07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

02-05-26

Ad Position 21
No active advertisement
ਅਜੀਤ ਡੈਸਕ 02-05-2026

 ਬੋਲੀਵੀਆ ਡਾਇਰੀ
ਲੇਖਕ : ਅਰਨੈਸਟੋ ਚੀ ਗੁਵੇਰਾ
ਅਨੁਵਾਦਕ : ਇੰਦਰ ਪੱਖੋਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ 299 ਰੁਪਏ, ਸਫ਼ੇ : 166
ਸੰਪਰਕ : 95011-45039

ਬੋਲੀਵੀਆ ਡਾਇਰੀ ਅਰਨੈਸਟੋ ਚੀ ਗਵੇਰਾ ਦੁਆਰਾ ਬੋਲੀਵੀਆ ਵਿਚ ਗੁਰੀਲਾ ਯੁੱਧ ਦੌਰਾਨ ਲਿਖੀ ਗਈ ਪੁਸਤਕ ਹੈ। ਚੀ ਗੁਵੇਰਾ ਦਾ ਜਨਮ 14 ਜੂਨ, 1928 ਨੂੰ ਹੋਇਆ ਤੇ 9 ਅਕਤੂਬਰ, 1967 ਨੂੰ ਗੁਵੇਰਾ ਸ਼ਹੀਦ ਹੋਏ। ਇਸ ਡਾਇਰੀ ਵਿਚ 11 ਮਹੀਨਿਆਂ ਤੱਕ ਦੇ ਸਮੇਂ ਨੂੰ ਦਰਸਾਇਆ ਗਿਆ ਹੈ। ਇਹ ਇੰਦਰ ਪੱਖੋਵਾਲ ਦੁਆਰਾ ਪੰਜਾਬੀ ਵਿਚ ਅਨੁਵਾਦਿਤ ਕੀਤੀ ਇੱਕ ਇਤਿਹਾਸਿਕ ਪੁਸਤਕ ਹੈ। ਇਸ ਪੁਸਤਕ ਵਿਚ ਗੁਵੇਰਾ ਦੇ ਕ੍ਰਾਂਤੀਕਾਰੀ ਜੀਵਨ ਨੂੰ ਦਰਸਾਇਆ ਗਿਆ ਹੈ। ਇਸ ਪੁਸਤਕ ਵਿਚ ਦੱਸਿਆ ਗਿਆ ਹੈ ਕਿ ਚੀ ਗੁਵੇਰਾ ਬੁਲੀਵੀਆ ਵਿਚ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਆਪਣਾ ਭੇਸ ਬਦਲਣਾ ਪਿਆ ਸੀ। ਇਸ ਵਿਚ ਚੀ ਗੁਵੇਰਾ ਨੇ ਆਪਣੇ ਜੰਗਲ ਵਿਚ ਰਹਿਣ-ਸਹਿਣ ਦੀਆਂ ਸਮੱਸਿਆਵਾਂ ਤੇ ਲੋਕਾਂ ਦੇ ਮਿਲੇ ਸਹਿਯੋਗ ਨੂੰ ਬਹੁਤ ਚੰਗੀ ਤਰ੍ਹਾਂ ਬਿਆਨ ਕੀਤਾ ਹੈ। ਇਸ ਡਾਇਰੀ ਵਿਚ ਵੱਖ-ਵੱਖ ਤਰੀਕਾਂ ਰਾਹੀਂ ਰੋਜ਼ਾਨਾ ਦੇ ਕੰਮਾਂ ਤੇ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਵੀ ਦਰਸਾਇਆ ਹੈ। ਪੁਸਤਕ ਵਿਚ 12 ਦਸੰਬਰ ਤੋਂ ਲੈ ਕੇ 28 ਅਗਸਤ ਤੱਕ ਦੀਆਂ ਤਰੀਕਾਂ ਵਿਚ ਚੀ ਗੁਵੇਰਾ ਦੇ ਸੰਘਰਸ਼ ਨੂੰ ਬਿਆਨ ਕੀਤਾ ਗਿਆ ਹੈ। ਇਸ ਡਾਇਰੀ ਵਿਚ ਚੀ ਗਵੇਰਾ ਦੇ ਵਿਸ਼ਵਾਸ ਤੇ ਉਸ ਅੰਦਰ ਪੈਦਾ ਹੋਈਆਂ ਕਮਜ਼ੋਰੀਆਂ ਦੀ ਝਲਕ ਦੇਖੀ ਜਾ ਸਕਦੀ ਹੈ। ਇਹ ਡਾਇਰੀ ਇਨਕਲਾਬ ਲਿਆਉਣ ਦੀ ਕ੍ਰਾਂਤੀ ਨੂੰ ਉਜਾਗਰ ਕਰਦੀ ਹੈ। ਇਹ ਪੁਸਤਕ ਗੁਵੇਰਾ ਦੇ ਇਰਾਦੇ ਤੇ ਬਹਾਦਰੀ ਨੂੰ ਵੀ ਦਰਸਾਉਂਦੀ ਹੈ। ਇਸ ਪੁਸਤਕ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਲੇਖਕ ਨੇ ਪੰਜਾਬੀ ਪਾਠਕਾਂ ਲਈ ਇੱਕ ਨਵਾਂ ਹੁੰਗਾਰਾ ਭਰਿਆ ਹੈ। ਇਹ ਕਿਤਾਬ ਪਾਠਕਾਂ ਨੂੰ ਗੁਵੇਰਾ ਦੇ ਜੀਵਨ, ਰਾਜਨੀਤੀ ਇਨਕਲਾਬ ਵਿਚਾਰਾਂ ਨੂੰ ਸਮਝਣ ਲਈ ਪ੍ਰੇਰਿਤ ਕਰਦੀ ਹੈ। ਇਹ ਪੁਸਤਕ ਸਾਨੂੰ ਚੀ ਗੁਵੇਰਾ ਦੇ ਉੱਚੇ ਆਦਰਸ਼ਕ ਜੀਵਨ ਨੂੰ ਦਿਖਾਉਂਦੀ ਨਜ਼ਰ ਆਉਂਦੀ ਹੈ।

