ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

05-07-26

Ad Position 21
No active advertisement
ਅਜੀਤ ਡੈਸਕ 05-07-2026

-ਪੂੰਜੀਵਾਦੀ ਵਿਸ਼ਵੀਕਰਨ ਅਤੇ ਅਮਰਜੀਤ ਕੌਂਕੇ ਦੇ ਕਾਵਿ-ਸਰੋਕਾਰ
ਲੇਖਕ : ਡਾ. ਸੁਰਜੀਤ ਬਰਾੜ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ ਪਟਿਆਲਾ
ਮੁੱਲ :300 ਰੁਪਏ, ਸਫ਼ੇ :152
ਸੰਪਰਕ : 98553-71313


ਡਾਕਟਰ ਸੁਰਜੀਤ ਬਰਾੜ ਪ੍ਰਗਤੀਸ਼ੀਲ ਪੰਜਾਬੀ ਸਮੀਖਿਆਕਾਰੀ ਦੇ ਚਰਚਿਤ ਨਾਵਾਂ ਵਿਚੋਂ ਇੱਕ ਹੈ। ਸਮਕਾਲੀਨ ਪੰਜਾਬੀ ਸਾਹਿਤ ਦੀ ਮਾਰਕਸਵਾਦੀ ਦ੍ਰਿਸ਼ਟੀ ਤੋਂ ਪੁਣ-ਛਾਣ ਕਰਨ ਦੇ ਸਰਗਰਮ ਯਤਨਾਂ ਵਾਲਾ ਇਹ ਲੇਖਕ 30 ਤੋਂ ਵੱਧ ਪੁਸਤਕਾਂ ਦਾ ਲੇਖਕ ਹੈ। ਜਿਨ੍ਹਾਂ ਵਿਚ ਉਸ ਦੀਆਂ ਕਵਿਤਾਵਾਂ ਵੀ ਹਨ, ਗੀਤ ਵੀ ਹਨ, ਕਹਾਣੀਆਂ ਵੀ ਹਨ, ਨਾਵਲ ਵੀ ਹਨ, ਅਨੁਵਾਦਿਤ ਅਤੇ ਸੰਪਾਦਿਤ ਪੁਸਤਕਾਂ ਵੀ ਸ਼ਾਮਿਲ ਹਨ। ਪਰ ਉਸ ਦੀ ਮੁੱਖ ਪਛਾਣ ਇੱਕ ਮਾਰਕਸਵਾਦੀ ਸਮੀਖਿਆਕਾਰ ਦੀ ਹੈ।
ਹਥਲੀ ਪੁਸਤਕ ਵਿਚ ਉਸ ਨੇ ਪੰਜਾਬੀ ਦੇ ਸਮਕਾਲੀ ਕਵੀ ਡਾ. ਅਮਰਜੀਤ ਕੌਂਕੇ ਦੀ ਨਵੀਂ ਛਪੀ ਕਿਤਾਬ 'ਇਸ ਧਰਤੀ ਤੇ ਰਹਿੰਦਿਆਂ' ਦੇ ਸੰਦਰਭ ਵਿਚ ਉਸ ਦੀ ਕਵਿਤਾ ਦੇ ਸਰੋਕਾਰਾਂ ਨੂੰ ਪਛਾਣਨ ਅਤੇ ਵਿਸ਼ਲੇਸ਼ਿਤ ਕਰਨ ਦਾ ਯਤਨ ਕੀਤਾ ਹੈ। ਕਿਤਾਬ ਪੜ੍ਹਦਿਆਂ ਸਪੱਸ਼ਟ ਹੁੰਦਾ ਹੈ ਕਿ ਅਮਰਜੀਤ ਕੌਂਕੇ ਦੀ ਕਵਿਤਾ ਦੇ ਸਰੋਕਾਰਾਂ ਨੂੰ ਸਮਝਦਿਆਂ ਡਾਕਟਰ ਬਰਾੜ ਦੀ ਮੁੱਖ ਚਿੰਤਾ ਪੂੰਜੀਵਾਦੀ ਵਿਸ਼ਵੀਕਰਨ ਦੇ ਵਰਤਮਾਨ ਸਰੋਕਾਰਾਂ ਦਾ ਲੇਖਾ ਜੋਖਾ ਕਰਨਾ ਵੀ ਹੈ। 'ਪੂੰਜੀਵਾਦੀ ਵਿਸ਼ਵੀਕਰਨ ਦੀ ਅੰਨ੍ਹੀ ਹਨੇਰੀ ਵਿਚ ਨਪੀੜੇ ਜਾ ਰਹੇ ਲੋਕਾਂ ਦੇ ਨਾਂਅ' ਕੀਤੀ ਹੋਈ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਵਿਚ ਡਾਕਟਰ ਬਰਾੜ ਅਮਰਜੀਤ ਕੌਂਕੇ ਦੀ ਕਵਿਤਾ ਦੇ ਸਮੁੱਚੇ ਪ੍ਰਭਾਵਾਂ ਦੀ ਗੱਲ ਕਰਨ ਦੇ ਨਾਲ ਨਾਲ ਕੌਂਕੇ ਦੀਆਂ ਵੱਖ-ਵੱਖ ਕਵਿਤਾਵਾਂ ਦਾ ਨਿਕਟ ਅਧਿਐਨ ਵੀ ਪ੍ਰਸਤੁਤ ਕਰਦਾ ਹੈ ਅਤੇ ਕੌਂਕੇ ਦੇ ਕਾਵਿ ਵਿਸ਼ਿਆਂ ਦੀ ਤਹਿ ਵਿਚ ਪਏ ਫ਼ਿਕਰਾਂ ਨੂੰ ਉਜਾਗਰ ਕਰਨ ਦਾ ਯਤਨ ਵੀ ਕਰਦਾ ਹੈ।
ਡਾਕਟਰ ਬਰਾੜ ਦਾ ਕਥਨ ਹੈ ਕਿ 'ਅਮਰਜੀਤ ਕੌਂਕੇ ਦੀ ਸੋਚ ਅਤੇ ਦ੍ਰਿਸ਼ਟੀ ਨਵ-ਪ੍ਰਗਤੀਵਾਦੀ ਹੈ, ਨਵ-ਯਥਾਰਥਵਾਦੀ ਹੈ।' (ਸਫ਼ਾ-7)
ਡਾਕਟਰ ਸੁਰਜੀਤ ਬਰਾੜ ਨੇ ਇਸ ਕਿਤਾਬ ਵਿਚ ਵਿਸ਼ਵ ਭਰ ਵਿਚ ਵੱਖ-ਵੱਖ ਭਾਸ਼ਾਵਾਂ ਵਿਚ ਲਿਖੀ ਜਾਂਦੀ ਕਵਿਤਾ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਸ ਦਾ ਕਥਨ ਹੈ :-
'ਇਸ ਸਮੇਂ ਪੂਰੇ ਵਿਸ਼ਵ ਵਿਚ ਖੁੱਲ੍ਹੀ ਕਵਿਤਾ ਲਿਖਣ ਦਾ ਸੱਭਿਆਚਾਰ ਪੈਦਾ ਹੋ ਚੁੱਕਾ ਹੈ। ਖੁੱਲ੍ਹੀ ਕਵਿਤਾ ਦੀ ਸਿਨਫ ਨਵ -ਸੱਭਿਆਚਾਰ ਦੀ ਦੇਣ ਹੈ। ਸਾਡੇ ਬਹੁਤ ਸਾਰੇ ਪ੍ਰੰਪਰਾਗਤ ਕਵੀ/ਬੁੱਧੀਜੀਵੀ ਖੁੱਲ੍ਹੀ ਕਵਿਤਾ ਨੂੰ ਕਵਿਤਾ ਨਹੀਂ ਮੰਨਦੇ। ਅਜਿਹੇ ਲੋਕਾਂ ਨੇ ਆਪਣੇ ਆਲੇ-ਦੁਆਲੇ ਸਾਮੰਤੀ ਵਾੜ ਕੀਤੀ ਹੋਈ ਹੈ।' (ਸਫ਼ਾ-13)
ਉਸ ਦੇ ਅਜਿਹੇ ਵਿਚਾਰ ਇਸ ਕਿਤਾਬ ਦੀ ਮੂਲ ਭਾਵਨਾ ਹਨ ਅਤੇ ਉਹ ਇਨ੍ਹਾਂ ਵਿਚਾਰਾਂ ਨੂੰ ਕੌਂਕੇ ਦੀ ਕਵਿਤਾ ਰਾਹੀਂ ਪੁਖਤਾ ਕਰਦਾ ਹੋਇਆ ਕੌਂਕੇ ਨੂੰ ਇੱਕ ਜਾਗਦੇ ਕਵੀ ਵਜੋਂ ਪਛਾਣਦਾ ਹੈ।
-ਉਹ (ਕੌਂਕੇ) ਕਵਿਤਾ ਨੂੰ ਆਪਣੇ ਆਲੇ ਦੁਆਲੇ 'ਚੋਂ ਤਲਾਸ਼ ਲੈਂਦਾ ਹੈ।
-ਕੌਂਕੇ ਦੀ ਕਵਿਤਾ ਸਰਲਭਾਵੀ ਅਤੇ ਸਪੱਸ਼ਟਭਾਵੀ ਹੈ।
-ਉਸ ਦੀ ਕਵਿਤਾ ਵਿਚ ਦਰਸ਼ਨ (ਫਿਲਾਸਫੀ) ਵੀ ਮੌਜੂਦ ਹੈ।
-ਉਹ ਮਾਨਵਵਾਦੀ (ਦਲਿਤ ਵਰਗ ਦਾ) ਅਤੇ ਪ੍ਰਤੀਬੱਧ ਲੇਖਕ ਤਾਂ ਹੈ ਹੀ ਮੈਂ ਉਸ ਦੀਆਂ ਕਵਿਤਾਵਾਂ ਦੇ ਅਧਿਐਨ ਬਾਅਦ ਹੀ ਉਸਨੂੰ ਦਾਰਸ਼ਨਿਕ ਉਰਫ਼ ਮਾਰਕਸਵਾਦੀ ਕਵੀ ਦਾ ਨਾਮੰਕਣ ਦਿੱਤਾ ਹੈ।
ਅਜਿਹੀਆਂ ਉਕਤੀਆਂ ਅਤੇ ਵਿਚਾਰਾਂ ਨਾਲ ਭਰੇ ਹੋਏ ਡਾਕਟਰ ਬਰਾੜ ਦੇ ਲੇਖ ਇਸ ਕਿਤਾਬ ਨੂੰ ਅੰਜਾਮ ਤੱਕ ਪਹੁੰਚਾਉਂਦੇ ਹਨ। ਇਸ ਕਿਤਾਬ ਦੇ ਇਨ੍ਹਾਂ ਲੇਖਾਂ ਨੂੰ ਪੜ੍ਹਦਿਆਂ ਨਵੀਂ ਪੰਜਾਬੀ ਕਾਵਿ-ਸਮੀਖਿਆ ਦੀਆਂ ਵਰਤਮਾਨ ਸੰਭਾਵਨਾਵਾਂ ਦੇ ਸਪੱਸ਼ਟ ਝਲਕਾਰੇ ਪੈਂਦੇ ਹਨ। ਇਸ ਕਰਕੇ ਨਵੇਂ ਕਵੀਆਂ ਅਤੇ ਆਲੋਚਕਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।

ਸੁਰਿੰਦਰ ਮਕਸੂਦਪੁਰੀ ਰਚਿਤ ਕਾਵਿ ਸੰਗ੍ਰਹਿ
ਕਵਿਤਾ ਅਕਵਿਤਾ: ਪਾਠ ਤੋਂ ਪ੍ਰਵਚਨ ਤਕ
ਸੰਪਾਦਕ : ਡਾ. ਮਨਜਿੰਦਰ ਸਿੰਘ, ਡਾ. ਬਲਜੀਤ ਕੌਰ ਰਿਆੜ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 143
ਸੰਪਰਕ : 94630-49230


