਦੇ 'ਸੁਪਰ ਸੀ.ਐਮ.' ਦਾ ਹੁੰਦਾ ਸੀ। ਭਗਵੰਤ ਮਾਨ ਨਾਲ ਜੋ ਵੀ ਹੋਣਾ ਹੈ ਉਹ ਹੋ ਕੇ ਰਹੇਗਾ, ਕਿਉਂਕਿ ਭਾਜਪਾ ਦੀਆਂ ਸਾਜਿਸ਼ਾਂ ਤੇ ਚਾਲਾਂ ਦੀ ਕੋਈ ਹੱਦ ਨਹੀਂ ਹੈ। ਭਾਜਪਾ ਨੇ 2014 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਘੱਟੋ-ਘੱਟ 9 ਸੂਬਿਆਂ- ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਗੋਆ, ਅਰੁਣਾਚਲ ਪ੍ਰਦੇਸ਼, ਉੱਤਰਾਖੰਡ ਤੇ ਸਿੱਕਮ ਵਿਚ ਗ਼ੈਰ-ਭਾਜਪਾ ਪਾਰਟੀਆਂ ਦੇ ਵਿਧਾਇਕਾਂ ਦਾ ਸ਼ੋਸ਼ਣ ਕਰਦਿਆਂ ਸਰਕਾਰਾਂ ਤੋੜ ਕੇ ਆਪਣੀ ਪਾਰਟੀ ਜਾਂ ਆਪਣੇ ਗੱਠਜੋੜ ਦੀਆਂ ਸਰਕਾਰਾਂ ਬਣਾਈਆਂ ਹਨ। ਜੇਕਰ ਭਗਵੰਤ ਮਾਨ ਸਰਕਾਰ ਤੁੜਵਾਉਣ ਵਿਚ ਉਹ ਸਫ਼ਲ ਹੁੰਦੀ ਹੈ ਤਾਂ ਅਜਿਹਾ 10ਵੀਂ ਵਾਰ ਹੋਵੇਗਾ।
ਦਰਅਸਲ ਵੱਡਾ ਸਵਾਲ ਇਹ ਹੈ ਕਿ 'ਆਪ' ਆਪਣੀਆਂ ਸ਼ਾਨਦਾਰ ਸਫਲਤਾਵਾਂ ਦੇ ਬਾਵਜੂਦ ਇਸ ਤਰਸਯੋਗ ਸਥਿਤੀ ਵਿਚ ਕਿਵੇਂ ਪਹੁੰਚੀ? ਕੀ ਇਸ ਦੀ ਵੱਡੀ ਵਜ੍ਹਾ ਪਾਰਟੀ ਉੱਚ ਲੀਡਰਸ਼ਿਪ ਦੀ ਗ਼ਲਤੀ ਹੈ, ਜਾਂ ਕੋਈ ਹੋਰ ਕਾਰਨ ਵੀ ਹਨ? ਮੀਡੀਆ ਤਾਂ ਲਗਾਤਾਰ ਅਰਵਿੰਦ ਕੇਜਰੀਵਾਲ ਦੁਆਰਾ ਕੀਤੀਆਂ ਗਈਆਂ ਗ਼ਲਤੀਆਂ 'ਤੇ ਕੇਂਦ੍ਰਿਤ ਹੈ। ਪਰ ਜੇਕਰ 'ਆਪ' ਦੀ ਦੁਰਦਸ਼ਾ ਨੂੰ ਭਾਰਤ ਦੀਆਂ ਪਾਰਟੀਆਂ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਸਮਝ ਆਵੇਗਾ ਕਿ ਕਿਵੇਂ ਇਕ ਨਵੀਂ ਪਾਰਟੀ ਜੋ ਕਾਂਗਰਸ, ਭਾਜਪਾ, ਤੇਲਗੂ ਦੇਸ਼ਮ, ਟੀ.ਐਮ.ਸੀ. ਵਰਗੀ ਪਾਰਟੀ ਨਹੀਂ ਸੀ, ਫਿਰ ਉਸ ਨੂੰ ਦੇਸ਼ ਦੀ ਰਾਜਨੀਤੀ ਵਿਚ ਵਿਚਰਨ ਤੋਂ ਯੋਜਨਾਬੱਧ ਢੰਗ ਨਾਲ ਕਿਉਂ ਰੋਕਿਆ ਗਿਆ ਹੈ। ਮੈਂ 'ਆਪ' ਲੀਡਰਸ਼ਿਪ ਦੀਆਂ ਨਾਕਾਮੀਆਂ 'ਤੇ ਪਰਦਾ ਨਹੀਂ ਪਾਉਣਾ ਚਾਹੁੰਦਾ। ਦਰਅਸਲ ਇਹ ਦੱਸਣਾ ਚਾਹੁੰਦਾ ਹਾਂ ਕਿ ਕਿਵੇਂ ਭਾਜਪਾ ਤੇ ਕਾਂਗਰਸ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੋਂ ਹੀ 'ਆਪ' ਨੂੰ ਕਮਜ਼ੋਰ ਕਰਨ ਲਈ ਮਿਲੀਭੁਗਤ ਕਰ ਰਹੀਆਂ ਸਨ ਤੇ ਅੱਜ ਇਸੇ ਲਈ ਦੋਵੇਂ ਪਾਰਟੀਆਂ ਜਸ਼ਨ ਮਨਾ ਰਹੀਆਂ ਹਨ। ਅਕਸਰ ਹਰ ਮੁੱਦੇ 'ਤੇ ਆਪਸ ਵਿਚ ਟਕਰਾਉਣ ਵਾਲੀਆਂ ਇਹ ਦੋਵੇਂ ਪਾਰਟੀਆਂ ਇਕ ਗੱਲ 'ਤੇ ਇਕਮਤ ਹਨ ਕਿ 'ਆਪ' ਦਾ ਸਿਆਸੀ ਤੌਰ 'ਤੇ ਜਿਊਂਦੇ ਰਹਿਣਾ ਨਾਮੁਮਕਿਨ ਬਣਾ ਦਿੱਤਾ ਜਾਣਾ ਚਾਹੀਦਾ ਹੈ।
ਭਾਰਤੀ ਲੋਕਤੰਤਰ ਵਿਚ ਕਦੇ ਕਾਂਗਰਸ ਦਾ ਬੋਲਬਾਲਾ ਸੀ ਤੇ ਹੁਣ ਭਾਜਪਾ ਹਰ ਪਾਸੇ ਮੋਹਰੀ ਹੈ। ਬਰਤਾਨੀਆ ਤੇ ਅਮਰੀਕਾ ਵਿਚ ਵੀ 2-2 ਪਾਰਟੀਆਂ ਹੀ ਪ੍ਰਮੁੱਖ ਹੋਣ ਕਰਕੇ ਤੀਜੀ ਧਿਰ ਦਾ ਉੱਭਰਨਾ ਮੁਸ਼ਕਿਲ ਹੈ। ਭਾਵੇਂ ਭਾਰਤ ਵਿਚ ਬਹੁ-ਪਾਰਟੀ ਲੋਕਤੰਤਰ ਹੋਣ ਕਰਕੇ ਨਵੀਆਂ ਪਾਰਟੀਆਂ ਲਗਾਤਾਰ ਬਣਦੀਆਂ ਤੇ ਖ਼ਤਮ ਹੁੰਦੀਆਂ ਰਹਿੰਦੀਆਂ ਹਨ। ਪਰ ਰਾਸ਼ਟਰੀ ਪੱਧਰ 'ਤੇ ਕਾਂਗਰਸ ਤੇ ਭਾਜਪਾ ਤੋਂ ਇਲਾਵਾ ਕੋਈ ਵੀ ਪਾਰਟੀ ਟਿਕ ਨਹੀਂ ਪਾਉਂਦੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਅਜੇ ਨਾ ਰਾਸ਼ਟਰੀ ਤੇ ਨਾ ਹੀ ਖੇਤਰੀ ਪਾਰਟੀ ਦੇ ਤੌਰ 'ਤੇ ਸਥਾਪਤ ਪਾਰਟੀ ਬਣ ਸਕੀ ਸੀ। ਇਹ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਪੈਦਾ ਹੋਈ ਸੀ, ਜਿਸ ਦੇ ਸਾਰੇ ਆਗੂ ਤੇ ਵਰਕਰ ਇਸ ਅੰਦੋਲਨ ਤੋਂ ਉੱਭਰੇ ਸਨ; ਜਿਨ੍ਹਾਂ ਨੂੰ ਰਾਜਨੀਤੀ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਇਹ ਪਾਰਟੀ ਕਿਸੇ ਜਾਤੀ ਜਾਂ ਕਿਸੇ ਖਾਸ ਭਾਈਚਾਰੇ ਨਾਲ ਸੰਬੰਧਿਤ ਪਾਰਟੀ ਸੀ, ਜਿਵੇਂ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਜਨਤਾ ਦਲ ਨੂੰ ਯਾਦਵ ਪਾਰਟੀਆਂ ਜਾਂ ਬਹੁਜਨ ਸਮਾਜ ਪਾਰਟੀ ਨੂੰ ਜਾਟਵਾਂ ਦੀ ਪਾਰਟੀ, ਭਾਜਪਾ ਨੂੰ ਬ੍ਰਾਹਮਣ-ਬਣੀਆ ਤੇ ਉੱਚ-ਵਰਗ ਦੇ ਲੋਕਾਂ ਦੀ ਪਾਰਟੀ ਮੰਨਿਆ ਜਾਂਦਾ ਹੈ। ਦਿੱਲੀ ਵਿਚ 'ਆਪ' ਦੀ ਰਾਜਨੀਤਿਕ ਸਫਲਤਾ ਬੇਮਿਸਾਲ ਸੀ ਤੇ ਪਾਰਟੀ ਨੇ ਦੋ ਵਾਰ ਵੱਡੇ ਬਹੁਮਤ ਨਾਲ ਵਿਧਾਨ ਸਭਾ ਚੋਣਾਂ ਜਿੱਤਣ ਬਾਅਦ ਪੰਜਾਬ ਵਿਚ ਵੀ ਬਹੁਤ ਵੱਡੇ ਬਹੁਮਤ ਨਾਲ ਸਰਕਾਰ ਬਣਾਈ ਸੀ । 'ਆਪ' ਦੀ ਸਫਲਤਾ ਨੇ ਅਹਿਸਾਸ ਕਰਵਾਇਆ ਸੀ ਕਿ ਭਾਰਤੀ ਲੋਕਤੰਤਰ ਵਿਚ ਇਕ ਅਜਿਹੀ ਪਾਰਟੀ ਉੱਭਰੀ ਹੈ, ਜੋ ਸਥਾਪਿਤ ਪਾਰਟੀਆਂ ਦਾ ਬਦਲ ਪੇਸ਼ ਕਰ ਸਕਦੀ ਹੈ।
ਜਦੋਂ 'ਆਪ' ਨੇ ਪੰਜਾਬ ਵਿਚ ਸਰਕਾਰ ਬਣਾਈ ਤਾਂ ਦਿੱਲੀ ਵਿਚ ਸਥਾਪਿਤ ਦੋਵੇਂ ਰਾਸ਼ਟਰੀ ਪਾਰਟੀਆਂ- ਭਾਜਪਾ ਤੇ ਕਾਂਗਰਸ ਘਬਰਾ ਗਈਆਂ। 2017 ਦੀਆਂ ਚੋਣਾਂ ਤੋਂ ਪਹਿਲਾਂ 'ਆਪ' ਦੇ ਉਭਾਰ ਸਮੇਂ ਜਦੋਂ ਇਕ ਪੱਤਰਕਾਰ ਨੇ ਅਮਿਤ ਸ਼ਾਹ ਨੂੰ ਪੁੱਛਿਆ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਅੱਗੇ ਵਧਦੀ ਜਾਪਦੀ ਹੈ ਤਾਂ ਉਨ੍ਹਾਂ ਕਿਹਾ ਸੀ ਕਿ ਅਸੀਂ ਕਿਸੇ ਪਾਰਟੀ ਨੂੰ ਅੱਗੇ ਵਧਣ ਤੋਂ ਕਿਵੇਂ ਰੋਕ ਸਕਦੇ ਹਾਂ? ਦਰਅਸਲ ਉਨ੍ਹਾਂ ਇਹ ਸਭ ਉਪਰਲੇ ਮਨ ਤੋਂ ਕਿਹਾ ਸੀ, ਪਰ ਅੰਦਰੂਨੀ ਤੌਰ 'ਤੇ ਭਾਜਪਾ ਤੇ ਕਾਂਗਰਸ ਵਿਚਕਾਰ ਇਕ ਅਣਐਲਾਨਿਆ ਗੱਠਜੋੜ ਬਣ ਗਿਆ ਸੀ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਉਣ ਤੋਂ ਰੋਕਿਆ ਜਾਵੇਗਾ। ਭਾਜਪਾ ਨੇ ਚੁੱਪ-ਚਾਪ ਪੰਜਾਬ ਵਿਚ ਆਪਣੇ ਵੋਟ ਆਧਾਰ ਦਾ ਇਕ ਵੱਡਾ ਹਿੱਸਾ- ਸ਼ਹਿਰੀ ਹਿੰਦੂ ਵਪਾਰਕ ਭਾਈਚਾਰੇ ਨੂੰ ਰਾਤੋ-ਰਾਤ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਵੱਲ ਤਬਦੀਲ ਕਰ ਕੇ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਇਆ ਸੀ। ਇਸ ਤਰ੍ਹਾਂ ਅਮਰਿੰਦਰ ਸਿੰਘ ਭਾਜਪਾ ਦੀ ਗੁਪਤ ਯੋਜਨਾ ਨਾਲ ਮੁੱਖ ਮੰਤਰੀ ਬਣ ਗਏ ਸਨ। ਜਦੋਂ ਦਿੱਲੀ 'ਚ ਸ਼ਰਾਬ ਘੁਟਾਲੇ ਦਾ ਮੁੱਦਾ ਬਣਿਆ ਤਾਂ ਕਾਂਗਰਸ ਤੇ ਭਾਜਪਾ ਦੀ 'ਆਪ' ਵਿਰੁੱਧ ਮਿਲੀਭੁਗਤ ਸਪੱਸ਼ਟ ਹੋ ਗਈ। ਇਕ ਕਾਂਗਰਸੀ ਨੇਤਾ ਨੇ ਸ਼ਿਕਾਇਤ ਦਰਜ ਕਰਵਾਈ ਤਾਂ ਭਾਜਪਾ ਦੇ ਉਪ-ਰਾਜਪਾਲ ਨੇ ਸੀ.ਬੀ.ਆਈ. ਜਾਂਚ ਦੇ ਆਦੇਸ਼ ਦੇ ਦਿੱਤੇ।
ਕੁਝ ਹੀ ਸਮੇਂ ਵਿਚ ਅਰਵਿੰਦ ਕੇਜਰੀਵਾਲ ਸਮੇਤ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਵਿਆਪਕ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ। ਭਾਵੇਂ ਇਹ ਦੋਸ਼ ਅਦਾਲਤ ਵਿਚ ਟਿਕ ਨਾ ਸਕੇ। ਇਨ੍ਹਾਂ ਦੋਸ਼ਾਂ ਦੇ ਆਧਾਰ 'ਤੇ ਲੋਕਾਂ ਵਿਚ ਇਹ ਪ੍ਰਭਾਵ ਪਾਉਣ ਲਈ ਇਕ ਮਾਹੌਲ ਬਣਾਇਆ ਗਿਆ ਸੀ ਕਿ 'ਆਪ' ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ। ਇਸ ਤਰ੍ਹਾਂ ਸਾਫ਼-ਸੁਥਰੀ ਰਾਜਨੀਤੀ ਦੇ ਵਾਅਦੇ ਕਰ ਕੇ ਸੱਤਾ ਵਿਚ ਆਈ ਪਾਰਟੀ ਸ਼ਰਾਬ ਘੁਟਾਲੇ ਵਿਚ ਉਲਝ ਕੇ ਰਹਿ ਗਈ। ਦਰਅਸਲ ਇਸ ਸਥਿਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਦੋਵਾਂ ਰਾਸ਼ਟਰੀ ਪਾਰਟੀਆਂ ਨੇ ਇਕ ਤੀਜੀ ਪਾਰਟੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਅਣਐਲਾਨਿਆ ਗੱਠਜੋੜ ਬਣਾਇਆ ਸੀ, ਜੋ ਸਥਾਪਿਤ ਪਾਰਟੀਆਂ ਪ੍ਰਤੀ ਜਨਤਕ ਅਸੰਤੁਸ਼ਟੀ ਕਾਰਨ ਸੱਤਾ ਵਿਚ ਆਈ ਸੀ।
ਹੁਣ ਸਥਿਤੀ ਕੀ ਹੈ? ਆਮ ਆਦਮੀ ਪਾਰਟੀ ਦਿੱਲੀ ਚੋਣਾਂ ਹਾਰ ਗਈ ਤੇ ਹੁਣ ਪੰਜਾਬ ਦੇ 7 ਰਾਜ ਸਭਾ ਮੈਂਬਰਾਂ 'ਚੋਂ 6 ਰਾਘਵ ਚੱਢਾ ਦੇ ਪਿੱਛੇ ਖੜ੍ਹੇ ਹੋ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ। ਇਸ ਘਟਨਾ ਨੇ ਪੰਜਾਬ ਵਿਚ 'ਆਪ' ਸਰਕਾਰ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਭਾਜਪਾ ਇਸ ਲਈ ਜਸ਼ਨ ਮਨਾ ਰਹੀ ਹੈ, ਕਿਉਂਕਿ ਉਸ ਨੂੰ 7 ਰਾਜ ਸਭਾ ਸੰਸਦ ਮੈਂਬਰ ਮਿਲ ਗਏ ਹਨ ਅਤੇ ਕਾਂਗਰਸ ਇਸ ਲਈ ਖ਼ੁਸ਼ ਹੈ, ਕਿਉਂਕਿ ਉਸ ਲਈ ਪੰਜਾਬ ਵਿਚ ਸੱਤਾ ਵਿਚ ਆਉਣ ਦੀ ਉਮੀਦ ਬੱਝ ਰਹੀ ਹੈ। ਪਰ ਆਮ ਆਦਮੀ ਪਾਰਟੀ ਦੀ ਸਾਖ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਤਾਂ ਕੇਂਦਰ ਤੋਂ ਇਲਾਵਾ ਡੇਢ ਦਰਜਨ ਤੋਂ ਵੱਧ ਸੂਬਿਆਂ ਵਿਚ ਸੱਤਾ ਵਿਚ ਹੈ। ਕਾਂਗਰਸ ਨੂੰ ਉਮੀਦ ਹੈ ਕਿ ਜਦੋਂ ਉਹ ਕੇਂਦਰ ਵਿਚ ਸੱਤਾ ਵਿਚ ਆਏਗੀ ਤਾਂ ਉਹ ਵੀ ਇੰਨੇ ਸੂਬਿਆਂ 'ਚ ਸਰਕਾਰਾਂ ਬਣਾਏਗੀ ਅਤੇ ਭਾਜਪਾ ਵੀ ਉਸੇ ਤਰ੍ਹਾਂ ਸੁੰਗੜ ਜਾਵੇਗੀ, ਜਿਵੇਂ ਕਿ ਕਾਂਗਰਸ ਸੁੰਗੜ ਗਈ ਹੈ। ਇਹ ਦੋਵੇਂ ਪਾਰਟੀਆਂ ਆਪਣੇ ਵਿਰੋਧੀ ਨੂੰ ਖ਼ਤਮ ਕਰਨ ਲਈ ਆਪਸ 'ਚ ਗੱਠਜੋੜ ਕਰ ਲੈਂਦੀਆਂ ਹਨ, ਤਾਂ ਜੋ ਕੋਈ ਤੀਜੀ ਧਿਰ ਕੇਂਦਰੀ ਰਾਜਨੀਤੀ ਵਿਚ ਸਥਾਪਿਤ ਨਾ ਹੋ ਸਕੇ। ਆਮ ਆਦਮੀ ਪਾਰਟੀ ਹੁਣ ਸਿਰਫ਼ ਇਕ ਹੀ ਤਰੀਕੇ ਨਾਲ ਆਪਣੇ ਆਪ ਨੂੰ ਬਚਾਅ ਸਕਦੀ ਹੈ: ਜੇਕਰ ਪਾਰਟੀ ਪੰਜਾਬ ਚੋਣਾਂ 'ਚ ਬਿਹਤਰ ਪ੍ਰਦਰਸ਼ਨ ਕਰੇ। ਜੇਕਰ 'ਆਪ' ਦਿੱਲੀ ਵਿਚ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਵਿਚ ਵੀ ਹਾਰ ਜਾਂਦੀ ਹੈ ਤਾਂ ਪਾਰਟੀ ਦਾ ਸਿਆਸੀ ਦ੍ਰਿਸ਼ 'ਤੇ ਬਣੇ ਰਹਿਣਾ ਬਹੁਤ ਮੁਸ਼ਕਿਲ ਹੋ ਜਾਵੇਗਾ।

-(ਲੇਖਕ ਅੰਬੇਡਕਰ ਵਿਸ਼ਵ ਯੂਨੀਵਰਸਿਟੀ,
ਦਿੱਲੀ 'ਚ ਪ੍ਰੋਫ਼ੈਸਰ ਅਤੇ ਭਾਰਤੀ ਭਾਸ਼ਾਵਾਂ 'ਚ
ਅਭਿਲੇਖਾਗਰੀ ਖੋਜ ਪ੍ਰੋਗਰਾਮ ਦੇ ਨਿਰਦੇਸ਼ਕ ਰਹਿ ਚੁੱਕੇ ਹਨ)
abhaydubey@aud.ac.in

Ad Position 22
No active advertisement
ਪਿਛਲੀ ਖ਼ਬਰ ਬਾਸਮਤੀ ਦਾ ਸੈਂਟਰ ਆਫ਼ ਐਕਸੀਲੈਂਸ ਫ਼ਸਲੀ ਭਿੰਨਤਾ ਵੱਲ ਇਕ ਅਹਿਮ ਕਦਮ ਅਗਲੀ ਖ਼ਬਰ ਅਮਰੀਕਾ ਦਾ 'ਗੰਨ ਕਲਚਰ'
Ad Position 24