ਰੱਬ-ਰੂਪ ਮਾਂ
ਸੰਪਾਦਕ : ਬਾਬੂ ਰਾਮ 'ਦੀਵਾਨਾ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 99884-80376

ਸਾਂਝਾ ਕਾਵਿ-ਸੰਗ੍ਰਹਿ 'ਰੱਬ-ਰੂਪ ਮਾਂ' ਬਾਬੂ ਰਾਮ 'ਦੀਵਾਨਾ' ਅਤੇ ਸੁਧਾ ਜੈਨ 'ਸੁਦੀਪ' ਵੱਲੋਂ ਸੰਪਾਦਿਤ ਕੀਤੀ ਗਈ ਤੀਜੀ ਪ੍ਰਕਾਸ਼ਿਤ ਪੁਸਤਕ ਹੈ। ਇਸ ਪੁਸਤਕ ਵਿਚ ਉਨ੍ਹਾਂ ਨੇ ਜਸਪਾਲ ਸਿੰਘ ਦੇਸੂਵੀ, ਅਸ਼ੋਕ ਭੰਡਾਰੀ ਧੂਰੀ, ਅਮਰਜੀਤ ਕੌਰ ਮੋਰਿੰਡਾ, ਸੰਤੋਸ਼ ਗਰਗ ਤੋਸ਼, ਡਾ. ਸੁਨੀਤਾ ਮਦਾਨ, ਸੁਧਾ ਜੈਨ 'ਸੁਦੀਪ' ਸਿਮਰਜੀਤ ਕੌਰ ਗਰੇਵਾਲ, ਸੁਭਾਸ਼ ਪਾਰਸ ਡਾ. ਸਰਬਜੀਤ ਸੋਹਲ, ਸਤਨਾਮ ਕੌਰ ਲਾਲੀ, ਸੁਖਵੀਰ ਸਿੰਘ ਮੁਹਾਲੀ, ਸਤਬੀਰ ਕੌਰ, ਸੋਹਣ ਸਿੰਘ ਬੈਨੀਪਾਲ, ਸਰਬਜੀਤ ਸਿੰਘ, ਸੁਸ਼ੀਰਾ ਗੁਲਾਟੀ, ਹਰਸਿਮਰਨ ਕੌਰ, ਹਾਕਮ ਸਿੰਘ, ਹਰਪ੍ਰੀਤ ਕੌਰ, ਕੇਵਲਜੀਤ ਸਿੰਘ 'ਕੰਵਲ', ਖ਼ੁਸ਼ੀ ਰਾਮ ਨਿਮਾਣਾ, ਡਾ. ਗੁਰਮਿੰਦਰ ਸਿੱਧੂ, ਗਿਆਨ ਸਿੰਘ 'ਦਰਦੀ (ਕੈਨੇਡਾ), ਗੁਰਦਰਸ਼ਨ ਸਿੰਘ ਮਾਵੀ, ਪ੍ਰੋ. ਗੁਰਜੋਧ ਕੌਰ, ਗੁਰਮੀਤ ਸਿੰਘ ਸਿੰਗਲ, ਗੁਰਦੀਪ ਕੌਰ ਜੰਡੂ, ਡਾ. ਗੁਰਚਰਨ ਕੌਰ ਕੋਚਰ, ਪ੍ਰੋ. ਗੁਰਦੀਪ 'ਗੁਲ' ਧੀਰ, ਗੁਰਦਰਸ਼ਨ ਸਿੰਘ ਗੁਸੀਲ, ਚਰਨਜੀਤ ਕੌਰ ਬਾਠ, ਜਸਵਿੰਦਰ ਸਿੰਘ ਕਾਈਨੌਰ, ਡਾ. ਜਗਦੀਪ ਸ਼ਰਮਾ (ਨਰਵਾਣਾ) 'ਰਾਹੀ', ਜ਼ਖ਼ਮੀ ਜਲਾਲਾਬਾਦੀ, ਜਗਤਾਰ ਸਿੰਘ ਜੋਗ, ਜਰਨੈਲ ਹੁਸ਼ਿਆਰਪੁਰੀ, ਦੀਪਕ ਸ਼ਰਮਾ ਚਨਾਰਥਲ, ਧਰਮ ਸਿੰਘ ਭੰਖਰਪੁਰ, ਧਿਆਨ ਸਿੰਘ ਕਾਹਲੋਂ, ਨੀਲਮ ਨਾਰੰਗ, ਡਾ., ਨੀਨਾ ਸੈਣੀ, ਪ੍ਰਤਾਪ 'ਪਾਰਸ' ਗੁਰਦਾਸਪੁਰੀ, ਪ੍ਰਭਜੋਤ ਕੌਰ ਜੋਤ, ਪਿਆਰਾ ਸਿੰਘ 'ਰਾਹੀ', ਪੁਨਿਆ ਗਾਂਧੀ, ਪ੍ਰੇਮ ਵਿੱਜ, ਡਾ. ਪੰਨਾ ਨਾਲ ਮੁਸਤਫ਼ਬਾਦੀ, ਪੂਰਨ ਸਿੰਘ ਕਿਰਤੀ (ਸਵ.), ਪ੍ਰਿੰ. ਬਹਾਦਰ ਸਿੰਘ ਗੋਸਲ, ਬਾਬੂ ਰਾਮ ਦੀਵਾਨਾ, ਬਲਜਿੰਦਰ ਕੌਰ ਸ਼ੇਰਗਿੱਲ, ਭੁਪਿੰਦਰ ਸਿੰਘ ਭਾਗੋਮਾਜਰਾ, ਭਗਤ ਰਾਮ ਰੰਗਾੜਾ, ਭਿੰਦਰਜੀਤ ਕੌਰ 'ਲਾਂਬੜਾ', ਡਾ. ਮਨਜੀਤ ਸਿੰਘ ਮਝੈਲ, ਮਾਲਵਿੰਦਰ ਸ਼ਾਇਰ, ਮਨਜੀਤ ਕੌਰ ਗਿੱਲ ਜੰਡਾ, ਮੋਇਰਾ, ਮਲਕੀਤ ਬਸਰਾ, ਮੰਗਤ ਖਾਨ ਪਟਿਆਲਾ, ਡਾ. ਰਜਿੰਦਰ ਰੇਨੂੰ, ਰਣਜੀਤ ਸਿੰਘ ਧੂਰੀ, ਰਾਜਵਿੰਦਰ ਸਿੰਘ ਗੱਡੂ 'ਰਾਜ' ਰਵੇਲ ਪੁਸ਼ਪ (ਕਲਕੱਤਾ), ਰਾਜਿੰਦਰ ਕੌਰ, ਰਾਮ ਸਿੰਘ, ਲਾਲੀ ਕਰਤਾਰਪੁਰੀ, ਵਿੰਦਰ ਮਾਝੀ (ਸ਼ਾਇਰ ਭੱਟੀ), ਵਿਮਲਾ ਗੁਗਲਾਨੀ ਅਤੇ ਸ਼ਾਮ ਸਿੰਘ 'ਅੰਗ-ਸੰਗ' ਸਮੇਤ ਉਨੱਤਰ ਕਵੀਆਂ ਅਤੇ ਕਵਿੱਤਰੀਆਂ ਸੁਸ਼ੋਬਿਤ ਹਨ, ਸਿਰਲੇਖ ਮੁਤਾਬਿਕ ਇਸ ਪੁਸਤਕ ਵਿਚ ਮਾਂ ਨਾਲ ਸਬੰਧਿਤ ਰਚਨਾਵਾਂ ਸ਼ਾਮਿਲ ਕੀਤੀਆਂ ਹਨ, ਜਿਨ੍ਹਾਂ ਵਿਚ ਮਾਂ ਨੂੰ ਹੀ ਪਰਮਾਤਮਾ ਦੀ ਪਹਿਲੀ ਵਾਸਤਵਿਕ ਮੂਰਤ ਕਿਹਾ ਗਿਆ ਹੈ। ਪੂਰੀ ਕਾਇਨਾਤ ਵਿਚ ਮਾਂ ਦੇ ਤੁੱਲ ਹੋਰ ਕੋਈ ਹੋ ਵੀ ਨਹੀਂ ਸਕਦਾ। ਪੁਸਤਕ ਪੜ੍ਹਨਯੋਗ, ਸੰਭਾਲਣਯੋਗ ਅਤੇ ਸ਼ਲਾਘਾਯੋਗ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ
ਲੇਖਕ : ਗੁਰਮੀਤ ਸਿੰਘ ਪਲਾਹੀ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ ਪਲਾਹੀ, ਫਗਵਾੜਾ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 98158-02070

ਸ. ਗੁਰਮੀਤ ਸਿੰਘ ਪਲਾਹੀ, ਬਹੁਵਿਧਾਈ ਲੇਖਕ ਦੇ ਰੂਪ ਵਿਚ, ਇਕ ਜਾਣਿਆ-ਪਛਾਣਿਆ ਹਸਤਾਖ਼ਰ ਹੈ। ਕਵਿਤਾ, ਕਹਾਣੀ ਅਤੇ ਡਾਇਰੀ ਆਦਿ ਰੂਪਾਕਾਰਾਂ ਵਿਚ ਉਸ ਦੀਆਂ ਕਈ ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਨੇ ਪਰਵਾਸੀ ਪੰਜਾਬੀਆਂ ਦੇ ਯੋਗਦਾਨ ਬਾਰੇ ਵੀ ਇਕ ਪੁਸਤਕ (2024) ਲਿਖੀ ਹੈ, ਜੋ ਕਾਫ਼ੀ ਚਰਚਿਤ ਰਹੀ। ਪਰੰਤੂ ਮੂਲਰੂਪ ਵਿਚ ਉਹ ਇਕ ਪੋਲੀਟੀਕਲ-ਚਿੰਤਕ ਹੈ। ਹਥਲੀ ਪੁਸਤਕ ਵਿਚ ਜਿਥੇ ਉਹ ਵਰਤਮਾਨ ਭਾਜਪਾ ਸਰਕਾਰ ਦੀ ਕਾਰਜ-ਸ਼ੈਲੀ ਉੱਪਰ ਪ੍ਰਸ਼ਨ-ਚਿੰਨ੍ਹ ਲਗਾਉਂਦਾ ਹੈ, ਉਥੇ ਪੰਜਾਬ ਦੀਆਂ ਕੁਝ ਹੋਰ ਰਾਜਸੀ ਪਾਰਟੀਆਂ ਦੇ ਹਾਲ ਅਤੇ ਭਵਿੱਖ ਬਾਰੇ ਵੀ ਬੜੀਆਂ ਕਠੋਰ ਟਿੱਪਣੀਆਂ ਕਰਦਾ ਹੈ। ਇਸ ਪੁਸਤਕ ਦੀ ਭੂਮਿਕਾ ਵਜੋਂ ਲਿਖੇ ਪ੍ਰਥਮ ਲੇਖ ਵਿਚ ਉਹ ਭਾਰਤ ਦੀ ਆਰਥਿਕਤਾ, ਆਰਥਿਕ-ਨੀਤੀਆਂ ਅਤੇ ਇਸ ਕਾਰਨ ਗ਼ਰੀਬ-ਅਮੀਰ ਵਿਚ ਦਿਨ-ਪ੍ਰਤੀਦਿਨ ਵਧ ਰਹੇ ਪਾੜੇ ਬਾਰੇ ਆਪਣੀ ਚਿੰਤਾ ਦਾ ਇਜ਼ਹਾਰ ਕਰਦਾ ਹੈ। ਲੇਖਕ ਨੂੰ ਯਾਦ ਹੈ ਕਿ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਮੌਜੂਦ ਸਰਕਾਰ ਨੇ 'ਅੰਮ੍ਰਿਤ-ਕਾਲ' ਦੇ ਵਰ੍ਹੇ ਵਜੋਂ ਮਨਾਇਆ ਸੀ। 