ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

30-05-26

Ad Position 21
No active advertisement
ਅਜੀਤ ਡੈਸਕ 30-05-2026

 ਨਿੱਕੇ-ਵੱਡੇ ਸਫ਼ਰ
ਲੇਖਕ : ਸਵੈਰਾਜ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 91
ਸੰਪਰਕ : 98760-66309

ਪੁਸਤਕ ਦੇ ਨਾਂਅ ਤੋਂ ਹੀ ਪਤਾ ਲਗਦਾ ਹੈ ਕਿ ਇਸ ਵਿਚ ਲੇਖਕ ਵਲੋਂ ਕੀਤੇ ਸਫ਼ਰ ਦਾ ਜ਼ਿਕਰ ਹੋਵੇਗਾ। ਪੁਸਤਕ ਵਿਚ ਸਾਂਗਲਾ ਵੈਲੀ ਤੇ ਲਾਹੌਰ ਸਪਤਿੀ, ਸ਼ਹਿਰੋ-ਸ਼ਹਿਰ (2010), ਮੋਟਰਸਾਈਕਲ ਉੱਤੇ ਨਿੱਕਾ ਪਹਾੜੀ ਸਫ਼ਰ, ਕਾਰ ਵਿਚ ਦੱਖਣ ਦੀ ਫੇਰੀ (2013) ਅਤੇ ਅੱਖੀਂ ਡਿੱਠਾ ਇੰਗਲੈਂਡ ਦੇ ਸਫ਼ਰਾਂ ਦਾ ਜ਼ਿਕਰ ਕੀਤਾ ਹੈ। ਲੇਖਕ ਆਪਣੇ ਦੋਸਤਾਂ-ਮਿੱਤਰਾਂ ਦੇ ਨਾਲ ਵੱਖਰੋ-ਵੱਖਰੀਆਂ ਥਾਵਾਂ 'ਤੇ ਘੁੰਮਿਆ, ਜਿਸ ਦਾ ਜ਼ਿਕਰ ਪੁਸਤਕ ਵਿਚ ਹੈ। ਪੁਸਤਕ ਨੂੰ ਪੜ੍ਹਨ ਵਾਲਾ ਲੇਖਕ ਦੇ ਵਲੋਂ ਕੀਤੇ ਸਫ਼ਰ ਦਾ ਅਨੰਦ ਜ਼ਰੂਰ ਮਾਣੇਗਾ, ਕਿਉਂਕਿ ਲੇਖਕ ਨੇ ਆਪਣੀ ਲੇਖਣੀ ਰਾਹੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਇਹ ਸਫ਼ਰਨਾਮਾ ਯਾਦਾਂ ਦਾ ਦਸਤਾਵੇਜ਼ ਹੈ, ਜੋ ਕਿ ਲੇਖਕ ਨੂੰ ਹਰ ਸਮੇਂ ਕੀਤੇ ਸਫ਼ਰ ਦੀ ਯਾਦ ਦਿਵਾਉਂਦਾ ਰਹੇਗਾ। ਲੇਖਕ ਦੇ ਇਸ ਸਫ਼ਰਨਾਮੇ ਵਿਚ ਵਿਸ਼ਾਲ ਭਾਰਤ ਦੀਆਂ ਝਲਕੀਆਂ, ਜਿਸ ਨੂੰ ਲੇਖਕ ਨੇ ਆਪਣੇ ਢੰਗ ਨਾਲ ਪੇਸ਼ ਕੀਤਾ ਹੈ। ਉਹ ਦਿਲਚਸਪ ਹਨ। ਜੇਕਰ ਪਾਠਕ ਇਕ ਵਾਰ ਪੜ੍ਹਨਾ ਸ਼ੁਰੂ ਕਰ ਦੇਵੇ ਤਾਂ ਉਹ ਓਨੀ ਦੇਰ ਨਹੀਂ ਰੁਕੇਗਾ ਜਿੰਨੀ ਦੇਰ ਸਾਰੀ ਪੁਸਤਕ ਨੂੰ ਪੜ੍ਹ ਨਹੀਂ ਲੈਂਦਾ। 'ਅੱਖੀਂ ਡਿੱਠਾ ਇੰਗਲੈਂਡ' ਵਿਚ ਉੱਥੋਂ ਦੇ ਵਾਤਾਵਰਨ, ਮਕਾਨ, ਸੜਕਾਂ, ਗੱਡੀਆਂ, ਪਥਰੀਲੀ ਜ਼ਮੀਨ, ਪੇੜ, ਪੌਦੇ, ਰਣਮੀਕ ਥਾਵਾਂ, ਸੂਟ-ਟਾਈ, ਖਾਣਾ-ਪਣਾ, ਫਾਰਮ ਹਾਊਸ ਅਤੇ ਉੱਥੋਂ ਦੇ ਸ਼ਹਿਰਾਂ ਦਾ ਜ਼ਿਕਰ ਹੈ। ਇਸੇ ਤਰ੍ਹਾਂ ਹੀ ਕਾਰ ਰਾਹੀਂ ਦੱਖਣ ਦੀ ਫੇਰੀ ਵਿਚ ਰਸਤਿਆਂ ਵਿਚ ਆਏ ਸ਼ਹਿਰਾਂ ਅਤੇ ਹੋਰ ਗੱਲਾਂ ਨੂੰ ਵਿਸਥਾਰ ਨਾਲ ਸਾਂਝਾ ਕੀਤਾ ਹੈ। ਮੋਟਰਸਾਈਕਲ ਉੱਤੇ ਨਿੱਕੇ ਪਹਾੜੀ ਸਫ਼ਰ ਵਿਚ ਸ਼ਿਮਲਾ, ਨਾਰਕੰਡੇ, ਨੰਗਲੀਂ, ਨਿਰਮਾਂਡ, ਟਿਕਰੀ, ਬਾਗੀਪੁਲ, ਜਲੌਰੀ, ਬਣਜਾਰ ਆਦਿ ਦੇ ਸਫ਼ਰ ਦਾ ਜ਼ਿਕਰ ਹੈ। ਸ਼ਹਿਰੋ-ਸ਼ਹਿਰ ਸਫ਼ਰ ਵਿਚ ਕਲਕੱਤਾ, ਸਿੱਕਮ ਤੇ ਨਿਪਾਲ ਦੇ ਟੂਰ ਦਾ ਜ਼ਿਕਰ ਹੈ। ਸਮੁੱਚੇ ਤੌਰ 'ਤੇ ਇਹ ਸਫ਼ਰਨਾਮੇ ਨੂੰ ਪੜ੍ਹਨ ਵਾਲਾ ਹੀ ਉਪਰੋਕਤ ਥਾਵਾਂ ਦੀ ਖਿਆਲੀ ਸੈਰ ਕਰ ਲੈਂਦਾ ਹੈ।