ਸੁਰਿੰਦਰ ਮਕਸੂਦਪੁਰੀ ਨਵੀਂ ਪੰਜਾਬੀ ਕਵਿਤਾ ਦਾ ਇੱਕ ਜਾਣਿਆ ਪਛਾਣਿਆ ਨਾਂਅ ਹੈ। ਉਸ ਦੇ ਕਾਵਿ ਸੰਗ੍ਰਹਿ 'ਕਵਿਤਾ ਅਕਵਿਤਾ' ਨੂੰ ਆਧਾਰ ਬਣਾ ਕੇ ਲਿਖੀ ਗਈ ਇਹ ਪੁਸਤਕ ਉਸ ਦੀ ਕਾਵਿ ਦ੍ਰਿਸ਼ਟੀ ਨੂੰ ਸਮਝਣ ਅਤੇ ਵਿਸ਼ਲੇਸ਼ਿਤ ਕਰਨ ਦਾ ਇੱਕ ਯਤਨ ਹੈ। ਇਸ ਯਤਨ ਵਿਚ ਪੰਜਾਬੀ ਸਮੀਖਿਆਕਾਰੀ ਦੇ 17 ਵਿਦਵਾਨ ਸ਼ਾਮਿਲ ਹਨ। ਜਿਨ੍ਹਾਂ ਨੇ ਆਪੋ-ਆਪਣੇ ਦ੍ਰਿਸ਼ਟੀਕੋਣ ਅਨੁਸਾਰ ਸੁਰਿੰਦਰ ਮਕਸੂਦਪੁਰੀ ਦੀ ਕਵਿਤਾ ਦੀਆਂ ਗਹਿਰਾਈਆਂ ਨੂੰ ਸਮਝਣ ਅਤੇ ਸੂਤਰਬੱਧ ਕਰਨ ਵਿਚ ਆਪਣੀ ਭੂਮਿਕਾ ਨਿਭਾਈ ਹੈ। ਇਹ ਪੁਸਤਕ ਉਨ੍ਹਾਂ ਪ੍ਰੌੜ੍ਹ ਅਤੇ ਪ੍ਰਬੁੱਧ ਆਲੋਚਕਾਂ ਨੂੰ ਸਮਰਪਿਤ ਕੀਤੀ ਗਈ ਹੈ, ਜਿਨ੍ਹਾਂ ਦੇ ਉਸਾਰੂ ਤੇ ਸੁਚਾਰੂ ਲੇਖ ਇਸ ਆਲੋਚਨਾ-ਪੁਸਤਕ ਦਾ ਸ਼ਿੰਗਾਰ ਬਣੇ ਹਨ। 'ਕਵਿਤਾ ਅਕਵਿਤਾ' ਕਿਤਾਬ ਵਿਚੀਂ ਗੁਜ਼ਰੀਏ ਤਾਂ ਇਹ ਕਿਤਾਬ ਪੰਜ ਉਪ ਭਾਗਾਂ ਰਾਹੀਂ ਪ੍ਰਸਤੁਤ ਹੁੰਦੀ ਹੈ। ਇਹ ਪੰਜ ਭਾਗ ਹਨ :- 'ਕਵਿਤਾ ਅਕਵਿਤਾ ਤੇ ਹੋਰ ਕਾਵਿ', 'ਰਿਸ਼ਤਿਆਂ ਦਾ ਕਾਵਿ', 'ਮੁਹੱਬਤੀ ਕਾਵਿ', 'ਪਰਵਾਸੀ ਕਾਵਿ', ਅਤੇ 'ਕੋਰੋਨਾ ਕਾਲ ਦਾ ਕਾਵਿ'। ਪੰਜਾਬੀ ਦੇ ਪ੍ਰਬੁੱਧ ਸਮੀਖਿਆਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫ਼ੈਸਰ ਅਤੇ ਮੁਖੀ ਡਾ. ਮਨਜਿੰਦਰ ਸਿੰਘ ਅਤੇ ਇਸੇ ਵਿਭਾਗ ਦੀ ਅਸਿਸਟੈਂਟ ਪ੍ਰੋਫ਼ੈਸਰ ਡਾ.ਬਲਜੀਤ ਕੌਰ ਰਿਆੜ ਦੀ ਸੰਪਾਦਨਾ ਹੇਠ ਪ੍ਰਵਾਨ ਚੜ੍ਹੀ ਇਸ ਪੁਸਤਕ ਵਿਚ ਸ਼ਾਮਿਲ ਵਿਦਵਾਨਾਂ ਨੇ ਪੰਜਾਬੀ ਸਮੀਖਿਆਕਾਰੀ ਦੇ ਵਰਤਮਾਨ ਮਾਪਦੰਡਾਂ ਨਾਲ ਮਕਸੂਦਪੁਰੀ ਦੀ ਕਵਿਤਾ ਨੂੰ ਮੇਚ ਮੇਚ ਕੇ, ਜੋ ਸਥਾਪਨਾਵਾਂ ਪੇਸ਼ ਕੀਤੀਆਂ ਹਨ, ਉਹਨਾਂ ਵਿਚੋਂ ਕੁਝ ਸਥਾਪਨਾਵਾਂ ਇਸ ਪ੍ਰਕਾਰ ਹਨ:-
-ਕਵੀ ਕੋਲ ਵੱਖਰੀ ਕਾਵਿ ਸੁਰ ਦੇ ਨਾਲ ਨਾਲ ਨਿਵੇਕਲੀ ਕਾਵਿ ਭਾਸ਼ਾ ਦੇ ਥੀਮਕ ਪੈਟਰਨ ਹਨ। (ਡਾ.ਪਰਮਜੀਤ ਢੀਂਗਰਾ)
-ਸਮਕਾਲੀ ਪੰਜਾਬੀ ਕਵਿਤਾ ਵਿਚ ਮਕਸੂਦਪੁਰੀ ਦੀ ਕਾਵਿ ਭਾਸ਼ਾ ਲੋਕ ਸੰਚਾਰ ਦੀ ਪ੍ਰਤੀਨਿਧਤਾ ਕਰਦੀ ਹੈ। (ਡਾ. ਯੋਗਰਾਜ)
-ਕਾਵਿ ਸੰਗ੍ਰਹਿ 'ਕਵਿਤਾ ਅਕਵਿਤਾ' ਮੂਲ ਰੂਪ ਵਿਚ ਸੱਚ ਦੀ ਤਲਾਸ਼ ਦਾ ਪ੍ਰਵਚਨ ਹੈ। (ਡਾ. ਮਨਜਿੰਦਰ ਸਿੰਘ)
-ਸੁਰਿੰਦਰ ਮਕਸੂਦਪੁਰੀ ਦੀ ਪ੍ਰਗੀਤਕਤਾ ਵਿਚ 'ਸੈਭੰ' ਦੀ ਨਿਰੰਤਰਤਾ ਦੀ ਗੂੰਜ ਉਸ ਦੇ ਕਾਵਿ ਨੂੰ ਕੁਦਰਤ ਵਿਚ ਮਾਨਵ ਦੀ ਸਿਰਜਣਾਤਮਿਕ ਹੋਂਦ ਸਥਾਪਿਤ ਕਰਦੀ ਹੈ। (ਡਾ. ਤੇਜਵੰਤ ਮਾਨ)
-ਇਹ ਕਾਵਿ ਰਚਨਾ ਮਾਨਵੀ ਦੁੱਖ ਦਰਦ ਤੇ ਸਮਾਜਿਕ ਸੰਕਟਾਂ ਦੇ ਅਨੇਕਾਂ ਪੱਖਾਂ ਦੀ ਨਿਸ਼ਾਨਦੇਹੀ ਕਰਦੀ ਹੈ। (ਡਾ.ਅਰਵਿੰਦਰ ਕੌਰ ਕਾਕੜਾ)
ਅਜਿਹੀਆਂ ਸਾਰੀਆਂ ਸਥਾਪਨਾਵਾਂ ਸਪੱਸ਼ਟ ਕਰਦੀਆਂ ਹਨ ਕਿ ਸੁਰਿੰਦਰ ਮਕਸੂਦਪੁਰੀ ਪੰਜਾਬੀ ਕਵਿਤਾ ਦਾ ਅਜਿਹਾ ਪ੍ਰਮਾਣਿਕ ਕਵੀ ਹੈ, ਜੋ ਨਵੀਂ ਪੰਜਾਬੀ ਕਵਿਤਾ ਦੀ ਰੂਹ ਅਤੇ ਵਰਤਮਾਨ ਨੂੰ ਸਮਝਦਾ ਹੋਇਆ, ਪੰਜਾਬੀ ਕਵਿਤਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿਚ ਬਹੁਤ ਮੁੱਲਵਾਨ ਯੋਗਦਾਨ ਪਾ ਰਿਹਾ ਹੈ। ਮਕਸੂਦਪੁਰੀ ਦੀ ਕਵਿਤਾ ਦੇ ਪਾਠ ਤੋਂ ਪ੍ਰਵਚਨ ਤੱਕ ਦਾ ਇਹ ਅਧਿਐਨ ਵਿਸ਼ਲੇਸ਼ਣ ਵਰਤਮਾਨ ਕਾਲ ਦੀ ਸਮੀਖਿਆਕਾਰੀ ਦੀ ਸਥਿਤੀ ਨੂੰ ਵੀ ਸਹਿਜ ਰੂਪ ਵਿਚ ਹੀ ਉਜਾਗਰ ਕਰਦਾ ਪ੍ਰਤੀਤ ਹੁੰਦਾ ਹੈ। ਵਿਦਵਾਨ ਆਲੋਚਕਾਂ ਵਲੋਂ ਸਥਾਪਿਤ ਕੀਤੀਆਂ ਗਈਆਂ ਇਨ੍ਹਾਂ ਸਥਾਪਨਾਵਾਂ ਨੂੰ ਹੋਰ ਗਹਿਰੀ ਤਰ੍ਹਾਂ ਸਮਝਣ ਲਈ ਪੰਜਾਬੀ ਕਵਿਤਾ ਦੇ ਪਾਠਕਾਂ ਅਤੇ ਸਮੀਖਿਆਕਾਰਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।

-ਮੋਬਾਈਲ : 94171-94812

ਬਿਰਹਾ ਮਾਰੀ ਮਹਿਕ
ਲੇਖਕ : ਈਸ਼ਰ ਸਿੰਘ ਲੰਭਵਾਲੀ
ਪ੍ਰਕਾਸ਼ਕ: ਡੀ.ਪੀ. ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮ੍ਰਿਤਸਰ
ਮੁੱਲ : 275 ਰੁਪਏ, ਸਫ਼ੇ : 136
ਸੰਪਰਕ : 94654-094806