2022 ਵਿਚ ਮਨਾਏ ਗਏ ਜਸ਼ਨਾਂ ਉਪਰੰਤ, ਸਵਾ ਤਿੰਨ ਵਰ੍ਹੇ ਹੋਰ ਗੁਜ਼ਰ ਗਏ ਹਨ। ਪਰ ਭਾਰਤ ਵਿਚ ਜਿਸ ਚੰਦਰੇ ਰੰਗ ਤੋਂ ਅਸੀਂ ਛੁਟਕਾਰਾ ਨਹੀਂ ਪਾ ਸਕੇ, 'ਉਹ ਕਾਲਾ ਰੰਗ ਗੁਰਬਤ ਦਾ ਹੈ। ਗ਼ਰੀਬੀ, ਕੰਗਾਲੀ, ਦਰਿਦਰਤਾ, ਥੁੜਾਂ ਅਤੇ ਨਿਰਧਨਤਾ ਦਾ ਹੈ। ਇਹ ਕਾਲਾ ਰੰਗ ਸਾਡੇ ਹੱਡਾਂ ਵਿਚ ਇਸ ਤਰ੍ਹਾਂ ਰਚਾ ਦਿੱਤਾ ਗਿਆ ਹੈ ਕਿ ਧੋਣ ਨਾਲ ਇਹ ਵਧੇਰੇ ਗੂੜ੍ਹਾ ਹੋ ਰਿਹਾ ਹੈ (ਪੰਨਾ 10)।
ਭਾਰਤ ਦੀ ਦਿਨ-ਪ੍ਰਤੀਦਿਨ ਵਿਗੜਦੀ ਜਾ ਰਹੀ ਸਥਿਤੀ ਬਾਰੇ ਲੇਖਕ ਨੇ 51 ਲੇਖ ਲਿਖੇ ਹਨ, ਜਿਨ੍ਹਾਂ ਵਿਚ ਪਰਸਪਰ ਨਫ਼ਰਤੀ ਮਾਹੌਲ, ਆਰ. ਐੱਸ. ਐੱਸ. ਦੀ ਨਕਾਰਾਤਮਿਕ ਭੂਮਿਕਾ, ਫਿਰਕਾਪ੍ਰਸਤੀ, ਘੱਟ-ਗਿਣਤੀ ਸਮੂਹ ਉੱਪਰ ਧੌਂਸ, ਜਾਤੀ ਮਰਦਮਸ਼ੁਮਾਰੀ, ਸੰਵਿਧਾਨ ਨੂੰ ਦਰਪੇਸ਼ ਖ਼ਤਰਿਆਂ, ਭਾਰਤ ਦੇ ਵਿਭਿੰਨ ਪ੍ਰਦੇਸ਼ਾਂ ਵਿਚ ਚੋਣਾਂ ਸਮੇਂ ਦੀਆਂ ਧਾਂਦਲੀਆਂ, ਗਵਰਨਰਾਂ ਦੀ ਪੱਖਪਾਤੀ ਭੂਮਿਕਾ ਅਤੇ ਵਿਸ਼ਵ ਪੱਧਰ 'ਤੇ ਭਾਰਤ ਦਾ ਡਿੱਗ ਰਹੇ ਗਰਾਫ਼ ਆਦਿ ਵਿਸ਼ਿਆਂ ਬਾਰੇ ਬੜੀ ਦ੍ਰਿੜ੍ਹਤਾ ਅਤੇ ਦਬੰਗਤਾ ਨਾਲ ਲਿਖਿਆ ਗਿਆ ਹੈ। ਭਾਵੇਂ ਇਹੋ ਜਿਹੇ ਲੇਖ ਪੜ੍ਹ ਕੇ, ਪੰਜਾਬੀਆਂ ਵਿਚ ਨਵੀਂ ਚੇਤਨਾ ਆਉਣੀ ਚਾਹੀਦੀ ਸੀ, ਪਰ ਸਾਡੇ ਲੋਕ ਉਪਦੇਸ਼ਾਤਮਿਕ-ਰਚਨਾਵਾਂ ਪੜ੍ਹ ਕੇ ਹੌਲੀ-ਹੌਲੀ 'ਇਮਯੂਨ' ਹੋ ਗਏ ਹਨ। ਉਨ੍ਹਾਂ ਨੂੰ ਕੋਈ ਫ਼ਰਕ ਹੀ ਨਹੀਂ ਪੈਂਦਾ। ਜਿਵੇਂ: ਸ੍ਰੀ ਕ੍ਰਿਸ਼ਨ ਜੀ ਪੁਰਸ਼-ਇਸਤਰੀ ਨੂੰ ਇਕ ਦੂਜੇ ਦੇ ਸੰਗੀ-ਸਾਥੀ ਦਰਸਾ ਕੇ, ਗੋਪੀਆਂ ਨਾਲ ਲੀਲ੍ਹਾ ਰਚਾਉਂਦੇ ਸਨ, ਅੱਜ ਦੇ ਬਹੁਤੇ ਬਦਚਲਣ ਕਿਸਮ ਦੇ ਨੇਤਾ ਵੀ ਆਪਣੀ ਹਵਸ ਅਤੇ ਕਾਮੁਕਤਾ ਨੂੰ 'ਲੀਲ੍ਹਾ' ਦਾ ਨਾਂਅ ਦੇ ਕੇ ਇਠਲਾਉਂਦੇ ਫਿਰਦੇ ਹਨ। ਲੋਕ-ਰਾਇ ਅਤੇ ਨੈਤਿਕਤਾ ਨੂੰ ਉਨ੍ਹਾਂ ਨੇ ਅੰਗੂਠਾ ਵਿਖਾ ਛੱਡਿਆ ਹੈ। ਗੁਰਮੀਤ ਸਿੰਘ ਪਲਾਹੀ ਇਸ ਵਿਸੰਗਤੀ ਨੂੰ ਬਾਖ਼ੂਬੀ ਸਮਝਦਾ ਹੈ, ਇਸੇ ਕਾਰਨ ਉਹ ਲੋਕ-ਘੋਲਾਂ ਅਤੇ ਜਨਤਕ-ਸੰਗਰਾਮਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਾ ਹੈ। ਮੈਂ ਉਸ ਦੀ ਹਰ ਦਲੀਲ ਅਤੇ ਰਾਜਸੀ ਵਿਸ਼ਲੇਸ਼ਣ ਦੀ ਹਾਮੀ ਭਰਦਾ ਹਾਂ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ :98760-52136