-ਡਾ. ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ: 092105-88990

ਗੁਲਾਮ
ਲੇਖਕ: ਇਕਬਾਲ ਜ਼ਿਹਾਜੀ (ਛੇਵੀਂ ਫੇਲ੍ਹ)
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 286
ਸੰਪਰਕ: 96467-54864

ਹਥਲੀ ਪੁਸਤਕ ਦੇ ਆਰੰਭ ਵਿਚ ਲੇਖਕ ਨੇ 'ਗੁਲਾਮ' ਸ਼ਬਦ ਪ੍ਰਤੀ ਨਾਮਵਰ ਵਿਦਵਾਨਾਂ ਦੀਆਂ ਧਾਰਨਾਵਾਂ ਪ੍ਰਗਟ ਕੀਤੀਆਂ ਹਨ। ਪੰਜਾਬੀ ਭਾਸ਼ਾ ਦੀ ਪੁਰਾਤਨ ਸਮੇਂ ਤੋਂ ਅਜੋਕੇ ਸਮੇਂ ਤੱਕ ਦੀ ਤਰਾਸਦੀ ਦਾ ਜ਼ਿਕਰ ਕੀਤਾ ਗਿਆ ਹੈ। ਲੇਖਕ ਮਾਤ ਭਾਸ਼ਾ ਦਾ ਪ੍ਰੇਮੀ ਹੋਣ ਕਰਕੇ ਪਾਤਰਾਂ ਨੇ ਅਖੌਤਾਂ ਤੇ ਮੁਹਾਵਰਿਆਂ ਦੀ ਵਰਤੋਂ ਕੀਤੀ ਹੈ। ਇਸ ਪੁਸਤਕ ਦੀ ਸਾਰੀ ਕਹਾਣੀ ਮਨਵੀਰ ਨਾਂਅ ਦੀ ਲੜਕੀ ਦੇ ਇਰਦ-ਗਿਰਦ ਘੁੰਮਦੀ ਹੈ। ਉਹ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹੈ। ਪਿਤਾ ਦੀ ਮੌਤ ਹੋਣ ਕਾਰਨ ਹਾਲਾਤਾਂ ਨੇ ਉਸ ਦਾ ਸੁਭਾਅ ਚਿੜਚਿੜਾ ਅਤੇ ਗੁਸੈਲਾ ਬਣਾ ਦਿੱਤਾ। ਉਹ ਘਰ, ਪਰਿਵਾਰ ਅਤੇ ਹੋਰ ਲੋਕਾਂ ਨੂੰ ਟਿੱਚ ਸਮਝਦੀ, ਕਿਉਂਕਿ ਇੱਕ ਗਵਾਂਢੀ ਨੇ ਦੱਸਿਆ ਕਿ ਤੇਰੇ ਪਿਤਾ ਦੀ ਮੌਤ ਦਾ ਜ਼ਿੰਮੇਵਾਰ ਤੇਰਾ ਸਕਾ ਤਾਇਆ ਹੈ। ਇਸ ਕਾਰਨ ਘਰ ਵਿਚ ਹਮੇਸ਼ਾ ਕਲੇਸ਼ ਰਹਿੰਦਾ ਸੀ। ਉਸ ਨੇ ਆਪਣੇ ਤਾਏ ਨਾਲ ਜ਼ਮੀਨ ਵੰਡ ਕੇ ਵਾਹੀ ਜੋਤੀ ਦੇ ਮਰਦਾਂ ਵਾਲੇ ਕੰਮ ਖੁਦ ਕਰਦੀ ਹੈ। ਉਸ ਦੇ ਨਾਲ ਪੜ੍ਹਦੇ ਵਿਕਰਮ ਨਾਲ ਉਸ ਦਾ ਵਿਆਹ ਪੱਕਾ ਹੋ ਜਾਂਦਾ ਹੈ। ਵਿਆਹ ਵੇਲੇ ਪੱਲਾ ਫੜਾਉਣ ਦੀ ਰਸਮ ਨਿਭਾਉਣ ਤੋਂ ਤਾਏ ਨੂੰ ਨਾਂਹ ਕਰ ਦਿੰਦੀ ਅਤੇ ਆਪਣੀ ਮਾਂ ਕੋਲੋਂ ਪੱਲਾ ਫੜਨ ਦੀ ਰਸਮ ਪੂਰੀ ਕਰਵਾਉਂਦੀ ਹੈ। ਇਹ ਸਮਾਜਿਕ ਰੀਤੀ-ਰਿਵਾਜਾਂ ਵਿਰੁੱਧ ਉਸ ਦੀ ਬਗ਼ਾਵਤ ਸੀ। ਉਸ ਦੀ ਦਿਲੀ ਧਾਰਨਾ ਹੈ ਕਿ ਔਰਤ ਬੇਬੱਸ ਅਤੇ ਲਾਚਾਰ ਨਹੀਂ, ਸਗੋਂ ਉਸ ਨੂੰ ਮਰਦ ਨੇ ਬਣਾਇਆ ਹੈ। ਉਹ ਦੁਨੀਆ ਦੇ ਸਾਰੇ ਮਰਦਾਂ ਨੂੰ ਇੱਕੋ ਥਾਲੀ ਦੇ ਚੱਟੇ-ਵੱਟੇ ਸਮਝਦੀ ਹੈ। ਉਹ ਮਾਂ ਦੀ ਮੌਤ 'ਤੇ ਚਿਖਾ ਨੂੰ ਅਗਨੀ ਵੀ ਖੁਦ ਲਾਉਂਦੀ ਹੈ। ਇੱਥੇ ਉਸ ਨੇ ਰਸਮ ਦਾ ਵਿਰੋਧ ਕਰਕੇ ਇਸਤਰੀ ਜਾਤੀ ਲਈ ਬਰਾਬਰਤਾ ਦਾ ਸੰਦੇਸ਼ ਦਿੱਤਾ ਹੈ।
ਮਨਵੀਰ ਦਾ ਪਤੀ ਵਿਕਰਮ ਆਪਣੇ ਚਚੇਰੇ ਭਰਾ ਨਾਲ ਉਸ ਦੀ ਪ੍ਰੇਮਿਕਾ ਕੋਲ ਜਾਂਦੇ ਹਨ। ਉੱਥੇ ਲੜਾਈ ਵਿਚ ਵਿਕਰਮ ਦੀ ਮੌਤ ਹੋ ਜਾਂਦੀ ਅਤੇ ਸ਼ੇਰਾ ਬਚ ਜਾਂਦਾ ਹੈ। ਇਸ ਨਾਲ ਉਹ ਸ਼ੇਰੇ ਦੀ ਪੱਕੀ ਦੁਸ਼ਮਣ ਬਣ ਕੇ ਉਸ ਨੂੰ ਨਫ਼ਰਤ ਕਰਦੀ ਹੈ। ਰਿਸ਼ਤੇਦਾਰ ਅਤੇ ਸਹੁਰਾ ਪਰਿਵਾਰ ਮਿਲ ਕੇ ਮਨਵੀਰ ਨੂੰ ਸ਼ੇਰੇ ਦੇ ਘਰ ਬਿਠਾ ਦਿੰਦੇ ਹਨ। ਉਸ ਦਾ ਸ਼ੇਰੇ ਨਾਲ ਵਿਆਹ ਕਰਾਉਣ ਦਾ ਕਾਰਨ ਉਸ ਦੀ ਪੰਜ ਕਿੱਲੇ ਪੈਲੀ ਹੈ। ਉਸ ਤਰ੍ਹਾਂ ਉਹ ਸ਼ੇਰੇ ਨੂੰ ਸਖ਼ਤ ਨਫ਼ਰਤ ਕਰਦੀ ਹੈ। ਇੱਥੇ ਇਸ ਲੜਕੀ ਦਾ ਦੋਗਲਾ ਕਿਰਦਾਰ ਨਜ਼ਰ ਆਉਂਦਾ ਹੈ। ਸ਼ੇਰਾ ਆਪਣੇ ਭਰਾ ਵਿਕਰਮ ਦਾ ਬਦਲਾ ਲੈਣ ਲਈ ਲੱਖਾ ਸਿੰਘ ਦਾ ਕਤਲ ਕਰ ਦਿੰਦਾ ਹੈ। ਉਸ ਉੱਪਰ ਕਤਲ ਕੇਸ ਪੈਣ ਨਾਲ ਘਰ ਦੀ ਮਾਲੀ ਹਾਲਤ ਕਮਜ਼ੋਰ ਹੁੰਦੀ ਗਈ, ਪੈਲੀ ਗਹਿਣੇ ਪੈ ਗਈ ਤੇ ਮਾਲ-ਡੰਗਰ ਵੀ ਵਿਕ ਗਿਆ ਸੀ। ਮਨਵੀਰ ਦੀ ਭੈਣ ਰੂਪਾਂ ਸ਼ੇਰੇ ਨੂੰ ਬਰੀ ਕਰਾਉਣ ਲਈ ਆਪਣੇ ਪ੍ਰੇਮੀ ਸੁਰਿੰਦਰ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋ ਜਾਂਦੀ ਹੈ। ਉਹ ਬਰੀ ਹੋ ਕੇ ਘਰ ਆਉਂਦਾ ਪ੍ਰੰਤੂ ਮਨਵੀਰ ਹਾਲੇ ਵੀ ਉਸ ਨੂੰ ਨਫ਼ਰਤ ਕਰਦੀ ਹੈ। ਮਨਵੀਰ ਦੀ ਭੈਣ ਅਤੇ ਨਣਾਨ ਰਲਕੇ ਉਸ ਨੂੰ ਸ਼ਾਂਤ ਕਰਦੀਆਂ ਹਨ। ਉਹ ਸੁਭਾਅ ਵਿਚ ਬਦਲਾਵ ਕਰਕੇ ਸ਼ੇਰੇ ਨੂੰ ਸਵੀਕਾਰ ਕਰ ਲੈਂਦੀ ਹੈ। ਉਸ ਨੂੰ ਨਸ਼ੇ ਤੋਂ ਨਿਜਾਤ ਦਿਵਾਉਣ ਲਈ ਹਰ ਹੀਲਾ ਵਰਤਦੀ ਹੈ। ਉਸ ਨੇ ਕਿਹਾ ਤੁਹਾਨੂੰ ਗ਼ੁਲਾਮ ਬਣਾਉਣਾ ਮੇਰੀ ਪਹਿਲੀ ਸ਼ਰਤ ਹੈ। ਉਸ ਦੇ ਨਾਂਹ-ਨੁਕਰ ਕਰਨ 'ਤੇ ਉਹ ਸਮਝਾਉਂਦੀ ਹੈ ਕਿ ਦੁਨੀਆ ਦਾ ਹਰੇਕ ਵਿਅਕਤੀ ਗੁਲਾਮ ਹੈ, ਕੋਈ ਅਜਿਹਾ ਵਿਅਕਤੀ ਨਹੀਂ ਭਾਲਿਆ ਜਾ ਸਕਦਾ ਜੋ ਕਿਸੇ ਦਾ ਗੁਲਾਮ ਨਾ ਹੋਵੇ। ਇਸ ਤਰ੍ਹਾਂ ਸਹਿਮਤੀ ਲੈਣ 'ਤੇ ਨਾਵਲ ਦੀ ਮੁੱਖ ਪਾਤਰ ਮਨਵੀਰ ਬਿਖੜੇ ਪੈਂਡਿਆਂ ਨੂੰ ਸਰ ਕਰਦੀ ਜੀਵਨ ਦੀ ਗੱਡੀ ਦਾ ਪਹੀਆ ਲੀਹ 'ਤੇ ਪਾਉਣ ਵਿਚ ਸਫਲ ਹੋ ਜਾਂਦੀ ਹੈ। ਲੇਖਕ ਨੇ ਆਧੁਨਿਕ ਸਮਾਜ ਦੇ ਪਰਿਵਾਰਿਕ,ਸਮਾਜਿਕ, ਆਰਥਿਕ ਅਤੇ ਪਿਆਰ ਕਰਨ ਵਾਲੇ ਮਸਲਿਆਂ ਨੂੰ ਹੱਲ ਕਰਨ ਲਈ ਜ਼ਿੰਮੇਵਾਰ ਪਾਤਰਾਂ ਦੀ ਸਿਰਜਣਾ ਕੀਤੀ । ਇਸ ਲਈ ਲੇਖਕ ਵਧਾਈ ਦੇ ਪਾਤਰ ਹਨ। ਪੰਜਾਬ ਦੇ ਪਿੰਡਾਂ ਦਾ ਸਮਾਜਿਕ ਵਰਤਾਰਾ ਅਤੇ ਭਾਈਚਾਰਕ ਸਾਂਝ ਨੂੰ ਸਮਝਣ ਲਈ ਇਹ ਨਾਵਲ ਪੜ੍ਹਨ ਯੋਗ ਹੈ।