'ਬਿਰਹਾ ਮਾਰੀ ਮਹਿਕ' ਈਸ਼ਰ ਸਿੰਘ ਲੰਭਵਾਲੀ ਦਾ ਰਚਿਆ ਕਾਵਿ ਸੰਗ੍ਰਹਿ 2025 ਈਸਵੀ ਵਿਚ ਪ੍ਰਕਾਸ਼ਿਤ ਹੋਇਆ ਹੈ, ਜਿਸ ਨੂੰ ਰਮਨਦੀਪ ਕੌਰ ਰਮਣੀਕ ਨੇ ਸੰਪਾਦਿਤ ਕੀਤਾ ਹੈ। ਹੁਣ ਤੱਕ ਲੇਖਕ ਦੇ 'ਖੰਭ ਅੱਖਰਾਂ ਦੇ', 'ਤਿੜਕੇ ਚਾਨਣ', 'ਹਰਫ਼ਾਂ ਦੇ ਰੰਗ', 'ਕਰਵਟਾਂ' ਕਾਵਿ-ਸੰਗ੍ਰਹਿ ਅਤੇ 'ਰੱਬ ਦੀਆਂ ਅੱਖਾਂ' ਇਕ ਕਹਾਣੀ ਸੰਗ੍ਰਹਿ ਅਤੇ 'ਨਿੱਤਰੀਆਂ ਖ਼ੁਸ਼ਬੋਆਂ' ਲਘੂ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। 'ਬਿਰਹਾ ਮਾਰੀ ਮਹਿਕ' ਕਾਵਿ ਪੁਸਤਕ ਵਿਚ ਕਵੀ ਨੇ ਕੁੱਲ 102 ਕਵਿਤਾਵਾਂ ਸ਼ਾਮਿਲ ਕੀਤੀਆ ਹਨ। ਈਸ਼ਰ ਸਿੰਘ ਉਪਭਾਵੁਕ ਮਨ ਵਾਲ਼ਾ ਇਕ ਸੰਵੇਦਨਸ਼ੀਲ ਮਨੁੱਖ ਹੈ। ਹੱਥਲੀ ਕ੍ਰਿਤ ਵਿਚ ਪ੍ਰੇਮ ਅਤੇ ਵਿਛੋੜੇ ਦੀਆਂ ਵੇਦਨਾਵਾਂ, ਸੰਜੋਗੀ-ਵਿਯੋਗੀ ਪ੍ਰਸਥਿਤੀਆਂ, ਆਦਰਸ਼ਾਂ ਨਾਲ਼ ਭਰੀਆਂ ਸੰਦਲੀ ਇੱਛਾਵਾਂ ਨੂੰ ਸਰਲ, ਸਿੱਧੀ ਅਤੇ ਸੌਖੀ ਭਾਸ਼ਾ ਵਿਚ ਪੇਸ਼ ਕੀਤਾ ਗਿਆ ਹੈ। ਕਵੀ ਇਨ੍ਹਾਂ ਕਵਿਤਾਵਾਂ ਵਿਚ ਪ੍ਰੋ. ਪੂਰਨ ਸਿੰਘ ਵਾਲ਼ੀ ਪੁਰਾਤਨ ਪੰਜਾਬੀ ਸੱਭਿਆਚਰ ਦੀ ਰਹਿਣੀ ਬਹਿਣੀ, ਵਰਤ ਵਰਤਾਰਾ, ਆਪਸੀ ਪਿਆਰ ਸਨੇਹ ਅਤੇ ਸਤਿਕਾਰ ਵਾਲ਼ੀ ਗੂੜ੍ਹੀ ਸਾਂਝ ਨੂੰ ਮੁੜ ਸੁਰਜੀਤ ਹੋਇਆ ਦੇਖਣ ਦਾ ਚਾਹਵਾਨ ਹੈ। 'ਅਰਦਾਸ' ਕਵਿਤਾ ਵਿਚ ਉਹ ਕੁਦਰਤ ਵਿਚੋਂ ਕਾਦਰ ਦੇ ਦਰਸ਼ਨ ਦੀਦਾਰੇ ਕਰਦਾ ਹੈ-
'ਛੱਤ ਆਕਾਸ਼ ਦੀ ਪਾਈ ਉਸ ਨੇ,
ਦੱਸ ਕਿੱਥੇ ਥੰਮੀਆਂ ਲਾਈਆਂ?
ਨਜ਼ਰ ਮਾਰ ਅਟਕਾ ਲਈ ਧਰਤੀ,
ਵਿਉਂਤਾਂ ਕਿਵੇਂ ਬਣਾਈਆਂ!!!
ਚੰਦ ਸੂਰਜ ਨਿੱਤ ਸਿਮਰਨ ਕਰਦੇ,
ਬੜਾ ਹੀ ਸਿਮਰਨ ਤਾਰੇ,
ਹਰ ਜ਼ੱਰਰੇ ਹਰ ਪਰਬਤ ਵਿਚੋਂ,
ਪੈਣ ਤੇਰੇ ਝਲਕਾਰੇ।'
'ਚੰਨੀ ਨੂੰ ਸੰਭਾਲ' ਕਵਿਤਾ ਰਾਹੀਂ ਕਵੀ ਪੰਜਾਬ ਦੀਆਂ ਮੁਟਿਆਰਾਂ ਅਤੇ ਵਿਆਹੀਆਂ ਵਰੀਆਂ ਵਹੁਟੀਆਂ ਨੂੰ ਚੁੰਨੀ ਦੀ ਅਹਿਮੀਅਤ, ਲੋੜ ਅਤੇ ਮਹੱਤਵ ਤੋਂ ਜਾਣੂੰ ਕਰਵਾਉਂਦਾ ਹੋਇਆ ਆਖਦਾ ਹੈ-
'ਚੁੰਨੀ ਨੂੰ ਕਿਨਾਰੀਆਂ, ਫੁੱਲ ਵੇਲਾਂ ਭਾਰੀਆਂ, ਟੇਢੇ ਤੇਰੇ ਚੀਰ ਨੀ।
ਜੈਂਪਰਾਂ ਦਾ ਭਾਰਾ ਮੁੱਲ, ਪਾਇਆ ਖੱਬੇ ਸੱਜੇ ਫੁੱਲ,
ਲੱਗੇਂ ਜਿਵੇਂ ਹੀਰ ਨੀ।
ਨੱਚਣੇ ਦਾ ਸੌਂਕ ਹੈ ਤਾਂ ਤੀਆਂ ਵਿਚ ਨੱਚੀਏ,
ਚੁੰਨੀ ਨੂੰ ਸੰਭਾਲ ਨੀ ਪੰਜਾਬ ਦੀਏ ਬੱਚੀਏ।'
'ਸ਼ੇਰਾ ਬਾਂਕਿਆ ਵੇ ਪਗੜੀ ਸਜਾ' ਕਵਿਤਾ ਰਾਹੀਂ ਕਵੀ ਅੱਜ ਦੇ ਨੌਜਵਾਨਾਂ ਨੂੰ ਦਸਤਾਰਧਾਰੀ ਹੋਣ ਦਾ ਸੁਨੇਹਾ ਲਾਉਂਦਾ ਹੈ-
'ਦਿੱਤੀ ਲਈ ਜਾਂਦੀ, ਦਸਤਾਰ ਸਤਿਕਾਰ ਨਾਲ਼।
ਬੰਨ੍ਹੀਂਦੀ ਵੀ ਲਾਹੀਦੀ ਵੀ ਆਦਰ ਪਿਆਰ ਨਾਲ।...
ਮੈਂ ਈਸ਼ਰ ਸਿੰਘ ਲੰਭਵਾਲੀ ਦੇ ਕਾਵਿ-ਸੰਗ੍ਰਹਿ 'ਬਿਰਹਾ ਮਾਰੀ ਮਹਿਕ' ਦਾ ਪੰਜਾਬੀ ਕਾਵਿ ਸਾਹਿਤ ਵਿਚ ਸੁਆਗਤ ਕਰਦਾ ਹਾਂ।

-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020

ਪਟਿਆਲਵੀ ਪੱਤਰਕਾਰ
ਲੇਖਕ : ਉਜਾਗਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫੇ : 164
ਸੰਪਰਕ : 94178-13072

ਸ. ਉਜਾਗਰ ਸਿੰਘ ਲੰਮਾ ਸਮਾਂ ਪਟਿਆਲਾ ਵਿਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਹੇ। ਇਸ ਕਾਰਨ ਪਟਿਆਲਾ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਨਾਲ ਉਸ ਦਾ ਵਾਹ-ਵਾਸਤਾ, ਪੈਂਦਾ ਰਹਿਣਾ ਸੁਭਾਵਿਕ ਹੀ ਸੀ। ਪਰ ਹਥਲੀ ਪੁਸਤਕ ਦੀ ਰਚਨਾ ਕਰਨ ਵਾਸਤੇ ਉਸ ਨੂੰ ਇਨ੍ਹਾਂ ਪੱਤਰਕਾਰਾਂ ਦੇ ਜੀਵਨ ਵੇਰਵਿਆਂ ਦੀ ਵੀ ਜ਼ਰੂਰਤ ਪਈ ਹੋਵੇਗੀ, ਜੋ ਉਸ ਨੇ ਆਪਣੇ ਨਿੱਜੀ ਯਤਨਾਂ ਦੁਆਰਾ ਇਕੱਤਰ ਕੀਤੀ। ਲੇਖਕ ਦਾ ਵਿਚਾਰ ਹੈ ਕਿ ਜਲੰਧਰ ਅਤੇ ਚੰਡੀਗੜ੍ਹ ਤੋਂ ਪਿੱਛੋਂ ਪਟਿਆਲਾ ਕਾਫੀ ਸਮਾਂ ਪੰਜਾਬੀ ਪੱਤਰਕਾਰੀ ਦਾ ਗੜ੍ਹ ਬਣਿਆ ਰਿਹਾ, ਹੁਣ ਤਾਂ ਪ੍ਰਸਥਿਤੀਆਂ ਕਾਫੀ ਬਦਲ ਗਈਆਂ ਹਨ। ਪ੍ਰਿੰਟ ਮੀਡੀਆ ਇਕ ਖ਼ਤਰੇ ਵਿਚ ਘਿਰਦਾ ਜਾ ਰਿਹਾ ਹੈ। ਅਖ਼ਬਾਰਾਂ ਹੌਲੀ-ਹੌਲੀ ਬੰਦ ਹੋ ਰਹੀਆਂ ਹਨ। ਸੋ, ਇਹੀ ਉਹ ਉਚਿਤ ਸਮਾਂ ਹੈ ਜਦੋਂ ਅਸੀਂ ਕਿਸੇ ਖੇਤਰ ਦੇ ਪੱਤਰਕਾਰਾਂ ਅਤੇ ਪੱਤਰਕਾਰੀ ਬਾਰੇ ਕੁਝ ਲਿਖ ਸਕਦੇ ਹਾਂ। ਸ. ਉਜਾਗਰ ਸਿੰਘ ਨੇ ਵੇਲੇ ਦਾ ਸਦਉਪਯੋਗ ਕਰਕੇ ਪਟਿਆਲੇ ਦੇ ਪੱਤਰਕਾਰਾਂ ਨੂੰ ਸਾਂਭ-ਸਹੇਜ ਲਿਆ ਹੈ। ਅਜੋਕੇ ਦੌਰ ਵਿਚ ਹਰ ਵਿਸ਼ੇ (ਅਕਾਦਮਿਕ, ਰਾਜਨੀਤਕ, ਆਰਥਿਕ, ਵਣਿਜ, ਵਪਾਰਕ, ਖੇਡਾਂ, ਮਨੋਰੰਜਨ, ਨਾਟਕ-ਸਿਨੇਮਾ ਆਦਿ) ਲਈ ਵੱਖਰੇ-ਵੱਖਰੇ ਪੱਤਰਕਾਰਾਂ ਦੀ ਜ਼ਰੂਰਤ ਪੈਂਦੀ ਹੈ। ਪਿਛਲੇ ਦੌਰ ਵਿਚ ਇਕ ਹੀ ਪੱਤਰਕਾਰ ਇਹ ਸਾਰੇ ਖੇਤਰ ਸੰਭਾਲਿਆ ਕਰਦਾ ਸੀ। ਸੁਭਾਵਿਕ ਹੈ ਕਿ ਉਸ ਸਮੇਂ ਪੱਤਰਕਾਰਾਂ ਦੇ ਮਨ-ਮਸਤਕ ਉੱਪਰ ਬਹੁਤ ਦਬਾਅ ਰਹਿੰਦਾ ਸੀ। ਖ਼ਬਰਾਂ ਭੇਜਣ ਦੀਆਂ ਸਹੂਲਤਾਂ ਵੀ ਨਾਂਹ ਦੇ ਬਰਾਬਰ ਸਨ। ਕੰਪਿਊਟਰਾਂ ਅਤੇ ਈਮੇਲਾਂ ਦੀ ਈਜਾਦ ਨਹੀਂ ਸੀ ਹੋਈ। ਪੱਤਰਕਾਰਾਂ ਨੂੰ ਬੱਸਾਂ ਰਾਹੀਂ ਖ਼ਬਰਾਂ ਭੇਜਣੀਆਂ ਪੈਂਦੀਆਂ ਸਨ। ਕੋਈ ਬਹੁਤੀ ਜ਼ਰੂਰੀ ਖ਼ਬਰ ਲਗਵਾਉਣ ਲਈ ਤਾਂ ਪੱਤਰਕਾਰਾਂ ਨੂੰ ਖੁਦ ਅਖ਼ਬਾਰ ਦੇ ਮੁੱਖ ਦਫ਼ਤਰ ਵਿਚ ਜਾਣਾ ਪੈਂਦਾ ਸੀ। ਲੇਖਕ ਨੇ ਇਸ ਪੁਸਤਕ ਵਿਚ ਅਜਿਹੀਆਂ ਸਭ ਮੁਸ਼ਕਿਲਾਂ ਦਾ ਵਰਨਣ ਕੀਤਾ ਹੈ। ਇਸ ਪੁਸਤਕ ਵਿਚ ਲੇਖਕ ਨੇ ਪਟਿਆਲੇ ਤੋਂ ਕੰਮ ਕਰਨ ਵਾਲੇ ਲਗਭਗ 80 ਪੱਤਰਕਾਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿਚੋਂ ਸ਼ੇਰ ਸਿੰਘ ਗੁਪਤਾ, ਭੂਸ਼ਣ ਸਰਹੰਦੀ, ਸਰੋਜ ਸਰਹੰਦੀ, ਭਗਵਾਨ ਦਾਸ, ਐਚ.ਐਸ. ਮਿਹਰ ਸਿੰਘ, ਹਰਜਿੰਦਰ ਵਾਲੀਆ, ਬੀ.ਐਸ. ਬੀਰ, ਬਲਬੀਰ ਬੇਦੀ, ਗਿਆਨੀ ਮਨਸ਼ਾ ਸਿੰਘ ਅਤੇ ਵਰਿੰਦਰ ਸਿੰਘ ਵਾਲੀਆ ਦੇ ਨਾਂਅ ਲੋਕ ਮਨਾਂ ਵਿਚ ਵਸੇ ਹੋਏ ਹਨ। ਖੁਦ ਸ. ਉਜਾਗਰ ਸਿੰਘ ਵੀ ਸੱਭਿਆਚਾਰਕ ਅਤੇ ਸਾਹਿਤਕ ਪੱਤਰਕਾਰੀ (ਮਿੱਟੀ ਮਾਲਵੇ ਦੀ) ਕਰਦਾ ਰਿਹਾ ਹੈ। ਕੁਝ ਵੱਡੇ ਲੇਖਕ (ਜਿਵੇਂ ਗਿਆਨੀ ਗੁਰਦਿੱਤ) ਅਤੇ ਸਿੱਖਿਆ ਸ਼ਾਸਤਰੀ (ਮੋਹਨ ਸਿੰਘ ਪ੍ਰੇਮ, ਨਰਪਾਲ ਸਿੰਘ ਸ਼ੇਰਗਿੱਲ ਆਦਿ) ਵੀ ਪੱਤਰਕਾਰਿਤਾ ਕਰਦੇ ਰਹੇ ਸਨ। ਮੈਨੂੰ ਖੁਸ਼ੀ ਹੈ ਕਿ ਇਕ ਲੇਖ ਵਿਚ ਪਟਿਆਲੇ (ਘੇਰ ਸੋਢੀਆਂ) ਦੇ ਇਕ ਵਿਦਿਆਦਾਨੀ ਸ. ਬਾਬੂ ਸਿੰਘ ਗੁਰਮ ਦਾ ਜ਼ਿਕਰੇ-ਖ਼ੈਰ ਵੀ ਇਸ ਪੁਸਤਕ ਵਿਚ ਆਇਆ ਹੈ। ਇਹ ਇਕ ਐਨੀਸਾਈਕਲੋਪੇਡਿਕ ਰਚਨਾ ਹੈ। ਲੇਖਕ ਦੀ ਮਿਹਨਤ ਨੂੰ ਮੁਬਾਰਕ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਐਨੀਮਲ ਫ਼ਾਰਮ
ਲੇਖਕ : ਜਾਰਜ ਆਰਵੈਲ
ਅਨੁਵਾਦਕ : ਤੇਜਿੰਦਰ ਬਾਵਾ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 195 ਰੁਪਏ, ਸਫ਼ੇ : 128
ਸੰਪਰਕ: 98781 77812

ਸੰਗਮ ਪਬਲੀਕੇਸ਼ਨਜ਼ ਸਮਾਣਾ ਵਲੋਂ ਦੁਨੀਆ ਦੀਆਂ ਬਹੁਤ ਸਾਰੀਆਂ ਚਰਚਿਤ ਪੁਸਤਕਾਂ ਦੇ ਅਨੁਵਾਦ ਕਰਵਾਉਣ ਦਾ ਬੀੜਾ ਉਠਾਇਆ ਹੋਇਆ ਤਾਂ ਕਿ ਪੰਜਾਬੀ ਸਾਹਿਤ ਪ੍ਰੇਮੀ ਪਾਠਕ ਦੀ ਸੋਚ ਸਮਝ/ਗਿਆਨ ਹੋਰ ਵੀ ਉਡਾਣ ਭਰ ਸਕਣ। 'ਐਨੀਮਲ ਫ਼ਾਰਮ' ਪੁਸਤਕ ਭਾਵੇਂ ਨਿਰੋਲ ਕਾਲਪਨਿਕ ਪਸ਼ੂ ਪਾਤਰਾਂ 'ਤੇ ਆਧਾਰਿਤ ਪੁਸਤਕ ਹੈ। ਪਰ ਬੇਈਮਾਨੀ ਧੋਖਾਧੜੀ ਭਰੀ ਸਿਆਸਤ 'ਤੇ ਤਿੱਖਾ ਤੰਨਜ਼ ਵੀ ਹੈ। ਜਿਸ ਵਿਚ ਕੀ ਮਨੁੱਖ ਪਸ਼ੂ ਐ? ਜਾਂ ਪਸ਼ੂ ਮਨੁੱਖ ਐ? ਦਾ ਇੱਕ ਵੱਡਾ ਸੁਆਲ ਵੀ ਖੜ੍ਹਾ ਹੁੰਦਾ ਹੈ। ਖੋਹਮਈ, ਲੁੱਟਖਸੁੱਟ, ਤਸ਼ੱਦਦ ਤੇ ਭੁੱਖਮਰੀ ਆਦਿ ਦੀਆਂ ਅਲਾਮਤਾਂ ਬਗ਼ਾਵਤਾਂ ਦਾ ਮੁੱਢ ਹੁੰਦੇ ਹਨ, ਫਿਰ ਐਕਸ਼ਨ ਵੀ ਹੁੰਦੇ, ਬਗ਼ਾਵਤਾਂ ਸਫਲ ਅਸਫਲ ਵੀ ਹੁੰਦੀਆਂ ਹਨ। ਪਰ ਆਮ ਲੋਕਾਈ ਦੇ ਹਾਲਾਤਾਂ ਵਿਚ ਕੋਈ ਠੋਸ ਸੁਧਾਰ ਨਹੀਂ ਹੁੰਦਾ। ਖ਼ਾਸ ਕਰਕੇ ਇਸ ਬਾਰੇ ਹੀ ਚਰਚਾ ਕੀਤੀ ਗਈ ਹੈ। ਪਹਿਲਾਂ ਗੁਲਾਮਾਂ ਨੂੰ ਬਿਗਾਨੇ ਸ਼ਾਸਕ ਲੁੱਟਦੇ-ਕੁੱਟਦੇ ਆ ਤੇ ਫਿਰ ਅਖੌਤੀ ਆਜ਼ਾਦੀ ਦੇ ਨਾਂਅ 'ਤੇ ਆਪਣੇ ਹੀ ਆਪਣੇ ਹੀ ਆਪਣਿਆਂ ਉੱਤੇ ਧੌਂਸ ਜਮਾਉਣ ਦੇ ਮਨਸੂਬੇ ਘੜਨਾ ਸ਼ੁਰੂ ਕਰ ਦਿੰਦੇ ਹਨ। ਇਸ ਨਾਵਲ ਦੀ ਕਹਾਣੀ ਜੋ ਅੱਜ ਦੀ ਨਿਕੰਮੀ ਸਿਆਸਤ ਵਿਚ ਵਾਪਰ ਰਹੇ ਘਟਨਾਕ੍ਰਮ ਦੀ ਕੌੜੀ ਸਚਾਈ ਵੀ ਹੈ।
ਇਸ ਕਾਲਪਨਿਕ ਕਥਾ ਅਨੁਸਾਰ ਇੱਕ ਐਨੀਮਲ ਫ਼ਾਰਮ (ਪਸ਼ੂਵਾੜੇ) ਵਿਚਲੇ ਭਾਂਤ-ਭਾਂਤ ਕਿਸਮ ਦੇ ਪਸ਼ੂਆਂ ਦਾ ਵਿਸ਼ਵਾਸ-ਪਾਤਰ ਇੱਕ ਨੇਤਾ ਜਨਦਾਰਸ਼ਨਿਕ ਦੇ ਰੂਪ ਵਿਚ ਪ੍ਰੋੜ੍ਹ ਉਮਰ ਦਾ ਸੂਰ ਹੈ। ਜੋ ਬਾਗੀ ਸੁਰਾਂ ਅਲਾਪਦਾ ਹੈ ਕਿ ਮਿਹਨਤ ਅਸੀਂ ਕਰਦੇ ਹਾਂ ਤੇ ਸਾਡੀ ਮਿਹਨਤ ਹੋਰ ਜਾਨੀ ਮਨੁੱਖ ਹੜੱਪ ਲੈਂਦਾ ਨਾ ਉਹ ਦੁੱਧ ਦਿੰਦਾ ਤੇ ਨਾ ਉਹ ਆਂਡੇ ਪਰ ਸਾਡਾ ਸਭ ਕੁਝ (ਮੀਟ-ਮਾਸ ਆਂਡੇ ਦੁੱਧ ਆਦਿ) ਚਟਮ ਕਰ ਜਾਂਦਾ ਹੈ ਤੇ ਵੱਖ-ਵੱਖ ਥਾਈਂ/ਕੰਮਾਂ ਵਿਚ ਸਾਡੀ ਸ਼ਕਤੀ ਤਾਕਤ ਦੀ ਮੱਦਦ ਵੀ ਲੈਂਦਾ ਤੇ ਸਾਡੀ ਸਵਾਰੀ ਕਰ ਕੇ ਐਸ਼ ਵੀ ਉਹ ਲੈ ਜਾਂਦਾ ਹੈ।
ਜਿਸ ਬਦਲੇ ਸਾਨੂੰ ਕਈ ਵਾਰ ਭਾਰਤੀ ਸ਼ੱਦਦ ਵੀ ਸਹਿਣਾ ਪੈਂਦਾ ਹੈ ਤੇ ਭੁੱਖਮਰੀ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਇਸ ਭਾਸ਼ਣ ਨਾਲ ਕਰੀਬ ਸਾਰੇ ਪਸ਼ੂ ਪ੍ਰਭਵਿਤ ਹੁੰਦੇ ਹਨ। ਮਨੁੱਖੀ ਲੁੱਟ-ਖਸੁੱਟ ਪ੍ਰਤੀ ਹੋਰ ਪਸ਼ੂਵਾੜਿਆਂ ਵਿਚ ਜਾਗਰੂਕਤਾ ਲਿਆਉਣ, ਬਗ਼ਾਵਤਾਂ ਕਰਵਾਉਣ ਹਿੱਤ ਯੋਜਨਾਬੰਦੀ ਕੀਤੀ ਜਾਂਦੀ ਹੈ, ਸੰਗੀਤਕ ਨਾਅਰੇ ਘੜੇ ਜਾਂਦੇ ਹਨ। ਪ੍ਰਚਾਰ-ਪ੍ਰਸਾਰ ਦੇ ਢੰਗ ਅਪਣਾਏ ਜਾਂਦੇ ਹਨ ਤਾਂ ਕਿ ਹੋਰਨਾਂ ਵਾੜਿਆਂ ਵਿਚ ਦੁਸ਼ਮਣ (ਮਨੁੱਖ) ਵਿਰੁੱਧ ਬਗ਼ਾਵਤਾਂ ਹੋ ਸਕਣ। ਕੁਝ ਨੇ ਤਾਦੇ ਰੂਪ ਵਿਚ ਅਗਵਾਈ ਕਰਦੇ ਹਨ ਪਰ 'ਕਾਂ' ਰੂਪੀ ਕੁਝ ਗ਼ਦਾਰ ਵੀ ਪੈਦਾ ਹੋ ਜਾਂਦੇ ਹਨ। ਜੋ ਦੁਸ਼ਮਣ ਨੂੰ ਖ਼ਬਰਸਾਰ ਵੀ ਕਰੀ ਜਾਂਦੇ ਹਨ। ਮਨੁੱਖ ਪਸ਼ੂਆਂ ਵਿਚਾਲੇ ਟਕਰਾਅ ਸ਼ੁਰੂ ਹੁੰਦੇ ਹਾਰਾਂ-ਜਿੱਤਾਂ ਹੁੰਦੀਆਂ ਹਨ। ਬਾਗੀ ਗਰੁੱਪਾਂ ਵਿਚ ਵੰਡੀਆਂ ਪੈ ਜਾਣ ਕਾਰਨ ਵੋਟਤੰਤਰ ਦੀ ਸ਼ੁਰੂਆਤ ਹੋ ਜਾਂਦੀ ਪਰ ਆਪਸ ਵਿਚ ਕਾਬਜ਼ ਨੀਤੀ, ਕਿਸੇ ਨੇ ਰੂਪ ਵਿਚ ਧਾਕੜ ਬਾਗ਼ੀਆਂ ਦੀ ਖਾਨਾਜੰਗੀ, ਸ਼ਾਸਨ ਵਿਚ ਵੀ ਤਸ਼ੱਦਦ, 'ਹੜੱਪੂਨੀਤੀ' ਜੀਵਤ ਰਹਿੰਦੀ ਹੈ ਉਨ੍ਹਾਂ ਦੇ 'ਪਾਲਤੂ' ਪੂਛਾਂ ਹਿਲਾਉਂਦੇ ਹਿਲਾਉਣ ਵਾਲੇ ਬੁਰਕੀਆਂ ਖਾਤਰ ਝੂਠੀਆਂ ਸਿਫ਼ਤਾਂ ਦੇ ਪੁੱਲ ਬੰਨ੍ਹਣ ਵਿਚ ਕੋਈ ਕਸਰ ਨਹੀਂ ਛੱਡਦੇ। ਸਿਆਸੀ ਖ਼ਾਨਾਜੰਗੀ ਦੇ ਆਪਸੀ ਵਿਚ ਝਾਂਜੋਰੋਲੇ ਚਲਦੇ ਰਹਿੰਦ ੇਹਨ। ਘਿਸੇ-ਪਿੱਟੇ ਨਾਅਰਿਆਂ ਨਾਲ ਅਖੌਤੀ ਅਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਨ। ਲੂੰਬੜ ਨੇਤਾ ਸ਼ਹੀਦਾਂ ਦੀਆਂ ਸ਼ਹੀਦੀਆਂ ਦੇ ਮੁੱਲ ਵਟਦੇ ਹੋਏ ਬਿੱਲੀਆਂ ਦੀ ਲੜਾਈ ਤੇ ਬਾਂਦਰ ਵੰਡ ਵਿਚ ਉਲਝੇ ਰਹਿੰਦੇ ਹਨ। ਆਮ ਲੋਕ ਗ਼ਰੀਬ ਦੀ ਚੱਕੀ ਵਿਚ ਸਿਰ ਸੁੱਟ ਕੇ ਵਗਾਰਾਂ ਨਾਲ ਡੰਗ ਸਾਰਨ ਲਈ ਮਜਬੂਰ ਹਨ। ਕਾਬਜ਼ ਸ਼ਾਸਕ ਝੂਠੇ ਅੰਕੜਿਆਂ ਨਾਲ ਅਮੀਰੀ ਦਾ ਡੰਕੇ ਵਜਾਈ ਜਾ ਰਹੇ ਹਨ। ਪਸ਼ੂ ਰਾਜ ਵਿਚ ਆਪਣੇ ਪਿੱਠ ੂਤਿਆਰ ਕਰਕੇ ਕਬਜ਼ੇ ਜਮਾਉਣ ਲਈ ਵਿਕਾਊ, ਦਲਬਦਲੂ ਦੀ ਰਾਜਨੀਤੀ ਸ਼ੁਰੂ ਹੋਈ ਜਾਂਦੀ ਹੈ। ਗੁੰਡਾਗਰਦੀ ਵਾਲੇ ਮਾਹੌਲ ਦੇ ਵੋਟਤੰਤਰ ਦੇ ਅਸੈਂਬਲੀਆਂ ਵਿਚ ਆਪੋਧਾਪੀ ਮਾਰਧਾੜ, ਦੂਸ਼ਣਬਾਜ਼ੀ, ਗਾਲੀ ਗਲੋਚ, ਜੂਤ-ਪਤਾਂਗ ਦਾ। ਪ੍ਰਚਲਣ ਸ਼ੁਰੂ ਹੋ ਜਾਂਦਾ ਹੈ। ਜਿਸ ਤੋਂ ਮਨੁੱਖ ਕੌਣ? ਤੇ ਪਸ਼ੂ ਕੌਣ? ਦੇ ਪਹਿਲੇ ਵਾਲੇ ਸਵਾਲ ਨੂੰ ਦੁਹਰਾਉਂਦਾ ਨਾਵਲ ਦਾ ਅੰਤ ਹੋ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਵਲੋਂ ਕਾਲਪਨਿਕ ਪਸ਼ੂ ਪਾਤਰਾਂ ਰਾਹੀਂ ਮਨੁੱਖੀ ਕੁਸ਼ਾਸਨ ਦੇ ਪਾਜ ਉਧੇੜਨ ਵਿਚ ਪੂਰੀ ਤਰ੍ਹਾਂ ਸਫ਼ਲ ਹੈ।