-ਇੰਦਰਪ੍ਰੀਤ ਕੌਰ, ਲੁਧਿਆਣਾ
ਮੋਬਾਈਲ : 98886-90280

 

ਜੰਗ ਬਹਾਦੁਰ ਗੋਇਲ ਰਚਿਤ
'ਸਾਹਿਤ ਸੰਜੀਵਨੀ'
ਇਕ ਅੰਤਰ ਝਾਤ
ਲੇਖਕ : ਪ੍ਰੋ. ਅਤੈ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 98151-77570

ਜੰਗ ਬਹਾਦੁਰ ਗੋਇਲ ਵੱਖਰੀ ਭਾਂਤ ਦਾ ਲੇਖਕ ਹੈ। ਉਸ ਨੇ ਵਿਸ਼ਵ ਦੇ ਸ਼ਾਹਕਾਰ ਨਾਵਲਾਂ ਨੂੰ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕਰਕੇ ਨਿਵੇਕਲਾ ਕਾਰਜ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਮੁਹੱਬਤਨਾਮਾ, ਖਲੀਲ ਜਿਬਰਾਨ ਦੀ ਜੀਵਨੀ, ਸਾਹਿਤ ਸੰਜੀਵਨੀ ਸਮੇਤ ਕਈ ਹੋਰ ਗੌਲਣਯੋਗ ਕਿਤਾਬਾਂ ਵੀ ਲਿਖੀਆਂ ਹਨ। ਉਸ ਦੀਆਂ ਕੁਝ ਕਿਤਾਬਾਂ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਉਪਲਬਧ ਹਨ। ਪ੍ਰੋ ਅਤੈ ਸਿੰਘ ਨੇ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ (ਕਵਿਤਾ, ਆਲੋਚਨਾ, ਸੰਪਾਦਨ, ਨਾਟਕ ਆਦਿ) ਵਿਚ ਮਹੱਤਵਪੂਰਨ ਕਾਰਜ ਕਰਕੇ 7 ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਹਨ। ਹੁਣ ਉਸ ਨੇ ਜੰਗ ਬਹਾਦੁਰ ਗੋਇਲ ਦੀ ਚਰਚਿਤ ਵਾਰਤਕ ਪੁਸਤਕ 'ਸਾਹਿਤ ਸੰਜੀਵਨੀ' ਦਾ ਪਾਠ-ਮੂਲਕ ਅਧਿਐਨ ਕਰ ਕੇ ਇਸ ਦੀ ਨਵੀਂ ਪੜ੍ਹਤ ਪ੍ਰਸਤੁਤ ਕੀਤੀ ਹੈ। ਇਸ ਕਿਤਾਬ ਦੇ ਉਸ ਨੇ ਮੁੱਖ ਤੌਰ 'ਤੇ ਤਿੰਨ ਭਾਗ ਬਣਾਏ ਹਨ - ਲਿਖਤਾ ਓ ਵਾਚ, ਵਾਚਤਾ ਓ ਵਾਚ, ਪੜ੍ਹਤਾ ਓ ਵਾਚ। ਫਿਰ ਇਨ੍ਹਾਂ ਤਿੰਨਾਂ ਦਾ ਅੱਗੋਂ ਹੋਰ ਭਾਗਾਂ ਵਿਚ ਵਿਸਤਾਰ ਕੀਤਾ ਹੈ। ਗੱਲ ਆਰੰਭਦਿਆਂ, ਗੱਲ ਅੱਗੇ ਤੋਰਦਿਆਂ, ਗੱਲ ਵਿਸਥਾਰਦਿਆਂ, ਇੱਕ ਨੁਕਤੇ ਤੇ; ਜ਼ਿੰਦਗੀ ਵਿਚ ਪੁਸਤਕਾਂ, ਪੁਸਤਕ ਚਿਕਿਤਸਾ, ਚਿਕਿਤਸਕ ਪ੍ਰਭਾਵ, ਲਿਖਣ ਇਲਾਜ ਵਿਧੀ, ਸਾਹਿਤਕ ਦਵਾਖਾਨਾ, ਸਮਾਜ ਦਾ ਸਰਜਨ। ਪੜ੍ਹਤਾ ਓ ਵਾਚ ਦੇ ਅੱਗੇ ਛੇ ਉਪਭਾਗ ਹਨ - ਏਕਾ, ਦੋਆ, ਤੀਆ, ਚਾਰਾ, ਪਾਂਜਾ, ਛੇਆ; ਫੇਰ ਅੱਗੇ ਇਨ੍ਹਾਂ ਛੇਆਂ ਦੇ ਤਿੰਨ-ਤਿੰਨ ਹੋਰ ਉਪਭਾਗ ਹਨ। ਅਸਲ ਵਿਚ ਕਵੀ-ਮਨ ਅਤੈ ਸਿੰਘ ਨੇ ਸਾਹਿਤ ਸੰਜੀਵਨੀ ਬਾਰੇ ਅੰਤਰੀਵੀ ਵਿਸ਼ਲੇਸ਼ਣ ਕਰਦਿਆਂ ਇਸ ਕਿਤਾਬ ਦੀ ਸਿਰਜਣਾ ਕੀਤੀ ਹੈ। ਸਾਹਿਤ ਸੰਜੀਵਨੀ ਨੂੰ ਪੈਨੀ ਦ੍ਰਿਸ਼ਟੀ ਨਾਲ ਵਾਚਦਿਆਂ ਅਤੈ ਸਿੰਘ ਨੇ ਜੋ ਪ੍ਰਭਾਵ ਕਬੂਲੇ ਜਾਂ ਜਿਹੜੇ ਪ੍ਰਭਾਵ ਇਸ ਦੇ ਹੋ ਸਕਦੇ ਹਨ, ਉਨ੍ਹਾਂ ਬਾਰੇ ਵਿਸਤ੍ਰਿਤ ਲੇਖਨ ਕੀਤਾ ਹੈ ਤੇ ਫਿਰ ਇਹਨੂੰ ਕਿਤਾਬੀ ਰੂਪ ਵਿਚ ਪਾਠਕ-ਜਗਤ ਦੇ ਸਪੁਰਦ ਕਰ ਦਿੱਤਾ। ਇਉਂ ਅਤੈ ਸਿੰਘ ਦੀ ਇਹ ਕਿਤਾਬ ਇੱਕ ਕਿਤਾਬ ਦੀ ਹੀ ਪੁਨਰ-ਰਚਨਾ ਹੈ। ਲਗਭਗ ਉਵੇਂ ਹੀ ਜਿਵੇਂ ਜੰਗ ਬਹਾਦੁਰ ਗੋਇਲ ਨੇ ਵਿਸ਼ਵ ਸਾਹਿਤ ਦੇ ਬਿਹਤਰੀਨ ਨਾਵਲਾਂ ਨੂੰ ਪੜ੍ਹਿਆ-ਜਾਣਿਆ-ਸਮਝਿਆ ਅਤੇ ਫਿਰ ਉਨ੍ਹਾਂ ਨੂੰ ਪੰਜਾਬੀ ਦੇ ਪਾਠਕਾਂ ਸਾਹਵੇਂ ਅਰਪਿਤ ਕਰ ਦਿੱਤਾ। ਪੁਸਤਕ ਦੇ ਮੁੱਢ ਵਿਚ ਡਾ. ਰਵਿੰਦਰ ਤੇ ਲੇਖਕ (ਅਤੈ ਸਿੰਘ) ਨੇ ਇਸ ਪੁਸਤਕ ਬਾਰੇ ਉਲੇਖਯੋਗ ਟਿੱਪਣੀਆਂ ਕੀਤੀਆਂ ਹਨ। ਇਸ ਕਿਤਾਬ ਦੀ ਰਚਨਾ-ਪ੍ਰਕਿਰਿਆ ਬਾਰੇ ਲੇਖਕ ਕਹਿੰਦਾ ਹੈ : 'ਉਨ੍ਹਾਂ ਲੇਖਕਾਂ, ਚਿੰਤਕਾਂ, ਦਾਰਸ਼ਨਿਕਾਂ ਦਾ ਰਿਣ ਕਿਵੇਂ ਚੁਕਾਵਾਂ ਮੈਂ - ਜਿਨ੍ਹਾਂ ਦਿਆਂ ਸ਼ਬਦਾਂ, ਵਿਚਾਰਾਂ, ਪ੍ਰਭਾਵਾਂ ਨੇ - ਅਚੇਤੇ-ਸੁਚੇਤੇ ਇਸ ਕਿਤਾਬ ਵੇਲੇ ਜਿੱਥੇ ਕਿਤੇ ਵੀ ਅਟਕਿਆ ਉੱਥੋਂ ਈ ਆਪ ਬਹੁੜ ਕੇ ਉਂਗਲੀ ਫੜ ਕੇ ਅੱਗੇ ਤੋਰਿਆ, ਮੁੜ ਡੰਡੀਏ ਪਾਇਆ, ਇਥੋਂ ਤੱਕ ਅਪੜਾਇਆ। ਲੱਗਦਾ, ਰਾਂਝੇ ਨੂੰ ਪੰਜ ਪੀਰ ਵੀ ਇਉਂ ਈ ਬਹੁੜਦੇ ਹੋਣਗੇ।' ਲੇਖਕ ਅਤੈ ਸਿੰਘ ਦੇ ਨਿਚੋੜ ਨਾਲ ਸਹਿਮਤ ਹੁੰਦਿਆਂ ਕਿਹਾ ਜਾ ਸਕਦਾ ਹੈ ਕਿ 'ਜੰਗ ਬਹਾਦੁਰ ਗੋਇਲ ਦੀ ਪ੍ਰਸੰਸਾ ਕਰਨੀ ਬਣਦੀ ਏ ਭਈ ਓਸਨੇ ਨਿੱਜ ਨੂੰ ਪਰ ਨਾਲ ਜੋੜ ਲਿਆ, ਸਵੈ ਨੂੰ ਸਾਹਿਤ ਨਾਲ ਅਭੇਦ ਕਰ ਲਿਆ; ਸਾਹਿਤ ਨੂੰ ਵਿਸ਼ਵ ਤੱਕ ਪਾਸਾਰ ਲਿਆ। ਸਾਰਾਂਸ਼ ਇਹ ਕਿ ਜੰਗ ਬਹਾਦੁਰ ਗੋਇਲ ਦੀ ਸਾਹਿਤ ਸੰਜੀਵਨੀ ਤਾਂ ਪੜ੍ਹਨ ਵਾਲੀ ਹੈ ਹੀ, ਪ੍ਰੋ. ਅਤੈ ਸਿੰਘ ਦੀ ਇਹ ਕਿਤਾਬ ਵੀ ਓਨੀ ਹੀ ਪੜ੍ਹਨਯੋਗ ਹੈ। ਖ਼ੈਰ-ਮਕਦਮ!