-ਡਾ. ਅਮਰਜੀਤ ਸਿੰਘ ਗਿੱਲ
ਮੋਬਾਈਲ : 98553-88572

ਪਰਛਾਵੇਂ
ਲੇਖਿਕਾ : ਡਾ. ਇੰਦੂ ਗੁਪਤਾ
ਪ੍ਰਕਾਸ਼ਕ : ਸ਼ਿਵਰਾਜ ਪ੍ਰਕਾਸ਼ਨ, ਦਿੱਲੀ
ਮੁੱਲ : 400 ਰੁਪਏ, ਸਫ਼ੇ : 159
ਸੰਪਰਕ : 098710-84402

ਮਿੰਨੀ ਕਹਾਣੀ ਪੰਜਾਬੀ ਸਾਹਿਤ ਵਿਚ ਆਪਣੀ ਵੱਖਰੀ ਥਾਂ ਰੱਖਦੀ ਹੈ। ਥੋੜ੍ਹੇ ਸ਼ਬਦਾਂ ਵਿਚ ਵੱਡੀ ਗੱਲ ਕਹਿਣ ਦਾ ਇਹ ਹੁਨਰ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਇਸ ਮਿੰਨੀ ਕਹਾਣੀ ਸੰਗ੍ਰਹਿ ਵਿਚ 115 ਮਿੰਨੀ ਕਹਾਣੀਆਂ ਦੇ ਰਾਹੀਂ ਲੇਖਕਾਂ ਨੇ ਸਮਾਜਿਕ ਵਿਸ਼ਿਆਂ ਨੂੰ ਹੀ ਆਧਾਰ ਬਣਾਇਆ ਹੈ ਪਰ ਉਨ੍ਹਾਂ ਨੂੰ ਕਹਿਣ ਦਾ ਢੰਗ ਬਿਲਕੁਲ ਨਿਵੇਕਲਾ ਹੈ। ਸਮਾਜਿਕ, ਮਾਨਸਿਕ ਅਤੇ ਆਰਥਿਕ ਮੁੱਦਿਆਂ ਨੂੰ ਮੁੱਖ ਤੌਰ 'ਤੇ ਇਨ੍ਹਾਂ ਕਹਾਣੀਆਂ ਵਿਚ ਪੇਸ਼ ਕੀਤਾ ਗਿਆ ਹੈ ਅਤੇ ਕਈ ਕਹਾਣੀਆਂ ਵਿਚ ਸਟੀਕ ਵਿਅੰਗ ਕਰਦੇ ਹੋਏ ਸਮਾਜ ਦੇ ਕਈ ਪੱਖਾਂ 'ਤੇ ਕਰਾਰੀ ਚੋਟ ਕੀਤੀ ਗਈ ਹੈ। ਕਹਾਣੀ 'ਰੈਗਿੰਗ ਅਜੇ ਸ਼ੁਰੂ ਹੋਈ ਹੈ' ਰੈਗਿੰਗ ਦੇ ਨਾਂਅ 'ਤੇ ਕੀਤੀ ਜਾਂਦੀ ਗੁੰਡਾਗਰਦੀ ਨੂੰ ਬਦਲਦੇ-ਬਦਲਦੇ ਹੋਏ ਉਸ ਨੂੰ ਇੱਕ ਨਿਵੇਕਲਾ ਰੂਪ ਦੇਣ ਦਾ ਯਤਨ ਕਰਦੇ ਨੌਜਵਾਨਾਂ ਦਾ ਸੁਨੇਹਾ ਹੈ। ਕਹਾਣੀ ਖਾਦ ਧੀਆਂ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਵੇਖਣ ਦਾ ਸੁਨੇਹਾ ਦਿੰਦੀ ਹੈ। ਕਹਾਣੀਆਂ ਵਿਚ ਬਜ਼ੁਰਗਾਂ ਪ੍ਰਤੀ ਸਮਾਜ ਦਾ ਨਜ਼ਰੀਆ, ਆਧੁਨਿਕ ਯੁੱਗ ਵਿਚ ਰਿਸ਼ਤਿਆਂ ਦੇ ਬਦਲ ਰਹੇ ਪੈਰਾਮੀਟਰ, ਰੁੱਖ ਧਰਤੀ ਤੇ ਵਾਤਾਵਰਨ ਪ੍ਰਤੀ ਸੁਜਗਤਾ ਅਜਿਹੇ ਅਨੇਕਾਂ ਵਿਸ਼ੇ ਹਨ ਜੋ ਬਹੁਤ ਹੀ ਵੱਖਰੇ ਸੁਨੇਹੇ ਨਾਲ ਪੇਸ਼ ਕੀਤੇ ਗਏ ਹਨ। ਫੂਲ ਚੰਦ ਥੈਲਾ ਕਹਾਣੀ ਰਾਹੀਂ ਵਾਤਾਵਰਨ ਦੇ ਬੜੇ ਗੰਭੀਰ ਵਿਸ਼ੇ ਨੂੰ ਅਨੋਖੇ ਅੰਦਾਜ਼ ਰਾਹੀਂ ਪ੍ਰਗਟਾਇਆ ਗਿਆ ਹੈ। ਕਹਾਣੀ 'ਸਜ਼ਾ' ਜਬਰ ਜਨਾਹ ਵਰਗੇ ਘਿਨੌਣੇ ਅਪਰਾਧ ਤੋਂ ਬਾਅਦ ਮਾਨਸਿਕ ਪੀੜਾ ਭੋਗ ਰਹੀ ਲੜਕੀ ਦੀ ਕਹਾਣੀ ਹੈ। ਕਹਾਣੀ 'ਉਮੀਦਾਂ', 'ਨਵੀਂ ਸ਼ੁਰੂਆਤ' ਅਤੇ 'ਨਵੀਂ ਸੋਚ' ਨੂੰ ਪੇਸ਼ ਕਰਦੀ ਹੈ। ਕਹਾਣੀਆਂ ਕਹਾਣੀਆਂ ਵਿਚ ਕਥਾ ਰਸ ਅਤੇ ਬੋਲੀ ਸ਼ੈਲੀ ਇਨ੍ਹਾਂ ਨੂੰ ਹੋਰ ਵੀ ਦਿਲਚਸਪ ਅਤੇ ਰੌਚਕ ਬਣਾਉਂਦੀ ਹੈ। ਲੇਖਿਕਾ ਦਾ ਤਜਰਬਾ ਇਨ੍ਹਾਂ ਕਹਾਣੀਆਂ ਵਿਚ ਮੂੰਹੋਂ ਬੋਲਦਾ ਨਜ਼ਰ ਆਉਂਦਾ ਹੈ। ਕਹਾਣੀ-ਸੰਗ੍ਰਹਿ ਮਾਨਣ ਯੋਗ ਹੈ