-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਵਟਸਐਪ : 98764-74858

ਸਿਫ਼ਰ ਤੋਂ ਸਫ਼ਰ ਤੀਕ
ਲੇਖਕ : ਮੋਹਣਪ੍ਰੀਤ ਸਿੰਘ ਪੱਤੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫੇ : 120
ਸੰਪਰਕ : 95011-45039

ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਦੇ ਪਿੰਡ ਪੱਤੜਕਲਾਂ ਦਾ ਕਵੀ ਮੋਹਨਪ੍ਰੀਤ ਸਿੰਘ 'ਪੱਤੜ' 'ਸਿਫ਼ਰ ਤੋਂ ਸਫ਼ਰ ਤੀਕ' ਕਾਵਿ ਸੰਗ੍ਰਹਿ ਲੈ ਕੇ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੋਇਆ ਹੈ। ਜਦੋਂ ਅਸੀਂ ਇਸ ਕਾਵਿ ਸੰਗ੍ਰਹਿ ਨੂੰ ਵਾਚਦੇ ਹਾਂ ਤਾਂ ਇਹ ਗੱਲ ਉਭਰਵੇਂ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਕਵੀ ਅਸਲ ਵਿਚ ਆਪਾ ਫਰੋਲਣ ਦੀ ਤਾਕੀਦ ਕਰਦਾ ਆਪਣਾ ਕਾਵਿ ਅਨੁਭਵ ਪੇਸ਼ ਕਰਦਾ ਹੈ। ਉਹ ਚਾਹੁੰਦਾ ਹੈ ਕਿ ਜੇਕਰ ਜ਼ਿੰਦਗੀ ਵਿਚ ਤਰੱਕੀ ਕਰਨੀ ਹੈ ਤਾਂ ਬਜਾਏ ਦੋਸ਼ ਪ੍ਰਸਥਿਤੀਆਂ ਨੂੰ ਦਿੱਤਾ ਜਾਵੇ, ਸਗੋਂ ਆਪਣੇ ਅੰਦਰ ਝਾਤ ਮਾਰ ਕੇ ਅਤੇ ਸੱਚ ਦੇ ਰੂ-ਬਰੂ ਹੋ ਕੇ ਹੀ ਕਿਸੇ ਚੰਗੇਰੇ ਅਨੁਭਵ ਦੀ ਆਸ ਕੀਤੀ ਜਾ ਸਕਦੀ ਹੈ। ਕਵੀ ਇਸ ਗੱਲੋਂ ਵੀ ਸੁਚੇਤ ਹੈ ਕਿ ਜੇਕਰ ਵਿਅਕਤੀ ਵਰਤਮਾਨ ਵਿਚ ਜ਼ਿੰਦਗੀ ਬਤੀਤ ਕਰੇਗਾ ਤਾਂ ਉਸ ਦੀ ਜ਼ਿੰਦਗੀ ਹਮੇਸ਼ਾ ਹੀ ਖੜੋਤ ਨੂੰ ਤੋੜਦੀ ਹੋਈ ਸੱਚ ਦੀ ਬਾਤ ਪਾਉਂਦੀ ਰਹੇਗੀ। ਜੇਕਰ ਜ਼ਿੰਦਗੀ ਵਿਚ ਵਿਹਾਰਕਤਾ ਨਹੀਂ ਤਾਂ ਜ਼ਿੰਦਗੀ ਦੇ ਅਸਲ ਅਰਥਾਂ ਦੀ ਸਮਝ ਨਹੀਂ ਆ ਸਕਦੀ। ਜਦੋਂ ਮਨੁੱਖ ਜ਼ਿੰਦਗੀ ਦੀ ਵਿਹਾਰਕਤਾ ਦੇ ਰੂ-ਬਰੂ ਹੋਵੇਗਾ ਤਾਂ ਉਹ ਉਨ੍ਹਾਂ ਪ੍ਰਸ਼ਨਾਂ ਦੇ ਸਨਮੁੱਖ ਵੀ ਹੋਵੇਗਾ ਜੋ ਉਸ ਦੀ ਸੋਚ ਨੂੰ ਕੁਝ ਚੰਗਾ ਅਤੇ ਸੁਹਜਮਈ ਸਿਰਜਣ ਲਈ ਰਸਤਾ ਦਿਖਾਉਣਗੇ। ਕਵੀ ਸੁਚੇਤ ਹੈ ਕਿ ਜੀਵਨ-ਚਿੱਤਰਪੱਟ ਉਤੇ ਤੁਸੀਂ ਜਿਹੋ ਜਿਹੀਆਂ ਪੈੜਾਂ ਪਾ ਕੇ ਜਾਵੋਗੇ ਉਨ੍ਹਾਂ ਪੈੜਾਂ ਵਿਚ ਹੀ ਤੁਹਾਡੀ ਆਉਣ ਵਾਲੀ ਪੀੜ੍ਹੀ ਸਾਹ ਲਵੇਗੀ। ਕਵੀ ਅਸਲ ਵਿਚ ਉਨ੍ਹਾਂ ਭੁਲੇਖਿਆਂ ਵਿਚੋਂ ਬਾਹਰ ਆ ਕੇ ਜ਼ਿੰਦਗੀ ਜਿਊਣ ਦੀ ਗੱਲ ਕਰਦਾ ਹੈ, ਜਿਨ੍ਹਾਂ ਦੇ ਓਹਲੇ ਵਿਚ ਮਨੁੱਖ ਮਖੋਟਾਧਾਰੀ ਹੋ ਕੇ ਜੀਵਨ ਬਸਰ ਕਰਦਾ ਹੈ। ਇਹ ਭੁਲੇਖਾ ਅਸਲ ਵਿਚ ਦੂਜਿਆਂ ਲਈ ਨਹੀਂ, ਸਗੋਂ ਆਪਣੀ ਹੀ ਹੋਂਦ ਦੇ ਖ਼ਤਰੇ ਦਾ ਸੂਚਕ ਬਣ ਜਾਂਦਾ ਹੈ। ਮੋਹਣਪ੍ਰੀਤ ਸਿੰਘ 'ਪੱਤੜ' ਦੀ ਇਸ ਕਾਵਿ-ਪੁਸਤਕ ਵਿਚ ਖੁੱਲ੍ਹੀ ਕਵਿਤਾ ਵੀ ਸ਼ਾਮਿਲ ਹੈ, ਗ਼ਜ਼ਲਾਂ ਵੀ ਸ਼ਾਮਿਲ ਹਨ ਅਤੇ ਪੁਸਤਕ ਦੇ ਅਖੀਰ 'ਤੇ ਕੁਝ ਦੋਹੇ ਵੀ ਸ਼ਾਮਿਲ ਕੀਤੇ ਗਏ ਹਨ। ਮੋਹਣਪ੍ਰੀਤ ਸਿੰਘ 'ਪੱਤੜ' ਦੀ ਕਵਿਤਾ ਪਾਠਕ ਨੂੰ ਪ੍ਰਭਾਵਿਤ ਜ਼ਰੂਰ ਕਰੇਗੀ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਤੇਰੇ ਕਰਕੇ
ਲੇਖਕ : ਅਜੀਤ ਪਿਆਸਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ।
ਮੁੱਲ : 200 ਰੁਪਏ, ਸਫੇ : 83
ਸੰਪਰਕ : 94177-87238

'ਅਜੀਤ ਪਿਆਸਾ' ਨੇ ਇਸ ਪੁਸਤਕ ਤੋਂ ਪਹਿਲਾਂ ਸ਼ੀਸ਼ੇ 'ਚ ਜੜ੍ਹਿਆ ਆਦਮੀ, ਪਰਛਾਵਾਂ ਫੜਦੇ ਪੈਰ, ਸ਼ਨਾਖਤ, ਡਰਨੇ, ਕੱਚ ਦੀਆਂ ਮੁੰਦਰਾਂ, ਜਗਰਾਵਾਂ ਠੰਢੀਆਂ ਛਾਵਾਂ ਤੇ ਅਨੇਕਾਂ ਹੋਰ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਹਥਲੀ ਪੁਸਤਕ ਦੀ ਭੂਮਿਕਾ ਸਵਰਗੀ ਪਦਮਸ੍ਰੀ ਸੁਰਜੀਤ ਪਾਤਰ ਜੀ ਨੇ ਲਿਖੀ। ਉਨ੍ਹਾਂ ਅਨੁਸਾਰ ਅਜੀਤ ਪਿਆਸਾ ਨੇ ਬੜੀ ਸ਼ਿੱਦਤ ਅਤੇ ਸਾਦਗੀ ਨਾਲ ਆਪਣੀ ਮਨੋਵੇਦਨਾ ਦਾ ਪ੍ਰਗਟਾਵਾ ਕੀਤਾ ਹੈ। ਸੁਰੋਦ ਸੁਦੀਪ ਨੇ ਵੀ ਇਸ ਕਾਵਿ ਪੁਸਤਕ ਬਾਰੇ ਦੋ ਸ਼ਬਦ ਸਾਂਝੇ ਕਰਦਿਆਂ ਅਜੀਤ ਪਿਆਸਾ ਦੀ ਕਵਿਤਾ ਨੂੰ ਮੁਹੱਬਤ ਦੀ ਕਵਿਤਾ ਦਾ ਨਾਂਅ ਦਿੱਤਾ ਹੈ। 64 ਕਵਿਤਾਵਾਂ ਦਾ ਕਾਵਿ ਸੰਗ੍ਰਹਿ ਸੰਬੋਧਨੀ ਸੁਰ ਵਿਚ ਰਚਿਆ ਹੈ। ਕਵੀ ਨੇ ਜਿਥੇ ਆਪਣੇ ਰੁਮਾਂਸ ਭਰੇ ਅਹਿਸਾਸ ਸਾਂਝੇ ਕੀਤੇ ਹਨ, ਉਥੇ ਨਾਲ ਹੀ ਸਮਾਜਿਕ ਸਰੋਕਾਰਾਂ ਬਾਰੇ ਵੀ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ। ਉਹ ਆਸ਼ਾਵਾਦੀ ਸੁਰ ਵਿਚ ਲਿਖਦਾ ਹੈ:
ਦਰਦਾਂ ਨੂੰ ਲੈ ਚੱਲ ਨਾਲ,
ਆ ਉਸ ਦਾ ਪਤਾ ਕਰੀਏ।
ਦਿਲਾਂ ਦੇ ਅੰਦਰ ਹਰਦਮ,
ਕੀ ਦੁਖਦਾ ਪਤਾ ਕਰੀਏ।
ਕਵੀ ਸਮਾਜ ਵਿਚ ਫੈਲੇ ਅੰਧ-ਵਿਸ਼ਵਾਸ ਅਤੇ ਅਤਾਰਕਿਨਤਾ ਦਾ ਸਹਿਜ ਪ੍ਰਗਟਾਵਾ ਕਰਦਾ ਹੈ। ਉਹ ਮਨੁੱਖੀ ਸਫਲਤਾ ਲਈ ਪ੍ਰਤੀਬੱਧਤਾ ਅਤੇ ਨੈਤਿਕ ਮੁੱਲਾਂ ਦੀ ਗੱਲ ਵੀ ਕਰਦਾ ਹੈ। ਕਵੀ ਨੇ ਨਾਰੀ ਮਨ ਦੇ ਭਾਵ ਵੀ ਬਾਖੂਬੀ ਪ੍ਰਗਟਾਏ ਹਨ। ਸਮਾਜ ਵਿਚ ਜ਼ਿੰਮੇਵਾਰੀਆਂ ਅਤੇ ਫਰਜ਼ ਦੀ ਪੰਡ ਚੁੱਕੀ ਆਉਂਦੀ ਨਾਰੀ ਸਦੀਆਂ ਤੋਂ ਹੀ ਆਪਣੀ ਹੋਂਦ ਲਈ ਯਤਨਸ਼ੀਲ ਹੈ।
ਰਿਸ਼ਤਿਆਂ ਨੂੰ ਸਾਂਭਦੀ,
ਖੁਦ ਹੀ ਸੱਖਣੀ ਹੋ ਗਈ
ਮੋਹ ਦੇ ਇਕ ਚੋਗੇ ਲਈ
ਨਾ ਘਾਟ ਨਾ ਘਰ ਦੀ ਚਿੜੀ...।
ਕਵੀ ਨੇ ਮਿਥਿਹਾਸਕ ਕਥਾਵਾਂ ਦੇ ਹਵਾਲਿਆਂ ਨਾਲ ਅਜੋਕੇ ਸੰਦਰਭ ਵਿਚ ਤਿੜਕ ਰਹੀਆਂ ਮਾਨਵੀ ਕਦਰਾਂ-ਕੀਮਤਾਂ ਪ੍ਰਤੀ ਵੀ ਚਿੰਤਾ ਜ਼ਾਹਿਰ ਕੀਤੀ ਹੈ। ਉਹ ਰਾਜਨੀਤਕ, ਸਮਾਜਿਕ, ਭ੍ਰਿਸ਼ਟਾਚਾਰ ਪ੍ਰਤੀ ਚਿੰਤਤ ਹੈ। ਕਵੀ ਨੇ ਸਮਾਜਿਕ ਕਾਇਦ-ਏ-ਕਾਨੂੰਨ ਵਿਚ ਦਮ ਘੁੱਟਦੀ ਮਾਨਵੀ ਆਜ਼ਾਦੀ ਦਾ ਵੀ ਜ਼ਿਕਰ ਕੀਤਾ ਹੈ।
ਰਿਸ਼ਤੇ ਨਾਤਿਆਂ ਦੇ
ਪਰਾਂ ਉੱਪਰ ਬੈਠ ਕੇ
ਬਹੁਤ ਵੇਖ ਲਿਆ
ਖੁਦਗਰਜ਼ੀਆਂ ਦਾ ਬਾਜ਼ਾਰ
ਮੋਹ ਮਾਇਆ ਦੇ ਗੋਰਖ ਧੰਦੇ ਵਿਚ
ਨਾ ਕੁਝ ਖੱਟਿਆ ਨਾ ਵੱਟਿਆ।
ਤੈਨੂੰ ਕੀ ਦੱਸਾਂ ਮਾਂ, ਜ਼ਿੰਦਗੀ ਹੁਣ ਤਾਂ ਧਾਰਾ ਇਉਂ ਲਗਦੈ, ਜ਼ਿੰਦਗੀ, ਸੁੱਚਾ ਸੌਦਾ ਇਸ਼ਕ ਦਾ, ਕਿਸੇ ਵੀ ਕਾਸਟ, ਰਿਸ਼ਤਿਆਂ ਦੇ ਮੁਰਦਾਘਰ, ਰੱਬ ਕਰੇ ਆਦਿ ਕਾਲ ਤੋਂ ਆਦਿ ਰਚਨਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਇਸ ਪੁਸਤਕ ਦੀ ਭੂਮਿਕਾ ਵਿਚ ਤਾਂ ਡਾ. ਹਰਬੰਸ ਸਿੰਘ ਧੀਮਾਨ ਨੇ ਠੀਕ ਹੀ ਕਿਹਾ ਹੈ ਕਿ ਅਜੀਤ ਪਿਆਸਾ ਦੀ ਕਾਵਿ ਪੁਸਤਕ 'ਤੇਰੇ ਕਰਕੇ' ਵਿਚ ਕਵੀ ਦੀ ਇਕੱਲਤਾ ਦੀ ਵਧਦੀ ਅੰਦਰਲੀ ਚੀਸ ਦਾ ਦਰਦ/ਅਹਿਸਾਸ, ਮਾਨਸਿਕਤਾ ਨੂੰ ਰੂਪਮਾਨ ਕਰਨ ਦਾ ਇਕ ਨਿਵੇਕਲਾ ਯਤਨ ਕੀਤਾ ਹੈ। ਇਸ ਪੁਸਤਕ ਲਈ ਕਵੀ ਨੂੰ ਮੁਬਾਰਕਬਾਦ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ।