ਚੰਨ, ਚਾਨਣੀ ਤੇ ਚਕੋਰ
ਲੇਖਕ : ਚਰਨਜੀਤ ਸਿੰਘ ਮਿਨਹਾਸ
ਪ੍ਰਕਾਸ਼ਕ : ਕੈਲੀਬਰ ਪ੍ਰਕਾਸ਼ਕ, ਪਟਿਆਲਾ
ਮੁੱਲ : 250 ਰੁਪਏ, ਸਫੇ : 126
ਸੰਪਰਕ - 98154-48958

'ਚੰਨ, ਚਾਨਣੀ ਤੇ ਚਕੋਰ' ਚਰਨਜੀਤ ਸਿੰਘ ਮਨਹਾਸ ਦੁਆਰਾ ਲਿਖੀ ਹੋਈ ਪੁਸਤਕ ਹੈ, ਜਿਸ ਵਿਚ ਕੁੱਲ 13 ਕਹਾਣੀਆਂ ਹਨ। ਚਰਨਜੀਤ ਸਿੰਘ ਮਨਹਾਸ ਪੰਜਾਬੀ ਕਹਾਣੀਕਾਰਾਂ ਦੀ ਪੰਜਵੀਂ ਪੀੜ੍ਹੀ ਦੀ ਮੁੱਢਲੀ ਕਤਾਰ ਵਿਚ ਸ਼ਾਮਿਲ ਹੋ ਰਿਹਾ ਹੈ। ਉਸ ਦੀਆਂ ਕਹਾਣੀਆਂ ਪਾਠਕਾਂ ਲਈ ਪਰਵਾਸੀ ਘਰਾਂ ਦੇ ਦਰਵਾਜ਼ੇ ਖੋਲ੍ਹਦੀਆਂ ਹੋਈਆਂ ਜਾਪਦੀਆਂ ਹਨ ਅਤੇ ਉਸ ਦੀਆਂ ਕਹਾਣੀਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਨਾਮੀ ਸੰਸਥਾਵਾਂ ਤੋਂ ਨਿਕਲੇ ਵਿਦਿਆਰਥੀ ਕਿੱਥੇ ਜਾਂਦੇ ਹਨ। ਜਿਵੇਂ ਕਹਾਣੀਆਂ ਹਨ, 'ਭੂੰਡੀ', 'ਅਨੀਤੀ', 'ਕਿੱਥੇ ਜਹਾਜ ਲਾਹਵਾਂ', 'ਫੁੱਲ ਸਰਵਿਸ', 'ਸੀਰੀਆ ਤੋਂ ਅਮਰੀਕਾ', 'ਪੈਰ ਦੀ ਜੁੱਤੀ', 'ਲੰਘੀਆਂ ਘੜੀਆਂ ਨਹੀਂ ਜਾਂਦੀਆਂ ਫੜੀਆਂ', 'ਪਰਾਇਆ ਧਨ', 'ਲੈ ਫੇਰ ਸੁਣ' ਅਤੇ 'ਅੱਛੇ ਸੰਸਕਾਰੋਂ ਵਾਲੀ' ਆਦਿ। 'ਭੂੰਡੀ', 'ਫੁੱਲ ਸਰਵਿਸ' ਕਹਾਣੀਆਂ ਵਿਚ ਕਹਾਣੀਕਾਰ ਦੀ ਕਲਾਤਮਿਕਤਾ ਉੱਚ-ਪਾਏ ਦੀ ਹੈ ਜੋ ਸਮਾਜ ਦੀਆਂ ਦੁਸ਼ਵਾਰੀਆਂ ਦੀ ਪੇਸ਼ਕਾਰੀ ਕਰਦੀ ਹੈ। 'ਕਿੱਥੇ ਜਹਾਜ਼ ਲਾਹਵਾਂ' ਅਤੇ 'ਪਰਾਇਆ ਧਨ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਮਾਟੋ ਤੇ ਉਸ ਦੀ ਸੱਸ ਜਦੋਂ ਰਾਜੇ ਬਾਰੇ ਗੱਲ ਕਰਦੀਆਂ ਹਨ ਤਾਂ ਉਸ ਦੀ ਸੱਸ ਆਪਣੀ ਇਸਤਰੀਆਂ ਨਾਲ ਹੁੰਦੀਆਂ ਵਧੀਕੀਆਂ ਦੀ ਗੱਲ ਕਰਦੀ ਹੈ ਜੋ ਅੱਜ-ਕੱਲ੍ਹ ਦੇ ਸਮਾਜ ਵਿਚ ਵਾਪਰ ਰਿਹਾ ਹੈ। 'ਲੰਘੀਆਂ ਘੜੀਆਂ ਨਹੀਂ ਜਾਂਦੀਆਂ ਫੜੀਆਂ' ਬਬਲੂ ਦੁਆਲੇ ਘੁੰਮਦੀ ਕਹਾਣੀ ਹੈ ਜਿਸ ਵਿਚ ਕਹਾਣੀ ਦੇ ਅਖੀਰ ਤੇ ਬਬਲੂ ਆਪਣੇ ਆਪ ਨੂੰ ਹਰ ਪਾਸਿਓਂ ਘਿਰਿਆ ਹੋਇਆ ਮਹਿਸੂਸ ਕਰਦਾ ਹੈ ਜਿਵੇਂ ਉਹ ਕਿਸੇ ਪਿੰਜਰੇ ਦਾ ਕੈਦੀ, ਬੇਸਹਾਰਾ ਅਤੇ ਲਵਾਰਸ ਹੋਵੇ। ਉਸ ਦੇ ਦਿਮਾਗ਼ ਵਿਚ ਇੱਕੋ ਹੀ ਸੋਚ ਘੁੰਮਦੀ ਰਹਿੰਦੀ ਹੈ ਕਿ ਉਹ ਕੀਹਦੇ ਲਈ ਅਤੇ ਕਾਹਦੇ ਲਈ ਜਿਉਂ ਰਿਹਾ ਹੈ। ਲੇਖਕ ਪੰਜਾਬੀ ਕਹਾਣੀ ਦੀਆਂ ਉਨ੍ਹਾਂ ਪਰਤਾਂ ਨੂੰ ਛੂੰਹਦਾ ਹੋਇਆ ਕਹਾਣੀ ਦੀ ਸਿਰਜਣਾ ਕਰਦਾ ਹੈ ਜੋ ਅਜੇ ਤੱਕ ਨਹੀਂ ਛੂਹੀਆਂ ਗਈਆਂ। ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਕਹਾਣੀਕਾਰ ਨੇ ਆਪਣੀਆਂ ਸਾਰੀਆਂ ਕਹਾਣੀਆਂ ਵਿਚ ਹੀ ਪਰਵਾਸ ਕਰ ਗਏ ਲੋਕਾਂ ਦੀਆਂ ਤ੍ਰਾਸਦੀਆਂ ਨੂੰ ਪਾਠਕਾਂ ਸਾਹਮਣੇ ਲਿਆਂਦਾ ਹੈ। ਲੇਖਕ ਵਧਾਈ ਦਾ ਪਾਤਰ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਕਦਮਾਂ ਵਿਚ ਅਸਮਾਨ
(ਕੁੰਡਲੀਆ ਛੰਦ)
ਲੇਖਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਸਮਾਣਾ
ਮੁੱਲ : 300 ਰੁਪਏ, ਸਫ਼ੇ : 112
ਸੰਪਰਕ : 98146-28027

ਦਰਜਨਾਂ ਮੌਲਿਕ, ਸੰਪਾਦਿਤ ਅਤੇ ਅਨੁਵਾਦਿਤ ਪੁਸਤਕਾਂ ਦਾ ਲੇਖਕ ਕਰਮ ਸਿੰਘ ਜ਼ਖ਼ਮੀ ਨਿਰੰਤਰ ਸਾਹਿਤਕ ਸਾਧਨਾ ਕਰਨ ਵਾਲਾ ਸਾਹਿਤਕਾਰ ਹੈ। ਇਸ ਖੇਤਰ ਵਿਚ ਉਸ ਨੂੰ ਬਹੁਤ ਸਾਰੇ ਮਾਣ-ਸਨਮਾਨ ਵੀ ਪ੍ਰਾਪਤ ਹੋ ਚੁੱਕੇ ਹਨ। ਵਿਚਾਰਧੀਨ ਪੁਸਤਕ 'ਕਦਮਾਂ ਵਿਚ ਅਸਮਾਨ' (ਕੁੰਡਲੀਆ ਛੰਦ) ਉਸ ਦੀ ਨਵੀਂ ਕਾਵਿ-ਪੁਸਤਕ ਹੈ, ਜਿਸ ਵਿਚ ਉਸ ਨੇ ਬਹੁਤ ਹੀ ਹਰਮਨ ਪਿਆਰੇ ਛੰਦ 'ਕੁੰਡਲੀਆ' ਵਿਚ ਕਾਵਿ-ਰਚਨਾ ਕੀਤੀ ਹੈ। ਭਾਰਤੀ ਕਾਵਿ-ਸ਼ਾਸਤਰ ਅਨੁਸਾਰ ਛੰਦ ਦੋ ਤਰ੍ਹਾਂ ਦੇ ਮੰਨੇ ਗਏ ਹਨ ਇਕ ਮਾਤਰਿਕ ਅਤੇ ਦੂਜਾ ਵਰਣਿਕ। ਕੁੰਡਲੀਆ ਛੰਦ ਮਾਤਰਿਕ ਛੰਦਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਵਿਚ 6 ਚਰਨ (ਲਾਈਨਾਂ) ਹੁੰਦੀਆਂ ਹਨ। ਪਹਿਲੇ ਦੋ ਚਰਨ 'ਦੋਹਾ' ਜਾਂ 'ਦੋਹਰਾ' ਛੰਦ ਵਾਲੇ ਹੁੰਦੇ ਹਨ ਅਤੇ ਪਿਛਲੇ 4 ਚਰਨ 'ਰੌਲ਼ਾ' ਛੰਦ ਦੇ ਹੁੰਦੇ ਹਨ। ਇਸ ਛੰਦ ਦੀ ਖ਼ਾਸ ਗੱਲ ਇਹ ਹੈ ਕਿ ਜਿਸ ਸ਼ਬਦ ਨਾਲ ਇਹ ਛੰਦ ਸ਼ੁਰੂ ਹੁੰਦਾ ਹੈ ਉਸੇ ਹੀ ਸ਼ਬਦ ਨਾਲ ਇਹ ਪੂਰਨ ਹੁੰਦਾ ਹੈ, ਭਾਵ ਉਹੀ ਸ਼ਬਦ ਇਸ ਦੇ ਅਖੀਰ 'ਤੇ ਆਉਂਦਾ ਹੈ, ਜਿਵੇਂ ਸੱਪ ਕੁੰਡਲੀ ਮਾਰ ਕੇ ਇਕੱਠਾ ਹੋ ਕੇ ਬੈਠਦਾ ਹੈ, ਉਸੇ ਤਰ੍ਹਾਂ ਹੀ ਇਸ ਛੰਦ ਦਾ ਸੁਭਾਅ ਹੈ। ਕਵੀਸ਼ਰਾਂ ਦਾ ਵੀ ਇਹ ਛੰਦ ਹਰਮਨ ਪਿਆਰਾ ਛੰਦ ਹੈ, ਇਸ ਵਿਚ ਕਵੀਸ਼ਰੀ ਦਾ ਗਾਇਨ ਉਹ ਆਮ ਤੌਰ 'ਤੇ ਕਰਦੇ ਹਨ। ਕਰਮ ਸਿੰਘ ਜ਼ਖ਼ਮੀ ਨੇ ਆਪਣੀ ਇਸ ਪੁਸਤਕ ਵਿਚ ਦਿੱਤੇ ਛੰਦ ਦੀ ਵਰਤੋਂ ਬਾਖ਼ੂਬੀ ਕੀਤੀ ਹੈ। ਪੜ੍ਹਦਿਆਂ ਮਾਤਰਾਵਾਂ ਦੇ ਹਿਸਾਬ ਨਾਲ ਵੀ ਜ਼ਖ਼ਮੀ ਦੀ ਲਿਖਤ ਖਰੀ ਉਤਰਦੀ ਹੈ। ਜ਼ਖ਼ਮੀ ਨੇ ਇਸ ਪੁਸਤਕ ਵਿਚ ਕੁੰਡਲੀਆਂ ਛੰਦ ਵਿਚ 196 ਕਾਵਿ-ਰਚਨਾਵਾਂ ਰਚੀਆਂ ਹਨ। ਪੁਸਤਕ ਦੇ ਹਰੇਕ ਪੰਨੇ ਉੱਤੇ ਦੋ ਦੋ ਰਚਨਾਵਾਂ ਪੇਸ਼ ਹੋਈਆਂ। ਹਰੇਕ 'ਛੰਦ ਰਚਨਾ' ਇਕ ਨਵੇਂ ਵਿਸ਼ੇ ਦੀ ਪੇਸ਼ਕਾਰੀ ਕਰਦੀ ਹੈ ਅਤੇ ਪੁਸਤਕ ਦੇ ਅਖ਼ੀਰ 'ਤੇ ਕਵੀ ਨੇ ਪਾਠਕ ਨੂੰ ਇਕ ਸੁਨੇਹਾ ਵੀ ਦਿੱਤਾ ਹੈ ਕਿ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਇਸ ਉੱਤੇ ਵਿਚਾਰ ਜ਼ਰੂਰ ਪੇਸ਼ ਕਰਦੇ।
ਸਾਰੀ ਪੁਸਤਕ ਜੇ ਪੜ੍ਹੀ, ਕਰਿਓ ਫੇਰ ਵਿਚਾਰ
ਕੀ ਕੁਝ ਵਧੀਆ ਮੈਂ ਕਿਹਾ, ਕੀ ਕੁਝ ਹੈ ਬੇਕਾਰ
ਪੰਜਾਬੀ ਕਵਿਤਾ ਵਿਚ ਕਰਮ ਸਿੰਘ ਜ਼ਖ਼ਮੀ ਦਾ ਨਿਵੇਕਲਾ ਉੱਦਮ ਕੁੰਡਲੀਆ ਛੰਦ ਦੀ ਵੰਨਗੀ ਪੇਸ਼ ਕਰਨਾ ਉਸ ਦੀ ਮੌਲਿਕ ਲੇਖਣੀ ਦਾ ਲਿਖਾਇਕ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਤੇਰੀ ਯਾਦ ਵਿੱਚ
ਲੇਖਕ : ਪਰਮਿੰਦਰ ਸਿੰਘ
ਸੰਪਾਦਿਕਾ : ਪਰਮਜੀਤ ਪਰਮ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98782-49641

ਇਸ ਕਾਵਿ-ਸੰਗ੍ਰਹਿ ਵਿਚ ਮਰਹੂਮ ਸ਼ਾਇਰ ਦੀਆਂ ਪੰਜਾਬੀ ਅਤੇ ਅੰਗਰੇਜ਼ੀ ਵਿਚ ਲਿਖੀਆਂ ਕਵਿਤਾਵਾਂ ਦਰਜ ਹਨ। ਇਨ੍ਹਾਂ ਰਚਨਾਵਾਂ ਵਿਚ ਰੂਹਾਨੀਅਤ ਅਤੇ ਪ੍ਰੇਮ ਦਾ ਰੰਗ ਹੈ। ਕੁਝ ਝਲਕਾਂ ਮਾਣੋ-
-ਅਥਾਹ ਅਨੰਤ ਅਕਾਲ ਅਸੀਮ ਪਸਾਰਾ,
ਨਤ-ਮਸਤਕ ਹੋ ਜਾਂਦਾ ਘੜੀ-ਘੜੀ ਹਰ ਪਲ,
ਜਦ ਜਦ ਪੈਂਦਾ ਉਸ ਦੇ ਰੰਗਾਂ ਦਾ ਝਲਕਾਰਾ।
-ਮਾਂ-ਬੋਲੀ ਪਾ ਦਿੰਦੀ ਝੋਲੀ, ਬੜਾ ਅਣਮੁੱਲਾ ਗਿਆਨ।
ਬਚਪਨ ਤੋਂ ਹੀ ਦਿੰਦੀ ਸਭ ਨੂੰ ਆਪਣੀ ਅਲੱਗ ਪਛਾਣ।
-ਅੱਜ ਡਾਇਰੀ ਦੇ ਪਿਛਲੇ ਵਰਕੇ ਜਦ ਫੋਲੇ