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

ਗਬਨ
ਲੇਖਕ : ਮੁਨਸ਼ੀ ਪ੍ਰੇਮਚੰਦ
ਅੁਨਵਾਦਕ : ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 495, ਸਫ਼ੇ : 304
ਸੰਪਰਕ : 99588-31357

ਪ੍ਰਸਿੱਧ ਲੇਖਕ ਮੁਨਸ਼ੀ ਪ੍ਰੇਮਚੰਦ ਨੇ ਕਹਾਣੀ, ਨਾਵਲ, ਆਲੋਚਨਾ, ਨਾਟਕ, ਵਾਰਤਕ ਅਤੇ ਸੰਪਾਦਨਾ ਦੇ ਖੇਤਰ ਵਿਚ ਹਿੰਦੀ ਸਾਹਿਤ ਜਗਤ 'ਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਵੱਡੀ ਪਛਾਣ ਨਾਵਲਕਾਰ ਵਜੋਂ ਬਣੀ ਅਤੇ ਉਨ੍ਹਾਂ ਨੂੰ 'ਨਾਵਲ ਸਮਰਾਟ' ਵਜੋਂ ਜਾਣਿਆ ਗਿਆ। ਪ੍ਰੇਮਚੰਦ ਦੇ ਅਨੇਕਾਂ ਪ੍ਰਸਿੱਧ ਨਾਵਲਾਂ ਵਿਚੋਂ ਇਕ 'ਗਬਨ' ਆਪਣੇ ਸਮੇਂ ਦਾ ਯਥਾਰਥਵਾਦੀ ਨਾਵਲ ਹੈ ਜਿਸ ਵਿਚ ਮੱਧਵਰਗੀ ਪਰਿਵਾਰਾਂ ਦੀ ਪੈਸੇ, ਐਸ਼ੋ ਇਸ਼ਰਤ ਅਤੇ ਉਪਭੋਗੀ ਵਸਤੂਆਂ ਪ੍ਰਤੀ ਲਲਕ ਨੂੰ ਦਰਸਾਇਆ ਗਿਆ ਹੈ। ਇਸ ਲਲਕ ਨਾਲ ਉਹ ਦੋਹਰਾ ਜੀਵਨ ਜੀਊਂਦੇ ਹਨ। ਉਹ ਸਮਾਜਿਕ ਅਤੇ ਆਰਥਿਕ ਸਮਰਿੱਧੀ ਦੀ ਇੱਛਾ ਰੱਖਦੇ ਕਰਜ਼, ਧੋਖੇਬਾਜ਼ੀ, ਰਿਸ਼ਤਿਆਂ ਦੀ ਟੁੱਟ ਭੱਜ, ਸਵਾਰਥ ਭਰੇ ਦੰਭੀ ਜੀਵਨ ਨੂੰ ਭੋਗਦੇ ਕਈ ਕਿਸਮ ਦੇ 'ਗਬਨ' ਦੇ ਭਾਗੀ ਬਣ ਜਾਂਦੇ ਹਨ। ਨਾਵਲ ਵਿਚ ਮੱਧਵਰਗੀ ਦੀ ਝੂਠੀ ਸ਼ਾਨ ਦੀ ਪ੍ਰਤੀਨਿਧਤਾ ਰਮਾਨਾਥ ਤੇ ਉਸਦੀ ਪਤਨੀ ਜਾਲਪਾ ਕਰਦੇ ਹਨ। ਰਮਾਨਾਥ ਆਪਣੀ ਫੋਕੀ ਸ਼ਾਨ ਤੇ ਝੂਠੀ ਅਮੀਰੀ ਨੂੰ ਬਰਕਰਾਰ ਰੱਖਣ ਲਈ ਆਪਣੀ ਪਤਨੀ ਜਾਲਪਾ ਦੀ ਮਹਿੰਗੇ ਗਹਿਣੇ ਖਰੀਦਣ ਦੀ ਇੱਛਾ ਪੂਰੀ ਕਰਦਾ ਹੈ। ਇਸ ਪ੍ਰਕਿਰਿਆ ਵਿਚ ਰਮਾਨਾਥ ਦਫਤਰੀ ਭ੍ਰਿਸ਼ਟਾਚਾਰ ਵਿਚ ਲਿਪਤ ਹੋ ਜਾਂਦਾ ਹੈ, ਕਰਜ਼ਿਆਂ ਦੇ ਜਾਲ ਵਿਚ ਫਸਦਾ ਹੈ ਅਤੇ ਆਪਣੇ ਜੀਵਨ ਦੇ ਸਹਿਜ ਚਲਣ ਨੂੰ ਛੱਡ ਕੇ ਅਨੇਕਾਂ ਚੁਣੌਤੀਆਂ ਵਿਚ ਘਿਰ ਜਾਂਦਾ ਹੈ। ਉਹ ਕਲਕੱਤੇ ਜਾ ਕੇ ਰੂਪੋਸ਼ ਹੋ ਜਾਂਦਾ ਹੈ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪੁਲੀਸ ਕੇਸਾਂ ਵਿਚ ਉਲਝ ਜਾਂਦਾ ਹੈ। ਨਾਵਲ ਦੀ ਚਾਲ ਪਾਠਕਾਂ ਨੂੰ ਸੰਮੋਹਿਤ ਕਰਨ ਵਾਲੀ ਹੈ ਜਿਸ ਲਈ ਮੁਨਸ਼ੀ ਪ੍ਰੇਮਚੰਦ ਪਾਠਕਾਂ ਵਿਚ ਉਚੇਰੇ ਰੁਤਬੇ ਨਾਲ ਜਾਣੇ ਜਾਂਦੇ ਹਨ। ਜਾਲਪਾ ਅਤੇ ਰਮਾਨਾਥ ਦੇ ਜੀਵਨ ਯਥਾਰਥ ਨੂੰ ਮਨੋਵਿਗਿਆਨਕ ਛੋਹਾਂ ਨਾਲ ਪੇਸ਼ ਕਰਨ ਵਿਚ ਲੇਖਕ ਦਾ ਭਾਸ਼ਾਈ ਹੁਨਰ ਕਮਾਲ ਦਾ ਹੈ। ਮੱਧਵਰਗੀ ਜੀਵਨ ਦੀਆਂ ਵਿਸੰਗਤੀਆਂ ਬਦਲਦੇ ਸਮਾਜਿਕ ਪਰਿਵੇਸ਼ ਨਾਲ ਤਬਦੀਲ ਹੁੰਦੀਆਂ ਰਹੀਆਂ ਹਨ ਪਰ ਇਹ ਨਾਵਲ ਭਾਰਤੀ ਮੱਧਵਰਗੀ ਸਮਾਜ ਦੀ ਪ੍ਰਮਾਣਿਕ ਪੇਸ਼ਕਾਰੀ ਵਜੋਂ ਇਕ ਸਟੀਕ ਟੈਕਸਟ ਰਹੇਗੀ। ਬਲਦੇਵ ਸਿੰਘ ਬੱਦਨ ਦਾ ਇਹ ਕਾਰਜ ਨਿਰੋਲ ਪੰਜਾਬੀ ਪਾਠਕਾਂ ਲਈ ਪੜ੍ਹਨਯੋਗ ਤੇ ਸਾਂਭਣਯੋਗ ਹੈ।

-ਡਾ. ਜੇ. ਬੀ. ਸੇਖੋਂ
ਮੋਬਾਈਲ : 94175-86028

ਜਿਗਰ ਦਾ ਰੱਤ
ਲੇਖਕ : ਵੈਦ ਗੁਰਪ੍ਰੀਤ ਸ਼ਰਮਾ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨ, ਬਠਿੰਡਾ
ਮੁੱਲ : 299 ਰੁਪਏ, ਸਫ਼ੇ : 136
ਸੰਪਰਕ : 73559-17624