ਬਾਬਾ ਫੂਲਾ ਸਿੰਘ ਜੀ 'ਅਕਾਲੀ'
ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 96
ਸੰਪਰਕ : 94638-36551

ਬਾਬਾ ਪ੍ਰੇਮ ਸਿੰਘ ਹੋਤੀ ਨੇ ਸਿੱਖ ਇਤਿਹਾਸ ਦੇ ਕੁਝ ਅਜਿਹੇ ਨਾਇਕਾਂ ਨੂੰ ਖੋਜਿਆ ਹੈ, ਜਿਨ੍ਹਾਂ ਬਾਰੇ ਬਹੁਤ ਘੱਟ ਕਿਤਾਬਾਂ ਉਪਲਬਧ ਹਨ ਜਾਂ ਜਿਨ੍ਹਾਂ ਦੇ ਜੀਵਨ ਸਮਾਚਾਰ/ਕਾਰਜਾਂ ਬਾਰੇ ਵਧੇਰੇ ਜਾਣਕਾਰੀ ਮੁਹੱਈਆ ਨਹੀਂ ਹੁੰਦੀ। ਅਜਿਹੇ ਹੀ ਸੂਰਬੀਰ ਯੋਧਿਆਂ ਵਿਚੋਂ ਇੱਕ ਅਕਾਲੀ ਫੂਲਾ ਸਿੰਘ ਦੇ ਮਹਾਨ ਕਾਰਜਾਂ ਤੇ ਜ਼ਿੰਦਗੀ ਬਾਰੇ ਇਹ ਪੁਸਤਕ ਵੱਡਮੁੱਲੀ ਸਮੱਗਰੀ ਪ੍ਰਦਾਨ ਕਰਦੀ ਹੈ। ਇਸ ਕਿਤਾਬ ਦੀ ਚੌਥੀ ਐਡੀਸ਼ਨ ਲੇਖਕ ਦੇ ਜੀਵਨ ਕਾਲ (1926) ਵਿਚ ਛਪੀ ਸੀ ਜਿਸ ਤੋਂ 100 ਸਾਲ ਪਿੱਛੋਂ ਹੀ ਸ਼ਾਇਦ ਇਹ ਨਵੀਂ ਐਡੀਸ਼ਨ ਪ੍ਰਕਾਸ਼ਿਤ ਹੋਈ ਹੈ। ਲੇਖਕ ਵੱਲੋਂ ਇਸਦੀ ਪਹਿਲੀ ਐਡੀਸ਼ਨ (1914) ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਫੂਲਾ ਸਿੰਘ ਦੇ ਜੀਵਨ ਬਾਰੇ ਬਹੁਤ ਮੁਸ਼ਕਿਲ ਨਾਲ ਏਨੀ ਕੁ ਜਾਣਕਾਰੀ ਹੀ ਮਿਲ ਸਕੀ ਹੈ। ਅਕਾਲੀ ਜੀ ਦਾ ਜੀਵਨ ਕਾਲ 1761 ਈ. ਤੋਂ 1823 ਈ. ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਸ. ਈਸ਼ਰ ਸਿੰਘ ਦੇ ਘਰ ਪਿੰਡ ਸ਼ੀਹਾਂ ਵਿਚ ਹੋਇਆ। ਉਹ ਅਜੇ ਇੱਕ ਸਾਲ ਦੇ ਹੋਏ ਸਨ ਜਦੋਂ ਉਨ੍ਹਾਂ ਦੇ ਪਿਤਾ ਅਹਿਮਦ ਸ਼ਾਹ ਅਬਦਾਲੀ ਨਾਲ ਹੋਈ ਜੰਗ (1762) ਵਿਚ ਸ਼ਹੀਦੀ ਪਾ ਗਏ। ਅਕਾਲੀ ਜੀ ਨੇ ਬਚਪਨ ਵਿਚ ਹੀ ਬਾਬਾ ਨਰੈਣ ਸਿੰਘ ਦੀ ਪ੍ਰੇਰਨਾ ਅਧੀਨ ਨਿਤਨੇਮ ਦੀਆਂ ਬਾਣੀਆਂ ਤੋਂ ਬਿਨਾਂ ਹੋਰ ਬਹੁਤ ਸਾਰੀ ਬਾਣੀ ਕੰਠ ਕਰ ਲਈ ਸੀ। ਫਿਰ ਉਨ੍ਹਾਂ ਨੇ ਸ਼ਸਤਰ ਵਿੱਦਿਆ ਵਿਚ ਵੀ ਮੁਹਾਰਤ ਹਾਸਲ ਕਰ ਲਈ। ਕੁਝ ਸਮੇਂ ਬਾਅਦ ਉਨ੍ਹਾਂ ਦੀ ਮਾਂ ਪੌੜੀਆਂ ਤੋਂ ਡਿੱਗ ਕੇ ਰੱਬ ਨੂੰ ਪਿਆਰੀ ਹੋ ਗਈ। ਹੁਣ ਫੂਲਾ ਸਿੰਘ ਪੱਕੇ ਤੌਰ ਤੇ ਬਾਬਾ ਨਰੈਣ ਸਿੰਘ ਕੋਲ ਟਿਕ ਗਏ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਲੜਾਈਆਂ ਵਿਚ ਉਨ੍ਹਾਂ ਨੂੰ ਸਹਿਯੋਗ ਦਿੱਤਾ, ਜਿਨ੍ਹਾਂ ਵਿਚ ਕਸੂਰ, ਮੁਲਤਾਨ, ਭਾਵਲਪੁਰ, ਸਿੰਧ, ਪਿਸ਼ਾਵਰ, ਕਸ਼ਮੀਰ ਆਦਿ ਪ੍ਰਮੁੱਖ ਹਨ। ਨੌਸ਼ਹਿਰੇ ਦੇ ਮੈਦਾਨ ਵਿਚ ਪਠਾਣਾਂ ਨਾਲ ਹੋਈ ਜੰਗ ਵਿਚ ਅਕਾਲੀ ਜੀ ਸ਼ਹੀਦੀ ਪਾ ਗਏ। ਅਕਾਲੀ ਫੂਲਾ ਸਿੰਘ ਸਿੱਖ ਸਿੱਧਾਂਤਾਂ ਅਤੇ ਮਰਿਆਦਾਵਾਂ ਉੱਤੇ ਡਟ ਕੇ ਪਹਿਰਾ ਦਿੰਦੇ ਸਨ। ਇਸਦੀ ਇੱਕ ਵੱਡੀ ਮਿਸਾਲ ਇਹ ਹੈ ਕਿ ਇੱਕ ਵਾਰ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਕੋਰੜੇ ਮਾਰਨ ਦੀ ਸਜ਼ਾ ਸੁਣਾਈ ਸੀ। ਰੀਵਿਊ ਅਧੀਨ ਪੁਸਤਕ ਵਿਚ ਬਾਬਾ ਪ੍ਰੇਮ ਸਿੰਘ ਹੋਤੀ ਨੇ ਅਕਾਲੀ ਫੂਲਾ ਸਿੰਘ ਦੀ ਡੀਲਡੌਲ, ਆਤਮ ਸ਼ਕਤੀ, ਸੂਰਮਗਤੀ, ਨਿਰਭੈਤਾ, ਸੁਧਾਰਕ, ਕੌਮੀ ਦਰਦ ਆਦਿ ਬਾਰੇ ਉਲੇਖਯੋਗ ਟਿੱਪਣੀਆਂ ਕੀਤੀਆਂ ਹਨ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਆ ਨੀ ਚਿੜੀਏ ਪਾਣੀ ਪੀ
ਸੰਪਾਦਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 250, ਸਫ਼ੇ : 112
ਸੰਪਰਕ : 98764-52223

ਪੁਸਤਕ 'ਆ ਨੀ ਚਿੜੀਏ ਪਾਣੀ ਪੀ' ਮਨੁੱਖ ਅਤੇ ਪੰਛੀਆਂ (ਚਿੜੀ) ਦੇ ਆਪਸੀ ਪ੍ਰੇਮ-ਪਿਆਰ ਦੀ ਝਾਤ ਅਤੇ ਅਲੋਪ ਹੁੰਦੀ ਘਰੇਲੂ ਚਿੜੀ ਦੇ ਕਾਰਨਾਂ ਨੂੰ ਬਿਆਨ ਕਰਦੀ 23 ਨਾਮੀ ਅਤੇ 7 ਬਾਲ-ਲੇਖਕਾਂ ਦੇ ਲਿਖੇ ਲੇਖਾਂ ਦਾ ਸੰਪਾਦਿਤਲੇਖ-ਸੰਗ੍ਰਹਿ ਹੈ।
ਗੂੜ੍ਹੀ ਦੋਸਤੀ ਸੀ ਕੁੜੀਆਂ, ਚਿੜੀਆਂ ਤੇ ਬੁੜ੍ਹੀਆਂ ਦੀ, ਪਰ ਹੁਣ ਚਿੜੀਆਂ ਪਤਾ ਨਹੀਂ ਕਿਹੜੇ ਦੇਸ਼ ਨੂੰ ਉੱਡ ਗਈਆਂ। ਉੱਡ ਕੇ ਚਿੜੀਏ ਨੀ ਫਿਰ ਆ ਜਾ ਵਿਹੜੇ, ਤੂੰ ਖੁੱਲ੍ਹ ਕੇ ਦੱਸ ਅੜੀਏ ਤੈਨੂੰ ਦੁੱਖ ਨੇ ਜਿਹੜੇ। ਸ਼ਹਿਰੀਕਰਨ, ਤਕਨੀਕੀ ਵਿਕਾਸ ਮੋਬਾਈਲ, ਇੰਟਰਨੈਟ ਟਾਵਰ ਦੀਆਂ ਤਰੰਗਾਂ ਵੀ ਚਿੜੀਆਂ ਦੇ ਅਲੋਪ ਹੋਣ ਦਾ ਮੁੱਖ ਕਾਰਨ ਹਨ। ਪੁਰਾਣੇ ਕੱਚੇ ਘਰਾਂ ਦੀਆਂ ਕੰਧਾਂ ਦੇ ਮੋਘਿਆਂ ਵਿਚ ਚਿੜੀਆਂ ਆਲ੍ਹਣੇ ਬਣਾ ਲੈਂਦੀਆਂ ਸਨ, ਪਰ ਹੁਣ ਪੱਕੇ ਘਰਾਂ ਵਿਚ ਰੌਸ਼ਨਦਾਨ/ ਆਲੇ ਵੀ ਨਹੀਂ। ਖ਼ੁਦ ਚਿੜੀ ਵੀ ਕਰਦੀ ਇਹੀ ਪੁਕਾਰ ਨਾ ਕਰੋ ਮੇਰੇ 'ਤੇ ਅੱਤਿਆਚਾਰ।
ਇਸ ਲਈ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪਲਾਸਟਿਕ ਦਾ ਘੱਟ ਉਪਯੋਗ ਕਰੀਏ, ਦਰੱਖਤ ਲਗਾਈਏ, ਨੇੜੇ-ਤੇੜੇ ਪੈਦਲ ਜਾਂ ਸਾਈਕਲ ਦੀ ਵਰਤੋਂ ਕਰੀਏ ਤਾਂ ਹੀ ਅਸੀਂ ਪੁਕਾਰ ਸਕਦੇ-ਚਿੜੀਏ ! ਨੀ ਚਿੜੀਏ ਤੂੰ ਜਿੱਥੇ ਵੀ ਹੈਂ, ਆ! ਤੂੰ ਫਿਰ ਰੁੱਖਾਂ 'ਤੇ ਆਲ੍ਹਣੇ ਪਾ, ਸਵੇਰੇ ਚੀਂ-ਚੀਂ ਦਾ ਸੰਗੀਤ ਸੁਣਾ ਤੇ ਸਵੇਰ ਖੁਸ਼ਨੁਮਾ ਬਣਾ।
ਚਿੜੀਆਂ ਤਾਂ ਪਹੁ-ਫੁਟਾਲੇ ਜਾਗ ਕੇ ਬੰਦੇ ਨੂੰ ਆਲਸ ਤਿਆਗ ਕੇ ਪ੍ਰਮਾਤਮਾ ਨੂੰ ਯਾਦ ਕਰਨ ਲਈ ਸੁਚੇਤ ਵੀ ਕਰਦੀਆਂ ਹਨ। ਚਿੜੀਆਂ ਦੀ ਚਹਿਕ ਤਾਂ ਕਿਰਤ-ਖੁਸ਼ੀ ਦੀ ਨਿਸ਼ਾਨੀ ਮੰਨੀ ਜਾਂਦੀ ਹੈ।
'ਆ ਨੀ ਚਿੜੀਏ ਪਾਣੀ ਪੀ,
ਆਪਣੀ ਮੌਜ 'ਚ ਆਪੇ ਜੀਅ।'
ਸੰਪਾਦਕ ਨੇ ਇਹ ਪੁਸਤਕ ਉਨ੍ਹਾਂ ਪਿਆਰੇ ਬੱਚਿਆਂ ਨੂੰ ਸਮਰਪਿਤ ਕੀਤੀ ਜੋ ਪੰਛੀਆਂ ਨੂੰ ਪਿਆਰ ਕਰਦੇ ਹਨ। ਸਾਰੇ ਲੇਖਕ ਆਪਣੇ ਵਿਲੱਖਣ ਵਿਚਾਰਾਂ ਅਤੇ ਸੰਪਾਦਕ 116 ਪੁਸਤਕਾਂ ਸਾਹਿਤ ਦੀ ਝੋਲੀ ਪਾਉਣ ਲਈ ਵਧਾਈ ਦੇ ਪਾਤਰ ਹਨ। ਇਹ ਪੁਸਤਕ ਸਭ ਨੂੰ ਅਤੇ ਖਾਸਕਰ ਬੱਚਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।

-ਸਾਹਿਬਾ ਜੀਟਨ ਕੌਰ
ਮੋਬਾਈਲ : 99883-47109

ਪੰਜਾਬੀ ਕਹਾਣੀ
ਦਲਿਤ ਸਰੋਕਾਰ

ਲੇਖਿਕਾ : ਡਾ. ਸੰਦੀਪ ਕੌਰ ਨੂਰਦੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਮੁੱਲ : 280 ਰੁਪਏ, ਸਫੇ : 186
ਸੰਪਰਕ : 94638-36591

ਇਹ ਪੁਸਤਕ 'ਪੰਜਾਬੀ ਕਹਾਣੀ : ਦਲਿਤ ਸਰੋਕਾਰ' (2025) ਡਾ. ਸੰਦੀਪ ਕੌਰ ਨੂਰਦੀ ਦੁਆਰਾ ਦਲਿਤ ਦ੍ਰਿਸ਼ਟੀ ਤੋਂ ਨਵੀਂ ਪੰਜਾਬੀ ਕਹਾਣੀ ਬਾਰੇ ਕੀਤਾ ਗਿਆ ਇਕ ਗੰਭੀਰ ਖੋਜ ਕਾਰਜ ਹੈ, ਜਿਸ ਵਿਚ ਉੱਘੇ ਕਹਾਣੀਕਾਰ ਕਿਰਪਾਲ ਕਜ਼ਾਕ, ਜਿੰਦਰ ਤੇ ਸਰੂਪ ਸਿਆਲਵੀ ਦੀ ਕਹਾਣੀ ਰਚਨਾ ਨੂੰ ਵਿਸ਼ੇਸ਼ ਤੌਰ 'ਤੇ ਅਧਿਐਨ ਵਸਤੂ ਵਜੋਂ ਲਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਜਿਥੇ ਕਿਰਪਾਲ ਕਜ਼ਾਕ ਦਾ ਕਹਾਣੀ ਸੰਸਾਰ ਪੰਜਾਬੀ ਕਹਾਣੀ ਦੀ ਤੀਸਰੀ ਤੇ ਚੌਥੀ ਪੀੜ੍ਹੀ ਦੇ ਇਕ ਅਨੋਖੇ ਮਿਲਣ-ਬਿੰਦੂ ਦੇ ਰੂਪ ਵਿਚ ਸਾਡੇ ਸਾਹਮਣੇ ਆਉਂਦਾ ਹੈ, ਉਥੇ ਜਿੰਦਰ ਤੇ ਸਰੂਪ ਸਿਆਲਵੀ ਦੀ ਕਹਾਣੀ ਸ਼ੁੱਧ ਰੂਪ ਵਿਚ ਚੌਥੀ ਪੀੜ੍ਹੀ ਦੀ ਕਥਾ-ਸੰਵੇਦਨਾ ਤੇ ਸ਼ਿਲਪ ਦੀ ਪ੍ਰਤੀਨਿਧਤਾ ਕਰਦੀ ਪ੍ਰਤੀਤ ਹੁੰਦੀ ਹੈ। ਜਿੰਦਰ ਦੀ ਭਰਵੀਂ ਕਹਾਣੀ ਸਮਰੱਥਾ ਤਾਂ ਪਹਿਲਾਂ ਮਿਲੇ 'ਢਾਹਾਂ ਪੁਰਸਕਾਰ' ਅਤੇ ਹਾਲ ਹੀ ਵਿਚ ਪਿਛਲੇ ਦਿਨੀਂ ਮਿਲੇ ਵੱਕਾਰੀ ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰ ਨਾਲ ਵੀ ਕੁਝ ਤਸਦੀਕ ਹੋ ਜਾਂਦੀ ਹੈ। ਇਨ੍ਹਾਂ ਲੇਖਕਾਂ ਦੀਆਂ ਕਹਾਣੀਆਂ ਵਿਚ ਪੇਸ਼ ਦਲਿਤ ਸਰੋਕਾਰਾਂ ਦੀ ਪੇਸ਼ਕਾਰੀ ਇਸ ਤੱਥ ਨੂੰ ਬਹੁਤ ਸਹਿਜ ਰੂਪ ਵਿਚ ਸਥਾਪਿਤ ਕਰਦੀ ਹੈ ਕਿ ਅਜੋਕਾ ਕਹਾਣੀਕਾਰ ਦਲਿਤ ਜੀਵਨ ਪ੍ਰਵਾਹ ਨੂੰ ਕਿਸ ਰੂਪ ਵਿਚ ਗ੍ਰਹਿਣ ਕਰ ਰਿਹਾ ਹੈ, ਇਹ ਜੀਵਨ ਪ੍ਰਵਾਹ ਕਿਸ ਤਰ੍ਹਾਂ ਦੀਆਂ ਜਟਿੱਲਤਾਵਾਂ ਤੇ ਗੁੰਝਲਾਂ ਨਾਲ ਓਤਪੋਤ ਹੈ, ਦਲਿਤ-ਮੁਕਤੀ ਦਾ ਅਸਲ ਰਾਹ ਕੀ ਅਤੇ ਕਿਨ੍ਹਾਂ-ਕਿਨ੍ਹਾਂ ਵਿਹਾਰਕ ਦੁਸ਼ਵਾਰੀਆਂ ਨਾਲ ਭਰਪੂਰ ਹੈ। ਇਸ ਪ੍ਰਸੰਗ ਵਿਚ ਲੇਖਿਕਾ ਵਲੋਂ ਕਹਾਣੀਆਂ ਦੇ ਕੀਤੇ ਗਏ ਵਿਹਾਰਕ ਅਧਿਐਨ ਦੇ ਨਾਲ-ਨਾਲ ਕਾਬਲ ਵਿਦਵਾਨ ਡਾ. ਮਨਮੋਹਨ ਦੁਆਰਾ ਪੁਸਤਕ ਬਾਰੇ ਟਿੱਪਣੀਨੁਮਾ ਲੇਖ 'ਪੰਜਾਬੀ ਕਹਾਣੀ : ਦਲਿਤ ਸਰੋਕਾਰ' ਪੜ੍ਹਦਿਆਂ (ਪੰਨਾ 7-14) ਦਾ ਪਾਠ ਵੀ ਬੇਹੱਦ ਮਹੱਤਵਪੂਰਨ ਹੈ, ਜਿਸ ਵਿਚ ਦਲਿਤ ਮੁਕਤੀ ਸੰਬੰਧੀ ਮਾਰਕਸਵਾਦੀ ਪਹੁੰਚ, ਵਰਣ-ਵਿਵਸਥਾ ਉਤੇ ਆਧਾਰਿਤ ਪਹੁੰਚ ਤੇ ਅੰਬੇਡਕਾਰੀ ਦ੍ਰਿਸ਼ਟੀ ਦੀਆਂ ਸੀਮਾਵਾਂ ਨੂੰ ਬੇਲਾਗ ਹੋ ਕੇ ਉਭਾਰਿਆ ਗਿਆ ਹੈ।
ਇਸ ਪੁਸਤਕ ਵਿਚ ਕਿਰਪਾਲ ਕਜ਼ਾਕ ਦੀਆਂ ਕਹਾਣੀਆਂ ਵਿਚਲੇ ਦਲਿਤ ਸਰੋਕਾਰਾਂ ਨੂੰ ਦਲਿਤ ਸਮਾਜ ਦੇ ਪਰਿਵਾਰਕ ਰਿਸ਼ਤਿਆਂ ਵਿਚਲੇ ਤਣਾਅ, ਸਵੈ ਹੋਂਦ ਦੀ ਚੇਤਨਾ ਤੇ ਵਿਰੋਧ ਦਾ ਪਾਸਾਰ, ਦਲਿਤ ਅਤੇ ਮਾਨਸਿਕ ਸੰਘਰਸ਼, ਦਲਿਤ ਚੇਤਨਾ ਤੇ ਡੇਰਾਵਾਦੀ ਸੱਭਿਆਚਾਰ, ਸਵਰਨ ਜਾਤੀ ਵਿਚ ਜਾਤੀਗਤ ਹਊਮੈਂ ਦਾ ਪਾਸਾਰ, ਜਦਕਿ ਜਿੰਦਰ ਦੀ ਕਹਾਣੀ ਨੂੰ ਦਲਿਤ ਅਤੇ ਮਾਨਸਿਕ ਸੰਘਰਸ਼, ਦਲਿਤ ਚੇਤਨਾ ਅਤੇ ਸਿਆਸੀ ਸੰਬੰਧ, ਦਲਿਤ ਕਹਾਣੀ ਅਤੇ ਆਰਥਿਕਤਾ, ਦਲਿਤ ਕਹਾਣੀ ਵਿਚ ਮਾਨਵੀ ਰਿਸ਼ਤੇ ਅਤੇ ਸੱਭਿਆਚਾਰ ਦਾ ਬਦਲਦਾ ਪਰਿਪੇਖ ਅਤੇ ਦਲਿਤ ਸਮਾਜਿਕ ਚੇਤਨਾ ਦੇ ਨੁਕਤੇ ਤੋਂ ਪਰਖਿਆ-ਪੜਚੋਲਿਆ ਗਿਆ ਹੈ। ਸਰੂਪ ਸਿਆਲਵੀ ਦੀ ਕਹਾਣੀ ਨੂੰ ਇਤਿਹਾਸ ਤੇ ਮਿਥਿਹਾਸ ਦੀ ਪੁਨਰ-ਸੰਰਚਨਾ, ਦਲਿਤ ਕਹਾਣੀ ਅਤੇ ਰਾਜਨੀਤਕ ਚੇਤਨਾ, ਲੋਕਾਇਤਵਾਦ ਅਤੇ ਬ੍ਰਾਹਮਣਵਾਦ ਆਦਿ ਪੱਖ ਤੋਂ ਵਿਸ਼ਲੇਸ਼ਿਤ ਕੀਤਾ ਗਿਆ ਹੈ। ਲੇਖਿਕਾ ਨੇ ਆਪਣੇ ਅਧਿਐਨ ਦੀ ਟੇਕ ਕੁਝ ਇਕ ਚਰਚਿਤ ਕਹਾਣੀਆਂ ਉਤੇ ਹੀ ਨਹੀਂ ਰੱਖੀ, ਸਗੋਂ ਵੱਡੀ ਗਿਣਤੀ ਵਿਚ ਕਹਾਣੀਆਂ ਨੂੰ ਆਪਣੀ ਅਧਿਐਨ-ਵਸਤੂ ਦਾ ਆਧਾਰ ਬਣਾ ਕੇ ਆਪਣੀ ਠੋਸ ਚਿੰਤਨੀ ਰਾਇ ਪ੍ਰਗਟ ਕੀਤੀ ਹੈ। ਮੋਟੇ ਤੌਰ 'ਤੇ ਉਸ ਦੀ ਧਾਰਨਾ ਹੈ ਕਿ ਇਹ ਦਲਿਤ ਕਹਾਣੀਆਂ ਦਲਿਤ ਚਿੰਤਨ ਦੇ ਆਰਥਿਕ ਅਤੇ ਰਾਜਸੀ ਚੇਤਨਾ ਨਾਲ ਵਿਕਸਿਤ ਹੋਣ ਨੂੰ ਉਜਾਗਰ ਕਰਦੀਆਂ ਹਨ। ਪੜ੍ਹ-ਲਿਖ ਕੇ ਪ੍ਰਸ਼ਾਸਨਿਕ ਅਹੁਦਿਆਂ ਦੀ ਪ੍ਰਾਪਤੀ ਨੇ ਦਲਿਤਾਂ ਨੂੰ ਦਲਿਤ ਮੁਕਤੀ ਤੇ ਸਸ਼ਕਤੀਕਰਨ ਦੇ ਪਹਿਲੇ ਪੜਾਅ ਤੋਂ ਤਾਂ ਪਾਰ ਕਰਾ ਦਿੱਤਾ ਹੈ ਪਰ ਜਦ ਤੱਕ ਭਾਰਤੀ ਸਮਾਜ ਜਾਤੀਗਤ ਵਿਵਹਾਰ ਦੀ ਜਟਿਲ ਮਾਨਸਿਕਤਾ ਵਿਚੋਂ ਨਹੀਂ ਨਿਕਲਦਾ ਤਦ ਤੱਕ ਦਲਿਤ ਸਮਾਜ ਦੀ ਮੁਕਤੀ ਅਸੰਭਵ ਹੈ। ਦਲਿਤਾਂ ਦੀ ਚੇਤਨਾ, ਰਾਖਵੇਂਕਰਨ ਤੇ ਹੋਰ ਸਹੂਲਤਾਂ ਨਾਲ ਭਾਵੇਂ ਇਨ੍ਹਾਂ ਦੀ ਆਰਥਿਕਤਾ ਸੁਧਰ ਗਈ ਹੋਵੇ, ਪਰ ਫਿਰ ਵੀ ਦਲਿਤ ਹਰੇਕ ਪੱਧਰ 'ਤੇ ਪਛਾਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਹ ਗਲਪੀ ਤਰਕ ਅਜੋਕੀ ਕਹਾਣੀ 'ਚੋਂ ਵਾਰ-ਵਾਰ ਪ੍ਰਗਟ ਹੋ ਰਿਹਾ ਹੈ। ਡਾ. ਸੰਦੀਪ ਦੀ ਮੌਲਿਕ ਤੇ ਸੁਤੰਤਰ ਚਿੰਤਨੀ ਸੁਰ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ, ਜਿਸ ਤੋਂ ਸਮਕਾਲੀ ਵਰਤਾਰਿਆਂ 'ਤੇ ਲਿਖੀ ਜਾ ਰਹੀ ਕਹਾਣੀ ਬਾਰੇ ਵੀ ਉਸ ਦੀ ਚੰਗੀ ਸਮਝ ਦਾ ਪਤਾ ਲਗਦਾ ਹੈ। ਪਾਠਕ, ਲੇਖਕ ਤੇ ਵਿਦਿਆਰਥੀ ਸਭ ਪੜ੍ਹ ਕੇ ਲਾਭ ਉਠਾ ਸਕਦੇ ਹਨ।

