ਜੇ ਆਸ਼ਕ ਮਿਲ ਜਾਂਦੇ?
ਲੇਖਕ : ਪਦਮ ਸਿੰਧਰਾ
ਸੰਪਾਦਕ : ਗੁਰਪ੍ਰੀਤ ਸਿੰਘ ਸਿੰਧਰਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 52
ਸੰਪਰਕ : 94638-36551

ਪਦਮ ਸਿੰਧਰਾ ਦਾ ਲਿਖਿਆ ਨਾਟਕ 'ਜੇ ਆਸ਼ਕ ਮਿਲ ਜਾਂਦੇ?' ਪੁਸਤਕ ਦੇ ਰੂਪ ਵਿਚ ਸਪਤਰਿਸ਼ੀ ਪਬਲੀਕੇਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ ਜਿਸ ਦੀ ਸੰਪਾਦਨਾ ਗੁਰਪ੍ਰੀਤ ਸਿੰਘ ਸਿੰਧਰਾ ਨੇ ਕੀਤੀ ਹੈ। ਪਦਮ ਸਿੰਧਰਾ ਨੇ ਵਿਅੰਗਮਈ ਅੰਦਾਜ਼ ਵਿਚ ਇਸ ਨਾਟਕ ਦੀ ਬੁਣਤੀ ਬੁਣੀ ਹੈ। ਮੁੱਖ ਰੂਪ ਵਿਚ ਰਾਂਝਾ, ਮਜਨੂੰ, ਮਿਰਜ਼ਾ ਅਤੇ ਮਹੀਂਵਾਲ ਦੇ ਨਾਲ-ਨਾਲ ਹੀਰ, ਲੈਲਾ, ਸਾਹਿਬਾਂ ਅਤੇ ਸੋਹਣੀ ਇਸ ਨਾਟਕ ਦੇ ਪਾਤਰ ਹਨ, ਇਹ ਪੰਜਾਬ ਦੇ ਪ੍ਰਚਲਿਤ ਆਸ਼ਕ ਹਨ, ਜਿਨ੍ਹਾਂ ਦੀਆਂ ਗਾਥਾਵਾਂ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੀਆਂ ਹੋਈਆਂ ਨੇ। ਇਨ੍ਹਾਂ ਦੀ ਮੁਹੱਬਤੀ ਦਾਸਤਾਨ ਸਾਡੇ ਲੋਕ ਸਾਹਿਤ ਦਾ ਹਿੱਸਾ ਹੋਣ ਕਰਕੇ ਬੱਚਾ ਬੱਚਾ ਇਨ੍ਹਾਂ ਦੇ ਜੀਵਨ ਅਤੇ ਹੋਣੀ ਬਾਰੇ ਵਾਕਿਫ ਹੈ। ਇਨ੍ਹਾਂ ਵਿਚੋਂ ਕਿਸੇ ਦੀ ਵੀ ਮੁਹੱਬਤ ਸਿਰੇ ਨਹੀਂ ਚੜ੍ਹੀ, ਅੱਧ ਵਿਚਕਾਰੋਂ ਟੁੱਟੀ ਹੈ ਅਤੇ ਅੰਤ ਵਿਛੋੜਾ ਹੋਇਆ ਹੈ। ਪਦਮ ਸਿੰਧਰਾ ਦੀ ਕਲਪਨਾ ਦੀ ਉਡਾਰੀ ਹੈ, ਸੋਚ ਹੈ ਕਿ ਜੇ ਇਹ ਸਾਰੇ ਆਸ਼ਕ ਆਪਣੀ ਮੁਹੱਬਤ ਨੂੰ ਪਾਉਣ ਵਿਚ ਕਾਮਯਾਬ ਹੋ ਜਾਂਦੇ ਅਤੇ ਅੰਤ ਇਨ੍ਹਾਂ ਦਾ ਮਿਲਾਪ ਹੋ ਜਾਂਦਾ ਤਾਂ ਕਿਸ ਤਰਾਂ ਦਾ ਮਾਹੌਲ ਬਣਦਾ। ਇਨ੍ਹਾਂ ਦੀ ਕਬੀਲਦਾਰੀ ਕਿਸ ਤਰ੍ਹਾਂ ਚਲਦੀ। ਆਪਣੀ ਇਸ ਸੋਚ ਨੂੰ ਪਦਮ ਨੇ ਹਾਸਰਸ ਦੇ ਹਲਕੇ ਫੁਲਕੇ ਅੰਦਾਜ਼ ਵਿਚ ਪਾਠਕਾਂ ਸਾਹਮਣੇ ਰੱਖਿਆ ਹੈ ।
ਇਹ ਨਾਟਕ ਇੱਕ ਅਦਾਲਤ ਵਿਚ ਵਾਪਰਦਾ ਹੈ ਜਿਥੇ ਇਹ ਸਾਰੇ ਆਸ਼ਕ ਆਪਣੇ ਦੁੱਖ ਦਰਦ ਲੈ ਕੇ ਆਏ ਹਨ ਅਤੇ ਇਨਸਾਫ ਮੰਗ ਰਹੇ ਹਨ, ਇਨਸਾਫ ਦਾ ਮਤਲਬ ਇੱਕ ਦੂਜੇ ਤੋਂ ਤਲਾਕ ਭਾਵ ਛੁਟਕਾਰਾ ਹੈ। ਉਂਝ ਇਸ ਨਾਟਕ ਦੇ ਹੋਰ ਵੀ ਪਾਤਰ ਹਨ ਜੋ ਇਸ ਕਹਾਣੀ ਨੂੰ ਅੱਗੇ ਤੋਰਨ ਵਿਚ ਸਹਾਈ ਹੁੰਦੇ ਹਨ। ਵਿਕਾਸ ਨਾਂਅ ਦਾ ਪਾਤਰ ਨੌਜਵਾਨ ਮਰਦ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ। ਇਸੇ ਤਰ੍ਹਾਂ 'ਖੁਸ਼ਬੂ' ਨੌਜਵਾਨ ਲੜਕੀਆਂ ਦੀ ਪ੍ਰਤੀਨਿਧਤਾ ਕਰਦੀ ਹੈ। ਇਹ ਦੋਵੇਂ ਨੌਜਵਾਨ ਇਨ੍ਹਾਂ ਆਸ਼ਕਾਂ ਦੀ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਤੋਂ ਚੰਗੀ ਤਰਾਂ ਵਾਕਿਫ ਹਨ। ਪਰ ਇਨ੍ਹਾਂ ਆਸ਼ਕਾਂ-ਮਸ਼ੂਕਾਂ ਦਾ ਮਿਲ ਜਾਣਾ ਇਨ੍ਹਾਂ ਲਈ ਨਵੀਂ ਗੱਲ ਹੈ ਅਤੇ ਇਸ ਤੋਂ ਵੀ ਨਵੀਂ ਤੇ ਹੈਰਾਨੀ ਵਾਲੀ ਗੱਲ ਇਨ੍ਹਾਂ ਦਾ ਕਬੀਲਦਾਰੀ ਕਲੇਸ਼ ਹੈ ਕਿ ਕਿਵੇਂ ਉਹ ਸਾਰੇ ਹੁਣ ਕੋਰਟ ਕਚਹਿਰੀਆਂ ਵਿਚ ਖੱਜਲ ਖੁਆਰ ਹੋ ਰਹੇ ਹਨ। 'ਖੁਸ਼ਬੂ' ਆਪਣੇ ਘਰ ਦੇ ਕਲੇਸ਼ ਦੀ ਤਰੀਕ ਭੁਗਤਣ ਆਈ ਹੈ, ਉਸੇ ਕਚਹਿਰੀ ਵਿਚ ਉਹ ਹੀਰ, ਸਾਹਿਬਾਂ, ਲੈਲਾ ਤੇ ਸੋਹਣੀ ਨੂੰ ਮਿਲਦੀ ਹੈ । ਹੀਰ ਵਿਲਕਦੀ ਹੈ, 'ਉਦੋਂ ਮੇਰੇ ਉੱਪਰ ਜਵਾਨੀ ਦਾ ਨਸ਼ਾ ਸੀ, ਲਗਦਾ ਸੀ ਇਹੋ ਸਵਰਗ ਹੈ.... ਪਰ ਹੁਣ ਭੁੱਲ ਗਏ ਰਾਗ ਤੇ ਭੁੱਲ ਗਈਆਂ ਯੱਕੜੀਆਂ, ਤਿੰਨੇ ਗੱਲਾਂ ਚੇਤੇ ਰਹੀਆਂ ਲੂਣ, ਤੇਲ, ਲੱਕੜੀਆਂ'। ਇਸੇ ਤਰ੍ਹਾਂ ਹੀਰ ਨੂੰ ਸਾਹਿਬਾਂ ਆਪਣੇ ਦੁੱਖ ਦੱਸਦੀ ਹੈ, 'ਭੂਆ, ਉਦੋਂ ਤਾਂ ਇਸ਼ਕ ਦੀ ਗਰਮੀ ਵਿਚ ਪਤਾ ਨੀ ਲੱਗਾ ਆ ਹੁਣ ਢਲਦੀ ਉਮਰੇ ਡਾਕਟਰ ਨੇ ਦੱਸਿਆ ਕਿ ਪੁਰਾਣੀਆਂ ਸੱਟਾਂ ਨੇ, ਮੈਂ ਸਾਰਾ ਦਿਨ ਚੁੱਲ੍ਹਾ ਚੌਂਕਾ, ਭਾਂਡੇ ਮਾਂਜ ਲਏ, ਖੁਰਲੀਆਂ ਵਿਚ ਪੱਠੇ ਪਾ, ਗੋਹਾ ਕੂੜਾ ਕਰਦਿਆਂ ਆਹ ਲੱਕ ਦੂਹਰਾ ਹੋ ਗਿਆ'। ਸਾਰੇ ਦੇ ਸਾਰੇ ਆਸ਼ਕ ਕਬੀਲਦਾਰੀ ਦੀ ਜਕੜ ਵਿਚ ਫਸੇ ਹੋਣ ਦਾ ਰੋਣਾ ਰੋ ਰਹੇ ਹਨ। ਨਵੀਂ ਪੀੜ੍ਹੀ ਦੇ ਦੁੱਖਾਂ ਨਾਲ ਉਨ੍ਹਾਂ ਦੇ ਦੁੱਖ ਮਿਲਦੇ-ਜੁਲਦੇ ਹਨ। ਜੱਜ ਵੀ ਇਹੀ ਫ਼ੈਸਲਾ ਦਿੰਦਾ ਹੈ ਕਿ ਇਹ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ ਇਸ ਤੋਂ ਬਚਣਾ ਮੁਸ਼ਕਿਲ ਹੈ, ਇਹ ਕਬੀਲਦਾਰੀ ਦੀ ਗੱਡੀ ਇਸੇ ਤਰਾਂ ਚਲਦੀ ਹੈ। ਵਿਅੰਗਮਈ ਦ੍ਰਿਸ਼ਟੀਕੋਣ ਤੋਂ ਇਹ ਨਾਟਕ ਖ਼ੂਬਸੂਰਤ ਹੈ ਅਤੇ ਸਿੱਖਿਆਦਾਇਕ ਵੀ।
-ਨਿਰਮਲ ਜੌੜਾ
ਮੋਬਾਈਲ : 98140-78799
ਸਾਡਾ ਪਿੰਡ ਬੁਰਜ ਲਿੱਟਾਂ
ਲੇਖਕ : ਮਾ. ਅਵਤਾਰ ਸਿੰਘ ਧਾਲੀਵਾਲ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ।
ਮੁੱਲ : 800 ਰੁਪਏ, ਸਫੇ : 438
ਸੰਪਰਕ : 94176-09583

