ਚਾਨਣ ਵੰਡਦੇ ਜੁਗਨੂੰ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰ ਚੰਡੀਗੜ੍ਹ
ਸੰਪਰਕ : 94638-37388

'ਚਾਨਣ ਵੰਡਦੇ ਜੁਗਨੂੰ' ਕੁਝ ਸਮਾਂ ਪਹਿਲਾਂ ਬਣੀ ਨਵੀਂ ਸਾਹਿਤ ਸੰਸਥਾ 'ਸਾਹਿਤਕ ਸੱਥ ਖਰੜ' (ਮੁਹਾਲੀ) ਦੁਆਰਾ ਪ੍ਰਕਾਸ਼ਿਤ ਨਵੇਂ-ਪੁਰਾਣੇ ਲੇਖਕਾਂ ਦਾ ਸਾਂਝਾ ਮਿੰਨੀ ਕਹਾਣੀ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਕੁੱਲ 39 ਲੇਖਕਾਂ ਦੀਆਂ ਦੋ-ਦੋ ਕਹਾਣੀਆਂ ਸੰਮਿਲਤ ਹਨ ਜਿਨ੍ਹਾਂ ਦੀ ਚੋਣ ਇਕ ਪੈਂਜ ਮੈਂਬਰੀ ਸੰਪਾਦਕੀ ਬੋਰਡ ਦੁਆਰਾ ਕੀਤੀ ਗਈ ਹੈ, ਜਿਸ ਵਿਚ ਕਰਮਵੀਰ ਸਿੰਘ ਸੂਰੀ, ਡਾ. ਹਰਨੇਕ ਸਿੰਘ ਕਲੇਰ, ਗੁਰਮੀਤ ਸਿੰਘ ਸਿੰਗਲ, ਜਸਵਿੰਦਰ ਸਿੰਘ 'ਕਾਈਨੌਰ' ਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹਨ ਅਤੇ ਇਨ੍ਹਾਂ ਦੀਆਂ ਆਪਣੀਆਂ ਰਚਨਾਵਾਂ ਵੀ ਇਸ ਪੁਸਤਕ ਦਾ ਹਿੱਸਾ ਹਨ। ਇਸ ਤੋਂ ਪਹਿਲਾਂ ਇਸ ਸੱਥ ਦੁਆਰਾ ਇਕ ਕਾਵਿ-ਸੰਗ੍ਰਹਿ 'ਆਪੋ ਆਪਣੀ ਪ੍ਰਵਾਜ਼' ਵੀ ਪ੍ਰਕਾਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਸਮੇਂ-ਸਮੇਂ 'ਤੇ ਸੱਥ ਦੇ ਮੈਂਬਰਾਂ ਜਾਂ ਹੋਰ ਲੇਖਕਾਂ ਦੀਆਂ ਪੁਸਤਕਾਂ ਦੇ ਰਿਲੀਜ਼ ਸਮਾਗਮ, ਰੂ-ਬਰੂ ਪ੍ਰੋਗਰਾਮ ਜਾਂ ਹੋਰ ਅਜਿਹੀਆਂ ਸਾਹਿਤਕ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਜਾਂਦਾ ਰਹਿੰਦਾ ਹੈ। ਸੱਥ ਦੇ ਸੰਚਾਲਕਾਂ ਮੁਤਾਬਿਕ ਸੰਸਥਾ ਦਾ ਮੁੱਖ ਮੰਤਵ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਵਿਚਕਾਰ ਸਾਹਿਤ ਸਿਰਜਣ ਦਾ ਆਦਾਨ-ਪ੍ਰਦਾਨ ਕਰਨਾ, ਪੁਰਾਣੇ ਲੇਖਕਾਂ ਤੋਂ ਸੇਧ ਲੈਣੀ, ਨਵੇਂ ਲੇਖਕਾਂ ਨੂੰ ਅਵਸਰ ਪ੍ਰਦਾਨ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਦਿਆਂ ਪੰਜਾਬੀ ਸਾਹਿਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਪਰਾਲੇ ਕਰਨੇ ਹਨ। ਇਕ ਵਿਧਾ ਦੇ ਤੌਰ 'ਤੇ ਮਿੰਨੀ ਕਹਾਣੀ ਬਾਰੇ ਪੰਜਾਬੀ ਸਾਹਿਤ ਜਗਤ ਵਿਚ ਹਾਲਾਂ ਬਹੁਤੀ ਸਪੱਸ਼ਟਤਾ ਨਹੀਂ ਬਣੀ ਹੈ। ਬਹੁਤੇ ਬੁੱਧੀਜੀਵੀ ਤੇ ਆਲੋਚਕ ਇਸ ਦੀ ਪਰਿਭਾਸ਼ਾ ਤੇ ਸਰੂਪ ਬਾਰੇ ਗੱਲ ਸੰਜੀਦਗੀ ਦੇ ਅਬਾਵ ਵਿਚ ਕਰਦੇ ਹਨ ਅਤੇ ਇਸ ਨੂੰ ਦੂਸਰੀਆਂ ਵਿਧਾਵਾਂ ਦੇ ਤੁੱਲ ਬਹੁਤਾ ਮਹੱਤਵ ਵੀ ਨਹੀਂ ਦਿੱਤਾ ਜਾਂਦਾ। ਇਹ ਤੱਥ ਵੀ ਧਿਆਨਯੋਗ ਹੈ ਕਿ ਪੰਜਾਬੀ ਦੇ ਚੋਟੀ ਦੇ ਕਹਾਣੀਕਾਰਾਂ ਨੇ ਕਦੇ ਵੀ ਮਿੰਨੀ ਕਹਾਣੀ 'ਤੇ ਹੱਥ ਨਹੀਂ ਅਜ਼ਮਾਇਆ ਭਾਵੇਂ ਕਿ ਕਈਆਂ ਨੇ ਨਾਵਲ ਨਿਗਾਰੀ ਜ਼ਰੂਰ ਕੀਤੀ ਹੈ, ਤਾਂ ਵੀ ਅਜੋਕੇ ਤੇਜ਼-ਤਰਾਰ, ਭੱਜ ਦੌੜ ਤੇ ਸੋਸ਼ਲ ਮੀਡੀਆ ਦੇ ਦੌਰ ਵਿਚ ਇਹ ਵਿਧਾ ਪਾਠਕਾਂ ਵਿਚ ਕਾਫ਼ੀ ਹਰਮਨਪਿਆਰੀ ਹੋ ਰਹੀ ਹੈ। ਸੰਖੇਪਤਾ ਤੇ ਸੂਖ਼ਮਤਾ ਇਸ ਦਾ ਮੂਲ ਸੁਭਾਅ ਹੈ। ਥੋੜ੍ਹੇ ਸ਼ਬਦਾਂ ਵਿਚ ਕਥਾਕਲੀ ਲਹਿਜੇ ਵਿਚ, ਕਲਾਤਮਿਕਤਾ ਨਾਲ ਆਪਣੀ ਗੱਲ ਕਹਿ ਸਕਣਾ ਕੇਵਲ ਮਿੰਨੀ ਕਹਾਣੀ ਲੇਖਕ ਦੇ ਹੀ ਹਿੱਸੇ ਆਉਂਦੀ ਹੈ। ਇਸ ਪੁਸਤਕ ਦੇ 'ਮੁੱਖ ਬੰਦ' ਦੇ ਰੂਪ ਵਿਚ ਡਾ. ਨਾਇਬ ਸਿੰਘ ਮੰਡੇਰ ਨੇ ਮਿੰਨੀ ਕਹਾਣੀ ਦੇ ਵਿਧਾਗਤ ਸਰੂਪ ਬਾਰੇ ਚੰਗੀ ਸਟੀਕ ਚਰਚਾ ਕੀਤੀ ਹੈ। ਉਸ ਦਾ ਇਹ ਕਹਿਣਾ ਦਰੁਸਤ ਹੈ ਕਿ ਮਿੰਨੀ ਕਹਾਣੀ ਵਿਚ ਕਥਾਰਸ ਤੇ ਕਥਾਨਕ ਦੀ ਢੁਕਵੀਂ ਬੁਣਤੀ ਦਾ ਹੋਣਾ ਲਾਜ਼ਮੀ ਹੈ ਜਿਸ ਦੀ ਕਿ ਔਸਤ ਮਿੰਨੀ ਕਹਾਣੀ ਲੇਖਕ ਅਕਸਰ ਅਵਹੇਲਨਾ ਕਰ ਦਿੰਦਾ ਹੈ। ਸੰਪਾਦਕੀ ਮੰਡਲ ਵਲੋਂ ਕੀਤੀ ਗਈ ਰਚਨਾਵਾਂ ਦੀ ਚੋਣ ਕਾਫ਼ੀ ਹੱਦ ਤੱਕ ਉੱਤਮ ਤੇ ਉਮਦਾ ਪੱਧਰ ਦੀ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਫਰਸ਼ ਤੋਂ ਅਰਸ਼ ਤੱਕ
ਲੇਖਕ : ਮਨੋਹਰ ਲਾਲ ਸ਼ਰਮਾ
ਪ੍ਰਕਾਸ਼ਕ : ਮਾਝਾ ਪਬਲੀਕੇਸ਼ਨ ਘੁਮਾਣ ਖੁਰਦ (ਗੁਰਦਾਸਪੁਰ)
ਮੁੱਲ : 300 ਰੁਪਏ, ਸਫੇ : 128
ਸੰਪਰਕ : 98143-44471

ਵਿਚਾਰਧੀਨ ਪੁਸਤਕ ਮਨੋਹਰ ਲਾਲ ਸ਼ਰਮਾ ਦੀ ਸਵੈ-ਜੀਵਨੀ ਮੂਲਕ ਪ੍ਰਭਾਵਵਾਲੀ ਪੁਸਤਕ ਹੈ, ਜਿਸ ਨੂੰ ਪੜ੍ਹ ਕੇ ਫਰਸ਼ ਤੋਂ ਅਰਸ਼ ਤੱਕ ਪੁੱਜਣ ਦੀ ਪ੍ਰੇਰਨਾ ਤਾਂ ਮਿਲਦੀ ਹੀ ਹੈ, ਨਾਲ ਨਾਲ ਇਕ ਤੋਂ ਵੱਧ ਖੇਤਰਾਂ 'ਚ ਸਫਲਤਾ ਹਾਸਲ ਕਰਨ ਦੀ ਮਿਹਨਤ ਭਰਪੂਰ ਕਲਾ ਦੀ ਸਮਝ ਆਉਂਦੀ ਹੈ। ਡਾ. ਸਿਮਰਤ ਸੁਮੈਰਾ ਨੇ ਤਾਂ ਮਨੋਹਰ ਲਾਲ ਸ਼ਰਮਾ ਨੂੰ ਕਿੰਗਮੇਕਰ ਆਖਦਿਆਂ ਇਸ ਪੁਸਤਕ ਨੂੰ ਪਰਤ-ਦਰ-ਪਰਤ ਜੀਵਨ ਜਾਚ, ਮਿਹਨਤ, ਸਿਰੜ ਤੇ ਪ੍ਰਾਪਤੀਆਂ ਦਾ ਇਕ ਸ਼ਾਨਦਾਰ ਦਸਤਾਵੇਜ਼ ਵੀ ਕਿਹਾ ਹੈ। ਨਿਰਸੰਦੇਹ ਮਨੋਹਰ ਲਾਲ ਸ਼ਰਮਾ ਨੇ ਵਿੱਦਿਅਕ, ਸਮਾਜਿਕ ਤੇ ਰਾਜਨੀਤਕ ਖੇਤਰ 'ਚ ਕਈ ਉਤਰਾਵਾਂ-ਚੜ੍ਹਾਵਾਂ ਦੇ ਬਾਵਜੂਦ ਕਮਾਲ ਦੀ ਕਾਮਯਾਬੀ ਹਾਸਲ ਕੀਤੀ ਹੈ। ਵਿੱਦਿਅਕ ਖੇਤਰ 'ਚ ਪ੍ਰਿੰਸੀਪਲ ਦੇ ਅਹੁਦੇ 'ਤੇ ਕਈ ਸਾਲ ਕਾਰਜ ਕੀਤਾ। ਸਟੇਟ ਤੇ ਨੈਸ਼ਨਲ ਐਵਾਰਡ ਵੀ ਪ੍ਰਾਪਤ ਕੀਤੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ। ਸਮਾਜਿਕ ਖੇਤਰ 'ਚ ਜਿਥੇ ਜੋ ਭਲਾ ਹੋਇਆ ਉਹ ਵੀ ਕੀਤਾ ਹੈ। ਰਾਜਨੀਤਕ ਖੇਤਰ 'ਚ ਪ੍ਰੈੱਸ ਸਕੱਤਰ ਤੇ ਫਿਰ ਮੀਡੀਆ ਐਡਵਾਈਜ਼ਰ ਟੂ ਸੀ.ਐਮ. ਬਣਨਾ ਆਦਿ ਆਪਣੇ-ਆਪ 'ਚ ਉੱਚ ਪੱਧਰ ਦੀਆਂ ਪ੍ਰਾਪਤੀਆਂ ਹਨ। ਮਨੋਹਰ ਲਾਲ ਸ਼ਰਮਾ ਦੇ ਆਪਣੇ ਸ਼ਬਦਾਂ 'ਚ ਸਮਝੀਏ ਤਾਂ ਉਸ ਦਾ ਆਖਣਾ ਹੈ ਕਿ, 'ਮੈਨੂੰ ਜ਼ੀਰੋ ਤੋਂ ਹੀਰੋ ਬਣਾਉਣ ਵਿਚ ਮੇਰੀ ਮਿਹਨਤ, ਇਮਾਨਦਾਰੀ, ਵਫ਼ਾਦਾਰੀ ਤੋਂ ਇਲਾਵਾ ਸਵਰਗਵਾਸੀ ਸਰਦਾਰ ਸਤਨਾਮ ਸਿੰਘ ਬਾਜਵਾ ਦਾ ਹੱਥ ਹੈ।' ਪੁਸਤਕ ਵਿਚਲੇ ਵਿਸ਼ਾ ਵਸਤੂ ਦੀ ਸੰਕੇਤਕ ਝਲਕ ਹਿਤ ਪੁਸਤਕ ਦੇ ਤਤਕਰੇ ਵੱਲ ਨਜ਼ਰ ਮਾਰਨੀ ਜ਼ਰੂਰੀ ਹੈ। 'ਮੁਢਲਾ ਜੀਵਨ ਤੇ ਸਿੱਖਿਆ', 'ਉਚੇਰੀ ਸਿੱਖਿਆ', 'ਪ੍ਰਾਈਵੇਟ ਸਕੂਲ 'ਚ ਅਧਿਆਪਕ ਵਜੋਂ ਨਿਯੁਕਤੀ', 'ਕੇਂਦਰੀ ਸਰਕਾਰੀ ਨੌਕਰੀ ਵਿਚ ਚੋਣ', 'ਨੌਸ਼ਹਿਰਾ ਬਾਰਡਰ', 'ਪੰਜਾਬ ਵਿਚ ਵਾਪਸੀ', 'ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਜੀ ਦੀ ਕੇਂਦਰ ਵਿਚ ਵਿਜ਼ਿਟ', 'ਕਲਚਰਲ ਪ੍ਰੋਗਰਾਮ ਤੇ ਡੀ.ਜੀ. ਭੌਂਸਲੇ ਦੀ ਮੌਤ', 'ਉੱਚ ਸਿੱਖਿਆ ਪ੍ਰਾਪਤੀ', 'ਸਰਦਾਰ ਸਤਨਾਮ ਸਿੰਘ ਜੀ ਨਾਲ ਮੇਲ-ਮਿਲਾਪ ਵਿਚ ਵਾਧਾ', 'ਵਿਆਹ ਤੇ ਬੱਚੇ', 'ਸਰਦਾਰ ਸਤਨਾਮ ਸਿੰਘ ਬਾਜਵਾ ਦਾ ਕਾਂਗਰਸ ਚੁਣਨਾ', 'ਮੇਰੀ ਨਿਯੁਕਤੀ ਬਤੌਰ ਪ੍ਰਿੰਸੀਪਲ', 'ਸਟੇਟ ਤੇ ਨੈਸ਼ਨਲ ਟੀਚਰ ਐਵਾਰਡ ਦਾ ਮਿਲਣਾ', 'ਇਕ ਆਦਰਸ਼ ਅਧਿਆਪਕ ਤੇ ਵਫਾਦਾਰ ਸਾਥੀ ਸਰਦਾਰ ਤਾਰਾ ਸਿੰਘ ਬਾਜਵਾ', 'ਸਿਆਸਤ ਵਿਚ ਦਾਖਲਾ', 'ਸਤਨਾਮ ਸਿੰਘ ਬਾਜਵਾ ਦੀ ਕਾਂਗਰਸ ਵਿਚ ਵਾਪਸੀ', 'ਗਿਆਨੀ ਜ਼ੈਲ ਸਿੰਘ ਨਾਲ ਮੁਲਾਕਾਤ', 'ਸ੍ਰੀਮਤੀ ਸੁਖਬੰਸ ਕੌਰ ਭਿੰਡਰ ਦਾ ਜ਼ਿਲ੍ਹਾ ਕਾਂਗਰਸ 'ਤੇ ਕਬਜ਼ਾ', 'ਸਤਨਾਮ ਸਿੰਘ ਬਾਜਵਾ ਦਾ ਸਿਆਸੀ ਡਾਊਨਫਾਲ', 'ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਪੰਜਾਬ ਸਿਆਸਤ ਵਿਚ ਐਂਟਰੀ', 'ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ ਮੰਤਰੀ ਤੇ ਮੇਰਾ ਮੀਡੀਆ ਐਡਵਾਈਜ਼ਰ ਬਣਨਾ', 'ਸਰਦਾਰ ਫਤਹਿ ਸਿੰਘ ਬਾਜਵਾ ਦਾ ਸਿਆਸੀ ਸਫਰ', 'ਫਤਹਿ ਦਾ ਕਾਂਗਰਸ ਤੇ ਮੇਰਾ ਸਿਆਸਤ ਤੋਂ ਸੰਨਿਆਸ', 'ਮੇਜਰ ਜਨਰਲ (ਰਿਟਾ.), ਕੁਲਦੀਪ ਸਿੰਘ ਨਾਲ ਨੇੜਤਾ', 'ਕਾਦੀਆਂ ਦਾ ਮੁੱਖ ਸਿਆਸੀ ਪਰਿਵਾਰ', 'ਸਿਹਤ ਦਾ ਰਾਜ ਅਤੇ ਦੈਨਿਕ ਜੀਵਨ' ਤੇ 'ਮੇਰੀ ਨਸੀਹਤ ਅਤੇ ਵਸੀਹਤ', 'ਸਿਰਲੇਖਾਂ ਤਹਿਤ ਮਨੋਹਰ ਲਾਲ ਸ਼ਰਮਾ ਨੇ ਆਪਣੀ ਗੱਲ ਸੰਪੂਰਨ ਕੀਤੀ ਹੈ। ਵਿਸਥਾਰ ਜਾਣਨ ਲਈ ਪੂਰੀ ਪੁਸਤਕ ਪੜ੍ਹਨੀ ਉਚਿਤ ਰਹੇਗੀ। ਇਹ ਪੁਸਤਕ ਆਪਣੇ ਵਿੱਦਿਅਕ ਅਤੇ ਸਿਆਸੀ ਸੁਭਾਅ ਦੇ ਨਾਲ-ਨਾਲ ਕਿਸੇ ਹੱਦ ਤੱਕ ਅਦਬੀ ਅਹਿਮੀਅਤ ਨੂੰ ਵੀ ਦਰਸਾਉਂਦੀ ਹੈ। ਲੇਖਕ ਨੇ ਕਈ ਥਾਵਾਂ 'ਤੇ ਅਟਲ ਸਚਾਈਆਂ ਵਰਗੇ ਵਾਕ ਵੀ ਲਿਖੇ ਹਨ। ਪੁਸਤਕ ਦੀ ਸ਼ੈਲੀ ਕਾਫੀ ਦਿਲਚਸਪ, ਸਰਲ ਤੇ ਸਪੱਸ਼ਟ ਹੈ। ਵੰਨਗੀ ਮਾਤਰ ਕੁਝ ਅੰਸ਼ ਪਾਠਕਾਂ ਦੀ ਨਜ਼ਰ ਹਨ:
'ਕਾਲਜ ਪੜ੍ਹਦਿਆਂ ਵੱਡੀ ਪ੍ਰਾਪਤੀ ਇਹ ਹੋਈ ਕਿ ਮੇਰਾ ਸੰਪਰਕ ਪੰਜਾਬ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨਾਲ ਹੋਇਆ। ਉਹ ਕੁਝ ਚਿਰ ਹੀ ਕਾਲਜ ਰਿਹਾ। ਉਸ ਦਾ ਭਰਾ ਪਟਵਾਰੀ ਸੀ। ਸ਼ਿਵ ਉਦੋਂ ਸਟੇਜ 'ਤੇ ਗੀਤ ਆਦਿ ਗਾਇਆ ਕਰਦਾ ਸੀ, ਲਿਖਦਾ ਨਹੀਂ ਸੀ। ਉਸ ਸਾਲ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਮੁੱਖ ਮੰਤਰੀ ਹੁੰਦਿਆਂ ਪਟਵਾਰੀਆਂ ਨੇ ਹੜਤਾਲ ਕਰ ਦਿੱਤੀ। ਸਰਦਾਰ ਕੈਰੋਂ ਦੇ ਲੱਖ ਸਮਝਾਉਣ 'ਤੇ ਵੀ ਉਹ ਮੰਨੇ ਨਾ ਤਾਂ ਮੁੱਖ ਮੰਤਰੀ ਨੇ ਸਾਰੇ ਪਟਵਾਰੀ ਜੋ ਹੜਤਾਲ 'ਤੇ ਸਨ, ਕੱਢ ਦਿੱਤੇ ਤੇ ਨਵੇਂ ਰੱਖ ਲਏ। ਉਸ ਛਾਂਟੀ ਵਿਚ ਸ਼ਿਵ ਦਾ ਭਰਾ ਵੀ ਆ ਗਿਆ, ਘਰ ਦੀ ਮਜਬੂਰੀ ਨੂੰ ਵੇਖ ਕੇ ਸ਼ਿਵ ਨਵੀਂ ਭਰਤੀ ਵਿਚ ਪਟਵਾਰੀ ਭਰਤੀ ਹੋ ਗਿਆ ਤੇ ਉਸ ਦੀ ਨੌਕਰੀ ਡੇਰਾ ਬਾਬਾ ਨਾਨਕ ਦੇ ਇਕ ਪਿੰਡ ਵਿਚ ਲੱਗ ਗਈ। ਇਥੇ ਰਹਿ ਕੇ ਉਸ ਦਾ ਵਾਹ ਠੇਠ ਪੰਜਾਬੀ ਨਾਲ ਪਿਆ ਤੇ ਉਸ ਨੇ 'ਪੀੜਾਂ ਦੇ ਪਰਾਗਾ' ਨਾਂਅ ਦਾ ਗੀਤ ਲਿਖਿਆ ਤੇ ਉਹ ਬਹੁਤ ਮਸ਼ਹੂਰ ਹੋ ਗਿਆ ਤੇ ਨਾਲ ਹੀ ਸ਼ਿਵ ਵੀ ਮਸ਼ਹੂਰ ਹੋ ਗਿਆ। ਫਿਰ ਲਿਖਣਾ ਸਿੱਖ ਗਿਆ ਤੇ ਲਿਖਦਾ ਗਿਆ ਤੇ ਉਹ ਉੱਚ ਕੋਟੀ ਦਾ ਸ਼ਾਇਰ ਬਣ ਗਿਆ। ਸਾਡੀ ਮੁਲਾਕਾਤ ਫਿਰ ਵੀ ਹੁੰਦੀ ਰਹੀ। ਅਸੀਂ ਕਈ ਸਮਾਗਮਾਂ ਵਿਚ ਇਕ-ਦੂਜੇ ਨੂੰ ਮਿਲਦੇ ਰਹੇ।' (ਸਫਾ : 30-31)