-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666

ਕੁਝ ਅਣਕਹੇ ਤੱਥ
ਲੇਖਕ : ਦੇਵਿੰਦਰ ਦੀਦਾਰ
ਪ੍ਰਕਾਸ਼ਕ : ਕਲਸੀ ਬ੍ਰਦਰਜ਼,ਗੁਰਦਾਸਪੁਰ
ਮੁੱਲ : 250 ਰੁਪਏ, ਸਫ਼ੇ : 138
ਸੰਪਰਕ : 98142-45911

'ਕੁਝ ਅਣਕਹੇ ਤੱਥ' ਦੇਵਿੰਦਰ ਦੀਦਾਰ ਦੀ ਪੁਸਤਕ ਅਸਲ ਵਿਚ ਉਨ੍ਹਾਂ ਦੀਆਂ ਵੱਖ-ਵੱਖ ਪੁਸਤਕਾਂ ਵਿਚੋਂ ਅਹਿਮ ਪ੍ਰਵਚਨਾਂ 'ਤੇ ਆਧਾਰਿਤ ਹੈ। ਲੇਖਕ ਇਸ ਤੋਂ ਪਹਿਲਾਂ ਅਨੇਕਾਂ ਕਿਤਾਬਾਂ ਲਿਖ ਚੁੱਕੇ ਹਨ। ਵੱਖਰੇ ਅਤੇ ਰੌਚਿਕ ਢੰਗ ਨਾਲ ਗੱਲ ਕਹਿਣ ਦਾ ਉਨ੍ਹਾਂ ਦਾ ਅਨੁਭਵ ਪਾਠਕ ਤੇ ਡੂੰਘੀ ਛਾਪ ਛਡਦਾ ਹੈ। 'ਕੁੱਝ ਅਣਕਹੇ ਤੱਥ' ਪੁਸਤਕ ਵਿਚ ਸ਼ਾਮਿਲ ਪ੍ਰਵਚਨ ਜ਼ਿੰਦਗੀ ਦੇ ਗੂੜ੍ਹੇ ਸੱਚ ਨੂੰ ਬਿਆਨ ਕਰਦੇ ਹਨ। ਸਮਾਜ ਨੂੰ ਸੇਧ ਦੇਣ ਵਾਲੇ ਸਾਰੇ ਪ੍ਰਵਚਨ ਦਿਸ਼ਾਵਾਨ ਹਨ। ਤਜਰਬੇ ਅਤੇ ਰੌਚਿਕ ਵਾਰਤਕ ਸਿਰਜਣ ਦੀ ਕਲਾ ਡੂੰਘਾ ਤਜਰਬਾ ਪੁਸਤਕ ਵਿਚੋਂ ਝਲਕਦਾ ਹੈ। ਉੱਥੇ ਪੁਸਤਕ ਵਿਚ ਜੀਵਨ ਅਤੇ ਸਮਾਜ ਦਾ ਡੂੰਘਾ ਦਰਸ਼ਨ ਝਲਕਦਾ ਹੈ। ਵੰਨਗੀ ਵਜੋਂ ਕੁੱਝ ਪ੍ਰਵਚਨ ਹੇਠਾਂ ਸ਼ਾਮਿਲ ਕੀਤੇ ਜਾ ਰਹੇ ਹਨ।
'ਜੇ ਅਸੀਂ ਪਹਿਲਾਂ ਹੀ ਬੱਚਿਆਂ ਦੀ ਤੇ ਆਪਣੀ ਹੈਸੀਅਤ ਮੁਤਾਬਿਕ ਸਕੂਲ ਚੁਣਿਆ ਹੁੰਦਾ, ਦਿਸ਼ਾਹੀਣ ਦੌੜ ਤੋਂ ਬੱਚੇ ਨੂੰ ਬਚਾਇਆ ਹੁੰਦਾ, ਸਕੂਲੋਂ ਆਏ ਬੱਚੇ ਦਾ ਹੋਮਵਰਕ ਵੇਖਿਆ ਹੁੰਦਾ, ਉਸ ਦੀ ਸੰਗਤ 'ਤੇ ਥੋੜ੍ਹੀ ਬਹੁਤ ਨਜ਼ਰ ਰੱਖੀ ਹੁੰਦੀ, ਉਸ ਦੀਆਂ ਖ਼ਾਹਿਸ਼ਾਂ ਅਤੇ ਉਡਾਰੀਆਂ ਦਾ ਰਿਮੋਟ ਆਪਣੇ ਹੱਥ ਰੱਖਿਆ ਹੁੰਦਾ ਤਾਂ ਸ਼ਾਇਦ ਸਾਨੂੰ ਏਨਾ ਪਛਤਾਉਣਾ ਨਹੀਂ ਸੀ ਪੈਣਾ।' 'ਰੱਬ ਹੋਰ ਕਿਧਰੇ ਭਾਵੇਂ ਨਾ ਹੋਵੇ ਪਰ ਸਾਡੇ ਦੇਸ਼ ਵਿਚ ਜ਼ਰੂਰ ਵਸਦਾ ਹੈ। ਹੰਢ ਚੁੱਕੀਆਂ ਅਤੇ ਆਪਣੀ ਉਮਰ ਪੂਰੀ ਕਰ ਚੁੱਕੀਆਂ ਇਮਾਰਤਾਂ, ਪੁਲ, ਮਸ਼ੀਨਰੀ ਅਤੇ ਨੇਤਾ ਸਿਰਫ਼ ਸਾਡੇ ਦੇਸ਼ ਵਿਚ ਹੀ ਚੱਲ ਰਹੇ ਹਨ। ਦੇਸ਼ ਦੇ ਵੱਡੇ ਤੋਂ ਨਿੱਕੇ ਅਧਿਕਾਰੀ ਅਤੇ ਜ਼ਿਆਦਾਤਰ ਨੇਤਾ ਦੇਸ਼ ਨੂੰ ਧੜੱਲੇ ਨਾਲ ਦੋਹੀਂ-ਦੋਹੀਂ ਹੱਥੀਂ ਲੁੱਟ ਰਹੇ ਹਨ ਪਰ ਅਸੀਂ ਕੁਝ ਨਹੀ ਕਰ ਸਕਦੇ।' 'ਸ਼ੈਤਾਨ ਹਰ ਵੇਲੇ ਆਦਮੀ ਦੇ ਇਰਦ ਗਿਰਦ ਹੀ ਹੁੰਦਾ ਹੈ,ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸ ਵੇਲੇ ਸ਼ੈਤਾਨ ਉਸ 'ਤੇ ਹਮਲਾ ਕਰ ਦਿੰਦਾ ਹੈ। ਬੱਸ ਮਾੜਾ ਜਿਹਾ ਮਨ ਭਟਕਣ ਦੀ ਦੇਰ ਹੁੰਦੀ ਹੈ ਤੇ ਸ਼ੈਤਾਨ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।' ਅਖੀਰ ਇਹ ਕਿਹਾ ਜਾਵੇਗਾ ਕਿ ਇਹ ਪ੍ਰਵਚਨ ਪਾਠਕਾਂ ਲਈ ਮੁੱਲਵਾਨ ਸਿੱਧ ਹੋਣਗੇ।

-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020

Ad Position 22
No active advertisement
ਪਿਛਲੀ ਖ਼ਬਰ ਬੁੱਧੀਮਾਨ ਸਮੱਸਿਆਵਾਂ ਹੱਲ ਕਰਦੇ ਹਨ ਪਰ ਜੀਨੀਅਸ (ਚਿੰਤਕ) ਉਨ੍ਹਾਂ ਨੂੰ ਪੈਦਾ ਹੋਣ ਤੋਂ ਰੋਕਦੇ ਹਨ। -ਆਈਨਸਟਾਈਨ ਅਗਲੀ ਖ਼ਬਰ ਗ਼ਜ਼ਲ
Ad Position 24
No active advertisement