ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

20-06-26

Ad Position 21
No active advertisement
ਅਜੀਤ ਡੈਸਕ 20-06-2026

 ਨੂਰ ਇਲਾਹੀ
ਲੇਖਿਕਾ : ਮਨਜੀਤ ਕੌਰ ਮੁਹਾਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98159-90540

'ਨੂਰ ਇਲਾਹੀ' ਮਨਜੀਤ ਕੌਰ ਮੁਹਾਲੀ ਦਾ ਰਚਿਆ ਕਾਵਿ- ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਤਿੰਨ ਕਾਵਿ-ਸੰਗ੍ਰਹਿ 'ਅਰਸ਼ੀ ਰਮਜ਼ਾਂ', 'ਰੂਹ ਦੀਆਂ ਰਮਜ਼ਾਂ', 'ਸੰਦਲੀ ਰਮਜ਼ਾਂ' ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੀ ਹੈ। ਹਥਲੀ ਰਚਨਾ ਵਿਚ ਕਵਿੱਤਰੀ ਨੇ ਸੱਠ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਜਿਨ੍ਹਾਂ ਵਿਚ ਪੰਜਾਬ ਦੇ ਮਹਾਨਾਇਕਾਂ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ. ਹਰੀ ਸਿੰਘ ਨਲੂਆ, ਮਹਾਰਾਣੀ ਜਿੰਦ ਕੌਰ, ਪਾਂਡੀ ਪਾਤਸ਼ਾਹ ਆਦਿ ਦੇ ਜੀਵਨ ਬਿਰਤਾਂਤ, ਫ਼ਿਲਾਸਫ਼ੀ ਅਤੇ ਸਮਾਜਿਕ ਦੇਣ ਨੂੰ ਖ਼ੂਬਸੂਰਤ ਕਵਿਤਾਵਾਂ ਅਤੇ ਗੀਤਾਂ ਰਾਹੀਂ ਚਿੱਤਰਿਆ ਗਿਆ ਹੈ। ਅਜੋਕੇ ਸਮੇਂ ਪੰਜਾਬ ਦੀਆਂ ਆਪਣੀਆਂ ਫ਼ਸਲਾਂ, ਨਸਲਾਂ, ਸਾਹਿਤ, ਸੱਭਿਆਚਾਰ, ਭਰਾਤਰੀ ਪਿਆਰ ਵਾਲੀ ਡੂੰਘੀ ਸਾਂਝ ਅਤੇ ਸੱਚਾ-ਸੁੱਚਾ ਕਿਰਦਾਰ ਲੋਪ ਹੋ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਕਸ਼ਮੀਰੀ ਡੋਗਰਿਆਂ ਗੁਲਾਬ ਸਿੰਘ, ਧਿਆਨ ਸਿੰਘ, ਤੇਜਾ ਸਿੰਘ ਅਤੇ ਲਾਲ ਸਿੰਘ ਦੀ ਗ਼ੱਦਾਰੀ ਕਾਰਨ ਮਹਾਂ ਪੰਜਾਬ ਦੀ ਖ਼ਾਲਸਾ ਫ਼ੌਜ ਅੰਗਰੇਜ਼ੀ ਸਾਮਰਾਜ ਕੋਲੋਂ ਹਾਰ ਜਾਂਦੀ ਹੈ। ਕਵਿੱਤਰੀ 'ਗ਼ੱਦਾਰੀ ਦੀ ਅੱਤ' ਕਵਿਤਾ ਰਾਹੀਂ ਸਿੱਖ ਕੌਮ ਦੀ ਬਹਾਦਰੀ ਦਾ ਵਰਨਣ ਕਰਦੀ ਹੋਈ ਲਿਖਦੀ ਹੈ-
'ਸਿੱਖੀ ਹਾਰ ਗਈ ਇੰਝ ਗ਼ੱਦਾਰੀਆਂ ਤੋਂ,
ਵਰਨਾ ਕੌਣ ਸੀ ਸਾਨੂੰ ਹਰਾਉਣ ਵਾਲਾ।
ਸਿੰਘੋ! ਅੱਜ ਤੋਂ ਆਪਾਂ ਵੀ ਜਾਗਦੇ ਰਹੋ,
ਔਖਾ ਸਮਾਂ ਹੈ, ਹੋਰ ਵੀ ਆਉਣ ਵਾਲਾ।'
'ਕਿਸਾਨ ਅੰਦੋਲਨ' ਅਤੇ 'ਪਗੜੀ ਸੰਭਾਲ ਜੱਟਾ' ਕਵਿਤਾਵਾਂ ਵਿਚ ਕਿਸਾਨਾਂ ਵੱਲੋਂ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਉਸ ਦੀ ਨਿੱਘਰਦੀ ਜਾ ਰਹੀ ਹਾਲਤ ਨੂੰ ਬਿਆਨ ਕਰਦਿਆਂ ਕਿਸਾਨਾਂ ਨੂੰ ਇੱਕਮੁੱਠ ਹੋਣ ਦਾ ਸੁਨੇਹਾ ਵੀ ਲਾਉਂਦੀ ਹੈ-
'ਚੱਲੋ ਹੋਈਏ ਇੱਕ ਮੁੱਠ 'ਮਨਜੀਤ' ਮਾਰ ਹੰਭਲਾ ਤੂੰ,
ਖੋਲ੍ਹੀਏ ਲੁਟੇਰਿਆਂ ਦਾ ਪਾਜ ਵੇ।
ਭੁੱਖੇ ਬੋਟਾਂ ਵਾਸਤੇ ਨਾ, ਖੋਲ੍ਹੇ ਕੋਈ ਕੋਠੀਆਂ,
ਰਾਜੇ ਰਣਜੀਤ ਦਾ ਨਾ ਰਾਜ ਵੇ।'
ਇਸ਼ਕ ਹਮੇਸ਼ਾ ਹੀ ਵਿਵਰਜਿਤ ਫ਼ਲ ਰਿਹਾ ਹੈ। ਇਸ ਨੂੰ ਕਦੇ ਵੀ ਕਿਸੇ ਵੀ ਸਮਾਜ ਨੇ ਪ੍ਰਵਾਨਗੀ ਨਹੀਂ ਦਿੱਤੀ। ਪਰੰਤੂ ਇਸ ਦੇ ਬਾਵਜੂਦ ਵੀ ਇਸ਼ਕ ਕੀਤਾ ਜਾਂਦਾ ਹੈ। ਇਸ਼ਕ ਹੋ ਜਾਂਦਾ ਹੈ। ਮਨਜੀਤ ਨੇ 'ਇਸ਼ਕ' ਕਵਿਤਾ ਵਿਚ ਇੱਕ ਕਵਿੱਤਰੀ ਦੇ ਕਾਗਜ਼, ਕਲਮ, ਸ਼ਬਦਾਂ ਨਾਲ ਹੋਏ ਇਸ਼ਕ ਨੂੰ ਬਹੁਤ ਹੀ ਖ਼ੂਬਸੂਰਤ ਅਤੇ ਭਾਵਪੂਰਤ ਸ਼ਬਦਾਂ ਵਿਚ ਗੁੰਦਿਆ ਹੈ-
'ਲੋਕਾਂ ਤਾਂ ਬਾਹਰ ਕਮਾਇਆ 'ਇਸ਼ਕ',
ਅਸਾਂ ਕਵਿਤਾ ਸੰਗ ਰਚਾਇਆ 'ਇਸ਼ਕ'।
ਕਲਮ ਤੇ ਕਾਗਜ਼ ਰਾਹ ਦਸੇਰੇ,
ਏਸ 'ਇਸ਼ਕ' ਦੇ ਪੰਧ ਲੰਮੇਰੇ।
'ਮਨਜੀਤ' ਕਲਮ ਨੂੰ ਸਜਦਾ ਕਰਦੀ,
ਏਸ ਨਸ਼ੇ ਦੇ ਪਿਆਲੇ ਭਰਦੀ।'
'ਨੂਰ ਇਲਾਹੀ' ਕਾਵਿ-ਸੰਗ੍ਰਹਿ ਵਿਚ ਦਰਜ ਕਵਿਤਾਵਾਂ ਲੋਈ ਦਾ ਸਫ਼ਰ, ਆਪ ਬੀਤੀ, ਤੁਰ ਪਈ, ਪੁਲਿਸ, ਚੰਨ, ਬਾਪੂ, ਗਾਲ਼ ਬਹੁਤ ਹੀ ਖ਼ੂਬਸੂਰਤ, ਭਾਵਪੂਰਤ ਅਤੇ ਅਰਥ ਭਰਪੂਰ ਹਨ, ਜਿਨ੍ਹਾਂ ਦਾ ਅਨੰਦ ਪੜ੍ਹ ਕੇ, ਗਾ ਕੇ ਹੀ ਮਾਣਿਆ ਜਾ ਸਕਦਾ ਹੈ। ਮੈਂ ਸਮਝਦਾਂ ਕਿ 'ਨੂਰ ਇਲਾਹੀ' ਕਾਵਿ-ਸੰਗ੍ਰਹਿ ਸਕੂਲਾਂ, ਕਾਲਜਾਂ, ਪਬਲਿਕ ਲਾਇਬ੍ਰੇਰੀਆਂ ਅਤੇ ਸਾਡੇ ਘਰਾਂ ਵਿਚ ਲਾਜ਼ਮੀ ਤੌਰ 'ਤੇ ਰੱਖਣਾ ਬਣਦਾ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਅਤੇ ਹੋਰ ਪਾਠਕ ਇਨ੍ਹਾਂ ਕਵਿਤਾਵਾਂ ਨੂੰ ਪੜ੍ਹ ਕੇ ਅਨੰਦ ਮਾਣ ਸਕਣ । ਉਸਾਰੂ ਸੇਧ ਲੈ ਸਕਣ। ਮੈਂ ਕਵਿੱਤਰੀ ਨੂੰ ਸ਼ੁੱਭ ਇੱਛਾਵਾਂ ਅਰਪਿਤ ਕਰਦਾ ਹੋਇਆ 'ਨੂਰ ਇਲਾਹੀ' ਕ੍ਰਿਤ ਦਾ ਪੰਜਾਬੀ ਸਾਹਿਤ ਵਿਚ ਭਰਪੂਰ ਸੁਆਗਤ ਕਰਦਾ ਹਾਂ।

