07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਲਵਿਦਾ! ਵਿਦਵਾਨ ਸਾਹਿਤਕਾਰ ਦਲੀਪ ਸਿੰਘ ਵਾਸਨ

Ad Position 21
No active advertisement
ਅਜੀਤ ਡੈਸਕ 02-05-2026

ਭੋਗ 'ਤੇ ਵਿਸ਼ੇਸ਼

ਪੰਜਾਬੀ ਬੋਲੀ ਦੇ ਮੁਦੱਈ, ਸਾਹਿਤਕਾਰ, ਪ੍ਰਸਿੱਧ ਸਮਾਜ ਸੇਵਕ, ਕਾਲਮ ਨਵੀਸ ਤੇ ਕਾਨੂੰਨਦਾਨ ਦਲੀਪ ਸਿੰਘ ਵਾਸਨ 89 ਸਾਲ ਦੀ ਉਮਰ 'ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਪੰਜਾਬੀ ਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ੍ਹਾ ਗਿਆਨ ਰੱਖਣ ਵਾਲੇ ਬਹੁਪੱਖੀ, ਬਹੁਮੰਤਵੀ, ਬਹੁਵਿਧਾਵੀ ਤੇ ਸਰਬਕਲਾ ਸੰਪੂਰਨ ਵਿਦਵਾਨ ਲੇਖਕ ਤੇ ਇਨਸਾਨ ਸਨ। ਉਨ੍ਹਾਂ ਦੀਆਂ ਰਚਨਾਵਾਂ ਸੱਚਾਈ ਤੇ ਸਾਰਥਿਕਤਾ ਦਾ ਪ੍ਰਮਾਣ ਹਨ। ਉਹ 60 ਸਾਲ ਤੋਂ ਪੰਜਾਬੀ ਮਾਂ ਬੋਲੀ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਸਨ। ਉਨ੍ਹਾਂ ਨੇ ਆਪਣਾ ਸਾਹਿਤਕ ਸਫ਼ਰ 1975 'ਚ ਪਹਿਲੀ ਕਹਾਣੀ 'ਮੱਕੀ ਦੀ ਰੋਟੀ' ਨਾਲ ਸ਼ੁਰੂ ਕੀਤਾ ਸੀ, ਜੋ 'ਪ੍ਰੀਤਲੜੀ' ਰਸਾਲੇ 'ਚ ਪ੍ਕਾਸ਼ਿਤ ਹੋਈ ਸੀ। ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਤੱਕ ਉਹ ਕਲਮ ਚਲਾਉਂਦੇ ਰਹੇ। ਉਨ੍ਹਾਂ ਵਲੋਂ ਸਮਾਜਿਕ ਵਿਸ਼ਿਆਂ 'ਤੇ ਲਿਖੇ ਦੋ ਨਾਵਲ 'ਸੋਢੀਆਂ ਦਾ ਫਾਰਮ' (1978) ਤੇ 'ਹੜਤਾਲ' (1982) ਸਾਹਿਤਕ ਖੇਤਰ 'ਚ ਚਰਚਾ ਦਾ ਵਿਸ਼ਾ ਰਹੇ। ਮੁੱਖ ਤੌਰ 'ਤੇ ਉਹ ਵਾਰਤਕ ਲੇਖਕ ਤੇ ਕਾਲਮ ਨਵੀਸ ਸਨ। ਉਨ੍ਹਾਂ ਦੀ ਆਪਣੀ ਜ਼ਿੰਦਗੀ ਬਹੁਤ ਕਠਿਨ ਤੇ ਜਦੋ-ਜਹਿਦ ਵਾਲੀ ਰਹੀ ਸੀ, ਇਸ ਕਰਕੇ ਉਹ ਆਪਣੀ ਹਰ ਰਚਨਾ 'ਚ ਸਮਾਜ ਨੂੰ ਬਿਹਤਰੀਨ ਬਣਾਉਣ ਦੇ ਨੁਕਤਿਆਂ ਬਾਰੇ ਵਧੀਆ ਢੰਗ ਨਾਲ ਬਿਰਤਾਂਤ ਸਿਰਜਦੇ ਸਨ। ਉਨ੍ਹਾਂ ਦੀਆਂ ਰਚਨਾਵਾਂ ਦੇ ਛੋਟੇ-ਛੋਟੇ ਸ਼ਬਦ ਤੇ ਨਿੱਕੇ-ਨਿੱਕੇ ਵਾਕ ਪਾਠਕ ਦੇ ਮਨ-ਮਸਤਕ 'ਤੇ ਮੀਂਹ ਦੀਆਂ ਕਣੀਆਂ ਦੀ ਫੁਹਾਰ ਦੀ ਤਰ੍ਹਾਂ ਠੰਢਕ ਪੈਦਾ ਕਰਕੇ ਸਕੂਨ ਦਿੰਦੇ ਸਨ। ਵੈਸੇ ਤਾਂ ਉਨ੍ਹਾਂ ਨੇ ਪੰਜਾਬੀ ਤੇ ਅੰਗਰੇਜ਼ੀ 'ਚ 50 ਤੋਂ ਵੱਧ ਪੁਸਤਕਾਂ ਲਿਖੀਆਂ ਪਰ ਉਨ੍ਹਾਂ ਨੇ ਕਦੇ ਵੀ ਖ਼ੁਦ ਨੂੰ ਲੇਖਕ ਨਹੀਂ ਕਿਹਾ, ਸਗੋਂ ਪੰਜਾਬੀ ਮਾਂ ਬੋਲੀ ਦਾ ਸੇਵਾਦਾਰ ਹੀ ਕਹਿੰਦੇ ਰਹੇ। ਉਨ੍ਹਾਂ ਦੀਆਂ ਕੁਝ ਪੁਸਤਕਾਂ ਸੋਢੀਆਂ ਦਾ ਫਾਰਮ, ਹੜਤਾਲ, ਜੀਵਨ ਇਕ ਸੱਚਾਈ, ਆਤਮ ਵਿਸ਼ਵਾਸ, ਆਪਣੀ ਕਿਸਮਤ, ਭਾਰਤ ਮੇਰੀ ਨਜ਼ਰ ਵਿਚ, ਫਰਿਆਦੀ ਫਰਿਆਦ ਕਰੇ, ਕੜਵੇ ਗੁਲਾਬ ਜਾਮੁਨ, ਕੁੱਜੇ ਵਿੱਚ ਸਮੁੰਦਰ, ਗ਼ਮ ਨਾ ਕਰ ਮੁਸਕਰਾ, ਕਲਯੁਗ ਅੰਦਰ ਨਾਨਕਾ, ਕਿਣਕਾ ਕਿਣਕਾ ਪਰਬਤ, ਵਿਚਾਰਾਂਜ਼ਲੀ ਤੇ ਅੰਗਰੇਜ਼ੀ ਦੀਆਂ ਬੇਸਿਕ ਪ੍ਰਾਬਲਮਜ਼ ਆਫ਼ ਲਾਈਫ, ਐਜ਼ ਆਈ ਥਿੰਕ ਇਟ, ਕਨਸਰਨ ਆਫ ਯੂਥ, ਗਰੇਟ ਪੀਪਲ, ਮੇਕ ਦਾ ਕੰਟਰੀ, ਇੰਟਰੋਸਪੈਕਸ਼ਨ, ਲਾਸਟ ਲੈਟਰ, ਲੈਟ ਅਸ ਰਿਡਿਊਸ ਟੈਨਸ਼ਨ ਤੇ ਸੈਲਫ਼ ਸਟਾਰਟ ਟੀਚਿੰਗ ਆਦਿ ਹਨ। ਉਨ੍ਹਾਂ ਦੀਆਂ ਰਚਨਾਵਾਂ ਸੱਚ 'ਤੇ ਪਹਿਰਾ ਦੇਣ ਦੀ ਤਾਕੀਦ ਕਰਦੀਆਂ ਹਨ। ਉਹ ਸਾਹਿਤਕਾਰ, ਕਾਲਮ ਨਵੀਸ, ਰੋਜ਼ਗਾਰ ਅਧਿਕਾਰੀ, ਕਾਨੂੰਨਦਾਨ, ਸਮਾਜ ਸੇਵਕ ਤੇ ਦੋਸਤਾਂ ਦੇ ਦੋਸਤ ਸਨ।