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-920015

 


ਧੁਆਂਖੀਆਂ ਲਗਰਾਂ
ਲੇਖਕ : ਵਜੀਰ ਸਿੰਘ ਰੰਧਾਵਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੋ, ਅੰਮ੍ਰਿਤਸਰ
ਮੁੱਲ:300 ਰੁਪਏ, ਸਫ਼ੇ :151
ਸੰਪਰਕ : 81468-23797

'ਧੁਆਂਖੀਆਂ ਲਗਰਾਂ' ਨਾਵਲ ਦੇ ਕਵਰ ਤੋਂ ਬਹੁਤ ਕੁਝ ਸਪੱਸ਼ਟ ਹੋ ਜਾਂਦਾ ਹੈ। ਨਾਵਲ ਦੇ ਕਵਰ 'ਤੇ ਚਾਰ ਨੌਜਵਾਨ ਹਤਾਸ਼ ਤੇ ਨਿਰਾਸ਼ ਬੈਠੇ ਹਨ ਜਿਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਨੌਜਵਾਨ ਜ਼ਿੰਦਗੀ ਦੀ ਰਾਹ ਤੋਂ ਭਟਕੇ ਹੋਏ ਹਨ ਅਤੇ ਜਿਨ੍ਹਾਂ ਦੀ ਸੋਹਣੀ ਜਵਾਨੀ ਜਾਂ ਤਾਂ ਨਸ਼ਿਆਂ ਨੇ ਖਾ ਲਈ ਜਾਂ ਬੇਰੁਜ਼ਗਾਰੀ ਨੇ ਧੁਆਂਖ ਦਿੱਤੀ ਅਤੇ ਇਨ੍ਹਾਂ ਦੀ ਜ਼ਿੰਦਗੀ ਨੂੰ ਰਾਹੇ ਪਾਉਣ ਲਈ ਇਕ ਕਿਰਨ ਦੀ ਲੋੜ ਹੈ, ਜੋ ਅਸਲ ਵਿਚ ਨਾਵਲ ਦੀ ਪਾਤਰ ਵੀ ਹੈ। ਨਾਵਲ ਦੀ ਸ਼ੁਰੂਆਤ ਬਹੁਤ ਹੀ ਵੱਖਰੀ ਹੈ ਅਤੇ ਸਮਾਜ ਦੇ ਉਸ ਤਬਕੇ ਦੀ ਮੂੰਹੋਂ ਬੋਲਦੀ ਤਸਵੀਰ ਨੂੰ ਸਾਡੇ ਸਨਮੁੱਖ ਕਰਦੀ ਹੈ ਜਿਸ ਤਬਕੇ ਬਾਰੇ ਅਸੀਂ ਬੜੇ ਹੀ ਸੰਵੇਦਨਸ਼ੀਲ ਭਾਵ ਰੱਖਦੇ ਹਾਂ। ਜਗਰੂਪ ਦੇ ਕਿਰਦਾਰ ਰਾਹੀਂ ਨਾਵਲਕਾਰ ਉਸ ਕੌੜੀ ਹਕੀਕਤ ਨਾਲ ਸਾਨੂੰ ਰੂ-ਬ-ਰੂ ਕਰਵਾੳਂਦਾ ਹੈ ਜਿਸ 'ਤੇ ਇਕ ਪਲ ਲਈ ਯਕੀਨ ਕਰਨਾ ਸਾਡੇ ਲਈ ਔਖਾ ਹੋ ਜਾਂਦਾ ਹੈ ਅਤੇ ਇਹ ਕੌੜੀ ਹਕੀਕਤ ਨਿਰਸੰਦੇਹ ਸਾਨੂੰ ਬੇਚੈਨ ਵੀ ਕਰਦੀ ਹੈ। ਪੰਜਾਬ ਦਾ ਨੌਜਵਾਨ ਅੱਜ ਬਹੁਤ ਹੀ ਭਟਕਿਆ ਹੋਇਆ, ਨਿਰਾਸ਼, ਬੇਜ਼ਾਰ ੳਤੇ ਬੇਰੁਜ਼ਗਾਰ, ਦਿਸ਼ਾਹੀਣ ਤਾਂ ਹੈ ਹੀ ਅਤੇ ਨਾਲ ਹੀ ਨਸ਼ਿਆਂ ਵਰਗੇ ਕੋਹੜ ਦਾ ਸ਼ਿਕਾਰ ਹੋ ਕੇ ਆਪਣੀ ਜਵਾਨੀ ਨੂੰ ਇਸ ਅੱਗ ਦੀ ਭੇਟ ਚਾੜ੍ਹ ਰਿਹਾ ਹੈ। ਜਗਰੂਪ ਅਤੇ ਅਰਸ਼ਦੀਪ ਇਸ ਨਾਵਲ ਦੇ ਉਹ ਕਿਰਦਾਰ ਹਨ ਜੋ ਆਪਣੀ ਜ਼ਿੰਦਗੀ ਨੂੰ ਅਤੇ ਸਮਾਜਿਕ ਤਾਣੇ-ਬਾਣੇ ਉੱਤੇ ਪਰਿਵਾਰਕ ਜ਼ਿੰਦਗੀ ਨੂੰ ਨਸ਼ੇ ਦੀ ਖਾਤਿਰ ਤਿਲਾਂਜਲੀ ਦੇ ਰਹੇ ਹਨ ਅਤੇ ਹਲਾਤ ਦੀ ਨਾਜ਼ੁਕਤਾ ਨੂੰ ਸਮਝਣ ਦੀ ਬਜਾਏ ਬਹੁਤ ਹੀ ਗ਼ੈਰ-ਜ਼ਿੰਮੇਵਾਰੀ ਦੇ ਨਾਲ ਪਰਿਵਾਰ ਅਤੇ ਸਮਾਜ ਵਿਚ ਵਿਚਰ ਰਹੇ ਹਨ। ਅਸਲ ਵਿਚ ਜਗਰੂਪ ਅਤੇ ਅਰਸ਼ਦੀਪ ਪੰਜਾਬ ਦੇ ਹਰ ਨੌਜਵਾਨ ਮੁੰਡੇ ਅਤੇ ਕੁੜੀ ਦੀ ਕਹਾਣੀ ਨੂੰ ਬਿਆਨ ਕਰਦੇ ਹਨ ਅਤੇ ਅਜਿਹੇ ਭਟਕੇ ਹੋਏ ਨੌਜਵਾਨਾਂ ਨੂੰ ਕਿਰਨ ਵਰਗੇ ਅਗਵਾਈਕਾਰਾਂ ਦੀ ਲੋੜ ਹੈ ਜੋ ਉਨ੍ਹਾਂ ਨੂੰ ਇਸ ਬਰਬਾਦੀ ਦੇ ਰਾਹੋਂ ਮੋੜ ਲਿਆਵੇ ਅਤੇ ਜ਼ਿੰਦਗੀ ਦੀ ਖ਼ੂਬਸੂਰਤੀ ਤੋਂ ਜਾਣੂ ਕਰਵਾ ਕੇ ਇਸ ਦੀ ਅਹਿਮੀਅਤ ਤੋਂ ਵਾਕਿਫ ਕਰਾਵੇ।

-ਡਾ. ਜਸਬੀਰ ਕੌਰ
ਮੋਬਾਈਲ : 98721-17774

 

ਅਤਰ ਦੇ ਛਿੱਟੇ
ਲੇਖਕ : ਅਭਿਰੋਜਵੀਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 152
ਸੰਪਰਕ : 70103-67193

'ਅਤਰ ਦੇ ਛਿੱਟੇ' ਅਭਿਰੋਜਵੀਰ ਸਿੰਘ ਦੀ ਪਲੇਠੀ ਪੁਸਤਕ ਹੈ। ਇਸ ਵਿਚ ਪਿੰਡ ਲੱਡਾ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਪਿੰਡ ਦੀ ਨੀਂਹ 1500 ਈਸਵੀ ਵਿਚ ਗੁੱਜਰ ਲਾਡਾ ਨੇ ਰੱਖੀ। ਇਸ ਅਸਥਾਨ ਉੱਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਅਭਿਰੋਜ਼ਵੀਰ ਸਿੰਘ ਨੇ ਪਿੰਡ ਬਾਰੇ ਜਾਣਕਾਰੀ ਪਿੰਡ ਦੇ ਵੱਡੇ-ਵਡੇਰਿਆਂ ਤੇ ਬਜ਼ੁਰਗਾਂ ਤੋਂ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਨੂੰ ਗਲਪੀਕਰਨ ਰਾਹੀਂ ਪਾਠਕਾਂ ਤੱਕ ਪਹੁੰਚਾ ਕੇ ਸਲਾਘਾਯੋਗ ਕਾਰਜ ਕੀਤਾ ਹੈ। ਸ੍ਰੀ ਹਜ਼ੂਰ ਸਾਹਿਬ ਵਿਚ ਪਿੰਡ ਦੇ ਬਜ਼ੁਰਗ ਫੁੰਮਣ ਸਿੰਘ ਨੇ ਕਥਾਵਾਚਕ ਤੋਂ ਕਥਾ ਸੁਣੀ, ਜਿਸ 'ਚ ਲੱਡਾ ਪਿੰਡ ਦਾ ਜ਼ਿਕਰ ਕੀਤਾ ਗਿਆ ਸੀ। ਪਿੰਡ ਵਾਪਸ ਪਰਤ ਕੇ ਪਿੰਡ ਦੇ ਬਜ਼ੁਰਗਾਂ ਨੂੰ ਨਾਲ ਲੈ ਕੇ ਉਸ ਸਥਾਨ ਦੀ ਤਲਾਸ਼ ਕੀਤੀ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਠਹਿਰੇ ਸਨ। ਸਭ ਕੁਝ ਤਿਆਗ ਕੇ ਬਾਬਾ ਫੁੰਮਣ ਸਿੰਘ ਜੀ ਨੇ ਇਸ ਅਸਥਾਨ ਦੀ ਸੇਵਾ ਸੰਭਾਲ ਕੀਤੀ ਤੇ ਸੰਗਤਾਂ ਜੁੜਨ ਲੱਗੀਆਂ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਅਤਰ ਸਿੰਘ ਮਸਤੂਆਣਾ ਜੀ ਵਲੋਂ ਚਲਾਈ ਬਿਹੰਗਮ ਸੰਪਰਦਾਇ ਵਿਚੋਂ ਸੰਤ ਬਾਬਾ ਤਾਰਾ ਸਿੰਘ ਜੀ ਨੇ ਸੇਵਾ ਸੰਭਾਲੀ। ਇਸ ਪਵਿੱਤਰ ਅਸਥਾਨ ਉੱਤੇ ਕਈ ਕੌਤਕ ਵੀ ਵਰਤੇ, ਜਿਨ੍ਹਾਂ ਦਾ ਜ਼ਿਕਰ ਪੁਸਤਕ ਵਿਚੋਂ ਪ੍ਰਾਪਤ ਹੁੰਦਾ ਹੈ। ਇਸ ਪਿੰਡ ਦੇ ਪਿਛੋਕੜ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹ ਇਤਿਹਾਸਕ ਨਜ਼ਰੀਏ ਤੋਂ ਮਹੱਤਵਪੂਰਨ ਕੰਮ ਹੈ। ਲੇਖਕ ਦੀ ਵਿਲੱਖਣਤਾ ਇਹ ਹੈ ਕਿ ਉਸ ਨੇ 'ਜੰਡੀ' ਦੇ ਮੂੰਹੋਂ ਇਤਿਹਾਸਕ ਤੱਥਾਂ ਨੂੰ ਬਿਆਨ ਕੀਤਾ ਹੈ। ਜ਼ਿਕਰ ਮਿਲਦਾ ਹੈ, ਇਤਿਹਾਸ ਗਵਾਹ ਹੈ। ਅੱਜ ਵੀ ਪਿੰਡ ਦੇ ਲੋਕ ਮੂੰਹੋਂ ਬੋਲਦੇ ਹਨ ਕਿ ਕਣਕ 20 ਮਣ ਹੀ ਨਿਕਲੀ ਸੀ। ਨਾ ਸੇਰ ਵੱਧ ਨਾ ਘੱਟ। ਅੱਜ ਉਹ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂਅ ਹੈ ਤੇ 'ਬੇਰੀ ਵਾਲਾ ਖੇਤ' ਜਾਂ '20 ਮਣਾਂ ਖੂਹ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਸਮਾਜਕ, ਆਰਥਿਕ, ਰਾਜਨੀਤਿਕ ਤੇ ਧਾਰਮਿਕ ਪੱਖ ਵੀ ਉਜਾਗਰ ਹੁੰਦੇ ਹਨ। ਪਾਠਕਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਸ਼ਲਾਘਾਯੋਗ ਯਤਨ ਹੈ। 'ਅਤਰ ਦੇ ਛਿੱਟੇ' ਪੁਸਤਕ ਧਾਰਮਿਕ ਸੁਗੰਧੀਆਂ ਦਾ ਮੁਜੱਸਮਾ ਹੈ। ਜੀਵਨ ਉੱਤੇ ਧਾਰਮਿਕ ਕਾਰਜਾਂ ਦਾ ਪ੍ਰਭਾਵ ਮਨੁੱਖ ਨੂੰ ਸਮਾਨਤਾ ਦਾ ਰਸਤਾ ਦਿਖਾਉਂਦਾ ਹੈ।

-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ :94146-91091

 

ਨਸ਼ਤਰ
ਸੰਗ੍ਰਹਿਕਰਤਾ : ਹੈੱਡ ਮਾਸਟਰ ਬਲਜੀਤ ਸਿੰਘ ਰੌਣੀ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼ ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ : 79
ਸੰਪਰਕ : 97797-72139

ਇਸ ਪੁਸਤਕ ਵਿਚ 61 ਕਹਾਣੀਆਂ ਹਨ ਜੋ ਕਿ ਅਰਬੀ ਤੇ ਫਾਰਸੀ ਤੋਂ ਅਨੁਵਾਦ ਕੀਤੀਆਂ ਹੋਈਆਂ ਹਨ। ਸਾਫ਼ ਜ਼ਾਹਿਰ ਹੈ ਕਿ ਬਲਜੀਤ ਸਿੰਘ ਰੌਣੀ ਨੂੰ ਕਈ ਭਾਸ਼ਾਵਾਂ ਦਾ ਗਿਆਨ ਹੈ ਅਤੇ ਇਨ੍ਹਾਂ ਕਹਾਣੀਆਂ ਦਾ ਅਨੁਵਾਦ ਪੰਜਾਬੀ ਭਾਸ਼ਾ ਵਿਚ ਕਰਨ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਕਰਕੇ ਬਲਜੀਤ ਸਿੰਘ ਰੌਣੀ ਵਧਾਈ ਦਾ ਹੱਕਦਾਰ ਵੀ ਹੈ। ਇਨ੍ਹਾਂ ਸਮੁੱਚੀਆਂ ਕਹਾਣੀਆਂ ਦਾ ਬਸ ਇਹੀ ਉਦੇਸ਼ ਹੈ ਕਿ ਨਵੀਂ ਪੀੜ੍ਹੀ ਨੂੰ ਕਿਵੇਂ ਨਾ ਕਿਵੇਂ ਸਾਹਿਤ ਨਾਲ ਜੋੜਿਆ ਜਾਵੇ ਅਤੇ ਨਾਲ ਜੀਵਨ ਜਾਚ ਦੀ ਸੇਧ ਵੀ ਦਿੱਤੀ ਜਾਵੇ ਕਿਉਂਕਿ ਲੇਖਕ ਦੇ ਅੰਦਰ ਜੋ ਅੰਦਰੂਨੀ ਜਜ਼ਬਾ, ਖਾਹਿਸ਼, ਉਮੀਦ ਅਤੇ ਸਮਾਜ ਲਈ ਕੁਝ ਕਰਨ ਦਾ ਉਪਰਾਲਾ ਇਨ੍ਹਾਂ ਨੂੰ ਹਲੂਣਾ ਦੇ ਰਿਹਾ। ਲੇਖਕ ਖ਼ੁਦ ਵੀ ਕਦਰਾਂ-ਕੀਮਤਾਂ ਦਾ ਹਾਮੀ, ਤ੍ਰਿਾਸਦੀ ਝਲਕ ਸਾਫ਼ ਵਿਖਾਈ ਦਿੰਦੀ ਹੈ। ਅੱਜ ਦੇ ਆਧੁਨਿਕ ਸਮੇਂ ਵਿਚ ਜਜ਼ਬਾ ਘੱਟ ਹੀ ਵੇਖਣ ਨੂੰ ਮਿਲਦਾ ਹੈ ਪਰ ਲੇਖਕ ਆਪਣੀ ਮਸਤ ਚਾਲ ਚਲਦਾ ਜਾ ਰਿਹਾ ਹੈ। ਇਨ੍ਹਾਂ ਸਮੁੱਚੀਆਂ ਕਹਾਣੀਆਂ ਦੀ ਜੋ ਚੋਣ ਕੀਤੀ ਗਈ ਹੈ, ਉਹ ਵੀ ਯਤਨ ਕਾਬਲੇ ਤਾਰੀਫ਼ ਹੈ। ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਸੰਗ੍ਰਹਿ ਕਰਨਾ ਕੋਈ ਸੌਖਾ ਨਹੀਂ। ਹਰ ਕਹਾਣੀ ਵਿਚੋਂ ਕੁਝ ਨਾ ਕੁਝ ਲੱਭਦਾ ਹੈ। ਇਨ੍ਹਾਂ ਕਹਾਣੀਆਂ ਵਿਚ ਹੋਣਹਾਰ ਲੜਕਾ, ਇਕ ਮੋਚੀ ਦੀ ਕਹਾਣੀ, ਇਕ ਅੰਨ੍ਹਾ ਆਦਮੀ, ਅਰਬੀ ਕਹਾਣੀ, ਫ਼ਿਤਰਤ, ਦਿਖਾਵੇਬਾਜ਼ੀ, ਸਿਆਣਪ, ਮਰਦ ਤੇ ਸੱਪ ਦੀ ਕਹਾਣੀ, ਇਕ ਸ਼ਹਿਦ ਦੀ ਮੱਖੀ, ਚਲਾਕ ਕਬਾੜੀਆ, ਰੱਬ ਦਾ ਭਾਣਾ ਮੰਨਣ ਵਾਲਾ ਵਜ਼ੀਰ ਕਾਬਲੇ-ਤਾਰੀਫ਼ ਹਨ। ਬਾਕੀ ਕਹਾਣੀਆਂ ਦਾ ਕੱਦ ਵੀ ਉੱਚਾ ਹੈ। ਇਨ੍ਹਾਂ ਕਹਾਣੀਆਂ ਨੂੰ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਪੁਸਤਕ ਵਿਚ ਜੋ ਵੀ ਕਹਾਣੀਆਂ ਲਈਆਂ ਗਈਆਂ ੰਹਨ, ਉਹ ਮੱਧ ਪੂਰਬੀ ਦੇਸ਼ਾਂ ਦੀਆਂ ਕਹਾਣੀਆਂ ਹਨ।

-ਡਾ. ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990

 

ਗੁਲਮੋਹਰ ਹੱਸਦੇ ਹਨ
ਸ਼ਾਇਰਾ : ਡਾ. ਇੰਦੂ ਗੁਪਤਾ
ਪ੍ਰਕਾਸ਼ਕ : ਸ਼ਿਵ ਰਾਜ ਪ੍ਰਕਾਸ਼ਨ ਦਿੱਲੀ
ਮੁੱਲ : 380 ਰੁਪਏ, ਸਫ਼ੇ : 136
ਸੰਪਰਕ : 98710-84402