ਪੰਨਾ ਇਕ ਵੀ ਪਿਆਰ ਦਾ ਨਜ਼ਰ ਨਾ ਆਇਆ।
-ਹੰਝੂਆਂ ਦੀਆਂ ਲੀਕਾਂ, ਗ਼ਮਾਂ ਦੇ ਛਾਲੇ
ਹਰ ਵਰਕੇ 'ਚੋਂ ਰੋਂਦਾ ਸੀ, ਤਕਦੀਰ ਦਾ ਸਰਮਾਇਆ।
-ਮੁਹੱਬਤ ਪੂਜਾ, ਪ੍ਰੇਮ ਹੈ ਪੂਜਾ ਪਿਆਰ ਵੀ ਪੂਜਾ
ਪੂਜਾ ਮੰਦਿਰ, ਪੂਜਾ ਮਸਜਿਦ, ਕੁਦਰਤ ਹੀ ਹੈ ਪੂਜਾ।
ਇਹ ਕਵਿਤਾਵਾਂ ਪਾਕ, ਮਾਸੂਮ ਅਤੇ ਡੂੰਘੀਆਂ ਹਨ। ਇਹ ਇਕ ਨਿਰਛਲ ਅਤੇ ਪਿਆਰੀ ਰੂਹ ਦੀ ਆਵਾਜ਼ ਹਨ। ਇਸ ਕਾਵਿ-ਪੁਸਤਕ ਦਾ ਦਿਲੋਂ ਸੁਆਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਫੂਡ ਬੈਂਕ
ਲੇਖਕ : ਕਮਲਜੀਤ ਸਿੰਘ ਹੇਅਰ
ਸੰਪਾਦਕ : ਹਰਪ੍ਰੀਤ ਸਿੰਘ ਸਫ਼ੀ
ਪ੍ਰਕਾਸ਼ਕ : ਸੋਹਣਗੜ੍ਹ ਫਾਰਮਵਰਸਿਟੀ ਪਬਲੀਕੇਸ਼ਨ, ਫ਼ਿਰੋਜ਼ਪੁਰ
ਮੁੱਲ : 385 ਰੁਪਏ, ਸਫ਼ੇ : 96
ਸੰਪਰਕ : 98140-72072

ਕਮਲਜੀਤ ਹੇਅਰ ਦੀ ਇਹ ਪਲੇਠੀ ਪੁਸਤਕ ਹੈ। ਇਸ ਵਿਸ਼ੇ 'ਤੇ ਲਿਖੀ ਜਾਣ ਵਾਲੀ ਵੀ ਇਹ ਪਹਿਲੀ ਪੁਸਤਕ ਹੈ। ਉਹ ਇਕ ਪ੍ਰਸਿੱਧ ਵਕੀਲ ਰਿਹਾ। ਉਸ ਨੇ ਵਕਾਲਤ ਛੱਡ ਕੇ ਖੇਤੀਬਾੜੀ ਦਾ ਧੰਦਾ ਅਪਣਾਇਆ। ਹਥਲੀ ਪੁਸਤਕ ਦਾ ਪ੍ਰੇਰਨਾ ਸਰੋਤ ਸਵ: ਡਾ. ਓਮ ਪ੍ਰਕਾਸ਼ ਰੁਪੇਲ ਜੀ ਹੈ। ਉਸ ਨੇ ਇਸ ਕਿਤਾਬ ਨੂੰ 9 ਕਾਂਡਾਂ (ਖੇਤੀ ਉਪਜੈ, ਈਕੋ ਪ੍ਰਣਾਲੀ, ਮਨੁੱਖੀ ਜੀਵਨ ਦੇ ਪੜਾਅ, ਅਸਲੀ ਧਰਮ, ਭੋਜਨ, ਖੇਤੀ, ਟਿਕਾਊ ਖੇਤੀ, ਫੂਡ ਬੈਂਕ, ਮਿੱਟੀ ਦੇ ਪਰਖ) ਵਿਚ ਵੰਡ ਕੇ ਆਪਣੇ ਅਨੁਭਵ ਅਨੁਸਾਰ ਵਿਸਤ੍ਰਿਤ ਚਰਚਾ ਕੀਤੀ ਹੈ। ਸਾਡੇ ਆਸੇ ਪਾਸੇ ਮਿੱਟੀ, ਹਵਾ ਪਹਾੜ, ਹੱਡਾ-ਰੋੜੀ ਦੀ ਮਿੱਟੀ, ਕਬਰਾਂ ਦੀ ਮਿੱਟੀ, ਜੰਗਲ ਦੇ ਸਾਰੇ ਜੀਵ ਜੰਤੂ ਮਿਲ ਕੇ ਕੁਦਰਤੀ ਸੰਤੁਲਨ ਬਣਾਉਂਦੇ ਹਨ। ਈਕੋ ਪ੍ਰਣਾਲੀ ਵਿਚ ਜੀਵਿਤ ਵਸਤਾਂ, ਨਿਰਜੀਵਤ ਵਸਤਾਂ ਦੋਵੇਂ ਹੀ ਸ਼ਾਮਿਲ ਹਨ। ਅਸਲ ਵਿਚ 'ਮਿੱਟੀ' ਹੀ ਇਸ ਰਚਨਾ ਦਾ 'ਕੇਂਦਰੀ ਸੂਤਰ' ਹੈ। ਸਾਰੀ ਵਿਆਖਿਆ ਇਸ ਕੇਂਦਰੀ ਸੂਤਰ ਦੇ ਆਲੇ-ਦੁਆਲੇ ਹੀ ਪਰਿਕਰਮਾ ਕਰਦੀ ਹੈ। ਲੇਖਕ ਨੇ ਜੀਵਨ ਨੂੰ ਤਿੰਨ ਕਾਲਾਂ ਵਿਚ ਵੰਡਿਆ ਹੈ ਜੰਗਲ ਕਾਲ, ਪਿੰਡ ਕਾਲ, ਸ਼ਹਿਰ ਕਾਲ। ਹਰੀ ਕ੍ਰਾਂਤੀ ਆਈ ਮਨੁੱਖ ਨੇ ਵੱਖ-ਵੱਖ ਖਾਦਾਂ, ਉਪਜ ਵੱਧ ਲੈਣ ਲਈ, ਸ਼ੁਰੂ ਕੀਤੀਆਂ। ਮਿੱਟੀ ਵਿਚ ਮਿਲਦੇ ਕੀੜੇ, ਜੰਤੂ, ਤੰਤੂ ਮਾਰਨ ਲਈ ਵੱਖ-ਵੱਖ ਪੈਸਟੀਸਾਈਡਜ਼ ਦੀ ਵਰਤੋਂ ਸ਼ੁਰੂ ਕੀਤੀ। ਫਲਸਰੂਪ ਮਿੱਟੀ 'ਚੋਂ ਨਿਊਟਰੀਸ਼ਨ ਖ਼ਤਮ ਹੁੰਦੀ ਗਈ। ਲਾਅ ਆਫ਼ ਨਿਊਟਰੀਸ਼ਨ ਅਨੁਸਾਰ ਟਰੈਵਲਿੰਗ ਕਰਕੇ ਭੋਜਨ ਵਿਚੋਂ ਨਿਊਟ੍ਰੀਸ਼ਨ ਦੀ ਘਾਟ ਆਰੰਭ ਹੋ ਗਈ। ਜਿੱਥੇ ਨਿਊਟਰੀਸ਼ਨ ਮਾਈਨਿੰਗ ਹੋਵੇਗੀ ਖੁਰਾਕੀ ਤੱਤਾਂ ਦੀ ਘਾਟ ਸ਼ੁਰੂ ਹੋ ਜਾਂਦੀ ਹੈ। ਛੇ ਤੱਤ ਬਨਸਪਤੀ ਤੋਂ ਪ੍ਰਾਪਤ ਹੁੰਦੇ ਨੇ। ਪ੍ਰਾਇਮਰੀ ਤੱਤ-ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਆਦਿ। ਸੈਕੰਡਰੀ ਤੱਤ ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ ਆਦਿ। ਮਨੁੱਖ ਦੀ ਇੰਟੈਲੀਜੈਂਸੀ ਨੇ ਹਰੀ ਕ੍ਰਾਂਤੀ ਲਿਆਉਣ ਲਈ ਇਹ ਸਭ ਕੁਝ ਕੀਤਾ ਹੈ। ਮਿੱਟੀ 'ਚੋਂ ਮਹਿਕ ਜਾਂਦੀ ਰਹੀ। ਬਿਮਾਰੀਆਂ ਸ਼ੁਰੂ ਹੋ ਗਈਆਂ। ਡਾਕਟਰਾਂ, ਹਸਪਤਾਲਾਂ ਦੀ ਲੋੜ ਮਹਿਸੂਸ ਹੁੰਦੀ ਗਈ। ਕੁਦਰਤ ਦੇ ਨਿਯਮ ਅਨੁਸਾਰ ਜੀਵਨ ਜਿਊਣਾ ਅਸਲੀ ਧਰਮ ਹੈ। ਗੁਰਬਾਣੀ ਦਾ ਸੱਚ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ'। ਬਾਬਾ ਜੀ ਦਾ ਡੂੰਘਾ ਮਤਲਬ ਹੈ। ਕੁਦਰਤੀ ਪ੍ਰੇਮ ਪ੍ਰਬੰਧ ਵਿਚ ਦਖ਼ਲ ਅੰਦਾਜ਼ੀ ਕਰਕੇ ਹੀ ਅਸੀਂ ਅਧਰਮੀ ਹੋ ਜਾਂਦੇ ਹਾਂ। ਈਕੋ ਸਿਸਟਮ ਵਿਚ ਕੀਤੀ ਗੜਬੜ ਕਿਸੇ ਪੂਜਾ-ਪਾਠ, ਪ੍ਰਾਰਥਨਾ ਨਾਲ ਦੂਰ ਨਹੀਂ ਹੋ ਸਕਦੀ। ਇਹ ਸੰਸਾਰ ਵਿਆਪਕ ਸੱਚ ਹੈ। ਸਵ: ਡਾ. ਓਮ ਪ੍ਰਕਾਸ਼ ਰੁਪੇਲਾ ਦਾ ਕਹਿਣਾ ਸੀ ਕਿ ਮਿੱਟੀ ਜਿਊਂਦੀ ਹੁੰਦੀ ਹੈ। ਇਹ ਮਰੀ ਹੋਈ ਚੀਜ਼ ਨਹੀਂ ਹੁੰਦੀ। ਲੇਖਕ ਨੇ ਡਾ. ਰੁਪੇਲਾ ਦੀ ਸਿੱਖਿਆ ਅਨੁਸਾਰ ਖੇਤੀ ਕਰਨੀ ਸ਼ੁਰੂ ਕੀਤੀ। ਲੇਖਕ ਅਫ਼ਸੋਸ ਕਰਦਾ ਹੋਇਆ ਕਹਿੰਦਾ ਹੈ, 'ਕਾਸ਼! ਰੁਪੇਲਾ ਜੀ ਅੱਜ ਸਾਡੇ ਵਿਚ ਮੌਜੂਦ ਹੁੰਦੇ। ਉਨ੍ਹਾਂ ਨੇ ਬਹੁਤ ਖੁਸ਼ ਹੋਣਾ ਸੀ'। ਪੰਨਾ. 93. ਕਮਲਜੀਤ ਦੇ ਉਪਰੋਕਤ ਅਨੁਭਵਾਂ ਨਾਲ ਕਿਸੇ ਪਾਠਕ ਦਾ ਸਹਿਮਤ ਹੋਣਾ ਜਾਂ ਅਸਹਿਮਤ ਹੋਣਾ ਇਕ ਵੱਖਰੀ ਗੱਲ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatishdharamchand@gmail.com