-ਮਾਰਕੀਟ ਵਿਚ ਬਿਨਾਂ ਚੰਗੀ ਵਿੱਦਿਆ ਦੇ ਕੋਈ ਮੁੱਲ ਨਹੀਂ।
-ਭਾਵੇਂ ਸਾਨੂੰ ਕੋਈ ਉੱਚ ਅਧਿਕਾਰੀ ਵੇਖੇ ਜਾਂ ਨਾ ਪਰ ਰੱਬ ਸਦਾ ਵੇਖਦਾ ਹੈ।
-ਲੋਕ ਘਰ ਭਾਵੇਂ ਕਿਸੇ ਦੀ ਬਾਤ ਨਾ ਪੁੱਛਣ ਪਰ ਸੂਬੇ ਤੋਂ ਬਾਹਰ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ।
-ਮਾਂ, ਬਾਪ, ਅਧਿਆਪਕ ਤੇ ਰੱਬ ਦੀ ਕਦਰ ਸਦਾ ਕਰੋ।
-ਆਪਣੀ ਮਾਂ ਦੇ ਪੈਰਾਂ ਨੂੰ ਝੁਕ ਕੇ ਹੱਥ ਲਾਵੋ, ਦੁਨੀਆ ਤੁਹਾਡੇ ਅੱਗੇ ਝੁਕੇਗੀ।
-ਬੁਢਾਪਾ ਜ਼ਿੰਦਗੀ ਦਾ ਇਕ ਅਜਿਹਾ ਪੜਾਅ ਹੈ ਜੋ ਲੁੜਕਦੇ-ਲੁੜਕਦੇ ਗੋਲ ਹੋ ਜਾਂਦਾ ਹੈ। ਤਜਰਬੇ ਏਨੇ ਜ਼ਿਆਦਾ ਹੋ ਜਾਂਦੇ ਹਨ ਕਿ ਗੁਣਾਂ ਦਾ ਸਮੂਹ ਬਣ ਜਾਂਦਾ ਹੈ।
ਪੁਸਤਕ ਵਿਚ 17 ਰੰਗਦਾਰ ਫੋਟੋਆਂ ਵੀ ਢੁਕਵੇਂ ਅੰਦਾਜ਼ 'ਚ ਸ਼ਾਮਿਲ ਹਨ। ਇਸ ਪੁਸਤਕ ਦੇ ਅਗਲੇ ਐਡੀਸ਼ਨਾਂ 'ਚ ਲੇਖਕ ਚਾਹੇ ਤਾਂ ਆਪਣੇ ਅਨੇਕ ਪੱਖੀ ਹੋਰ ਤਜਰਬਿਆਂ ਨੂੰ ਵੀ ਪ੍ਰੇਰਨਾ ਹਿਤ ਸ਼ਾਮਿਲ ਕਰਕੇ ਪੁਸਤਕ ਨੂੰ ਵਿਸ਼ਾ ਤੇ ਰੂਪ ਪੱਖੋਂ ਹੋਰ ਵੀ ਗੁਣਾਤਮਕ ਸਰੂਪ ਪ੍ਰਦਾਨ ਕਰ ਸਕਦਾ ਹੈ। ਉਂਜ ਪੁਸਤਕ ਦੀ ਮੌਜੂਦਾ ਸਥਿਤੀ ਕਾਬਲ-ਏ-ਤਾਰੀਫ਼ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਜ਼ਫਰਨਾਮਾ ਜਿੱਤ ਦੀ ਚਿੱਠੀ
ਪਾਤਸ਼ਾਹੀ 10ਵੀਂ
ਅਨੁਵਾਦਕ ਅਤੇ
ਸੰਪਾਦਕ : ਰਘਵੀਰ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 225
ਸੰਪਰਕ: 75892-75065

ਰਘਵੀਰ ਸਿੰਘ ਦੀ ਇਸ ਕਿਤਾਬ ਤੋਂ ਪਹਿਲਾਂ 'ਰੁਤਬਾ' ਅਤੇ 'ਮਹਿਰਮ ਜੀ ਤੂੰ ਹੀ ਤੂੰ ਗੋਬਿੰਦ ਜੀ ਤੂੰ ਹੀ ਤੂੰ' ਦੋ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਗੁਰੂ ਗੋਬਿੰਦ ਸਿੰਘ ਜੀ ਰਚਿਤ ਜ਼ਫ਼ਰਨਾਮਾ ਦੇ ਪਹਿਲਾਂ ਵੀ ਕਈ ਅਨੁਵਾਦ ਹੋ ਚੁੱਕੇ ਹਨ, ਭਾਸ਼ਾ ਵਿਭਾਗ ਤੇ ਹੋਰਨਾਂ ਕਵੀਆਂ ਵੱਲੋਂ। ਜ਼ਫ਼ਰਨਾਮਾ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ - ਜ਼ਫ਼ਰ+ਨਾਮਾ, ਯਾਨੀ ਜਿੱਤ ਦੀ ਚਿੱਠੀ। ਇਹ ਪੱਤਰ ਗੁਰੂ ਜੀ ਨੇ ਪਿੰਡ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਭੇਜਿਆ ਸੀ, ਆਪਣੇ ਦੋ ਸਿੰਘਾਂ - ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਦੇ ਰਾਹੀਂ। ਇਸ ਪੱਤਰ ਨੂੰ ਪੜ੍ਹਦਿਆਂ ਹੀ ਔਰੰਗਜ਼ੇਬ ਵਰਗਾ ਪੱਥਰ-ਦਿਲ ਇਨਸਾਨ ਵੀ ਪੰਘਰ ਗਿਆ ਸੀ। ਉਹ ਪਸ਼ਚਾਤਾਪ ਕਰਨ ਲਈ ਗੁਰੂ ਜੀ ਨੂੰ ਮਿਲਣਾ ਚਾਹੁੰਦਾ ਸੀ, ਪਰ ਉਹ ਆਪਣੀਆਂ ਭੁੱਲਾਂ ਬਖਸ਼ਾਉਣ ਤੋਂ ਪਹਿਲਾਂ ਹੀ ਜਹਾਨੋਂ ਰੁਖ਼ਸਤ ਹੋ ਗਿਆ। ਮੂਲ ਜ਼ਫ਼ਰਨਾਮਾ ਦੇ ਕੁੱਲ 111 ਬੰਦ ਹਨ, ਜੋ ਫ਼ਾਰਸੀ ਵਿਚ ਹਨ। ਰਘਵੀਰ ਸਿੰਘ ਨੇ ਇਸ ਦਾ ਪੰਜਾਬੀ ਕਵਿਤਾ ਵਿਚ ਉਲੱਥਾ ਕੀਤਾ ਹੈ। ਇਸ ਪੁਸਤਕ ਵਿਚ ਅਨੁਵਾਦਕ ਨੇ ਸਿਰਫ਼ ਮੂਲ ਜ਼ਫ਼ਰਨਾਮਾ ਦਾ ਹੀ ਅਨੁਵਾਦ ਨਹੀਂ ਕੀਤਾ, ਸਗੋਂ ਇਸ ਨਾਲ ਲਿਖੀਆਂ 11 ਹਿਕਾਇਤਾਂ ਵੀ ਮੂਲ ਰੂਪ ਵਿਚ ਅੰਕਿਤ ਕੀਤੀਆਂ ਹਨ ਤੇ ਉਨ੍ਹਾਂ ਦਾ ਆਪਣੇ ਵਲੋਂ ਕੀਤਾ ਅਨੁਵਾਦ ਵੀ ਸ਼ਾਮਿਲ ਕੀਤਾ ਹੈ। ਇਹ ਸਮੁੱਚੀ ਰਚਨਾ ਅੰਗ 1382-88 (ਮੂਲ ਜ਼ਫ਼ਰਨਾਮਾ 111 ਬੰਦ), 1388-91 (ਪਹਿਲੀ ਹਿਕਾਇਤ, 65 ਬੰਦ), 1391-94 (ਦੂਜੀ ਹਿਕਾਇਤ, 57 ਬੰਦ), 1394-1402 (ਤੀਜੀ ਹਿਕਾਇਤ, 141 ਬੰਦ), 1402-04 (ਚੌਥੀ ਹਿਕਾਇਤ, 51 ਬੰਦ), 1405-07 (ਪੰਜਵੀਂ ਹਿਕਾਇਤ, 43 ਬੰਦ), 1407-09 (ਛੇਵੀਂ ਹਿਕਾਇਤ, 49 ਬੰਦ), 1410-12 (ਸੱਤਵੀਂ ਹਿਕਾਇਤ (47 ਬੰਦ), 1413-14 (ਅੱਠਵੀਂ ਹਿਕਾਇਤ, 44 ਬੰਦ), 1414-24 (ਨੌਵੀਂ ਹਿਕਾਇਤ, 179 ਬੰਦ), 1424-27 (ਦਸਵੀਂ ਹਿਕਾਇਤ, 60 ਬੰਦ), 1427-28 (ਗਿਆਰ੍ਹਵੀਂ ਹਿਕਾਇਤ, 21 ਬੰਦ) ਮੁਤਾਬਕ ਸ਼ਾਮਿਲ ਕੀਤੀ ਗਈ ਹੈ। ਰਘਵੀਰ ਸਿੰਘ ਨੇ ਹਰੇਕ ਹਕਾਇਤ ਦੇ ਅੰਤ ਵਿਚ ਇਹ ਪੰਕਤੀ ਉਧ੍ਰਿਤ ਕੀਤੀ ਹੈ - 'ਇਹ ਸਾਰਾ ਅਨੁਵਾਦ ਗੁਰੂ ਕਿਰਪਾ ਦੀ ਦੇਣ ਹੈ।' ਇਸ ਰਾਹੀਂ ਅਨੁਵਾਦਕ ਦੀ ਹਲੀਮੀ, ਨਿਮਰਤਾ, ਆਜ਼ਜ਼ੀ, ਨਿਰਮਾਣਤਾ ਪ੍ਰਗਟ ਹੁੰਦੀ ਹੈ। ਅਨੁਵਾਦਕ ਵੱਲੋਂ ਜ਼ਫ਼ਰਨਾਮਾ ਦੇ ਬਾਈਵੇਂ ਬੰਦ ਦਾ ਅਨੁਵਾਦ ਵੇਖਿਆ ਜਾ ਸਕਦਾ ਹੈ :
ਚੁ ਕਾਰ ਅਜ਼ ਹਮਾ
ਹੀਲਤੇ ਦ ਗੁਜ਼ਸ਼ਤ॥
ਹਲਾਲ ਅਸਤ
ਬੁਰਦਨ ਬ ਸ਼ਮਸ਼ੀਰ ਦਸਤ॥
ਜਦੋਂ ਸਾਰੇ ਹੀਲੇ
ਵਸੀਲੇ ਹੋ ਜਾਂਦੇ ਨੇ ਬੇਕਾਰ।
ਫਿਰ ਖੂਬ ਜਾਇਜ਼ ਹੈ
ਹੱਥ ਵਿਚ ਉਠਾਉਣੀ ਤਲਵਾਰ।