ਸ਼ਾਇਰ ਗੁਰਪ੍ਰੀਤ ਸ਼ਰਮਾ ਆਪਣੇ ਪਲੇਠੇ ਕਾਵਿ-ਪਰਾਗੇ 'ਜਿਗਰ ਦਾ ਰੱਤ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਕਾਵਿ-ਕਿਤਾਬ ਦੇ ਨਾਂਅ 'ਜਿਗਰ ਦਾ ਰੱਤ' ਤੋਂ ਸਹਿਜੇ ਹੀ ਸਾਡੇ ਹੱਥ ਆ ਜਾਂਦੀ ਹੈ ਜਦੋਂ ਜਦੋਂ ਉਹ ਆਪਣੇ ਕਾਵਿ-ਪ੍ਰਵਚਨ ਨੂੰ ਕਵਿਤਾਉਂਦਿਆਂ ਸਵੈ ਕਥਨ ਕਰਦਾ ਹੈ 'ਜਿਗਰ ਮੇਰੀ ਦਵਾਤ, ਸਿਆਹੀ ਦੀਆਂ ਹੱਡੀਆਂ, ਕਲਮ ਨੇ ਬਣੀਆਂ ਜਿਸਮ ਦਾ ਲਾਹ ਕੇ ਮਾਸ ਵੇ ਸੱਜਣਾ' ਭਾਵੇਂ ਇਕੋ ਕਿਸਮ ਦੇ ਤਰੰਗਤੀ ਆਦਿ ਜੁਗਾਤੀ ਮੁਹੱਬਤੀ ਜਜ਼ਬੇ ਨੂੰ ਕਵਿਤਾਉਣਾ ਬੜਾ ਮੁਸ਼ਕਿਲ ਹੁੰਦਾ ਹੈ, ਪਰ ਇਸ ਸ਼ਾਇਰ ਨੇ ਆਪਣੀ ਬਣਦੀ ਕਾਵਿ-ਕੁਸ਼ਲਤਾ ਨਾਲ ਬਾਖੂਬੀ ਨਿਭਾਇਆ ਹੈ। ਮੁਹੱਬਤ ਪਹਾੜੀ ਨਦੀ ਦੇ ਵਹਾਅ ਵਰਗਾ ਔਝੜ ਰਸਤਾ ਹੁੰਦਾ ਹੈ, ਜਦੋਂ ਚਟਾਨਾਂ ਨਾਲ ਵਹਿੰਦਾ ਹੋਇਆ ਮੈਦਾਨਾਂ ਵਿਚ ਆ ਕੇ ਸਮਤਲ ਹੋ ਜਾਂਦਾ ਹੈ। ਏਸੇ ਤਰ੍ਹਾਂ ਸਮਾਜਕ ਵਰਜਣਾਵਾਂ ਨਾਲ ਦਸਤ ਪੰਜਾ ਲੈਂਦਿਆਂ ਆਪਣੀ ਵਸਲ ਤੱਕ ਦੀ ਮੰਜ਼ਿਲ ਤੱਕ ਪਹੁੰਚਣ ਲਈ ਪੁਰਸਲਾਤ ਨੂੰ ਪਾਰ ਕਰਨ ਵਰਗਾ ਤਰੱਦਦ ਹੁੰਦਾ ਹੈ। ਸੋ ਮੁਹੱਬਤ ਦੇ ਔਝੜ ਰਸਤਿਆਂ 'ਤੇ ਚਲਦਿਆਂ ਆਪਣੀ ਮਹਿਬੂਬਾ ਨਾਲ ਰੋਸੇ, ਮੇਹਣੇ, ਮੰਨ ਮਨਾਉਣੀਆਂ ਵਰਗੇ ਅਹਿਸਾਸਾਂ ਨੂੰ ਬਾਖੂਬੀ ਨਿਭਾਇਆ ਹੈ। ਸ਼ਾਇਰ ਪੱਥਰਾਂ ਦੇ ਕਹੇ ਜਾਂਦੇ ਸ਼ਹਿਰ ਚੰਡੀਗੜ੍ਹ ਵਿਚ ਪੜ੍ਹਿਆ ਹੋਣ ਕਰਕੇ ਇਹ ਮੁਹੱਬਤ ਦੀ ਲਾਗ ਉਥੋਂ ਦੀ ਸਹੇੜੀ ਲਗਦੀ ਹੈ। ਅੱਜ ਦੇ ਸਮੇਂ ਵਿਚ ਮੁਹੱਬਤ ਜਿਸਮਾਂ ਦੇ ਖੇਡ ਤੱਕ ਹੀ ਮਹਿਦੂਦ ਹੋ ਰਹੀ ਜਾਪਦੀ ਹੈ ਤੇ ਰਿਸ਼ਤਿਆਂ ਦੀ ਵਿਆਕਰਨ ਵਿਚ ਵਿਗਾੜ ਪੈਦਾ ਹੋਣ ਕਾਰਨ ਪਾਕੀਜ਼ਗੀ ਤੇ ਨਿਰਛਲਤਾ ਕਾਠੂਰ ਹੋ ਰਹੀ ਹੈ। ਆਪਣੀ ਬਿਹਤਰੀਨ ਨਜ਼ਮ 'ਮੇਰਾ ਦੇਸ਼' ਵਿਚ ਉਹ ਦੇਸ਼ ਦੇ ਸਿਆਸੀ ਅਲੰਬਰਦਾਰਾਂ ਦੇ ਇਹ ਕਹਿ ਕੇ ਬਖੀਏ ਉਧੇੜਦਾ ਹੈ ਕਿ ਸ਼ਰੇਆਮ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਹਨ। ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਆਪਣੀ ਬਣਦੀ ਕਾਵਿ-ਭੂਮਿਕਾ ਨਿਭਾਅ ਰਿਹਾ ਹੈ। ਮੁਹੱਬਤ ਦੇ ਵੱਖ-ਵੱਖ 'ਸੁਡੇਜ' ਦਿਖਾਉਣ ਵਾਲੇ ਸ਼ਾਇਰ ਤੋਂ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਾਵਿ-ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।

-ਭਗਵਾਨ ਢਿੱਲੋਂ
ਮੋਬਾਈਲ : 98143-78254

ਮਸਲੇ ਗਲਪ ਦੇ
ਲੇਖਕ : ਡਾ. ਜੋਗਿੰਦਰ ਸਿੰਘ ਰਾਹੀ
ਪ੍ਰਕਾਸ਼ਕ: ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ: 98889-24664