-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020


ਤੋਹਫ਼ਾ
ਲੇਖਿਕਾ : ਸੁਰਿੰਦਰ ਗੀਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 146
ਸੰਪਰਕ : 94638-36591

ਸੁਰਿੰਦਰ ਗੀਤ ਬਹੁਵਿਧਾਈ ਲੇਖਿਕਾ ਹੈ। ਕੈਨੇਡਾ ਰਹਿੰਦਿਆਂ ਪੰਜਾਬ ਦੀ ਰਹਿਤਲ ਨੂੰ ਅੱਖੋਂ-ਪਰੋਖੇ ਨਹੀਂ ਹੋਣ ਦਿੱਤਾ। ਦੋ ਗਜ਼ਲ-ਸੰਗ੍ਰਹਿਆਂ ਸਹਿਤ ਦਰਜਨ ਪੁਸਤਕਾਂ ਦੀ ਸਿਰਜਣਾ ਰਾਹੀਂ ਲੋਕ ਵੇਦਨਾ ਨੂੰ ਭਰਵੀਂ ਆਵਾਜ਼ ਦਿੱਤੀ ਹੈ। ਸੁਰਿੰਦਰ ਗੀਤ ਦਾ ਕਹਾਣੀ-ਸੰਗ੍ਰਹਿ ਤੋਹਫ਼ਾ ਆਧੁਨਿਕ ਪੰਜਾਬੀ ਕਹਾਣੀ ਸਾਹਿਤ ਵਿਚ ਸਮਾਜਿਕ ਯਥਾਰਥ ਅਤੇ ਮਨੁੱਖੀ ਸੰਵੇਦਨਾਵਾਂ ਦਾ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਸੰਗ੍ਰਹਿ ਦੇ ਦੂਜੇ ਐਡੀਸ਼ਨ ਵਿਚ 13 ਕਹਾਣੀਆਂ ਤਾਏ ਕੇ : ਚੋਰ ਉੱਚਕੇ ਨਹੀਂ, ਗਰਮ ਪਾਣੀ, ਤੋਹਫ਼ਾ, ਕੈਨੇਡਾ ਦੀ ਟਿਕਟ, ਧੀ ਦਾ ਕਰਜ਼, ਬਦਲਦੇ ਰਿਸ਼ਤੇ, ਮੈਂ ਚੰਗੀ ਮਾਂ ਹਾਂ, ਖੇਤ ਦੀ ਨੁੱਕਰੇ, ਗੁਨਾਹ, ਦੇਵਤੇ, ਨਵੀਂ ਜੁੱਤੀ, ਤਿੰਨ ਪੀੜ੍ਹੀਆਂ ਅਤੇ ਇੱਕ ਅੰਤ ਇੱਕ ਸ਼ੁਰੂਆਤ ਸ਼ਾਮਿਲ ਹਨ। ਲੇਖਿਕਾ ਨੇ ਔਰਤ ਜੀਵਨ ਦੀ ਪੀੜਾ, ਪਰਿਵਾਰਕ ਤਣਾਅ, ਰਿਸ਼ਤਿਆਂ ਦੇ ਬਦਲਦੇ ਰੂਪ, ਆਰਥਿਕ ਸੰਕਟ ਅਤੇ ਪ੍ਰਵਾਸੀ ਜੀਵਨ ਦੀ ਘੁੰਮਣਘੇਰੀ ਨੂੰ ਬਹੁਤ ਹੀ ਸਹਿਜ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। 'ਤਾਏ ਕੇ : ਚੋਰ ਉੱਚਕੇ ਨਹੀਂ', ਕਹਾਣੀ ਵਿਚ ਮਨੁੱਖੀ ਸੰਵੇਦਨਾ ਦਾ ਸਿਖਰ 'ਮੈਂ' ਪਾਤਰ ਦੇ ਰੂਪ 'ਚ ਪੇਸ਼ ਕਰਦਿਆਂ ਕੈਨੇਡਾ ਦੇ ਮੂਲ ਵਾਸੀਆਂ ਦੀ ਦਰਦ ਗਾਥਾ ਨੂੰ ਬਹੁਤ ਮਾਰਮਿਕ ਰੂਪ ਵਿਚ ਬਿਆਕਿਆ ਹੈ। ਕੈਨੇਡਾ ਦੀ ਟਿਕਟ ਅਤੇ ਧੀ ਦਾ ਕਰਜ਼ , ਵਰਗੀਆਂ ਕਹਾਣੀਆਂ ਸਮਾਜ ਵਿਚ ਵਿਆਪਕ ਦੰਭ, ਲਿੰਗ ਅਸਮਾਨਤਾ ਅਤੇ ਮਨੁੱਖੀ ਸੰਵੇਦਨਹੀਣਤਾ ਨੂੰ ਉਘਾੜਦੀਆਂ ਹਨ। ਕਹਾਣੀਆਂ ਦੀ ਬਣਤਰ ਸੁਚਾਰੂ ਹੈ; ਆਰੰਭ ਤੋਂ ਅੰਤ ਤੱਕ ਕਥਾ ਪਾਠਕ ਨੂੰ ਜੋੜੀ ਰੱਖਦੀ ਹੈ। ਭਾਸ਼ਾ ਦੀ ਸਰਲਤਾ, ਵਾਕ-ਬਣਤਰ ਦੀ ਚੁਸਤੀ ਅਤੇ ਭਾਵਨਾਤਮਿਕ ਪ੍ਰਵਾਹ ਇਸ ਸੰਗ੍ਰਹਿ ਨੂੰ ਪਾਠਕ-ਮਿੱਤਰ ਬਣਾਉਂਦੇ ਹਨ। ਸਮਾਜਿਕ ਯਥਾਰਥ, ਮਨੁੱਖੀ ਮਨੋਵਿਗਿਆਨ ਅਤੇ ਰਿਸ਼ਤਿਆਂ ਦੀ ਗਹਿਰਾਈ ਨੂੰ ਸਮਝਣ ਲਈ ਤੋਹਫ਼ਾ ਇੱਕ ਮਹੱਤਵਪੂਰਨ ਅਤੇ ਪਾਠਨਯੋਗ ਕਹਾਣੀ ਸੰਗ੍ਰਹਿ ਹੈ।

