ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

27-06-26

Ad Position 21
No active advertisement
ਅਜੀਤ ਡੈਸਕ 28-06-2026

 ਵਾਰਿਸ ਸ਼ਾਹ
ਸੁਖਨ ਦਾ ਵਾਰਿਸ
ਲੇਖਕ : ਦਵਿੰਦਰ ਦਮਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 98551-09660

ਵਾਰਿਸ ਸ਼ਾਹ ਦੀ ਤਿੰਨ ਸੌ ਸਾਲਾ ਜਨਮ ਸ਼ਤਾਬਦੀ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹੋਰ ਸਮਾਗਮਾਂ ਦੇ ਨਾਲ ਨਾਲ ਵਾਰਿਸ ਸ਼ਾਹ ਦੇ ਜੀਵਨ 'ਤੇ ਆਧਾਰਤ ਰੰਗਮੰਚੀ ਪੇਸ਼ਕਾਰੀ ਵੀ ਤਿਆਰ ਕੀਤੀ ਸੀ ਜਿਸ ਦੀ ਜ਼ਿੰਮੇਵਾਰੀ ਉੱਘੇੇ ਨਾਟਕਕਾਰ ਅਤੇ ਨਿਰਦੇਸ਼ਕ ਦਵਿੰਦਰ ਦਮਨ ਨੂੰ ਦਿੱਤੀ ਗਈ ਸੀ | ਦਵਿੰਦਰ ਦਮਨ ਨੇ ਖੋਜ਼ ਭਰਪੂਰ ਨਾਟਕ 'ਵਾਰਿਸ ਸ਼ਾਹ ਸੁਖਨ ਦਾ ਵਾਰਿਸ' ਲਿਖਿਆ ਅਤੇ ਫਿਰ ਉਸ ਦੀ ਨਿਰਦੇਸ਼ਨਾ ਵਿਚ ਚਾਲੀ ਤੋਂ ਵੱਧ ਅਦਾਕਾਰਾਂ ਨਾਲ ਇਸ ਨਾਟਕ ਦੀ ਸਫਲਤਾ ਭਰਪੂਰ ਪੇਸ਼ਕਾਰੀ ਹੋਈ |
ਨਾਟਕ ਦੇ ਦੋ ਸੂਤਰਧਾਰ ਹਨ, ਜੋ ਸ਼ੁਰੂ ਵਿਚ ਹੀ ਵਾਰਿਸ ਸ਼ਾਹ ਦੀ ਜਾਣ-ਪਹਿਚਾਣ ਕਰਵਾਉਂਦੇ ਹਨ | ਇਸ ਪਹਿਚਾਣ ਲਈ ਨਾਟਕਕਾਰ ਨੇ ਸੰਬੰਧਿਤ ਸਾਹਿਤ ਦਾ ਅਧਿਐਨ ਕੀਤਾ ਹੈ ਇਸੇ ਕਰਕੇ ਸ਼ੁਰੂ ਵਿਚ ਹੀ ਅਹਿਮਦ ਯਾਰ, ਮੀਆਂ ਮੁਹੰਮਦ ਬਖਸ਼, ਪ੍ਰਫੈਸਰ ਪੂਰਨ ਸਿੰਘ, ਵਿਧਾਤਾ ਸਿੰਘ ਤੀਰ, ਅੰਮਿ੍ਤਾ ਪ੍ਰੀਤਮ, ਸੁਰਜੀਤ ਪਾਤਰ ਦੀਆਂ ਰਚਨਾਵਾਂ ਰਾਹੀਂ ਵਾਰਿਸ ਸ਼ਾਹ ਅਤੇ ਉਸ ਦੀ ਰਚਨਾ ਖ਼ਾਸਕਰ 'ਹੀਰ' ਬਾਰੇ ਪਾਠਕਾਂ/ਦਰਸ਼ਕਾਂ ਨਾਲ ਗੱਲਬਾਤ ਤੁਰਦੀ ਹੈ | ਵਾਰਿਸ ਸ਼ਾਹ ਦੀ ਕਬਰ ਦੁਆਲੇ ਫੈਲੀ ਧੁੰਦ ਵਿਚੋਂ ਪਰਗਟ ਹੋਏ ਵਾਰਿਸ ਸ਼ਾਹ ਅਤੇ ਅੰਮਿ੍ਤਾ ਪ੍ਰੀਤਮ ਦੇ ਕਿਰਦਾਰਾਂ ਰਾਹੀਂ ਵਾਰਤਾਲਾਪ ਤੋਂ ਕਹਾਣੀ ਸ਼ੁਰੂ ਹੁੰਦੀ ਹੈ | ਅੰਮਿ੍ਤਾ ਪ੍ਰੀਤਮ ਦੀ ਨਜ਼ਮ 'ਅੱਜ ਆਖਾਂ ਵਾਰਿਸ ਸ਼ਾਹ ਨੂੰ , ਕਿਤੋਂ ਕਬਰਾਂ ਵਿਚੋਂ ਬੋਲ' ਇਸ ਗੱਲਬਾਤ ਦਾ ਅਧਾਰ ਬਣਦੇ ਹਨ | ਦੇਸ਼ ਵੰਡ ਵੇਲੇ ਹੋਏ ਮਨੁੱਖੀ ਘਾਣ ਦੇ ਦਰਦ ਦੇ ਨਾਲ-ਨਾਲ ਵਾਰਿਸ ਦੀ ਰਚਨਾ ਸੰਬੰਧੀ ਕੁਝ ਤੌਖਲੇ ਅੰਮਿ੍ਤਾ ਦੇ ਮਨ ਵਿਚ ਹਨ, ਜੋ ਵਾਰਿਸ ਤੋਂ ਜਵਾਬ ਮੰਗਦੇ ਹਨ | ਇਸੇ ਲਈ ਅੰਮਿ੍ਤਾ ਦੀ ਵਾਰਿਸ ਸ਼ਾਹ ਦੇ ਜੀਵਨ ਦੇ ਨਾਲ-ਨਾਲ ਉਸ ਦੀ ਰਚਨਾ ਬਾਰੇ ਖੁੱਲ੍ਹ ਕੇ ਚਰਚਾ ਹੁੰਦੀ ਹੈ ਅਤੇ ਇਹੀ ਵਾਰਤਾਲਾਪ ਨਾਟਕ ਨੂੰ ਅੱਗੇ ਤੋਰਨ ਵਿਚ ਸਹਾਈ ਹੁੰਦਾ ਹੈ | ਵੱਖ-ਵੱਖ ਦਿ੍ਸ਼ਾਂ ਵਿਚ ਵਾਰਿਸ ਦੇ ਭਰਾ ਸੁਲਤਾਨ , ਭਰਜਾਈ, ਕਾਜ਼ੀ, ਭਾਗਭਰੀ, ਬਾਲ ਨਾਥ , ਧੀਦੋ ਅਤੇ ਹੀਰ ਸਮੇਤ ਕਿੱਸਾਕਾਰ ਦਮੋਦਰ ਨਾਟਕ ਦੇ ਵਾਰਤਾਲਾਪ ਵਿਚ ਸ਼ਾਮਿਲ ਹੁੰਦੇ ਹਨ | ਵਾਰਿਸ ਦੀਆਂ ਔਰਤ ਜਮਾਤ ਦੇ ਖ਼ਿਲਾਫ਼ ਲਿਖੀਆਂ ਲਾਈਨਾਂ 'ਵਾਰਿਸ ਰੰਨ, ਫਕੀਰ, ਤਲਵਾਰ, ਘੋੜਾ, ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ' ਬਾਰੇ ਅੰਮਿ੍ਤਾ ਔਰਤ ਅਪਮਾਨ ਦੀ ਗੱਲ ਕਰਦੀ ਹੈ ਤਾਂ ਵਾਰਿਸ ਆਪਣਾ ਪੱਖ ਸਪੱਸ਼ਟ ਕਰਦਾ ਹੋਇਆ ਆਪਣੀਆਂ ਇਨ੍ਹਾਂ ਸਤਰਾਂ ਦਾ ਹਵਾਲਾ ਦਿੰਦਾ ਹੈ 'ਘਰ ਵਸਦੇ ਔਰਤਾਂ ਨਾਲ ਸੋਹਣੇ, ਸ਼ਰਮਵੰਦ ਤੇ ਸਬਰ ਦੀਆਂ ਬੀਵੀਆਂ ਨੇ, ਵਾਰਿਸ ਸ਼ਾਹ ਹਯਾਓ ਦੇ ਨਾਲ ਅੰਦਰ, ਅੱਖੀਂ ਹੇਠ ਜ਼ਮੀਨ ਦੇ ਜੀਵੀਆਂ ਨੇ' | ਜਾਤ ਪਾਤ ਬਾਰੇ ਚੱਲੇ ਵਾਰਤਾਲਾਪ ਦੌਰਾਨ ਵਾਰਿਸ ਤਰਕ ਦਿੰਦਾ ਹੈ ਕਿ 'ਉੱਚੀਆਂ ਜਾਤਾਂ ਉਹ ਬਣ ਜਾਂਦੀਆਂ ਹਨ ਜੋ ਦੂਜਿਆਂ ਦਾ ਹੱਕ ਮਾਰ ਕੇ ਜਾਇਜ਼-ਨਾਜਾਇਜ਼ ਤਰੀਕਿਆਂ ਨਾਲ ਦੇਸ਼ ਦੀ ਧਨ ਦੌਲਤ ਤੇ ਜ਼ਮੀਨਾਂ 'ਤੇ ਕਾਬਜ਼ ਹੋ ਕੇ ਬੈਠ ਜਾਂਦੇ ਹਨ' | ਵਾਰਿਸ ਸ਼ਾਹ ਦਾ ਢਿੱਡ ਫਰੋਲਣ ਲਈ ਨਾਟਕਕਾਰ ਨੇ ਆਪਣੇ ਅਧਿਐਨ ਦਾ ਬਾਖੂਬੀ ਇਸਤੇਮਾਲ ਕੀਤਾ ਹੈ | ਜਿਸ ਨਾਲ ਪਾਠਕ/ਦਰਸ਼ਕ ਦੇ ਦਿਲੋ-ਦਿਮਾਗ ਵਿਚ ਉਪਜੇ ਬਹੁਤ ਸਵਾਲਾਂ ਦੇ ਜਵਾਬ ਮਿਲਦੇ ਹਨ | ਹੀਰ ਦੇ ਕਿੱਸੇ ਵਿਚ ਸੁਚੇਤ ਪੱਧਰ 'ਤੇ ਤਿੰਨ ਹਿੱਸਿਆਂ ਤੋਂ ਵੱਧ ਲਿਖਤ ਵਿਚ ਉਸ ਸਮੇਂ ਦੇ ਲੋਕ-ਜੀਵਨ ਦੀਆਂ ਸਚਾਈਆਂ ਅਤੇ ਰੀਤਾਂ, ਰਿਵਾਜਾਂ ਦਾ ਵਰਨਣ ਹੋਣ ਕਰਕੇ, ਵਾਰਿਸ ਸ਼ਾਹ ਆਪਣੇ ਇਸ ਕਿੱਸੇ ਨੂੰ ਇਸ਼ਕ ਮਜ਼ਾਜੀ ਅਤੇ ਇਸ਼ਕ ਹਕੀਕੀ ਤੋਂ ਉੱਪਰ ਉੱਠ ਕੇ 'ਇਸ਼ਕ ਸਮਾਜੀ' ਦਾ ਦਰਜਾ ਦਿੰਦਾ ਹੈ | ਨਾਟਕਕਾਰ ਨੇ ਵਾਰਿਸ ਦੇ ਦਿਲ ਦੀ ਗੱਲ ਕਰਦਿਆਂ ਬਰਾਬਰੀ ਦੇ ਸਮਾਜ ਦਾ ਸੁਨੇਹਾ ਦਿੱਤਾ ਹੈ ਅਤੇ ਅੱਜ ਦੀ ਹੀਰ ਨੂੰ ਨਿਮਾਣੀ ਬਣ ਕੇ ਜ਼ਹਿਰ ਪੀਣ ਦੀ ਬਜਾਏ ਆਪਣੇ ਹੱਕਾਂ ਲਈ ਲੜਨ ਦੀ ਜੁਰਅਤ ਆਪਣੇ ਅੰਦਰੋਂ ਪੈਦਾ ਕਰਨ ਦੀ ਹੱਲਾਸ਼ੇਰੀ ਦਿੱਤੀ ਹੈ | ਜਿਹੜੀਆਂ ਗੰਢਾਂ ਵਾਰਿਸ ਸ਼ਾਹ ਦੀ ਹੀਰ ਪੜ੍ਹਦਿਆਂ ਨਹੀਂ ਖੁਲ੍ਹਦੀਆਂ ਉਹ ਇਸ ਨਾਟਕ ਨੂੰ ਪੜ੍ਹ ਕੇ/ਦੇਖ ਕੇ ਸਹਿਜਤਾ ਨਾਲ ਖੁਲ੍ਹਦੀਆਂ ਹਨ |