ਬਹੁਪੱਖੀ ਪ੍ਰਤਿਭਾ ਦੀ ਮਾਲਕ ਸਾਹਿਤਕਾਰ ਡਾ. ਇੰਦੂ ਗੁਪਤਾ ਆਪਣੇ ਨਵੇਂ ਕਾਵਿ-ਸੰਗ੍ਰਹਿ 'ਗੁਲਮੋਹਰ ਹੱਸਦੇ ਹਨ' ਨਾਲ ਪੰਜਾਬੀ ਕਾਵਿ-ਖੇਤਰ ਵਿਚ ਨਵੀਂ ਪੁਲਾਂਘ ਪੁੱਟ ਰਹੀ ਹੈ। 'ਗੁਲਮੋਹਰ ਹੱਸਦੇ ਹਨ' ਪੁਸਤਕ ਨੂੰ ਸ਼ਾਇਰਾ ਨੇ ਤਿੰਨ ਹਿੱਸਿਆਂ 'ਚ ਵੰਡ ਕੇ ਆਪਣਾ ਕਾਵਿ-ਅਨੁਭਵ ਪੇਸ਼ ਕੀਤਾ ਹੈ। ਪਹਿਲੇ ਹਿੱਸੇ ਨੂੰ ਉਸ ਨੇ 'ਕੁਦਰਤ ਦਾ ਨੂਰ' ਸਿਰਲੇਖ ਦਿੱਤਾ ਹੈ, ਦੂਜੇ ਹਿੱਸੇ ਨੂੰ 'ਸੋ ਕਿਉ ਮੰਦਾ ਆਖੀਐ...' ਨਾਲ ਕਾਵਿ-ਜ਼ੁਬਾਨ ਦਿੱਤੀ ਹੈ ਅਤੇ ਤੀਜੇ ਹਿੱਸੇ ਨੂੰ 'ਕਿੰਨੇ ਚਿਹਰੇ' ਦੇ ਰੂਪ ਵਿਚ ਚਿਤਰਨ ਕਰਨ ਦਾ ਯਤਨ ਕੀਤਾ ਹੈ। ਜਿਵੇਂ ਕਿ ਪਹਿਲਾ ਹਿੱਸਾ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਸ ਵਿਚ ਕੁਦਰਤ ਦੀਆਂ ਅਮੁੱਲੀਆਂ ਦਾਤਾਂ ਭਾਵ ਕੁਦਰਤੀ ਨਜ਼ਾਰਿਆਂ ਬਾਰੇ ਕਾਵਿ ਅਨੁਭਵ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਪਾਠਕ ਜਦੋਂ ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਾ ਹੈ ਤਾਂ ਉਹ ਉਸ ਅਨੰਦਮਈ ਸੁਹਜਾਤਮਿਕ ਸੰਸਾਰ ਨੂੰ ਮਾਣਦਾ ਹੈ ਜਿਸ ਨੂੰ ਬਿਆਨ ਕਰਨ ਨਾਲੋਂ ਮਾਣਿਆ ਜਾਣ ਦੀ ਸਥਿਤੀ ਜ਼ਿਆਦਾ ਸਾਹਮਣੇ ਆਉਂਦੀ ਹੈ। ਸ਼ਾਇਰਾ ਤ੍ਰੇਲ ਤੇ ਮੋਤੀਆਂ, ਨਿੱਕੇ ਫੁੱਲਾਂ, ਪਹਾੜਾਂ ਅਤੇ ਹੋਰ ਕੁਦਰਤੀ ਨਜ਼ਾਰਿਆਂ ਨਾਲ ਸੰਵਾਦ ਰਚਾਉਂਦੀ ਪਾਠਕ ਨੂੰ ਪ੍ਰਾਕਿਰਤਕ ਵਾਤਾਵਰਨ ਨਾਲ ਪਿਆਰ ਕਰਨ ਦੇ ਅਹਿਸਾਸਾਂ ਦੇ ਰੂ-ਬਰੂ ਕਰਦੀ ਹੈ। ਦੂਜੇ ਹਿੱਸੇ ਵਿਚ ਔਰਤ ਮਨ ਦੀ ਵੇਦਨਾ ਅਤੇ ਉਸ ਦੀ ਸਮਾਜਿਕ ਸਥਿਤੀ ਬਾਰੇ ਸ਼ਾਇਰਾ ਨੇ ਆਪਣੀ ਕਾਵਿ-ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਹੈ। ਔਰਤ ਬਾਰੇ ਉਸ ਦਾ ਵਿਚਾਰ ਹੈ ਕਿ ਔਰਤ ਜਦੋਂ ਮਾਂ ਹੁੰਦੀ ਹੈ ਤਾਂ ਮਮਤਾ ਦੀ ਮੂਰਤ ੁਹੰਦੀ ਹੈ ਜਦੋਂ ਪਤਨੀ ਹੁੰਦੀ ਹੈ ਤਾਂ ਕੁਰਬਾਨੀ ਦਾ ਪੁਤਲਾ ਹੁੰਦੀ ਹੈ। ਬਹੁਤੀ ਵਾਰ ਤਾਂ ਉਹ ਪਰਿਵਾਰ ਨੂੰ ਪਾਲਦੀ-ਪਾਲਦੀ ਆਪਣਾ ਆਪਾ ਹੀ ਭੁੱਲ ਜਾਂਦੀ ਹੈ। ਪੁਸਤਕ ਦੇ ਤੀਜੇ ਹਿੱਸੇ ਵਿਚ ਸ਼ਾਇਰਾ ਡਾ. ਇੰਦੂ ਗੁਪਤਾ ਨੇ ਅਜੋਕੇ ਮਨੁੱਖ ਦੀ ਲਘੂ-ਮਾਨਸਿਕਤਾ ਬਾਰੇ ਆਪਣਾ ਕਾਵਿ-ਪ੍ਰਤੀਕਰਮ ਪੇਸ਼ ਕੀਤਾ ਹੈ ਜਿਥੇ ਪਦਾਰਥਵਾਦੀ ਅਤੇ ਤਕਨੀਕੀ ਤਰੱਕੀ ਨੇ ਮਨੁੱਖ ਨੂੰ ਬਹੁਤ ਸਾਰੇ ਸਾਧਨ ਪ੍ਰਦਾਨ ਕੀਤੇ ਹਨ, ਉਥੇ ਮਨੁੱਖ ਦਾਅ-ਪੇਚ ਵੀ ਸਿੱਖ ਗਿਆ ਹੈ ਜਿਹੜੇ ਉਸ ਨੂੰ ਮਨੁੱਖੀ ਕਦਰਾਂ-ਕੀਮਤਾਂ ਤੋਂ ਦੂਰ ਲਿਜਾ ਰਹੇ ਹਨ। ਪੁਸਤਕ ਵਿਚ ਲੰਮੀਆਂ ਅਤੇ ਨਿੱਕੇ ਆਕਾਰ ਦੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਜੋ ਸ਼ਾਇਰਾ ਦੀ ਕਾਵਿ-ਸੂਝ ਦਾ ਪ੍ਰਮਾਣ ਹਨ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਮਨਾਇਆ ਗਿਆ ਮਜ਼ਦੂਰ ਦਿਵਸ <br/> ਅਗਲੀ ਖ਼ਬਰ ਅਲਵਿਦਾ! ਵਿਦਵਾਨ ਸਾਹਿਤਕਾਰ ਦਲੀਪ ਸਿੰਘ ਵਾਸਨ
Ad Position 24
No active advertisement