ਬੀਤੀਆਂ ਕਈ ਸਦੀਆਂ ਤੋਂ ਪਿੰਡਾਂ ਦਾ ਸੱਭਿਆਚਾਰ ਇਕ ਇਕਾਈ ਮੰਨਿਆ ਜਾਂਦਾ ਰਿਹਾ ਹੈ। ਪੰਜਾਬ ਵਿਚ ਪਿੰਡਾਂ ਦੀ ਗਿਣਤੀ ਲਗਭਗ 13 ਹਜ਼ਾਰ ਹੈ। ਕੁਝ ਸਮੇਂ ਤੋਂ ਪਿੰਡਾਂ ਦਾ ਇਤਿਹਾਸ ਲਿਖਣ ਦਾ ਰੁਝਾਨ ਵਧਿਆ ਹੈ। ਇਸ ਖੇਤਰ ਵਿਚ ਵੱਖ-ਵੱਖ ਲੇਖਕਾਂ ਨੇ ਆਪਣੀ ਕਲਮ ਚਲਾਈ ਹੈ। ਗਿਆਨੀ ਗੁਰਦਿੱਤ ਸਿੰਘ ਨੇ ਲਗਭਗ 60 ਸਾਲ ਪਹਿਲਾਂ 'ਮੇਰਾ ਪਿੰਡ' ਪੁਸਤਕ ਵਾਰਤਕ ਵਿਚ ਲਿਖੀ, ਜੋ ਅੱਜ ਤੱਕ ਹਰਮਨ ਪਿਆਰੀ ਹੈ। ਇਹ ਪੁਸਤਕ ਵਾਰਤਕ ਸ਼ੈਲੀ ਵਿਚ ਮੀਲ ਪੱਥਰ ਹੋ ਨਿੱਬੜੀ ਹੈ। ਮਾ. ਅਵਤਾਰ ਸਿੰਘ ਨੂੰ ਵੀ ਅਜਿਹਾ ਸ਼ੌਕ ਜਾਗਿਆ। ਉਸ ਨੇ ਆਪਣੇ ਪਿੰਡ 'ਬੁਰਜ ਲਿੱਟਾਂ' ਬਾਰੇ ਲਿਖਣ ਤੋਂ ਪਹਿਲਾਂ ਵੱਖ-ਵੱਖ ਲੇਖਕਾਂ ਵਲੋਂ ਆਪੋ-ਆਪਣੇ ਪਿੰਡਾਂ ਬਾਰੇ ਲਿਖੀਆਂ ਅਨੇਕਾਂ ਪੁਸਤਕਾਂ ਦਾ ਅਧਿਐਨ ਕੀਤਾ। ਇਹ ਅਧਿਐਨ ਹੀ ਉਸ ਦਾ ਪ੍ਰੇਰਨਾ ਸਰੋਤ ਹੋ ਨਿਬੜਿਆ ਹੈ। ਵਿਚਾਰ ਅਧੀਨ ਲਿਖਤ ਨੂੰ ਭਾਵੇਂ ਉਸ ਨੇ ਦੋ ਮੁੱਖ ਭਾਗਾਂ ਵਿਚ ਵੰਡਿਆ ਹੈ ਪਰ ਬਾਰੰਬਾਰਤਾ ਦੀਆਂ ਗੱਲਾਂ 'ਦਾ ਪ੍ਰਵੇਸ਼ ਹੋਣਾ ਸੁਭਾਵਿਕ ਹੋ ਗਿਆ। ਬੀਤੇ ਸਮੇਂ ਵਿਚ 'ਬੁਰਜ ਲਿੱਟਾਂ' ਦੀ ਮੋਹੜੀ ਸ. ਦੀਵਾਨ ਸਿੰਘ ਲਿੱਟ ਨੇ ਹੀ ਗੱਡੀ ਦੱਸੀ ਗਈ ਹੈ। ਅਵਤਾਰ ਨੇ ਹਰਿਦੁਆਰ ਦੇ ਪੰਡਿਤ ਕੋਲੋਂ 'ਬੁਰਜ ਲਿੱਟਾਂ' ਦਾ ਕੁਰਸੀਨਾਵਾਂ ਕਢਵਾਇਆ ਸੀ। ਲੇਖਕ ਨੇ ਆਪਣੇ ਪਿੰਡ ਦੀਆਂ ਵੱਖ-ਵੱਖ ਖੇਤਰ ਵਿਚ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ (ਮਰਦਾਂ-ਔਰਤਾਂ) ਸਮੇਤ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਪ੍ਰਸਤੁਤ ਕੀਤਾ ਹੈ। ਅਜਿਹੀਆਂ ਸ਼ਖ਼ਸੀਅਤਾਂ ਨੇ ਉਸ ਦੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਲੇਖਕ ਨੇ ਪਿੰਡ ਦੇ ਧਾਰਮਿਕ ਸਥਾਨਾਂ, ਵਿਸ਼ੇਸ਼ ਕਰਕੇ ਗੁਰਦੁਆਰਿਆਂ ਬਾਰੇ ਨਿੱਠ ਕੇ ਚਰਚਾ ਕੀਤੀ ਹੈ। ਉਸ ਨੇ ਪਿੰਡ ਦੀਆਂ ਪੱਤੀਆਂ, ਰਸਮਾਂ ਰਿਵਾਜਾਂ, ਲੋਕਯਾਨਿਕ ਪ੍ਰੰਪਰਾਵਾਂ, ਗੋਤਾਂ ਦਾ ਵੇਰਵਾ, ਵਿੱਦਿਅਕ ਅਦਾਰੇ, ਦਾਨੀ ਸੱਜਣ, ਨਿਰਸੁਆਰਥ ਸਮਾਜਿਕ ਵਰਕਰਾਂ, ਆਜ਼ਾਦੀ ਘੁਲਾਟੀਆਂ, ਸਾਹਿਤਕਾਰਾਂ ਅਤੇ ਉਨ੍ਹਾਂ ਦੀਆਂ ਸਿਰਜਨਾਵਾਂ, ਮੇਲੇ, ਪਿੰਡ ਦੇ ਸਰਪੰਚਾਂ, ਨੰਬਰਦਾਰਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਇੰਝ ਸਾਰਿਆਂ ਨੂੰ ਯਾਦ ਕਰਕੇ ਅਮਰ ਕਰ ਦਿੱਤਾ ਹੈ। ਪਿੰਡ ਦੀਆਂ ਸੜਕਾਂ, ਹਲਵਾਰੇ ਦੇ ਹਵਾਈ ਅੱਡੇ ਦਾ ਨੇੜਲੇ ਪਿੰਡਾਂ 'ਤੇ ਪ੍ਰਭਾਵ ਅੰਕਿਤ ਕੀਤਾ ਹੈ। ਪੁਰਾਣੇ ਸਮੇਂ ਤੋਂ ਅੱਜ ਤੱਕ ਪਿੰਡ ਦੇ ਸੱਭਿਆਚਾਰ, ਰਹਿਣੀ-ਬਹਿਣੀ ਵਿਚ ਜੋ-ਜੋ ਪਰਿਵਰਤਨ ਆਏ ਬਾਖੂਬੀ ਬਿਆਨ ਕੀਤੇ ਨੇ।
ਅੰਕਿਤਾ ਵਿਚ 28 ਪੰਨਿਆਂ ਵਿਚ 'ਬੁਰਜ ਲਿੱਟਾਂ' ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ, ਜਾਣਕਾਰੀ ਸਹਿਤ, ਇਸ ਪੁਸਤਕ ਦੇ ਸ਼ਿੰਗਾਰ ਵਿਚ ਦਿਲਚਸਪ ਰੰਗੀਨੀ ਪੈਦਾ ਕਰਦੀ ਹੈ।
ਮੁੱਕਦੀ ਗੱਲ ਲੇਖਕ ਨੇ ਅੱਖੀਂ ਵੇਖਿਆ, ਹੱਡੀਂ ਹੰਢਾਈਆਂ, ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਨੂੰ ਸਰਲ ਪੰਜਾਬੀ ਵਿਚ ਪੇਸ਼ ਕੀਤਾ ਹੈ। ਪੁਸਤਕ ਪੁਰਾਣੇ ਸਮੇਂ ਤੋਂ ਅੱਜ ਤੱਕ ਦਾ ਮੁੱਲਵਾਨ ਅਤੇ ਜਾਣਕਾਰੀ ਭਰਪੂਰ ਦਸਤਾਵੇਜ਼ ਹੋ ਨਿੱਬੜੀ ਹੈ। ਨਸ਼ਿਆਂ, ਡਾਕਿਆਂ ਸਮੇਤ ਸ਼ਾਇਦ ਕੁਝ ਵੀ ਛੁਪਾਇਆ ਨਹੀਂ।
ਲੇਖਕ ਅਜਿਹੀ ਅਣਥੱਕ ਮਿਹਨਤ ਲਈ ਵਧਾਈ ਦਾ ਪਾਤਰ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ:vatishdharamchand@gmail.com
ਪੰਜਾਬੀ ਲੋਕ ਜੀਵਨ ਦੇ ਅਲੋਪ ਹੋ ਰਹੇ ਰੰਗ
ਲੇਖਿਕਾ : ਡਾ. ਰਜਵਿੰਦਰ ਕੌਰ ਨਾਗਰਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 140
ਸੰਪਰਕ : 96460-01807

'ਪੰਜਾਬੀ ਜੀਵਨ ਦੇ ਅਲੋਪ ਹੋ ਰਹੇ ਰੰਗ' ਡਾ. ਰਜਿੰਦਰ ਕੌਰ ਨਾਗਰਾ ਦੀ ਪੰਜਵੀਂ ਪੁਸਤਕ ਹੈ। ਜਿਸ ਵਿਚ ਲੇਖਿਕਾ ਨੇ ਵੱਖ-ਵੱਖ ਨਿਬੰਧਾਂ ਰਾਹੀਂ ਪੰਜਾਬੀ ਵਿਰਾਸਤ ਦੀਆਂ ਲੁਪਤ ਹੋ ਰਹੀਆਂ ਜਾਂ ਹੋ ਚੁੱਕੀਆਂ ਰਸਮਾਂ, ਰੀਤੀ-ਰਿਵਾਜਾਂ, ਖੇਡਾਂ, ਤਿੱਥ-ਤਿਉਹਾਰਾਂ, ਲੋਕ ਕਲਾਵਾਂ, ਲੋਕ ਖੇਡਾਂ, ਲੋਕ ਕਿੱਤੇ, ਪੁਰਾਤਨ ਗਾਇਕੀ, ਲੋਕ ਗਹਿਣੇ ਵਰਗੇ ਵਿਸ਼ਿਆਂ ਨੂੰ ਬਾਖੂਬੀ ਚਿੱਤਰਿਆ। ਨਿਬੰਧ ਪੰਜਾਬੀ ਸਾਹਿਤ ਦੀ ਇਕ ਅਜਿਹੀ ਵਿਧਾ ਹੈ ਜਿਸ ਵਿਚ ਕਲਪਨਾ ਦਾ ਸਹਾਰਾ ਲਏ ਬਿਨਾਂ ਜਿੱਥੇ ਯਥਾਰਥ ਨੂੰ ਪੇਸ਼ ਕੀਤਾ ਜਾਂਦਾ ਹੈ ਉੱਥੇ ਨਾਲ-ਨਾਲ ਬਿਆਨ ਕੀਤੇ ਜਾ ਰਹੇ ਵਿਸ਼ੇ ਦੇ ਇਤਿਹਾਸ-ਮਿਥਿਹਾਸ ਨੂੰ ਸਾਹਮਣੇ ਰੱਖ ਸਮੇਂ ਨਾਲ ਉਸ ਵਿਚ ਹੋ ਰਹੇ ਪਰਿਵਰਤਨ ਦੀ ਕਹਾਣੀ ਨੂੰ ਵੀ ਬਿਆਨ ਕੀਤਾ ਜਾਂਦਾ ਹੈ। ਹਥਲੀ ਪੁਸਤਕ ਅੰਦਰ ਲੇਖਿਕਾ ਨੇ 20 ਵੱਖ-ਵੱਖ ਸਿਰਲੇਖਾਂ ਤਹਿਤ ਪੰਜਾਬੀ ਜੀਵਨ ਦੇ ਉਨ੍ਹਾਂ ਰੰਗਾਂ ਨੂੰ ਸ਼ਬਦਾਂ ਦੀ ਫੁਲਕਾਰੀ 'ਤੇ ਇਸ ਤਰ੍ਹਾਂ ਕੱਢਿਆ ਹੈ ਕਿ ਹਰ ਇੱਕ ਰੰਗ ਆਪੋ-ਆਪਣੀ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਲੇਖਿਕਾ ਵਲੋਂ ਬਿਆਨ ਕੀਤੇ ਵਿਸ਼ੇ, ਅਲੋਪ ਹੋ ਰਹੇ ਰਸਮ-ਰਿਵਾਜ, ਪੰਜਾਬ ਦਾ ਗੌਰਵ-ਲੋਕ ਖੇਡਾਂ, ਖੇਤੀਬਾੜੀ ਨਾਲ ਸੰਬੰਧਿਤ ਅਲੋਪ ਹੋ ਰਹੇ ਸੰਦ, ਟੋਕਰੇ-ਟੋਕਰੀਆਂ ਬਣਾਉਣ ਦੀ ਅਲੋਪ ਹੋ ਰਹੀ ਕਲਾ,ਵਿਆਹ ਦੀਆਂ ਰਸਮਾਂ, ਪੁਰਾਤਨ ਗਾਇਕੀ, ਪੁਰਾਤਨ ਪਹਿਰਾਵਾ, ਬਾਜ਼ੀਗਰਾਂ ਦੀਆਂ ਬਾਜ਼ੀਆਂ, ਰਾਸਾਂ ਆਦਿ ਨੂੰ ਐਨੀ ਸ਼ਿੱਦਤ ਨਾਲ ਬਿਆਨਿਆ ਹੈ ਕਿ ਇਨ੍ਹਾਂ ਨੂੰ ਪੜ੍ਹਦਾ ਹੋਇਆ ਪਾਠਕ ਇਕ ਵਾਰ ਆਪਣੇ ਆਪ ਨੂੰ ਪੁਰਾਤਨ ਪੰਜਾਬ ਦੇ ਇਨ੍ਹਾਂ ਰੰਗਾਂ ਦੇ ਸੰਗ ਓਤਪੋਤ ਹੋਇਆ ਮਹਿਸੂਸ ਕਰਦਾ ਹੈ। ਲੇਖਿਕਾ ਵਲੋਂ ਵਿਸ਼ਿਆਂ ਦੀ ਬਿਆਨੀ ਨੂੰ ਰੋਚਕ ਬਣਾਉਣ ਲਈ ਲੋਕ ਬੋਲੀਆਂ, ਲੋਕ ਤੁਕਾਂ, ਲੋਕ ਅਖਾਣਾਂ ਦੀ ਵਰਤੋਂ ਕਰਦਿਆਂ ਲੇਖਣੀ ਅੰਦਰ ਨਵਾਂ ਰੰਗ ਭਰਿਆ ਗਿਆ ਹੈ, ਜਿਸ ਕਰਕੇ ਨਿਬੰਧ ਪਾਠ ਕਰਦਿਆਂ ਪਾਠਕ ਅਕੇਵਾਂ ਮਹਿਸੂਸ ਨਹੀਂ ਕਰਦਾ। ਲੇਖਿਕਾ ਇਸ ਗੱਲ ਤੋਂ ਭਲੀਭਾਂਤ ਜਾਣੂ ਹੈ ਕਿ ਸਮਾਜ ਦੀ ਹਰ ਸ਼ੈਅ ਸਮੇਂ ਨਾਲ ਬਦਲਦੀ ਹੈ ਤੇ ਇਸ ਦੇ ਪ੍ਰਭਾਵ ਤੋਂ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਵੀ ਨਿਰਲੇਪ ਨਹੀਂ ਰਹਿ ਸਕਦੀ। ਜਿਸ ਦਾ ਸੰਕੇਤਕ ਪ੍ਰਗਟਾਵਾ ਲੇਖਿਕਾ ਨੇ ਪੁਸਤਕ ਦੇ ਆਖਰੀ ਨਿਬੰਧ 'ਸਮੇਂ ਦੀ ਮਾਪਣ ਦੀ ਪੁਰਾਤਨ ਕਲਾ' ਲਿਖਦਿਆਂ ਕੀਤਾ ਹੈ। ਹਥਲਾ ਨਿਬੰਧ ਸੰਗ੍ਰਹਿ ਵਿਚਲੇ ਨਿਬੰਧ ਵਿਸ਼ਾ-ਵਸਤੂ ਅਤੇ ਰੂਪਕ ਪੱਖ ਤੋਂ ਪਾਠ-ਪੁਸਤਕ ਵਜੋਂ ਸਥਾਪਿਤ ਹੋਣ ਦਾ ਦਮ ਰੱਖਦੇ ਹਨ। ਇਸ ਸ਼ਾਨਦਾਰ ਯਤਨ ਲਈ ਲੇਖਿਕਾ ਵਧਾਈ ਦੀ ਹੱਕਦਾਰ ਹੈ।
-ਸੁਖਮੰਦਰ ਸਿੰਘ ਬਰਾੜ
ਮੋਬਾਈਲ : 98149-65928
ਪਰਵਾਸ ਦੇ ਸਰੋਕਾਰ
ਲੇਖਕ : ਮਲਵਿੰਦਰ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 116
ਸੰਪਰਕ : 97795-91344

ਹਥਲੀ ਪੁਸਤਕ 'ਪਰਵਾਸ ਦੇ ਸਰੋਕਾਰ' ਰਾਹੀਂ ਲੇਖਕ ਨੇ ਪ੍ਰਵਾਸ ਹੰਡਾ ਰਹੇ ਲੋਕਾਂ ਦੀ ਜੀਵਨ ਜਾਂਚ ਦੇ ਵਿਭਿੰਨ ਪੱਖਾਂ ਨੂੰ ਰੂਬਰੂ ਕੀਤਾ ਹੈ। ਉੱਥੇ ਰਹਿਣ ਵਾਲੇ ਲੋਕਾਂ ਦੀ ਤਰਾਸਦੀ ਨੂੰ ਸਨਮੁਖ ਕੀਤਾ ਹੈ। ਪੰਜਾਬੀ ਕਦਰਾਂ-ਕੀਮਤਾਂ ਦਾ ਵਿਦੇਸ਼ੀ ਧਰਤੀ 'ਤੇ ਹੋ ਰਿਹਾ ਬਦਲਾਅ ਸਾਹਮਣੇ ਆਉਂਦਾ ਹੈ। ਪੰਜਾਬੀ ਜਨ-ਜੀਵਨ 'ਤੇ ਮੰਡੀ ਦੇ ਪੈ ਰਹੇ ਪ੍ਰਭਾਵਾਂ ਦਾ ਅਸਰ ਦਿਖਾਈ ਦਿੰਦਾ ਹੈ। ਕੈਨੇਡਾ ਦੀ ਵਿਦੇਸ਼ੀ ਧਰਤੀ 'ਤੇ ਪੰਜਾਬੀ ਭਾਸ਼ਾ ਦਾ ਵਰਤਮਾਨ ਅਤੇ ਭਵਿੱਖ ਦਾ ਸਪੱਸ਼ਟ ਰੂਪ ਸਾਹਮਣੇ ਦਿਖਾਈ ਦਿੰਦਾ ਹੈ। ਇਹ ਸਮੁੱਚੇ ਵਰਤਾਰੇ ਤੋਂ ਜਾਣਦੇ ਹਾਂ ਕਿ ਪੰਜਾਬੀ ਭਾਈਚਾਰੇ ਵਿਚ ਕਿਸ ਤਰ੍ਹਾਂ ਰੂਪਾਂਤਰਨ ਹੋ ਰਿਹਾ ਹੈ। ਕੈਨੇਡਾ ਦੀ ਧਰਤੀ 'ਤੇ ਵਸਿਆ ਬਰੈਹੰਮਟਨ ਓਨਟਾਰੀਓ ਸਟੇਟ ਦਾ ਪ੍ਰਸਿੱਧ ਸ਼ਹਿਰ ਹੈ। ਇਸ ਦੀ ਆਬਾਦੀ ਲਗਭਗ 791486 ਹੈ। ਇਸ ਨੂੰ ਫੁੱਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਅਜੋਕੇ ਦੌਰ ਵਿਚ ਕੈਨੇਡਾ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਉੱਥੇ ਵੱਸਦਾ ਪੰਜਾਬੀ ਭਾਈਚਾਰਾ ਪੂੰਜੀਵਾਦ ਸਿਸਟਮ ਅਤੇ ਪ੍ਰਵਾਸ ਨਾਲ ਸੰਘਰਸ਼ ਕਰ ਰਿਹਾ ਹੈ। ਇਸ ਦੇ ਉਲਟ ਜਿਹੜੇ ਲੋਕਾਂ ਨੂੰ ਵੀਜ਼ੇ ਤੋਂ ਨਾਂਹ ਹੁੰਦੀ ਹੈ ਉਹ ਹਮੇਸ਼ਾ ਕੈਨੇਡਾ ਦੀ ਧਰਤੀ 'ਤੇ ਜਾਣ ਲਈ ਉਤਾਵਲੇ ਰਹਿੰਦੇ ਹਨ। ਉਸ ਧਰਤੀ 'ਤੇ ਪ੍ਰਵਾਸ ਹੰਡਾ ਰਹੇ ਬੱਚਿਆਂ ਦੇ ਪਿੱਛੇ ਰਹਿਗੇ ਮਾਪਿਆਂ ਦੀ ਨਿਗ੍ਹਾ ਵਿਚ ਕੈਨੇਡਾ ਹਮੇਸ਼ਾ ਰੜਕਦਾ ਰਹਿੰਦਾ ਹੈ। ਉਸ ਧਰਤੀ 'ਤੇ ਗਏ ਮਾਪੇ ਪਾਰਕਾਂ ਵਿਚ ਬੈਠ ਕੇ ਕੁਦਰਤੀ ਫੁੱਲ-ਬੂਟਿਆਂ ਨਾਲ ਆਪਣਾ ਦੁੱਖ-ਸੁੱਖ ਸਾਂਝਾ ਕਰਦੇ ਹਨ। ਇਸ ਧਰਤੀ 'ਤੇ ਕੰਮ ਕਰਦੀਆਂ ਸਾਹਿਤ ਸਭਾਵਾਂ ਲੋਕਾਂ ਦਾ ਦਿੱਲੀ ਦਰਦ ਅਤੇ ਸਮਾਜਿਕ ਸਮੱਸਿਆਵਾਂ ਨੂੰ ਆਪਣੀਆਂ ਰਚਨਾਵਾਂ ਦੁਆਰਾ ਪ੍ਰਗਟ ਕਰਦੀਆਂ ਹਨ। ਸਮੇਂ ਦਾ ਚੱਕਰ ਅਤੇ ਸੰਭਾਵਨਾਵਾਂ ਇੱਕ ਦੂਜੇ ਦੇ ਨਾਲ-ਨਾਲ ਚੱਲਦੇ ਹਨ। ਇਨ੍ਹਾਂ ਦੀ ਜਨਮਦਾਤੀ ਕਿਰਤ ਨੂੰ ਮੰਨਿਆ ਜਾਂਦਾ ਹੈ। ਆਧੁਨਿਕ ਤਕਨੀਕ ਅਤੇ ਸਮਾਜਿਕ ਵਿਕਾਸ ਦੇ ਕਾਰਨ ਕਿਰਤ ਦੇ ਨਵੇਂ ਰੂਪ ਹੋਂਦ ਵਿਚ ਆਉਂਦੇ ਹਨ। ਇਸ ਕਾਰਨ ਕਿਰਤੀ ਲੋਕਾਂ ਦਾ ਸੰਗਠਿਤ ਹੋਣਾ ਨਾਮੁਮਕਿਨ ਹੈ। ਇਸੇ ਕਰਕੇ ਉਹ ਕਾਰਪੋਰੇਟ ਘਰਾਣਿਆਂ ਦੇ ਅੱਗੇ ਬੇਵੱਸ ਹੋ ਜਾਂਦੇ ਹਨ। ਸਮੇਂ ਦੀਆਂ ਸਰਕਾਰਾਂ ਇਨ੍ਹਾਂ ਧਨਾਢਾਂ ਕੋਲੋਂ ਕੋਲੋਂ ਪੈਸੇ ਲੈ ਕੇ ਸੱਤਾ ਵਿਚ ਆਉਂਦੀਆਂ ਹਨ। ਆਪਣੇ ਹੱਕਾਂ ਦੀ ਰਾਖੀ ਕਰਨ ਲਈ ਸਮਾਜ ਦੇ ਗ਼ਰੀਬ, ਕਿਰਤੀ, ਕਿਸਾਨ ਅਤੇ ਬੇਰੁਜ਼ਗਾਰਾਂ ਕੋਲ ਸੰਘਰਸ਼ ਹੀ ਮੁੱਖ ਹਥਿਆਰ ਹੁੰਦਾ ਹੈ। ਇਸ ਤਰ੍ਹਾਂ ਹੱਕੀ ਮੰਗਾਂ ਲਈ ਜੂਝਦੇ ਲੋਕਾਂ 'ਤੇ ਹਕੂਮਤਾਂ ਲਾਠੀ ਚਾਰਜ ਕਰਦੀਆਂ ਅਤੇ ਝੂਠੇ ਕੇਸ ਵੀ ਬਣਾ ਦਿੰਦੀਆਂ ਹਨ। ਰਾਜਨੀਤਕ ਲੋਕਾਂ ਵੱਲੋਂ ਚੋਣਾਂ ਸਮੇਂ ਕੀਤੇ ਜੁਮਲੇ ਜਿੱਤਣ ਤੋਂ ਬਾਅਦ ਖ਼ਤਮ ਹੋ ਜਾਂਦੇ ਹਨ। ਪੈਸੇ ਦੀ ਧਾਂਕ ਨਾਲ ਖਰੀਦੀ ਵੋਟ ਹੀ ਜਿੱਤ ਦਰਜ ਕਰਾਉਂਦੀ ਹੈ। ਦੇਸ਼ ਦੇ ਕਈ ਕੋਇਆਂ ਵਿਚ ਕਿਸੇ ਵਿਸ਼ੇਸ਼ ਜਾਤੀ ਨੂੰ ਦੂਜੀ ਜਾਤੀ ਦੇ ਵਿਰੁੱਧ ਭਟਕਾ ਕੇ ਚੋਣ ਜਿੱਤੀ ਜਾਂਦੀ ਹੈ। ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਵਿਚ ਇਹ ਆਮ ਵਰਤਾਰਾ ਬਣ ਚੁੱਕਾ ਹੈ। ਕਿਰਤੀ ਲੋਕਾਂ ਵਿਚ ਕਿਰਤ ਦੇ ਨਾਲ-ਨਾਲ ਸੰਘਰਸ਼ ਕਰਨ ਲਈ ਰਾਜਨੀਤਿਕ ਸੂਝਬੂਝ ਦੀ ਲੋੜ ਹੈ। ਸਮੇਂ ਦੀਆਂ ਪਰਸਥਿਤੀਆਂ ਨੂੰ ਅਣਗੌਲਿਆਂ ਕਰ ਕੇ ਜੀਵਨ ਜਿਊਣਾ ਇੱਕ ਮੂਰਖਤਾ ਹੈ। ਜੀਵਨ ਨੂੰ ਸੁਚੱਜੇ ਢੰਗ ਨਾਲ ਜਿਊਣ ਲਈ ਸਮਕਾਲੀ ਸਮਾਜ ਦੀਆਂ ਪੇਚੀਦਗੀਆਂ ਨੂੰ ਸਮਝਣਾ ਅਤਿ ਜ਼ਰੂਰੀ ਹੈ। ਇਸ ਤਰ੍ਹਾਂ ਮਨੁੱਖ ਵਧੀਆ ਜੀਵਨ ਬਸਰ ਕਰ ਸਕਦਾ ਹੈ। ਸਮਾਜ ਦੇ ਲੋਕਾਂ ਨੂੰ ਸੱਤਾਧਾਰੀਆਂ ਦੀਆਂ ਕਿਰਤੀਆਂ ਵਿਰੁੱਧ ਚਾਲਾਂ ਨੂੰ ਨਕਾਮ ਕਰਨ ਲਈ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਸਮਕਾਲੀ ਸਮਾਜਿਕ ਵਰਤਾਰੇ ਨੂੰ ਸਮਝਣ ਅਤੇ ਅਪਣਾਉਣ ਦੀ ਲੋੜ ਹੈ। ਪੁਸਤਕ ਦਾ ਮੁਲਾਂਕਣ ਕਰਨ 'ਤੇ ਪਤਾ ਲੱਗਦਾ ਹੈ ਕਿ ਲੇਖਕ ਪ੍ਰਵਾਸੀ ਲੋਕਾਂ ਦੀ ਜੀਵਨ-ਜਾਚ, ਸਮੱਸਿਆਵਾਂ ਅਤੇ ਰਹਿਣ-ਸਹਿਣ ਪ੍ਰਤੀ ਬਹੁਤ ਚਿੰਤਿਤ ਹੈ। ਇਹ ਪੁਸਤਕ ਕੈਨੇਡਾ ਦੀ ਧਰਤੀ 'ਤੇ ਵਸਦੇ ਪ੍ਰਵਾਸੀਆਂ 'ਤੇ ਇਧਰੋਂ ਜਾ ਰਹੇ ਲੋਕਾਂ ਲਈ ਪੜ੍ਹਨ ਯੋਗ ਹੈ। ਪ੍ਰਵਾਸੀ ਲੋਕਾਂ ਦੇ ਜਨਜੀਵਨ ਅਤੇ ਸਮੱਸਿਆਵਾਂ ਨੂੰ ਸਮਝਣ ਲਈ ਇਹ ਪੁਸਤਕ ਲਾਭਦਾਇਕ ਹੈ। ਇਸ ਲਈ ਲੇਖਕ ਵਧਾਈ ਦੇ ਪਾਤਰ ਹਨ।
-ਅਮਰਜੀਤ ਸਿੰਘ ਗਿੱਲ (ਡਾ.)
ਮੋਬਾਈਲ : 98553-85720
ਨਵੇਂ ਨਕਸ਼
ਲੇਖਕ : ਜਸਬੀਰ ਕਲਸੀ ਧਰਮਕੋਟ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਿਧਆਣਾ
ਮੁੱਲ : 350 ਰੁਪਏ, ਸਫ਼ੇ : 183
ਸੰਪਰਕ : 81468-13291

ਕਹਾਣੀਕਾਰ ਜਸਬੀਰ ਕਲਸੀ ਧਰਮਕੋਟ ਦੀ ਪਲੇਠੀ ਆਲੋਚਨਾਤਮਿਕ ਪੁਸਤਕ 'ਨਵੇਂ ਨਕਸ਼ ਇਤਿਹਾਸ ਮੂਲਕ ਪ੍ਰਵਚਨ' ਪੰਜਾਬੀ ਕਹਾਣੀ ਦੇ ਪੰਜਵੇਂ ਪੜਾਅ ਦੀ ਨਿਸ਼ਾਨਦੇਹੀ ਕਰਦੀ ਹੈ। ਇਸ ਪੁਸਤਕ ਵਿਚ 20 ਨਵੇਂ ਕਹਾਣੀਕਾਰ ਸਰਘੀ, ਤ੍ਰਿਪਤਾ ਕੇ. ਸਿੰਘ, ਸਿਮਰਨ ਧਾਲੀਵਾਲ, ਖ਼ਾਲਿਦ ਫਰਹਾਦ ਧਾਰੀਵਾਲ, ਗੁਰਮੀਤ ਪਨਾਗ, ਦੀਪ ਦਵਿੰਦਰ ਸਿੰਘ, ਸੁਖਪਾਲ ਸਿੰਘ ਥਿੰਦ, ਦੀਪਤੀ ਬਬੂਟਾ, ਪਵਿੱਤਰ ਕੌਰ ਮਾਟੀ, ਗੁਰਮੀਤ ਅਿਾਰਫ਼, ਸਾਂਵਲ ਧਾਮੀ, ਅਰਿਵੰਦਰ ਕੌਰ ਧਾਲੀਵਾਲ, ਦਰਸ਼ਨ ਜੋਗਾ, ਰੇਮਨ, ਰਵੀ ਸ਼ੇਰਗਿੱਲ, ਏਜਾਜ਼, ਵਿਪਨ ਗਿੱਲ, ਅਗਾਜ਼ਬੀਰ, ਜਸਪਾਲ ਕੌਰ, ਜਸਵਿੰਦਰ ਧਰਮਕੋਟ ਹਨ। ਇਨ੍ਹਾਂ ਕਹਾਣੀਕਾਰਾਂ ਦੀਆਂ ਸੰਨ 2011 ਤੋਂ 2023 ਵਿਚ ਪ੍ਰਕਾਸ਼ਿਤ ਹੋ ਕੇ ਸਰਬੋਤਮ ਰਹੀਆਂ ਕਹਾਣੀਆਂ ਅਨੁਸਾਰ ਪੁਸਤਕ ਦੀ ਤਰਤੀਬ ਨੂੰ ਪੇਸ਼ ਕੀਤਾ ਗਿਆ ਹੈ। ਹਰੇਕ ਸਮੀਖਿਆ ਲੇਖ ਵਿਚ ਕਹਾਣੀਕਾਰ ਬਾਰੇ ਸੰਖੇਪ ਜਾਣਕਾਰੀ ਵੀ ਦਰਜ ਕੀਤੀ ਗਈ ਹੈ ਤਾਂ ਜੋ ਕਹਾਣੀਆਂ ਦੇ ਵਿਭਿੰਨ ਪਸਾਰਾਂ ਦੇ ਨਾਲ-ਨਾਲ ਕਹਾਣੀਕਾਰ ਦੀ ਪੰਜਾਬੀ ਸਾਹਿਤ ਨੂੰ ਦੇਣ ਉੱਤੇ ਫੋਕਸ ਵੀ ਕੀਤਾ ਜਾ ਸਕੇ। ਇਉਂ ਜਸਬੀਰ ਕਲਸੀ ਧਰਮਕੋਟ ਦੀ ਆਲੋਚਨਾਤਮਿਕ ਵਿਧੀ ਸਾਕਾਰਾਤਮਿਕ ਸੁਰ ਵਾਲੀ ਹੈ। ਜਿਸ ਵਿਚ ਕਹਾਣੀਕਾਰ ਦਾ ਮਿਆਰ ਨਿਰਧਾਰਤ ਕੀਤਾ ਹੈ। ਇਹ ਕਲਸੀ ਦੀ ਆਲੋਚਨਾ ਦੀ ਪ੍ਰਾਪਤੀ ਹੈ। ਇਸ ਪੁਸਤਕ ਵਿਚ ਸ਼ਾਮਿਲ ਕਹਾਣੀਕਾਰਾਂ ਵਿਚੋਂ ਜਿਨ੍ਹਾਂ ਦੀਆਂ ਕਹਾਣੀਆਂ 2024 ਅਤੇ 2025 ਦੇ ਸਾਲ ਸਾਹਿਤਕ ਪੱਤਰਕਾਵਾਂ ਵਿਚ ਪ੍ਰਕਾਸ਼ਿਤ ਹੋ ਕੇ ਸਰਬੋਤਮ ਰਹੀਆਂ ਬਾਰੇ ਵੀ ਕਲਸੀ ਨੇ ਆਪਣੀ ਟਿੱਪਣੀ ਆਪਣੇ ਸਮੀਖਿਆ ਲੇਖ ਦੇ ਅੰਤ ਤੋਂ ਬਾਅਦ ਫੁਟਨੋਟ ਵਿਚ ਦਰਜ ਕੀਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੋ ਸਾਲਾਂ ਦੌਰਾਨ ਕਿਸੇ ਕਹਾਣੀਕਾਰ ਦਾ ਕਹਾਣੀ ਸੰਗ੍ਰਹਿ ਵੀ ਪ੍ਰਕਾਸ਼ਿਤ ਹੋਇਆ ਤਾਂ ਉਸ ਦਾ ਵੀ ਫੁੱਟ ਨੋਟ ਵਿਚ ਜ਼ਿਕਰ ਕੀਤਾ ਹੈ। ਇਸ ਪੁਸਤਕ ਵਿਚ ਜਸਬੀਰ ਕਲਸੀ ਧਰਮਕੋਟ ਨੇ ਕਹਾਣੀਕਾਰਾ ਦੀ ਰਚਨਾ ਦ੍ਰਿਸ਼ਟੀ, ਵਿਸੈ, ਪੱਖ, ਕਥਾਨਕ ਜੁਗਤਾਂ, ਸਮਾਜਕ ਚਿੰਤਨ, ਮਨੋ ਵਿਗਿਆਨਕ ਛੋਹਾਂ ਬਾਰੇ ਵੀ ਵਿਚਾਰ-ਚਰਚਾ ਕੀਤੀ ਹੈ। ਜਸਬੀਰ ਕਲਸੀ ਦਾ ਵਿਚਾਰ ਹੈ, 'ਨਵ ਯਥਾਰਥਵਾਦ ਵਿਚ ਖਾਸ ਕਰਕੇ ਨਵ-ਨਾਰੀਵਾਦੀ ਦ੍ਰਿਸ਼ਟੀ ਮਰਦ ਦੇ ਢੰਗ ਤਰੀਕੇ ਤਰ੍ਹਾਂ ਜਸ਼ਨ ਮਾਣਦੀ ਹੈ। ਸਵੀਕਾਰਦੀ ਹੋਈ ਸਾਹਮਣੇ ਆ ਰਹੀ ਹੈ।' ਸੋ, ਜਸਬੀਰ ਕਲਸੀ ਦੀ ਆਲੋਚਨਾ ਦ੍ਰਿਸ਼ਟੀ ਸਲਾਹੁਣਯੋਗ ਹੈ। ਇਤਿਹਾਸ ਮੂਲਕ ਦ੍ਰਿਸ਼ਟੀ ਅਧੀਨ ਪੰਜਵੇਂ ਪੜਾਅ ਦੇ ਕਹਾਣੀਕਾਰਾਂ ਨਾਲ ਪਾਠਕਾਂ ਨੂੰ ਜੋੜਨ ਦਾ ਸਫ਼ਲ ਯਤਨ ਹੈ। ਪਾਠਕਾਂ, ਖੋਜਾਰਥੀਆਂ ਤੇ ਵਿਦਵਾਨ ਚਿੰਤਕਾਂ ਲਈ ਪੁਸਤਕ ਵਾਚਣਯੋਗ ਹੈ।
-ਹਰਿੰਦਰ ਸਿੰਘ ਤੁੜ (ਡਾ.)
ਮੋਬਾਈਲ : 94146-91091