-ਨਿਰਮਲ ਜੌੜਾ
ਮੋਬਾਈਲ : 98140-78799

ਇਹ ਮਾਂ ਵਿਕਾਊ ਹੈ
ਲੇਖਕ : ਕਮਲਜੀਤ ਸਿੰਘ ਬਨਵੈਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 100
ਸੰਪਰਕ : 98147-34035

ਪੰਜਾਬੀ ਪੱਤਰਕਾਰੀ ਦੇ ਕਸਬ ਦੀ ਮੁਹਾਰਤ ਰੱਖਣ ਵਾਲਾ ਕਮਲਜੀਤ ਸਿੰਘ ਬਨਵੈਤ ਆਪਣੀ ਬੇਬਾਕ ਵਾਰਤਕ ਕਰਕੇ ਚਰਚਿਤ ਲੇਖਕ ਹੈ | ਉਸ ਨੇ ਕਹਾਣੀ ਲਿਖਣਾ ਪ੍ਰਾਰੰਭ ਕੀਤਾ ਤੇ ਪੰਜਾਬੀ ਪੱਤਰਕਾਰੀ ਦੇ ਖੇਤਰ ਨੂੰ ਸਮਰਪਿਤ ਹੋ ਗਿਆ | 'ਇਹ ਮਾਂ ਵਿਕਾਊ ਹੈ' ਉਸ ਦੀ ਸੱਜਰੀ ਲਿਖਤ ਹੈ, ਜਿਸ 'ਚੋਂ ਵਰਤਮਾਨ ਪੰਜਾਬ ਦੀ ਵਿਡੰਬਨਾ ਸਮਝੀ ਜਾ ਸਕਦੀ ਹੈ | ਪਹਿਲਾ ਲੇਖ ਅਜੋਕੀ ਪੰਜਾਬ ਸਰਕਾਰ ਦੀ ਕਾਰ-ਕਦਗੀ ਨੂੰ ਸਹੀ ਮਾਅਨਿਆਂ 'ਚ ਲੋਕਾਂ ਦੇ ਦਰਦ ਦੀ ਤਰਜਮਾਨੀ ਕਰਨ ਵਾਲਾ ਹੈ | ਇਹ ਲੇਖ ਪੰਜਾਬ ਦੀ ਫਿਕਰਮੰਦੀ ਦੀ ਗੱਲ ਕਰਦਾ ਹੈ | ਪਾਠਕ ਨੂੰ ਸੋਚਣ ਲਈ ਅਗਵਾਈ ਵੀ ਕਰਦਾ ਹੈ | ਏਦਾਂ ਲਿਖਣ ਦਾ ਹੁਨਰ ਬਨਵੈਤ ਕੋਲ ਹੀ ਹੈ | 'ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ' ਮੁਹਾਲੀ ਦੇ ਸੈਕਟਰ 69 ਦੀ ਪਾਰਕ 'ਚ ਮਾਪਿਆ ਵੱਲੋਂ ਆਪਣੇ ਵਿਦੇਸ਼ ਵਸਦੇ ਪੁੱਤਰ-ਧੀਆਂ-ਨੂੰਹਾਂ ਨੂੰ ਯਾਦ ਕਰਨ ਦਾ ਅਦੁੱਤੀ ਪ੍ਰਮਾਣ ਹੈ | ਆਪਣੀ ਜਨਮ-ਭੋਇੰ ਪਿੰਡ ਉੜਾਪੁੜ ਬਾਰੇ ਅਤੇ ਆਪਣੇ ਮਾਪਿਆਂ ਬਾਰੇ ਜਿਸ ਸ਼ਿੱਦਤ ਨਾਲ ਸੱਚੋ-ਸੱਚ ਪੇਸ਼ ਕੀਤਾ, ਉਸ ਨੂੰ ਪੜ੍ਹ ਕੇ ਅੱਖਾਂ ਨਮ ਹੋ ਜਾਂਦੀਆਂ ਹਨ | 'ਸਾਮਰਾਜਵਾਦ' ਲੇਖ ਅੱਜ ਦੀ ਪੀੜ੍ਹੀ ਦੇ ਵਿਆਹ ਦੇ ਸੰਤਾਪ ਨੂੰ ਫਰੋਲਦਾ | 'ਲਿਵ-ਇਨ' ਰਹਿਣਾ ਪੰਜਾਬ ਦੀ ਤ੍ਰਾਸਦੀ ਦੀ ਸਮੱਸਿਆ ਬਣਦਾ ਜਾ ਰਿਹਾ | 'ਨੋ ਫਾਇਰਿੰਗ' ਪਾਕਿ-ਹਿੰਦ ਸਰਹੱਦਾਂ ਦੇ ਫੌਜੀਆਂ ਦੀ ਸਦ-ਭਾਵਨਾ ਅਮਨ-ਸ਼ਾਂਤੀ ਦਾ ਸੰਦੇਸ਼ ਦੇਣ ਵੱਲ ਇਕ ਕਦਮ ਹੈ | 'ਜਦੋਂ ਰੂਹ ਵਿਚੋਂ ਝਰਨੇ ਫੁੱਟਣ ਲੱਗੇ' ਲੇਖਕ ਦੇ ਪਿੰਡ ਉੜਾਪੜ ਦਾ ਸਿਆਸੀਕਰਨ ਲੋਕ-ਪੀੜਾ ਦੀ ਤਰਜਮਾਨੀ ਕਰਨ ਵਾਲਾ ਹੈ | 'ਮੇਰਾ ਪਿੰਡ ਉੜਾਪੜ ਨਹੀਂ ਰਿਹਾ, ਸ਼ਹਿਰੀ ਕਲਚਰ ਪਿੰਡ ਵਿਚ ਆ ਵੜਿਆ |' 'ਰੈਪੂਟੇਸ਼ਨ' ਪ੍ਰਾਈਵੇਟ ਹਸਪਤਾਲਾਂ ਦੀ ਅੰਦਰਲੀ ਲਾਲਸਾ ਇਨਸਾਨੀਅਤ ਨੂੰ ਛਿੱਕੇ ਟੰਗਣ ਦਾ ਸੱਚ ਹੈ | ਬਾਕੀ ਲੇਖ ਵੀ ਪੰਜਾਬ ਦੇ ਵੱਖੋ-ਵੱਖ ਮਸਲਿਆਂ ਬਾਰੇ ਤਨਜ਼ ਭਰੀ ਸ਼ੈਲੀ ਵਾਲੇ ਹਨ | ਅੰਤਲਾ ਲੇਖ 'ਸਾਬਕਾ ਰਾਸ਼ਟਰਪਤੀ ਨਾਲ ਮਿਲਨ ਦਾ ਇੰਝ ਬਣਿਆ ਸਬੱਬ' ਬਨਵੈਤ ਦੇ ਸੰਘਰਸ਼ਮਈ ਸਵੈ-ਜੀਵਨੀ ਦੀ ਸਾਰਨੀ ਪੜ੍ਹਨ ਵਾਲੀ ਰਚਨਾ ਹੈ | ਬਨਵੈਤ ਕੋਲ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਕਹਾਣੀ ਰਸ ਵਾਂਗ ਸਿਰਜਣਾ ਆਉਂਦਾ, ਜਿਸ ਦਾ ਉਦੇਸ਼ ਚੰਗੇਰਾ ਸਮਾਜ ਸਿਰਜਣ ਦੀ ਲੋਚਾ ਹੈ |

-ਮਨੋਹਨ ਸਿੰਘ ਦਾਊਾ
ਮੋਬਾਈਲ : 98151-23900

ਮੋਟਾਪੇ ਤੋਂ ਛੁਟਕਾਰਾ
ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 106 ਰੁਪਏ, ਸਫ਼ੇ : 111
ਸੰਪਰਕ : 98158-08506