-ਡਾ ਨਾਇਬ ਸਿੰਘ ਮੰਡੇਰ
ਮੋਬਾਈਲ : 081684-55601

 


ਨਾਮਧਾਰੀ ਲਹਿਰ ਦੀ ਕਵਿਤਾ
ਵਿਧੀ ਤੇ ਵਿਚਾਰਧਾਰਾ
ਲੇਖਕ : ਭਜਨ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 280 ਰੁਪਏ, ਸਫ਼ੇ : 220
ਸੰਪਰਕ : 99884-45538

ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਨਾਮਧਾਰੀ ਲਹਿਰ ਦੀ ਕਵਿਤਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਹ ਲਹਿਰ ਵਿਸ਼ਵ-ਵਿਆਪੀ ਪੱਧਰ 'ਤੇ ਧਰਮ, ਮਰਿਆਦਾ, ਨੈਤਿਕਤਾ ਅਤੇ ਸਮਾਜਕ ਹਿਤਾਂ ਲਈ ਮੂਲ ਰੂਪ ਵਿਚ ਸਹਾਈ ਰਹੀ ਹੈ। ਇਸੇ ਸੰਕਲਪ ਨੂੰ ਲੈ ਕੇ ਭਜਨ ਸਿੰਘ ਨੇ ਦੀਰਘ ਦ੍ਰਿਸ਼ਟੀ ਤੋਂ ਇਸ ਨੂੰ ਪਛਾਣਿਆ ਹੈ ਅਤੇ ਪੰਜਾਬੀ ਪਾਠਕਾਂ ਲਈ ਜਨਤਕ ਕਰਦਿਆਂ ਹੋਇਆਂ, ਇਸ ਦੇ ਨਾਮਧਾਰੀ ਲਹਿਰ : ਇਤਿਹਾਸ, ਸਿਧਾਂਤ ਅਤੇ ਸਾਹਿਤ, ਸਾਹਿਤ ਅਤੇ ਵਿਚਾਰਧਾਰਾ : ਅੰਤਰ-ਸੰਬੰਧ, ਨਾਮਧਾਰੀ ਕਾਵਿ (1872-1906) ਵਿਚਾਰਧਾਰਕ ਚੇਤਨਾ, ਨਾਮਧਾਰੀ ਕਾਵਿ (1907-1947) : ਵਿਚਾਰਧਾਰਕ ਚੇਤਨਾ ਅਤੇ ਨਾਮਧਾਰੀ ਕਾਵਿ : ਰੂਪ, ਵਿਧੀ ਅਤੇ ਭਾਸ਼ਾ ਦੇ ਕਾਂਡਾਂ ਰਾਹੀਂ ਪੇਸ਼ ਕੀਤਾ ਹੈ। ਲੇਖਕ ਨੇ ਜੋ ਦੇਸ਼-ਵਿਦੇਸ਼ ਵਿਚ ਇਸ ਸੰਪ੍ਰਦਾਇ ਬਾਰੇ ਕਵਿਤਾ ਲਿਖੀ ਹੈ ਅਤੇ ਵਿਚਾਰਧਾਰਾ ਪੇਸ਼ ਕੀਤੀ ਹੈ, ਉਸ ਦਾ ਦੀਰਘ ਅਧਿਐਨ ਕਰਦਿਆਂ ਬਹੁਤ ਸਾਰੀਆਂ ਜੋ ਸਪੱਸ਼ਟ ਗੱਲਾਂ ਨਹੀਂ ਹਨ। ਉਨ੍ਹਾਂ ਦੇ ਲੁਪਤ ਭੇਦਾਂ ਨੂੰ ਵੀ ਖੋਲ੍ਹ ਕੇ ਦਰਸਾਇਆ ਹੈ। ਲੇਖਕ ਭਾਵੇਂ ਗੱਲ ਨਾਮਧਾਰੀ ਲਹਿਰ ਦੇ ਇਤਿਹਾਸ ਅਤੇ ਸਾਹਿਤ ਦੀ ਕਰ ਰਿਹਾ ਹੈ ਜਾਂ ਉਸ ਵਕਤ ਦੀ ਵਿਚਾਰਧਾਰਕ ਅੰਤਰ-ਸੰਬੰਧਤਾ ਦੀ ਗੱਲ ਕਰ ਰਿਹਾ ਹੈ ਜਾਂ 1872 ਤੋਂ 1906 ਦੀ ਵਿਚਾਰਧਾਰਕ ਚੇਤਨਾ ਜਾਂ 1907 ਤੋਂ 1947 ਦਾ ਬਿਰਤਾਂਤ ਦੇ ਰਿਹਾ ਹੈ। ਇਹ ਸਾਰਾ ਵਰਨਣ ਵਿਚਾਰਧਾਰਕ ਤੌਰ 'ਤੇ ਬੜੀ ਪੁਖਤਾ ਸ਼ੈਲੀ ਨਾਲ ਕੀਤਾ ਗਿਆ ਹੈ। ਪੁਸਤਕ ਦੀ ਖ਼ੂਬੀ ਹੈ ਕਿ ਲੇਖਕ ਨੇ ਨਾਮਧਾਰੀ ਕਾਵਿ ਰੂਪਾਂ ਦੀ ਵਿਵਧਤਾ ਨੂੰ ਪਛਾਣਦਿਆਂ ਹੋਇਆਂ ਇਨ੍ਹਾਂ ਦੀ ਵੀ ਪਛਾਣ ਕਰ ਵਿਖਾਈ ਹੈ। ਅਜਿਹਾ ਖੋਜ ਕਾਰਜ ਸਾਧਾਰਨ ਨਹੀਂ ਹੁੰਦਾ ਸਗੋਂ ਮਹਿਜ਼ ਦਸਤਾਵੇਜ਼ੀ ਅਤੇ ਖੇਤਰੀ ਖੋਜ ਵਿਧੀ ਦੇ ਅਨੁਕੂਲ ਹੀ ਹੋ ਸਕਦਾ ਹੈ। ਪੰਜਾਬੀ ਪਾਠਕਾਂ ਅਤੇ ਖੋਜਾਰਥੀਆਂ ਲਈ ਇਹ ਪੁਸਤਕ ਲਾਹੇਵੰਦ ਸਾਬਤ ਹੋ ਸਕਦੀ ਹੈ, ਕਿਉਂਕਿ ਜੋ ਇਹ ਪੁਸਤਕ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਨਿਰੂਪਣ ਕਰਦੀ ਹੈ। ਨਿਰਸੰਦੇਹ ਇਹ ਪੁਸਤਕ ਕੁਰਬਾਨੀਆਂ ਦੇ ਇਤਿਹਾਸਕ ਦਸਤਾਵੇਜ਼ ਵਜੋਂ ਜਾਣੀ ਜਾਵੇਗੀ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੇ ਜੀਵਨ ਵਿਚ 'ਯੋਗਾ' ਦੀ ਮਹੱਤਤਾ ਅਗਲੀ ਖ਼ਬਰ ਸੁਪਨੇ ਦਿਖਾਉਂਦੇ ਹੋ ਤਾਂ ਪੂਰੇ ਵੀ ਕਰੋ
Ad Position 24
No active advertisement