ਉਨ੍ਹਾਂ ਨੂੰ ਮੈਂ ਉਦੋਂ ਤੋਂ ਜਾਨਣ ਲੱਗਿਆ ਜਦੋਂ 1969 'ਚ ਮੈਂ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਤੋਂ ਜੂਨੀਅਰ ਬੇਸਿਕ ਟ੍ਰੇਨਿੰਗ ਕਰਨ ਤੋਂ ਬਾਅਦ ਨੌਕਰੀ ਲਈ ਰੋਜ਼ਗਾਰ ਦਫ਼ਤਰ ਆਪਣਾ ਨਾਂਅ ਦਰਜ ਕਰਾਉਣ ਗਿਆ ਸੀ। ਪਹਿਲੀ ਮੁਲਾਕਾਤ 'ਚ ਹੀ ਪਤਾ ਲੱਗ ਗਿਆ ਸੀ ਕਿ ਉਹ ਬਹੁਤ ਸੁਹਿਰਦ ਇਨਸਾਨ ਹਨ। ਉਸ ਤੋਂ ਬਾਅਦ ਜਦੋਂ ਅਸੀਂ ਦੋਸਤਾਂ ਨੇ ਮਿਲ ਕੇ ਪੰਜਾਬੀ ਦਾ ਮਾਸਿਕ ਰਸਾਲਾ 'ਵਹਿਣ' 1973 'ਚ ਪਟਿਆਲਾ ਤੋਂ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਤਾਂ ਦਲੀਪ ਸਿੰਘ ਵਾਸਨ ਨਾਲ ਸਾਹਿਤਕ ਪ੍ਰਵਿਰਤੀ ਕਰਕੇ ਤਾਲਮੇਲ ਦੋਸਤੀ 'ਚ ਬਦਲ ਗਿਆ। ਫਿਰ ਮੈਂ ਪੰਜ ਸਾਲ ਚੰਡੀਗੜ੍ਹ ਰਿਹਾ ਤੇ ਜਾਗ੍ਰਿਤੀ ਪੰਜਾਬੀ ਦਾ ਸਹਾਇਕ ਸੰਪਾਦਕ ਤੇ ਬਾਅਦ 'ਚ ਸੰਪਾਦਕ ਹੋਣ ਸਮੇਂ ਵੀ ਸਾਡਾ ਸਾਹਿਤਕ ਪਿਆਰ ਪੂਰ ਚੜ੍ਹਦਾ ਰਿਹਾ। ਫਿਰ 1979 'ਚ ਜਦੋਂ ਮੈਂ ਲੋਕ ਸੰਪਰਕ ਵਿਭਾਗ ਪਟਿਆਲਾ 'ਚ ਸਹਾਇਕ ਲੋਕ ਸੰਪਰਕ ਅਧਿਕਾਰੀ ਨਿਯੁਕਤ ਹੋਇਆ ਤਾਂ ਉਨ੍ਹਾਂ ਨੂੰ ਬਾਕਾਇਦਾ ਮਿਲਣ ਦਾ ਮੌਕਾ ਮਿਲਦਾ ਰਿਹਾ, ਕਿਉਂਕਿ ਉਹ ਵੀ ਉਸ ਸਮੇਂ ਪਟਿਆਲਾ ਵਿਖੇ ਰੋਜ਼ਗਾਰ ਅਧਿਕਾਰੀ ਸਨ। 1984 'ਚ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ 'ਚ ਹੋਏ ਕਤਲੇਆਮ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਰੋਜ਼ਗਾਰ ਦੇਣ ਸਮੇਂ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਰਿਹਾ, ਕਿਉਂਕਿ ਉਹ ਰੁਜ਼ਗਾਰ ਦੇਣ ਵਾਲੀ ਪਟਿਆਲਾ ਜ਼ਿਲ੍ਹੇ ਦੀ ਕਮੇਟੀ ਦੇ ਮੈਂਬਰ ਸਨ। ਉਨ੍ਹਾਂ ਨੇ 33 ਸਾਲ ਨੌਕਰੀ ਕਰਨ ਮਗਰੋਂ 1988 'ਚ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਕੇ ਜ਼ਿਲ੍ਹਾ ਕਚਹਿਰੀ 'ਚ ਵਕਾਲਤ ਸ਼ੁਰੂ ਕਰ ਦਿੱਤੀ। ਉਹ 32 ਸਾਲ 2022 ਤੱਕ ਵਕਾਲਤ ਕਰਦੇ ਰਹੇ। ਉਹ ਗ਼ਰੀਬ ਲੋਕਾਂ ਦੀ ਮੁਫ਼ਤ ਵਕਾਲਤ ਕਰਦੇ ਸਨ। ਉਹ ਪਟਿਆਲਾ ਦੀਆਂ ਸਾਹਿਤਕ ਸੰਸਥਾਵਾਂ ਨਾਲ ਜੁੜੇ ਹੋਏ ਸਨ। ਪੰਜਾਬੀ ਸਾਹਿਤ ਸਭਾ ਤੇ ਤ੍ਰਿਵੈਣੀ ਪ੍ਰੀਸ਼ਦ ਦੇ ਉਹ ਮੈਂਬਰ ਤੇ ਕਾਨੂੰਨੀ ਸਲਾਹਕਾਰ ਸਨ। ਉਨ੍ਹਾਂ ਨੂੰ ਬਹੁਤ ਸਾਰੀਆਂ ਸਮਾਜਿਕ, ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਨੇ ਸਨਮਾਨਿਤ ਕੀਤਾ, ਜਿਨ੍ਹਾਂ 'ਚ ਸਾਹਿਤ ਸਭਾ ਪਟਿਆਲਾ ਤੇ ਬਾਰ ਕੌਂਸਲ ਪਟਿਆਲਾ ਆਦਿ ਵਰਣਨਯੋਗ ਹਨ।
ਉਨ੍ਹਾਂ ਦਾ ਜਨਮ ਬਰਤਾਨਵੀ ਭਾਰਤ ਦੇ ਹਜ਼ਾਰਾ/ਮੁਲਤਾਨ ਜ਼ਿਲ੍ਹੇ ਦੇ ਪਿੰਡ ਬੋਦਲਾ 'ਚ 4 ਮਈ, 1937 ਨੂੰ ਪਿਤਾ ਹਰਿ ਸਿੰਘ ਪਟਵਾਰੀ ਤੇ ਮਾਤਾ ਨਾਨਕੀ ਦੇਵੀ ਦੇ ਘਰ ਹੋਇਆ ਸੀ। ਦੇਸ਼ ਦੀ ਵੰਡ ਸਮੇਂ ਉਹ ਆਪਣੇ ਪਰਿਵਾਰ ਤੋਂ ਵਿਛੜ ਗਏ ਸਨ। ਧੱਕੇ-ਧੌਲੇ ਖਾਂਦਿਆਂ ਪਹਿਲਾਂ ਉਹ ਸੰਗਰੂਰ, ਸਮਾਣਾ ਤੇ ਅਖ਼ੀਰ ਪਟਿਆਲਾ ਪਹੁੰਚੇ। ਉਨ੍ਹਾਂ ਦੀ ਜ਼ਿੰਦਗੀ ਦਾ ਇਮਤਿਹਾਨ ਉਦੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਰੋਜ਼ੀ-ਰੋਟੀ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਸਭ ਤੋਂ ਪਹਿਲਾਂ ਬਾਗ 'ਚ ਪੰਛੀਆਂ ਨੂੰ ਉਡਾਉਣ ਲਈ ਨੌਕਰੀ ਤੇ ਫਿਰ ਚਾਹ ਦੀ ਦੁਕਾਨ 'ਤੇ ਕੰਮ ਕੀਤਾ। ਚਾਹ ਦੀ ਦੁਕਾਨ 'ਤੇ ਕੰਮ ਕਰਨਾ ਉਨ੍ਹਾਂ ਲਈ ਵਰਦਾਨ ਸਾਬਤ ਹੋਇਆ, ਕਿਉਂਕਿ ਜਦੋਂ ਉਹ ਸਕੂਲ ਚਾਹ ਦੇਣ ਜਾਂਦਾ ਤਾਂ ਅਧਿਆਪਕ ਖ਼ੁਸ਼ੀ ਰਾਮ ਨੇ ਉਸ ਦੀ ਪੜ੍ਹਨ ਦੀ ਉਤਸੁਕਤਾ ਦੀ ਪਛਾਣ ਕੀਤੀ ਤੇ ਫਿਰ ਉਨ੍ਹਾਂ ਨੂੰ ਹੋਰ ਪੜ੍ਹਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਦਸਵੀਂ ਪਹਿਲੇ ਦਰਜੇ 'ਚ ਪਾਸ ਕੀਤੀ। ਪਟਿਆਲਾ ਆ ਕੇ ਉਨ੍ਹਾਂ ਨੇ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਦੇ ਗਿਆਨੀ ਕਾਲਜ ਤੋਂ ਗਿਆਨੀ, ਜੇ.ਬੀ.ਟੀ., ਬੀ.ਏ., ਬੀ.ਐੱਡ. ਤੇ ਕਾਨੂੰਨ ਦੀ ਤੱਕ ਦੀ ਪੜ੍ਹਾਈ ਪ੍ਰਾਈਵੇਟ ਹੀ ਕੀਤੀ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਰੋਜ਼ਗਾਰ ਦਫ਼ਤਰ 'ਚ ਕਲਰਕ ਵਜੋਂ ਸਰਕਾਰੀ ਨੌਕਰੀ ਮਿਲ ਗਈ। ਤਰੱਕੀ ਕਰਦਿਆਂ ਸਹਾਇਕ, ਹੈੱਡ ਕਲਰਕ, ਸੁਪਰਡੈਂਟ, ਸਹਾਇਕ ਰੋਜ਼ਗਾਰ ਅਧਿਕਾਰੀ ਤੇ ਅਖ਼ੀਰ ਜ਼ਿਲ੍ਹਾ ਰੋਜ਼ਗਾਰ ਅਧਿਕਾਰੀ ਬਣੇ। ਉਨ੍ਹਾਂ ਦਾ ਵਿਆਹ ਮਨਮੋਹਨ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਮਹਿੰਦਰ ਸਿੰਘ, ਰਾਜਿੰਦਰ ਸਿੰਘ ਤੇ ਲੜਕੀ ਨਿਰਮਲ ਜੋਤ ਕੌਰ ਹੈ। ਦਲੀਪ ਸਿੰਘ ਵਾਸਨ 25 ਅਪ੍ਰੈਲ, 2026 ਨੂੰ ਸਵਰਗਵਾਸ ਹੋ ਗਏ ਸਨ। ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਕੀਰਤਨ ਤੇ ਅੰਤਿਮ ਅਰਦਾਸ ਅੱਜ 2 ਮਈ, 2026 ਨੂੰ ਗੁਰਦੁਆਰਾ ਸਿੰਘ ਸਭਾ ਸੇਵਾ ਸਿੰਘ ਠੀਕਰੀਵਾਲਾ ਨਗਰ (ਪਟਿਆਲਾ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।

ਮੋਬਾਈਲ : 94178-13072
ਈਮੇਲ : ujagarsingh48@yahoo.com

Ad Position 22
No active advertisement
ਪਿਛਲੀ ਖ਼ਬਰ 02-05-26 ਅਗਲੀ ਖ਼ਬਰ ਸੰਵਿਧਾਨਕ ਸੰਸਥਾਵਾਂ ਦੀ ਨਿਰਪੱਖਤਾ ਨੂੰ ਯਕੀਨੀ ਬਣਾਉਣ ਦੀ ਲੋੜ
Ad Position 24
No active advertisement