ਚੰਗੀ ਸਿਹਤ ਨੂੰ ਬਣਾਈ ਰੱਖਣ ਲਈ ਪੁਸਤਕਾਂ ਮਾਰਕੀਟ 'ਚ ਘੱਟ ਮਿਲਦੀਆਂ ਹਨ, ਕਿਉਂ ਜੋ ਤੰਦਰੁਸਤ ਅਤੇ ਨਰੋਈ ਸਿਹਤ ਉੱਪਰ ਲਿਖਣਾ ਕਿਸੇ ਆਮ ਲੇਖਕ ਦਾ ਕੰਮ ਨਹੀਂ ਹੁੰਦਾ | ਵਿਗਿਆਨਕ ਸਮਝ 'ਤੇ ਆਧਾਰਿਤ ਸਿਹਤ ਸੰਬੰਧੀ ਪੁਸਤਕਾਂ ਲਿਖਣਾ ਸਿਹਤ ਮਾਹਿਰਾਂ ਦਾ ਕੰਮ ਹੁੰਦਾ ਹੈ | ਅਜਿਹੀਆਂ ਮੁੱਲਵਾਨ ਪੁਸਤਕਾਂ ਸਾਨੂੰ ਤੰਦਰੁਸਤ ਰੱਖਣ ਅਤੇ ਲੰਬਾ ਜੀਵਨ ਜਿਉੂਣ 'ਚ ਬਹੁਤ ਜ਼ਿਆਦਾ ਮਦਦ ਕਰਦੀਆਂ ਹਨ | ਹਰੇਕ ਜਾਗਰੂਕ ਵਿਅਕਤੀ ਨੂੰ ਸਿਹਤ ਸੰਬੰਧੀ ਪੁਸਤਕਾਂ ਲਾਜ਼ਮੀ ਪੜ੍ਹਨੀਆਂ ਚਾਹੀਦੀਆਂ ਹਨ | ਸਿਹਤ ਪ੍ਰਤੀ ਜਾਗਰੂਕਤਾ ਸਾਨੂੰ ਲੰਬੀ ਉਮਰ ਅਤੇ ਨਿਰੋਗ ਜੀਵਨ ਜਿਊਣ 'ਚ ਕਾਫ਼ੀ ਲਾਭਕਾਰੀ ਹੁੰਦੀ ਹੈ | ਡਾ. ਦੀਪਤੀ ਹੁਰਾਂ ਦੀ ਇਸ ਪੁਸਤਕ 'ਚ ਮੋਟਾਪਾ, ਸ਼ੂਗਰ ਅਤੇ ਕੋਲੈਸਟਰੋਲ ਨੂੰ ਕੰਟਰੋਲ ਕਰਨ ਲਈ ਕਿਹੋ ਜਿਹਾ ਅਤੇ ਕਿੰਨਾ ਕੁ ਖਾਣਾ ਚਾਹੀਦਾ ਹੈ | ਇਸ ਸੰਬੰਧੀ ਵਿਸਥਾਰ ਸਹਿਤ ਦੱਸਿਆ ਗਿਆ ਹੈ | ਇਸ ਸੰਬੰਧੀ ਉਨ੍ਹਾਂ ਆਪਣੇ ਵਿਸ਼ੇ ਨੂੰ ਹੋਰ ਸਪੱਸ਼ਟ ਤਰੀਕੇ ਨਾਲ ਕਹਿਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਚਾਰਟ ਬਣਾ ਕੇ ਜਾਣਕਾਰੀ ਦਿੱਤੀ ਹੈ | ਔਰਤਾਂ, ਮਰਦਾਂ 'ਚ ਉਮਰ, ਉਚਾਈ ਅਤੇ ਭਾਰ ਦੇ ਹਿਸਾਬ ਨਾਲ ਕਿਸ-ਕਿਸ ਖਾਣ ਵਾਲੀਆਂ ਵਸਤਾਂ ਦੀ ਕਿੰਨੀ ਕੁ ਲੋੜ ਲਾਜ਼ਮੀ ਹੁੰਦੀ ਹੈ | ਇਸ ਬਾਰੇ ਪੂਰਾ ਖੋਲ੍ਹ ਕੇ ਦੱਸਿਆ ਗਿਆ ਹੈ | ਮੋਟਾਪਾ ਕੀ ਹੈ? ਇਹ ਕਾਹਤੋ ਹੁੰਦਾ ਹੈ? ਮੋਟਾਪੇ ਦੇ ਨੁਕਸਾਨ ਕੀ ਹਨ? ਜੇਕਰ ਅਸੀਂ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਲੱਭਣੇ ਹਨ ਤਾਂ ਸਾਨੂੰ ਅਜਿਹੀਆਂ ਪੁਸਤਕਾਂ ਨੂੰ ਲਾਜ਼ਮੀ ਤੌਰ 'ਤੇ ਪੜ੍ਹਨਾ ਪਵੇਗਾ | ਅਸੀਂ ਆਪਣੇ ਆਲੇ-ਦੁਆਲੇ ਅਕਸਰ ਵੇਖਦੇ ਹਾਂ ਕਿ ਸਿਹਤ ਸੰਬੰਧੀ ਸਤਰਕ ਰਹਿਣ ਅਤੇ ਰੋਜ਼ਾਨਾ ਦੀ ਸੈਰ ਨੂੰ ਆਪਣੇ ਜੀਵਨ ਦਾ ਇਕ ਲਾਜ਼ਮੀ ਕੰਮ ਸਮਝਣ ਵਾਲੇ ਵਿਅਕਤੀਆਂ ਦੀ ਗਿਣਤੀ ਦੀ ਬਹੁਤ ਘੱਟ ਹੈ | ਦੂਜੇ ਪਾਸੇ 'ਕੋਈ ਨਾ ਵੇਖੀ ਜਾਊ, ਜੋ ਹੋਣਾ...' ਕਹਿ ਕੇ ਖਾਣ-ਪੀਣ ਦੇ ਮਾਮਲੇ 'ਚ ਆਪਣੇ ਪੇਟ ਸਮੇਤ ਸਰੀਰ ਦੇ ਹੋਰਨਾਂ ਨਾਜ਼ੁਕ ਅੰਗਾਂ ਨਾਲ ਧੱਕਾ ਕਰਨ ਵਾਲੇ ਬਹੁਤ ਸਾਰੇ ਵਿਅਕਤੀ ਆਮ ਮਿਲ ਜਾਣਗੇ | ਸਾਡੇ ਦੇਸ਼ 'ਚ ਹੱਥੀਂ ਕੰਮ ਬਹੁਤ ਜ਼ਿਆਦਾ ਘਟਣ ਅਤੇ ਆਪਣੇ ਸਿਹਤ ਪ੍ਰਤੀ ਬਹੁਤੀ ਫ਼ਿਕਰਮੰਦੀ ਨਾ ਹੋਣ ਕਾਰਨ ਮੋਟਾਪੇ ਵਰਗੀ ਸਮੱਸਿਆ ਆਮ ਹੋ ਗਈ ਹੈ | ਹਾਲਾਂਕਿ ਇਕੱਲਾ ਮੋਟਾਪਾ ਹੀ ਕਈ ਬਿਮਾਰੀਆਂ ਅਤੇ ਸਰੀਰਕ ਸਮੱਸਿਆਵਾਂ ਦਾ ਅਜੋਕੇ ਸਮੇਂ ਅੰਦਰ ਅਹਿਮ ਕਾਰਨ ਬਣ ਰਿਹਾ ਹੈ | ਡਾ. ਦੀਪਤੀ ਹੁਰਾਂ ਦਾ ਇਹ ਸ਼ਲਾਘਾਯੋਗ ਉੱਦਮ ਹੈ | ਹਰ ਨੌਜਵਾਨ ਅਤੇ ਵਡੇਰੀ ਉਮਰ ਦੇ ਵਿਅਕਤੀ ਨੂੰ ਇਹ ਪੁਸਤਕ ਲਾਜ਼ਮੀ ਪੜ੍ਹਨੀ ਚਾਹੀਦੀ ਹੈ |

-ਮੋਹਰ ਗਿੱਲ ਸਿਰਸੜੀ
ਮੋਬਾ : 98156-59110

ਤਕਦੀਰ ਦੀ ਸਿਰਜਣਾ
ਲੇਖਕ : ਡਾ. ਜਗੀਰ ਸਿੰਘ ਨੂਰ
ਪ੍ਰਕਾਸ਼ਕ : 5ਆਬ ਪ੍ਰਕਾਸ਼ਨ, ਜਲੰਧਰ
ਮੁੱਲ : 350 ਰੁਪਏ, ਸਫ਼ੇ : 152
ਸੰਪਰਕ : 98142-09732

ਡਾ. ਜਗੀਰ ਸਿੰਘ ਨੂਰ ਪੰਜਾਬੀ ਸਾਹਿਤ ਦੇ ਖੇਤਰ 'ਚ ਕਿਸੇ ਜਾਣ-ਪਹਿਚਾਣ ਦੇ ਮੁਥਾਜ ਨਹੀਂ | ਉਨ੍ਹਾਂ ਵਲੋਂ ਪੰਜਾਬੀ ਵਾਰਤਕ ਅਤੇ ਆਲੋਚਨਾ ਦੇ ਖੇਤਰ 'ਚ 15 ਕਿਤਾਬਾਂ ਅਤੇ ਹਿੰਦੀ ਸਾਹਿਤ ਦੇ ਖੇਤਰ 'ਚ 5 ਕਿਤਾਬਾਂ ਜੋ ਕਿ ਉਨ੍ਹਾਂ ਦੀਆਂ ਮੌਲਿਕ ਲਿਖਤਾਂ ਨੇ , ਰਾਹੀਂ ਵੱਡਾ ਯੋਗਦਾਨ ਪਾਇਆ ਹੈ | ਹਥਲੀ ਪੁਸਤਕ 'ਤਕਦੀਰ ਦੀ ਸਿਰਜਣਾ' ਲੇਖਕ ਦੀ 16ਵੀਂ ਪੁਸਤਕ ਅਤੇ ਪੰਜਵਾਂ ਨਿਬੰਧ-ਸੰਗ੍ਰਹਿ ਹੈ | ਜਿਸ ਵਿਚ ਕੁੱਲ 9 ਨਿਬੰਧ ਸ਼ਾਮਿਲ ਕੀਤੇ ਹਨ, ਜੋ ਵਿਸ਼ੇ ਅਤੇ ਰੂਪ ਦੇ ਪੱਖ ਤੋਂ ਬਿਲਕੁਲ ਨਿਵੇਕਲੇ ਹਨ | ਪੁਸਤਕ ਦੇ ਸ਼ੁਰੂਆਤੀ ਨਿਬੰਧ 'ਚ ਲੇਖਕ ਪੌਰਾਣਿਕ ਮਿੱਥ ਨੂੰ ਤੋੜਦਾ ਹੋਇਆ ਇਹ ਦੱਸਣ ਲਈ ਯਤਨਸ਼ੀਲ ਹੈ ਤਕਦੀਰਾਂ ਕਿਸੇ ਦੁਆਰਾ ਲਿਖੀਆਂ ਨਹੀਂ ਜਾਂਦੀਆਂ ਸਗੋਂ ਸਿਰਜੀਆਂ ਜਾਂਦੀਆਂ ਨੇ ਕਿਉਂਕਿ ਤਕਦੀਰ ਦੀ ਸਿਰਜਣਾ ਮਨੁੱਖ ਖ਼ੁਦ ਆਪਣੀ ਮਿਹਨਤ ਦੇ ਬਲਬੂਤੇ 'ਤੇ ਕਰਦਾ ਹੈ | ਪੁਸਤਕ ਦੇ ਦੂਜੇ ਨਿਬੰਧ 'ਮਨੁੱਖੀ ਮਨ ਦਾ ਡਰ' ਆਪਣੇ ਪਹਿਲੇ ਵਿਸ਼ੇ ਦੀ ਪ੍ਰੋੜ੍ਹਤਾ ਕਰਦਾ ਹੋਇਆ ਅੱਗੇ ਵਧਦਾ ਹੋਇਆ ਲੇਖਕ ਲਿਖਦਾ ਹੈ ਕਿ ਮਨੁੱਖ ਦੇ ਮਨ ਦੇ ਡਰ ਹੀ ਉਸਨੂੰ ਆਪਣੀ ਤਕਦੀਰ ਸਿਰਜਣ 'ਚ ਰੁਕਾਵਟਾਂ ਬਣਦੇ ਨੇ ਤੇ ਜਿਹੜਾ ਮਨੁੱਖ ਇਨ੍ਹਾਂ ਡਰਾਂ ਨੂੰ ਠਿੱਬੀ ਲਾ ਅੱਗੇ ਵਧਦਾ ਹੈ ਉਹ ਸਮੇਂ ਦਾ ਸਿਕੰਦਰ ਬਣਦਾ ਹੈ | 'ਪਿਆਰ ਦੀ ਪਛਾਣ' ਨਿਬੰਧ ਪਿਆਰ ਦੇ ਜਿਸਮਾਨੀ ਅਤੇ ਰੂਹਾਨੀ ਰਹੱਸਾਂ ਦੀ ਬਾਤ ਪਾਉਂਦਾ ਹੋਇਆ ਮਨੁੱਖਤਾ ਦੇ ਚਰਿੱੱਤਰ ਨਿਰਮਾਣ ਅਤੇ ਵਿਕਾਸ ਲਈ ਪਿਆਰ ਦੀ ਭੂਮਿਕਾ ਦਾ ਉਤਕਿ੍ਸ਼ਟ ਵਰਨਣ ਹੈ | 'ਉਸਾਰੂ ਸਾਹਿਤ ਅਤੇ ਨਵੀਂ ਪੀੜ੍ਹੀ' ਰਾਹੀਂ ਲੇਖਕ ਨੇ ਸਮਾਜ ਦੇ ਰੌਸ਼ਨ ਭਵਿੱਖ ਲਈ ਉਸਾਰੂ ਸਾਹਿਤ ਦੀ ਭੂਮਿਕਾ ਅਤੇੇ ਬੱਚਿਆਂ ਅੰਦਰ ਸਾਹਿਤ ਪੜ੍ਹਨ ਦੀਆਂ ਰੁਚੀਆਂ ਉਜਾਗਰ ਕਰਨ ਦੇ ਢੰਗਾਂ ਨੂੰ ਬਾਖ਼ੂਬੀ ਬਿਆਨ ਕੀਤਾ ਹੈ | 'ਰੁੱਤਾਂ ਦਾ ਸੁਹਜ ਵਰਤਾਰਾ-ਜ਼ਿੰਦਗੀ ਦਾ ਹੁਲਾਰਾ' ਨਿਬੰਧ ਕੁਦਰਤ ਅਤੇ ਮਨੁੱਖ ਦੀ ਇਕਮਿੱਕਤਾ ਦੀ ਬਾਤ ਪਾਉਂਦਾ ਹੈ | 'ਸਮਾਜ ਨੂੰ ਉਸਾਰੂ ਸੇਧ ਦੇਣੀ ਅਤੇ ਇਸ ਨੂੰ ਵਿਕਾਸ ਦੀਆਂ ਲੀਹਾਂ ਦੇ ਤੋਰਨਾ, ਰਿਸ਼ਤਿਆਂ-ਨਾਤਿਆਂ ਦੀ ਮੂਲ ਪ੍ਰਯੋਜਨ ਹੁੰਦਾ ਹੈ 'ਖੂਹ ਚਲਦਿਆਂ ਦੇ ਅਤੇ ਰਿਸ਼ਤੇ ਮਿਲਦਿਆਂ-ਗਿਲ਼ਦਿਆਂ ਦੇ' ਵਰਗੀਆਂ ਟੂਕਾਂ ਪੰਜਾਬੀ ਜੀਵਨ ਦੇ ਰਿਸ਼ਤਾ-ਨਾਤਾ ਪ੍ਰਬੰਧ ਅਤੇ ਘਰ ਗ੍ਰਹਿਸਤੀ ਦੀ ਸਫ਼ਲ ਪਰਿਭਾਸ਼ਾ ਸਿਰਜਣ ਦਾ ਮੂਲ ਮੰਤਰ ਹੈ | ਨਾਰੀ ਵਿੱਦਿਆ-ਚਾਨਣ ਦਾ ਸੋਮਾ, ਚੁਗਿਰਦੇ ਦੀ ਹਰਿਆਵਲ : ਤਨ ਮਨ ਦੀ ਹਰਿਆਵਲ, ਪੰਜਾਬੀ ਲੋਕ ਜੀਵਨ ਵਿਚ ਸੁਹਜ-ਸੁਆਦ ਵਰਗੇ ਨਿਬੰਧਾਂ ਅੰਦਰ ਔਰਤਾਂ ਦੇ ਜੀਵਨ ਨੂੰ ਸਮੇਂ ਦਾ ਹਾਣੀ ਬਣਾਉਣ 'ਚ ਸਿੱਖਿਆ ਦੀ ਭੂਮਿਕਾ, ਵਾਤਾਵਰਨ ਦੀ ਸੰਭਾਲ ਸੰਬੰਧੀ ਚੇਤਨਾ ਅਤੇ ਪੰਜਾਬੀ ਜੀਵਨ ਦੇ ਸੁਹਜ ਨੂੰ ਬਾਖ਼ੂਬੀ ਚਿੱਤਰਿਆ ਹੈ | ਨਿਬੰਧ ਅੰਦਰ ਕਲਪਨਾ ਦੇ ਅੰਸ਼ ਘੱਟ ਹੋਣ ਕਾਰਨ ਕਈ ਵਾਰ ਰਚਨਾ ਲੰਬੀ ਅਤੇ ਨੀਰਸ ਬਣ ਜਾਂਦੀ ਹੈ, ਪ੍ਰੰਤੂ ਲੇਖਕ ਇਸ ਗੱਲੋਂ ਪੂਰਨ ਰੂਪ ਵਿਚ ਸੁਚੇਤ ਹੈ ਤੇ ਉਹ ਪੁਸਤਕ 'ਚ ਸ਼ਾਮਿਲ ਨਿਬੰਧਾਂ ਅੰਦਰ ਪੰਜਾਬੀ ਲੋਕ ਅਖਾਣ, ਬੋਲੀਆਂ, ਲੋਕ ਗੀਤ, ਗੁਰਬਾਣੀ ਦੀਆਂ ਤੁਕਾਂ ਅਤੇ ਲੋਕ ਮੁਹਾਵਰੇ ਵਰਤ ਕੇ ਨਿਬੰਧਾਂ ਨੂੰ ਰੌਚਕ ਬਣਾਉਣ ਵਿਚ ਸਫ਼ਲ ਹੋਇਆ ਹੈ |

-ਸੁਖਮੰਦਰ ਸਿੰਘ ਬਰਾੜ
ਮੋਬਾਈਲ : 98149-65928

 

ਸ਼ਬਦਾਂ ਦੇ ਘੇਰੇ
ਲੇਖਿਕਾ : ਡਾ. ਕੈਲਾਸ਼ ਠਾਕੁਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 121
ਸੰਪਰਕ : 94646-88315

 

ਡਾ. ਕੈਲਾਸ਼ ਠਾਕੁਰ ਲੰਮੇ ਸਮੇਂ ਤੋਂ ਲਿਖ ਰਹੀ ਹੈ | ਉਸ ਦੇ ਕਹਾਣੀ ਸੰਗ੍ਰਹਿ, ਬਾਲ ਕਹਾਣੀਆ ਤੇ ਬਾਲ ਕਵਿਤਾਵਾਂ ਦੀਆ ਛੇ ਕਿਤਾਬਾਂ ਛਪ ਚੁੱਕੀਆਂ ਹਨ | ਹਥਲੀ ਕਿਤਾਬ ਉਸ ਦੀਆ 64 ਮਿੰਨੀ ਕਹਾਣੀਆਂ ਦੀ ਹੈ | ਪ੍ਰਸਿੱਧ ਕਹਾਣੀਕਾਰ ਜਗਦੀਸ਼ ਰਾਏ ਕੁਲਰੀਆ ਤੇ ਡਾ. ਨਾਇਬ ਸਿੰਘ ਮੰਡੇਰ ਨੇ ਕਿਤਾਬ ਬਾਰੇ ਪ੍ਰਭਾਵਸ਼ਾਲੀ ਵਿਚਾਰ ਲਿਖੇ ਹਨ | ਮਿੰਨੀ ਕਹਾਣੀਆਂ ਦੇ ਵਿਸ਼ੇ ਵੰਨ-ਸੁਵੰਨੇ ਹਨ | ਲੇਖਿਕਾ ਸ਼ਬਦਾਂ ਦੇ ਘੇਰਿਆਂ ਵਿਚ ਸਮਾਜਿਕ ਪਰਿਵਾਰਕ ਮਸਲਿਆਂ 'ਤੇ ਕਲਮ ਚਲਾਈ ਹੈ | ਮਿੰਨੀ ਕਹਾਣੀਆਂ ਵਿਚ ਸੰਵਾਦ ਦੀ ਜੁਗਤ ਵਰਤੀ ਹੈ | ਰਚਨਾਵਾਂ ਪੰਜਾਬ ਦੀ ਮਿੱਟੀ ਨਾਲ ਜੁੜੀਆਂ ਹਨ | ਬਲਬੀਰ ਸਿੰਘ ਸੈਣੀ ਨੇ ਕਹਾਣੀਆਂ ਵਿਚ ਹਾਸ਼ੀਏ 'ਤੇ ਧੱਕੇ ਲੋਕਾਂ ਦੀ ਪੀੜ ਦਾ ਜ਼ਿਕਰ ਕੀਤਾ ਹੈ | ਲੇਖਿਕਾ ਦਾ ਸਵੈ-ਕਥਨ ਹੈ 'ਮੈਂ ਇਹ ਮਿੰਨੀ ਕਹਾਣੀਆਂ ਲਿਖਦੇ ਸਮੇਂ ਆਪਣੇ ਵਲਵਲਿਆਂ ਨਾਲ ਸਮਾਜ ਤੇ ਮਨੁੱਖ ਦੇ ਅੰਦਰਲੇ ਭਾਵਾਂ ਨੂੰ ਮੁੱਖ ਰੱਖਿਆ ਹੈ | ਕੈਨੇਡਾ ਤੋਂ ਰਵਿੰਦਰ ਸਿੰਘ ਕੰਗ ਨੇ ਵੀ ਕਿਤਾਬ ਬਾਰੇ ਨਿੱਗਰ ਵਿਚਾਰ ਲਿਖੇ ਹਨ | ਜਵਾਨ ਦਿਲਾਂ ਦੀ ਮੁਹੱਬਤ ਮਾਪਿਆਂ ਦੇ ਇਕ ਵਾਕ ਨਾਲ ਹੀ ਠੰਡੀ ਪੈ ਜਾਂਦੀ ਹੈ (ਰਚਨਾ ਤੂੰ ਦੱਸਿਆ ਈ ਨ੍ਹੀ) ਬਜ਼ੁਰਗ ਮਾਪਿਆਂ ਨੂੰ ਪਿੰਡ ਤੋਂ ਆਪਣੇ ਕੋਲ ਲਿਆਉਣ ਵੇਲੇ ਬੀਵੀ ਦੇ ਬੋਲ, ਉਨ੍ਹਾਂ ਪੇਂਡੂਆਂ ਨੂੰ ਏਥੇ ਲਿਆਉਣਾ ਠੀਕ ਨਹੀਂ' (ਪੰਨਾ 23) ਰਚਨਾ 'ਭੱੁਖ ਦਾ ਅਲਜਬਰਾ' ਦਾ ਗ਼ਰੀਬ ਪਾਤਰ ਟੂਣੇ ਦਾ ਸਾਮਾਨ ਘਰ ਲਿਆ ਕੇ ਭੇਖ ਦੂਰ ਕਰਦਾ ਹੈ | ਨਾਲ ਸੋਚਦਾ ਹੈ 'ਸਾਡੇ ਵਰਗੇ ਭੁੱਖੇ ਨੰਗਿਆਂ ਤੋਂ ਭੂਤ ਵੀ ਡਰਦੇ ਨੇ', 'ਦੂਜਾ ਪੁੱਤ' ਰਚਨਾ ਵਿਚ ਮਾਂ ਦੀ ਅਰਥੀ ਚੁੱਕਣ ਲਈ ਧੀ, 'ਦੂਜਾ ਪੁੱਤ' ਬਣ ਕੇ ਅੱਗੇ ਆਉਂਦੀ ਹੈ ਇਕ ਪੁੱਤ ਮਾਂ ਮਰੀ 'ਤੇ ਵਿਦੇਸ਼ ਤੋਂ ਨਹੀਂ ਆਇਆ | ਮਿੰਨੀ ਕਹਾਣੀਆਂ 'ਕਾਗਜ਼ੀ ਸ਼ੇਰ, ਅਚਿੰਤੇ ਬਾਜ ਸ਼ਬਦਾਂ ਦੇ ਘੇਰੇ ਰਮਜ਼ਾਂ, ਪੈਂਡੂਲਮ, ਕੋਕੜੂ, ਮੁਆਵਜ਼ਾ, ਜਨਮ ਘੁੱਟੀ, ਅੰਨਾ ਵੰਡੇ ਸੀਰਨੀ, ਜੋਕ, ਨਵੀਂ ਪਿਰਤ, ਉਮਰ ਦਰਾਜ, ਢਹਿੰਦੇ ਮਿਨਾਰ' ਆਦਿ ਕਹਾਣੀਆਂ ਵਿਚ 'ਲਿਵ ਇਨ ਰਿਲੇਸ਼ਨਸ਼ਿਪ' 'ਗ਼ਰੀਬ ਦੀ ਜ਼ਿੰਦਗੀ', 'ਰਿਸ਼ਤਿਆ ਵਿਚ ਨਾਜ਼ਾਇਜ਼ ਸੰਬੰਧ', 'ਜਿਊਾਦੇ ਬਜ਼ੁਰਗਾਂ ਨੂੰ ਰੋਟੀ ਨਾ ਪੱੁਛਣਾ ਮੋਇਆਂ ਸਰਾਧ ਕਰਨੇ', 'ਦੁਬਾਰਾ ਵਿਆਹ ਦਾ ਮਸਲਾ' (ਕਹਾਣੀ 'ਗਿਰਗਿਟ') ਟਰਕ ਡਰਾਈਵਰ ਨੂੰ ਸਵੇਰੇ ਸਵੇਰੇ ਪੁਲਿਸ ਵਾਲੇ ਦਾ ਚੰਗਾ ਵਰਤਾਰਾ (ਦਰਵੇਸ਼) ਕਹਾਣੀ ਸਚਾਈ ਦਾ ਸਫਰ ਵਿਚ ਮੌਸਮ ਬਾਰੇ ਵੱਖ-ਵੱਖ ਸੋਚ ਹੈ | ਇਕ ਕਹਾਣੀ ਵਿਚ ਰੁੱਖ ਲਾਉਣ ਦਾ ਸੰਦੇਸ਼ ਹੈ | ਮਿੰਨੀ ਕਹਾਣੀਆ ਦੇ ਪਾਤਰ ਕਿਰਿਆਸ਼ੀਲ ਹਨ | ਮਿੰਨੀ ਕਹਾਣੀ ਸੰਗ੍ਰਹਿ ਦਾ ਸਵਾਗਤ ਹੈ |

-ਪਿ੍ੰਸੀਪਲ ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160

 

ਕਾਣੀ-ਵੰਡ
ਲੇਖਕ : ਅਸ਼ਵਨੀ ਕੁਮਾਰ ਸਾਵਨ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ, ਪਟਿਆਲਾ
ਮੁੱਲ : 300 ਰੁਪਏ, ਸਫ਼ੇ :120
ਸੰਪਰਕ : 98780 31512

 

ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਕਲਮ ਚਲਾਉਣ ਵਾਲੇ ਲੇਖਕ ਅਸ਼ਵਨੀ ਕੁਮਾਰ ਸਾਵਨ ਨੇ ਆਪਣੇ ਸਾਹਿਤਕ ਸਫ਼ਰ ਨੂੰ ਬੜੀ ਸ਼ਿੱਦਤ ਨਾਲ ਜਾਰੀ ਰੱਖਦਿਆਂ ਹੋਇਆਂ ਸਨ 2026 'ਚ ਮਾਂ ਬੋਲੀ ਪੰਜਾਬੀ ਨੂੰ 12 ਕਹਾਣੀਆਂ ਵਾਲਾ ਆਪਣਾ ਇੱਕ ਹੋਰ ਪੁਖਤਾ ਕਹਾਣੀ-ਸੰਗ੍ਰਹਿ ਸਮਰਪਿਤ ਕੀਤਾ ਹੈ | ਉਨ੍ਹਾਂ ਵਲੋਂ ਆਪਣੀ ਇਹ ਹਥਲੀ ਪੁਸਤਕ ਆਪਣੀ ਵੱਡੀ ਭੈਣ ਨੂੰ ਸਮਰਪਿਤ ਕੀਤੀ ਗਈ ਹੈ | ਇਸ ਵਿਗਿਆਨਕ ਯੁੱਗ ਵਿਚ ਪਾਠਕਾਂ ਦੇ ਰੁਝੇਵਿਆਂ ਨੂੰ ਸਾਹਮਣੇ ਰੱਖਦੇ ਹੋਏ ਲੇਖਕ ਨੇ ਕਹਾਣੀਆਂ ਨੂੰ ਬਹੁਤਾ ਲੰਬਾ ਨਹੀਂ ਕੀਤਾ ਸਮਾਜਿਕ, ਪਰਿਵਾਰਕ, ਰਾਜਨੀਤਕ, ਆਰਥਿਕ ਅਤੇ ਕੁਦਰਤੀ ਵਰਤਾਰਿਆਂ ਦੀ ਕਥਾਵਸਤੂ ਨਾਲ ਜੁੜੀਆਂ ਕਹਾਣੀਆਂ ਦਾ ਇਹ ਕਹਾਣੀ ਸੰਗ੍ਰਹਿ ਲੇਖਕ ਦੀ ਕਹਾਣੀ ਵਿਧਾ ਦੇ ਖੇਤਰ ਵਿਚ ਪ੍ਰਰਪਕਵਤਾ ਨੂੰ ਪ੍ਰਮਾਣਿਤ ਕਰਦਾ ਹੈ | ਕਹਾਣੀਆਂ ਨੂੰ ਪੜ੍ਹਦਿਆਂ ਇਹ ਅਨੁਭਵ ਹੁੰਦਾ ਹੈ ਕਿ ਲੇਖਕ ਕਹਾਣੀਆਂ ਦੇ ਵਿਸ਼ਿਆਂ ਦੀ ਚੋਣ 'ਚ ਡੂੰਘੀ ਸੂਝ-ਬੂਝ ਰੱਖਦਾ ਹੈ | ਉਹ ਪ੍ਰੰਪਰਾ ਤੋਂ ਹਟ ਕੇ ਨਵੀਆਂ ਪੈੜਾਂ ਸਿਰਜਣ 'ਚ ਸਫ਼ਲ ਰਿਹਾ ਹੈ | ਭਾਵੇਂ ਉਹ ਮੁੱਖ ਤੌਰ ਤੇ ਨਾਟਕਕਾਰ ਹੈ, ਪਰ ਫੇਰ ਵੀ ਉਸ ਨੇ ਕਹਾਣੀ ਵਿਧਾ ਨਾਲ ਪੂਰਾ ਇਨਸਾਫ ਕੀਤਾ ਹੈ | ਉਸ ਨੇ ਘਟਨਾਵਾਂ ਦੀ ਵਿਉਂਤਬੰਦੀ 'ਤੇ ਵਾਤਾਵਰਨ ਦੀ ਸਿਰਜਣਾ 'ਚ ਆਪਣੀ ਸਾਹਿਤਕ ਕਲਾ ਨੂੰ ਦਰਸਾਇਆ ਹੈ | ਕਹਾਣੀਆਂ ਦੇ ਵਿਸ਼ੇ, ਪਾਤਰ ਅਤੇ ਘਟਨਾਵਾਂ ਕਿਸੇ ਕਲਪਨਾ ਲੋਕ ਦੀ ਉਪਜ ਨਹੀਂ ਸਗੋਂ ਲੇਖਕ ਵਲੋਂ ਹੱਡੀਂ ਹੰਢਾਏ ਜ਼ਮੀਨੀ ਅਨੁਭਵਾਂ ਦੀ ਹਾਮੀ ਭਰਦੇ ਹਨ | ਪਾਠਕਾਂ ਨੂੰ ਇੰਜ ਅਨੁਭਵ ਹੁੰਦਾ ਹੈ ਕਿ ਜਿਵੇਂ ਇਹ ਸਭ ਕੁੱਝ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ | ਇਹੋ ਲੇਖਕ ਦੀ ਕਲਮ ਦੀ ਖੂਬਸੂਰਤੀ ਹੈ | ਕਹਾਣੀਆਂ 'ਚ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਬਿਆਨ ਕਰਨ ਦਾ ਹੁਨਰ ਵੀ ਸ਼ਲਾਘਾ ਯੋਗ ਹੈ | ਵੋਟ ਦੀ ਤਾਕਤ ਕਹਾਣੀ ਮੌਜੂਦਾ ਰਾਜਨੀਤਕ ਮਾਹੌਲ ਵੱਲ ਇਸ਼ਾਰਾ ਕਰਦੀ ਹੈ | ਖੂਹ ਖਾਤਾ ਕਹਾਣੀ ਹੜ੍ਹਾਂ ਦੌਰਾਨ ਪੈਦਾ ਹੋਈ ਸਥਿਤੀ ਦੀ ਚਰਚਾ ਕਰਦੀ ਜਾਪਦੀ ਹੈ | ਕਾਣੀ ਵੰਡ ਕਹਾਣੀ ਜਿਸ ਦੇ ਆਧਾਰ ਉੱਤੇ ਇਸ 'ਕਹਾਣੀ ਸੰਗ੍ਰਹਿ' ਦਾ ਨਾਮਕਰਨ ਕੀਤਾ ਗਿਆ ਹੈ, ਵਿਚ ਸਮਾਜਿਕ ਅਸਮਾਨਤਾ ਦੀ ਪੋਲ ਖੋਲ੍ਹੀ ਗਈ ਹੈ | ਜਾਨ ਹੈ ਜਹਾਨ ਹੈ ਅਤੇ ਜੀਵਨ ਜਾਚ ਕਹਾਣੀਆਂ ਜਿੱਥੇ ਮਨਾਂ ਨੂੰ ਟੁੰਬਣ ਵਾਲੀਆਂ ਹਨ ਉੱਥੇ ਭਾਵੁਕ ਕਰਨ ਵਾਲੀਆਂ ਵੀ ਹਨ | ਹਰ ਕਹਾਣੀ ਸਮਾਜ ਨੂੰ ਕੋਈ ਨਾ ਕੋਈ ਸੁਨੇਹਾ ਦਿੰਦੀ ਜਾਪਦੀ ਹੈ | ਕਹਾਣੀਆਂ ਦੀ ਡੂੰਘਾਈ, ਸੰਵੇਦਨਸ਼ੀਲਤਾ ਅਤੇ ਭਾਵੁਕਤਾ ਦਿਲਚਸਪੀ ਪੈਦਾ ਕਰਦੀ ਹੈ | ਛੋਟੇ-ਛੋਟੇ ਸੰਵਾਦਾਂ ਵਿਚ ਪਾਤਰਾਂ ਦੀ ਮਾਨਸਿਕਤਾ ਨੂੰ ਬਹੁਤ ਹੀ ਮੁਸਤੈਦੀ ਨਾਲ ਚਿੱਤਰਿਆ ਗਿਆ ਹੈ | ਘਟਨਾਵਾਂ, ਵਾਤਾਵਰਨ ਅਤੇ ਪਾਤਰਾਂ ਦੇ ਚਰਿੱਤਰ ਅਨੁਸਾਰ ਸ਼ਬਦਾਂ ਦੀ ਚੋਣ ਲੇਖਕ ਦੀ ਭਾਸ਼ਾ ਉੱਤੇ ਪਕੜ ਨੂੰ ਤਸਦੀਕ ਕਰਦਾ ਹੈ | ਇਸ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਦੀ ਪਰਖ ਪੜਚੋਲ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਪਾਠਕ ਲੇਖਕ ਤੋਂ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖਣ ਦੀ ਤਵੱਕੋ ਜ਼ਰੂਰ ਰੱਖਣਗੇ |

 

-ਪਿ੍ੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

 

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਇਸ ਤਰ੍ਹਾਂ ਕਾਰਜ ਕਰੋ ਕਿ ਤੁਹਾਡੇ ਅੰਦਰ ਵਿਰੋਧੀ ਨਹੀਂ, ਸਗੋਂ ਸੰਤੁਲਤ ਇਛਾਵਾਂ ਪੈਦਾ ਹੋਣ | ¸ਬ... ਅਗਲੀ ਖ਼ਬਰ ਇਕ ਖਾਲੀ ਕੁਰਸੀ ਦੀ ਉਡੀਕ
Ad Position 24
No active advertisement