ਸਮੁੱਚੀ ਪੁਸਤਕ ਦੀ ਸਮਾਪਤੀ ਤੇ ਰਘਵੀਰ ਸਿੰਘ ਨੇ ਪਰਮ ਪਿਤਾ ਪਰਮਾਤਮਾ ਸਮੇਤ ਕਲਗੀਆਂ ਵਾਲੇ ਗੁਰੂ ਨੂੰ ਇਨ੍ਹਾਂ ਲਕਬਾਂ ਨਾਲ ਯਾਦ ਕੀਤਾ ਹੈ - ਪਿਆਰ ਦੇ ਮਸੀਹਾ, ਸੱਚ ਦੇ ਰਹਿਬਰ, ਸ਼ਬਦਾਂ ਦੇ ਰਾਜਾ, ਕਹਾਣੀਆਂ ਦੇ ਰਚੇਤਾ, ਖੁਸ਼ੀਆਂ ਦੇ ਪਾਤਸ਼ਾਹ, ਜੁਰਅਤਾਂ ਦੇ ਦਾਤਾ, ਵਿਧੀਆਂ ਦੇ ਵਿਧਾਤਾ, ਕਹਾਣੀਆਂ ਦੇ ਕਰਤਾ, ਅੰਮ੍ਰਿਤ ਦੇ ਮਾਲਕ, ਸਿੰਘ ਸਿੰਘਣੀਆਂ ਦੇ ਪਿਤਾ, ਸਿੱਖਾਂ ਦੇ ਗੁਰਦੇਵ, ਹੱਕ ਦੇ ਪਹਿਰੇਦਾਰ, ਬ੍ਰਹਿਮੰਡ ਦੀ ਹਰਕਤ, ਕੁਦਰਤ ਦੀ ਬਰਕਤ, ਰੰਗਾਂ ਦੇ ਰੰਗਰੇਜ਼, ਰੂਹਾਂ ਦੇ ਰਾਜ਼ਦਾਰ, ਪਿਆਰਾਂ ਦੇ ਪਿਆਰ, ਜ਼ਮੀਰਾਂ ਦੀ ਸਰਕਾਰ, ਇਮਾਨ ਦੇ ਪਹਿਰੇਦਾਰ, ਨਜ਼ਰਾਂ ਦੇ ਨੂਰ, ਸਾਹਿਬ ਹਾਜ਼ਰ ਹਜ਼ੂਰ, ਸੁਹੱਪਣ ਦੇ ਸ਼ਹਿਨਸ਼ਾਹ, ਦਿਲਾਂ ਦੀ ਧੜਕਣ, ਬੱਦਲਾਂ ਦੀ ਬਰਸਣ, ਪਾਣੀਆਂ ਦੀ ਰਵਾਨੀ, ਹਵਾਵਾਂ ਦੇ ਅਹਿਸਾਸ, ਧੁੱਪਾਂ ਦੀ ਚਮਕ, ਚੰਦ ਤਾਰਿਆਂ ਦੀ ਰੌਸ਼ਨੀ, ਅੰਬਰਾਂ ਦੀ ਉਚਾਈ, ਪਾਤਾਲਾਂ ਦੀ ਗਹਿਰਾਈ, ਬਰਫਾਂ ਦੀ ਸੀਤਲਤਾ, ਮਾਰੂਥਲਾਂ ਦੀ ਤਪਸ਼, ਖੇਤ ਫਸਲਾਂ ਦੀ ਰੌਣਕ, ਸ਼ਾਹਾਂ ਦੇ ਸ਼ਾਹ, ਅੱਲਾ, ਵਾਹਿਗੁਰੂ, ਅਕਾਲ ਪੁਰਖ, ਰਮੱਈਆ, ਰੱਬ, ਪਰਵਰਦਿਗਾਰ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਉੱਚਾ ਬੁਰਜ ਲਾਹੌਰ ਦਾ
ਲੇਖਕ : ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 352
ਸੰਪਰਕ : 95011-45039

ਸ਼ਿਵਚਰਨ ਜੱਗੀ ਕੁੱਸਾ ਪੰਜਾਬੀ ਨਾਵਲ ਜਗਤ ਵਿਚ ਜਾਣਿਆ ਪਛਾਣਿਆ ਨਾਂਅ ਹੈ। ਉਪਰੋਕਤ ਨਾਵਲ ਵੀ ਕੁੱਸਾ ਦੀ ਇਕ ਉੱਤਮ ਕ੍ਰਿਤ ਕਿਹਾ ਜਾ ਸਕਦਾ ਹੈ। ਨਾਵਲ ਦਾ ਪਲਾਟ ਪੇਂਡੂ ਪ੍ਰਿਠਭੂਮੀ 'ਤੇ ਅਧਾਰਿਤ ਹੈ। ਪੇਂਡੂ ਜਨ ਜੀਵਨ, ਪੇਂਡੂ ਰਾਜਨੀਤੀ, ਪੇਂਡੂ ਮਾਹੌਲ ਅਤੇ ਪੇਂਡੂ ਮਾਨਸਿਕਤਾ ਨੂੰ ਨਾਵਲ ਦਾ ਆਧਾਰ ਬਣਾਉਣਾ ਅਤੇ ਪੜ੍ਹਦੇ ਹੋਏ ਇਹ ਅਹਿਸਾਸ ਹੋਣਾ ਕਿ ਸੱਚੀਂ ਪਾਠਕ ਕਿਸੇ ਪਿੰਡ ਦਾ ਹੀ ਹਿੱਸਾ ਹੋਵੇ ਇਹ ਨਾਵਲਕਾਰ ਦੀ ਕਲਾ ਅਤੇ ਕਾਬਲੀਅਤ 'ਤੇ ਨਿਰਭਰ ਕਰਦਾ ਹੈ। ਕੁੱਸਾ ਦਾ ਹਥਲਾ ਨਾਵਲ ਬਹੁਪਰਤੀ ਘਟਨਾਵਾਂ ਵਾਲਾ ਨਾਵਲ ਕਿਹਾ ਜਾ ਸਕਦਾ ਹੈ। ਪਰਵਾਸ ਹੰਢਾ ਕੇ ਪਿੰਡ ਪਰਤ ਆਉਣਾ ਅਤੇ ਪਿੰਡ ਦੀ ਧਰਤੀ ਵਿਚ ਫਿਰ ਤੋਂ ਜੜ੍ਹਾਂ ਜਮਾਉਣ ਦੀ ਕੋਸ਼ਿਸ਼ ਤੇ ਪਿੰਡ ਵਾਸੀਆਂ ਦੇ ਮਨਾਂ ਵਿਚ ਆਪਣੀ ਥਾਂ ਬਣਾਉਣ ਦੀ ਜੱਦੋ-ਜਹਿਦ ਨੂੰ ਬਾਖੂਬੀ ਜਵਾਹਰ ਸਿੰਘ ਦੇ ਕਿਰਦਾਰ ਰਾਹੀਂ ਪੇਸ਼ ਕੀਤਾ ਗਿਆ ਹੈ। ਪਿੰਡ ਦੀ ਰਾਜਨੀਤੀ ਜੋ ਸਰਪੰਚੀ ਦੀਆਂ ਚੋਣਾਂ ਦੇ ਦੁਆਲੇ ਘੁੰਮਦੀ ਹੈ ਅਤੇ ਸਰਪੰਚ ਬਣਨ ਲਈ ਕਿਸ ਹੱਦ ਤੱਕ ਅਤੇ ਕਿਵੇਂ ਦੋਗਲੀ ਅਤੇ ਨੀਵੇਂ ਪੱਧਰ ਦੀ ਰਾਜਨੀਤੀ ਖੇਡੀ ਜਾਂਦੀ ਹੈ, ਇਹ ਫੌਜੀ ਟੇਕ ਸਿੰਘ, ਸੁਰਮੁੱਖ ਸਿੰਘ ਅਤੇ ਮੀਂਹਾਂ ਸਿਉਂ ਦੇ ਕਿਰਦਾਰਾਂ ਰਾਹੀਂ ਪੇਸ਼ ਕੀਤੀ ਗਈ ਹੈ। ਪ੍ਰਵਾਸ ਹੰਢਾਅ ਰਹੇ ਲੋਕਾਂ ਦੇ ਸੰਤਾਪ ਗੁਰਦੀਪ ਸਿੰਘ ਦੇ ਕਿਰਦਾਰ ਰਾਹੀਂ ਨਾਵਲ ਵਿਚ ਪੇਸ਼ ਹੁੰਦਾ ਹੈ। ਕੁੱਸਾ ਦੇ ਇਸ ਨਾਵਲ ਵਿਚ ਵੀ ਉਸ ਦੇ ਪਹਿਲੇ ਨਾਵਲਾਂ ਦੀ ਤਰ੍ਹਾਂ ਠੇਠ ਪੇਂਡੂ ਪੰਜਾਬੀ ਬੋਲੀ, ਗਾਲਾਂ ਦੀ ਵਰਤੋਂ ਪੇਂਡੂ ਘਰਾਂ ਦੇ ਨਿਰੋਲ ਵਾਤਾਵਰਨ ਨੂੰ ਪੇਸ਼ ਕਰਦਾ ਹੈ। ਪੇਂਡੂ ਔਰਤਾਂ ਦੀ ਲਾਚਾਰੀ ਸ਼ਰ੍ਹੇਆਮ ਹੁੰਦੀ ਔਰਤਾਂ ਦੀ ਹੱਤਕ ਇਕ ਬੜੀ ਸੌੜੀ ਪੇਂਡੂ ਮਾਨਸਿਕਤਾ ਨੂੰ ਨਾਵਲ ਵਿਚ ਪੇਸ਼ ਕੀਤਾ ਗਿਆ ਹੈ। ਆਮ ਤੌਰ 'ਤੇ ਵੇਖਿਆਂ ਅਤੇ ਪੜ੍ਹਿਆਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਪੰਜਾਬੀ ਗਲਪ ਖ਼ਾਸਕਰ ਨਾਵਲ ਦੀ ਵਿਧਾ, ਜੋ ਵਧੇਰੇ ਪੇਂਡੂ ਵਾਤਾਵਰਨ ਵਿਚੋਂ ਹੀ ਨਿਕਲਦੀ ਹੈ ਅਤੇ ਨਾਵਲ ਵਿਚ ਸ਼ਰਾਬ ਤੋਂ ਬਿਨਾਂ ਅਤੇ ਗਾਲਾਂ ਤੋਂ ਬਿਨਾਂ ਅਤੇ ਔਰਤ ਦੀ ਅਧੋਗਤੀ ਤੋਂ ਬਿਨਾਂ ਨਾਵਲ ਕਲਪਿਤ ਹੀ ਨਹੀਂ ਹੁੰਦਾ। ਕੁੱਸਾ ਦੇ ਨਾਵਲ ਦੇ ਪਾਤਰ ਵੀ ਸਧਾਰਨ ਪੇਂਡੂ ਜ਼ਿੰਦਗੀ ਜਿਊਂਦੇ ਪਾਤਰ ਹਨ ਅਤੇ ਸਧਾਰਨ ਪੇਂਡੂ ਵਾਤਾਵਰਨ ਨਾਵਲ ਦੀ ਗੋਂਦ ਨੂੰ ਵਿਕਸਿਤ ਕਰਦਾ ਹੈ। ਕੁੱਲ-ਮਿਲਾ ਕੇ ਨਾਵਲ ਦੀ ਕਹਾਣੀ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ, ਨਿਰੋਲ ਪੇਂਡੂ ਧਰਤੀ ਅਤੇ ਇਸ 'ਤੇ ਵਸਦੇ ਲੋਕਾਂ ਦੀ ਮਾਨਸਿਕਤਾ ਨੂੰ ਮੂਲ ਰੂਪ ਵਿਚ ਉਹ ਹੀ ਸਿਰਜ ਸਕਦਾ ਹੈ, ਜਿਸ ਨੇ ਪੇਂਡੂ ਜੀਵਨ ਨੂੰ ਆਪਣੇ ਪਿੰਡੇ ਹੰਢਾਇਆ ਹੋਵੇ ਅਤੇ ਕੁੱਸਾ ਨਿਰਸੰਦੇਹ ਇਕ ਨਿਰੋਲ ਪੇਂਡੂ ਧਰਤੀ ਦਾ ਵਾਸੀ ਹੈ ਅਤੇ ਪਿੰਡ ਅਤੇ ਪਿੰਡ ਦੇ ਲੋਕਾਂ ਦੀ ਤਾਸੀਰ ਅਤੇ ਨਬਜ਼ ਉਹ ਬਾ-ਖੂਬੀ ਪਛਾਣਦਾ ਹੈ।
-ਡਾ.ਜਸਬੀਰ ਕੌਰ
ਮੋਬਾਈਲ : 98721-17774