'ਮਸਲੇ ਗਲਪ ਦੇ' ਪੁਸਤਕ ਦੇ ਲੇਖਕ ਜੋਗਿੰਦਰ ਸਿੰਘ ਰਾਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਵਿਚ ਸਭ ਤੋਂ ਸੀਨੀਅਰ ਪ੍ਰੋਫ਼ੈਸਰ ਹਨ। ਉਨ੍ਹਾਂ ਦੀ ਵਿਸ਼ੇਸ਼ਗਤਾ ਦੇ ਖੇਤਰ ਪੰਜਾਬੀ ਗਲਪ ਤੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਹਨ। 'ਮਸਲੇ ਗਲਪ ਦੇ' ਪੁਸਤਕ ਤੋਂ ਇਲਾਵਾ ਉਨ੍ਹਾਂ 'ਪੰਜਾਬੀ ਨਾਵਲ', 'ਸਮਾਂ ਤੇ ਸੰਵਾਦ', 'ਜੋਤ ਜੁਗਤ ਕੀ ਬਾਰਤਾ', 'ਜੱਗ ਬੀਤੀ ਹੱਡ ਬੀਤੀ', 'ਰੂਪ ਅਨੂਪ', 'ਨਾਨਕ ਸਿੰਘ ਦੀ ਨਾਵਲਕਾਰੀ: ਅਣਪਛਾਤੇ ਨਕਸ਼' ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਨੂੰ ਪੰਜਾਬੀ ਵਿੱਦਿਅਕ ਜਗਤ ਵਿਚ ਆਦਰ ਨਾਲ ਜਾਣਿਆ ਤੇ ਪੜ੍ਹਿਆ ਜਾਂਦਾ ਹੈ। ਉਹ ਯੂਨੀਵਰਸਿਟੀ ਵਿਚ ਕਈ ਪ੍ਰਸ਼ਾਸਕੀ ਅਹੁਦਿਆਂ ਉੱਤੇ ਕੰਮ ਕਰ ਚੁੱਕੇ ਹਨ। ਇਸ ਸਮੇਂ ਉਹ ਭਾਰਤ ਦੇ ਸਭ ਤੋਂ ਵੱਡੇ ਸਾਹਿਤ ਪੁਰਸਕਾਰ 'ਸਰਸਵਤੀ ਸਮਾਨ' ਦੀ ਪੰਜਾਬੀ ਭਾਸ਼ਾ ਸਮਿਤੀ ਦੇ ਕਨਵੀਨਰ ਤੇ ਰਿਜਨਲ ਕਮੇਟੀ (ਉੱਤਰ) ਦੇ ਮੈਂਬਰ ਹਨ। 'ਮਸਲੇ ਗਲਪ ਦੇ' ਲੇਖਕ ਵਲੋਂ ਨੈਸ਼ਨਲ ਲੈਕਚਰਾਰ ਦੇ ਤੌਰ ਉੱਤੇ ਦਿੱਤੇ ਲੈਕਚਰਾਂ ਦਾ ਸੰਗ੍ਰਹਿ ਹੈ। ਪੁਸਤਕ ਵਿਚ ਨਾਵਲ ਦੀ ਵਿਧਾ, ਸਾਹਿਤ ਕਿਰਤਾਂ ਦੀ ਇਤਿਹਾਸਕਤਾ, ਪੰਜਾਬੀ ਕਿੱਸਾ ਕਾਵਿ ਵਿਚ ਇਹ ਲੌਕਿਕਤਾ, ਨਾਨਕ ਸਿੰਘ ਦੀ ਪ੍ਰਵਚਨ ਵਿਧੀ, ਪ੍ਰਗਤੀਵਾਦ ਤੇ ਪੰਜਾਬੀ ਨਾਵਲ, ਪੰਜਾਬੀ ਨਾਵਲ ਦੀ ਇਤਿਹਾਸਕਾਰੀ ਭਾਸ਼ਣ ਸ਼ਾਮਲ ਕੀਤੇ ਗਏ ਹਨ। ਨਾਵਲ ਵਿਧਾ ਸੰਬੰਧੀ ਬਹੁਤ ਹੀ ਬਰੀਕੀ ਨਾਲ ਖੋਜ ਕਰਕੇ ਇਹ ਭਾਸ਼ਨ ਲਿਖੇ ਗਏ ਹਨ। ਇਹ ਪੁਸਤਕ ਗਲਪ ਦੇ ਅਹਿਮ ਮਸਲਿਆਂ ਨੂੰ ਸਾਹਿਤ ਦੀ ਇਤਿਹਾਸਕਾਰੀ ਦੇ ਚੌਖਟੇ ਵਿਚ ਵਿਚਾਰਨ ਦਾ ਲੜੀ ਬੱਧ ਵਿਧੀ ਵਿਗਿਆਨ ਹੈ। ਨਾਵਲ ਬਾਰੇ ਉਨ੍ਹਾਂ ਵਿਸਥਾਰ ਵਿਚ ਲਿਖਿਆ ਹੈ। ਪ੍ਰਸਿੱਧ ਲੇਖਕ ਨਾਨਕ ਸਿੰਘ ਅਤੇ ਹੋਰ ਲੇਖਕਾਂ ਦੀਆਂ ਲਿਖਤਾਂ ਦੀ ਉਨ੍ਹਾਂ ਘੋਖ ਕਰਕੇ ਇਹ ਭਾਸ਼ਨ ਤਿਆਰ ਕੀਤੇ ਹਨ। ਕੇਵਲ ਗੁਰਦਿਆਲ ਸਿੰਘ ਹੀ ਇਕ ਅਜਿਹਾ ਨਾਵਲਕਾਰ ਹੈ ਜੋ ਸਮਕਾਲੀਨਤਾ ਤੋਂ ਉੱਪਰ ਉੱਠ ਕੇ ਜ਼ਿੰਦਗੀ, ਮੌਤ, ਹੋਣੀ, ਕਰਮਾਂ, ਰੱਬ, ਧਰਮ ਤੇ ਸੰਸਕ੍ਰਿਤੀ ਆਦਿ ਦੇ ਮਸਲਿਆਂ ਨੂੰ ਫ਼ਲਸਫ਼ੀ ਵਾਲੀ ਨਜ਼ਰ ਨਾਲ ਵੀ ਚਿਤਰਦਾ ਹੈ।' ਇਹ ਕਿਹਾ ਜਾਵੇਗਾ ਕਿ 'ਮਸਲੇ ਗਲਪ ਦੇ' ਪੁਸਤਕ ਉਨ੍ਹਾਂ ਵਲੋਂ ਸਾਹਿਤ ਲਈ ਵੱਡੀ ਦੇਣ ਹੈ।

-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020

Ad Position 22
No active advertisement
ਪਿਛਲੀ ਖ਼ਬਰ ਬਾਲ ਗੀਤ ਸਾਈਕਲ * ਹਰਪ੍ਰੀਤ ਪੱਤੋ * ਅਗਲੀ ਖ਼ਬਰ ਤੁਰ ਗਿਆ ਖੇਡਾਂ ਦਾ ਸਰਪ੍ਰਸਤ ਰਾਜਾ ਰਣਧੀਰ ਸਿੰਘ
Ad Position 24
No active advertisement